CBSEEducationਲੇਖ ਰਚਨਾ (Lekh Rachna Punjabi)

ਲੇਖ : ਵਿਸ਼ਵ ਤਾਪਮਾਨ ਵਿੱਚ ਵਾਧਾ


ਵਿਸ਼ਵ ਤਾਪਮਾਨ ਵਿੱਚ ਵਾਧਾ / ਗਲੋਬਲ ਵਾਰਮਿੰਗ


ਇਕੀਵੀਂ ਸਦੀ ਦੇ ਪਹਿਲੇ ਦਹਾਕਿਆਂ ਵਿਚ ਸਾਰੇ ਵਿਸ਼ਵ ਚੋਂ ਸਾਂਝੀ ਸੰਕਟ ਦੀ ਘੜੀ ਮਨੁੱਖਤਾ ਸਾਹਮਣੇ ਪ੍ਰਦੂਸ਼ਣ ਅਤੇ ਤਾਪਮਾਨ ਦੇ ਵਾਧੇ ਕਾਰਨ ਆਪਣੀ ਧੌਣ ਅਕੜਾ ਕੇ ਖੜ੍ਹੀ ਹੈ, ਉਹ ਹੀ ਇਸ ਦਿਸਦੇ ਸੰਸਾਰ ਦੀ ਹੋਂਦ ਨੂੰ ਇਕ ਚੁਣੌਤੀ ਦੇ ਰਹੀ ਹੈ ਕਿ ਅਗਲੇ ਸੌ ਸਾਲਾਂ ਵਿਚ ਇਹ ਹਸਦਾ-ਵਸਦਾ ਸੰਸਾਰ ਹੀ ਕਿਤੇ ਖਤਮ ਨਾ ਹੋ ਜਾਵੇ। ਹਰ ਪ੍ਰਕਾਰ ਦਾ ਮੀਡੀਆ ਰੋਜ਼ ਸਾਨੂੰ ਚੇਤਾਵਨੀ ਦੇ ਰਿਹਾ ਹੈ ਕਿ ਸਾਨੂੰ ਵਿਸ਼ਵ ਵਿਚ ਵਧ ਰਹੇ ਤਾਪਮਾਨ ਨੂੰ ਰੋਕਣ ਲਈ ਕੋਈ ਕਾਰਗਰ ਸਾਵਧਾਨੀਆਂ ਵਰਤਣ ਦੀ ਲੋੜ ਹੈ। ਅਗਲੇ ਸੌ ਸਾਲਾਂ ਵਿਚ ਬਨਸਪਤੀ ਤੇ ਇਨਸਾਨ ਦੀ ਹੌਂਦ ਨੂੰ ਖਤਰੇ ਦਾ ਬਿਗਲ ਕੋਈ ਸਾਧਾਰਣ ਵਿਅਕਤੀ ਨਹੀਂ ਵਜਾ ਰਿਹਾ, ਸਗੋਂ ਸੰਸਾਰ ਦੇ ਪ੍ਰਸਿੱਧ ਵਿਗਿਆਨੀ ਸਾਨੂੰ ਰੋਜ਼ ਰੋਜ਼ ਚੇਤਾਵਨੀਆਂ ਦੇ ਰਹੇ ਹਨ ਕਿ ਸਾਨੂੰ ਵਧ ਰਹੇ ਪ੍ਰਦੂਸ਼ਨ ਤੇ ਵਿਸ਼ਵੀ ਤਾਪਮਾਨ ਦੇ ਭਿਆਨਕ ਵਾਧੇ ਨੂੰ ਰੋਕਣ ਦੀ ਲੋੜ ਹੈ। ਇਕ ਆਸਟ੍ਰੇਲੀਆ ਵਿਗਿਆਨੀ ਪ੍ਰੋ. ਫਰੈਂਕ ਫੈਨਰ ਜਿਸਦੇ ਜੀਵਨ ਦੀ ਵਿਸ਼ੇਸ਼ ਪ੍ਰਾਪਤੀ ਚੀਚਕ ਦਾ ਇਲਾਜ ਦਸਣ ਕਰਕੇ, ਵਿਸ਼ੇਸ਼ ਕਰਕੇ ਸਮੱਚੀ ਮਨੁੱਖਤਾ ਦਾ ਕਲਿਆਣ ਤੌਰ ਤੇ ਹੋਈ ਹੈ, ਉਸਨੇ ਇਹ ਦਾਹਵਾ ਕੀਤਾ ਹੈ ਕਿ ਅਗਲੇ ਸੌ ਸਾਲ ਬਾਅਦ ਮਨੁੱਖ ਨੂੰ ਆਪਣੀ ਹੌਂਦ ਨੂੰ ਬਚਾਉਣਆ ਸੌਖਾ ਨਹੀਂ ਹੋਵੇਗਾ। ਪ੍ਰੋ. ਫਰੈਂਕ ਫੈਨਰ ਜੋ ਕਿ ਆਸਟ੍ਰੇਲੀਆ ਵਿਖੇ ਮਾਈਕਰੋਬਾਇਲੋਜੀ ਵਿਸ਼ੇ ਵਿਚ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ, ਉਨ੍ਹਾਂ ਨੇ ਵਿਗਿਆਨਕ ਕਾਰਨਾਂ ਨੂੰ ਪੇਸ਼ ਕਰਦੇ ਹੋਏ ਕਿਹਾ ਹੈ ਕਿ ਜਨਸੰਖਿਆ ਦੇ ਵਾਧੇ ਨਾਲ ਤੇ ਲਗਾਤਾਰ ਉਪਭੋਗਤਾਵਾਦ ਦੇ ਵਾਧੇ ਕਾਰਨ ਜੋ ਵਾਤਾਵਰਣ ਵਿਚ ਹਾਲਾਤ ਪੈਦਾ ਹੋਏ ਹਨ, ਉਹ ਇੰਨੇ ਖਤਰਨਾਕ ਹੋ ਸਕਦੇ ਹਨ ਕਿ ਕਈ ਪ੍ਰਕਾਰ ਦੇ ਜੀਵਾਂ ਸਮੇਤ ਜਿਨ੍ਹਾਂ ਵਿਚ ਮਨੁੱਖ ਅਹਿਮ ਹੈ, ਉਨ੍ਹਾਂ ਦਾ ਜੀਵਨ ਖਤਮ ਹੋਣ ਦੇ ਕਿਨਾਰੇ ਤੇ ਹੋ ਸਕਦਾ ਹੈ ਤੇ ਇਹ ਰੁਝਾਣ ਪਹਿਲਾਂ ਹੀ ਸ਼ੁਰੂ ਹੋ ਜਾਵੇਗਾ।

ਅਜੋਕੇ ਵਿਗਿਆਨੀਆਂ ਦਾ ਇਹ ਕਹਿਣਾ ਹੈ ਕਿ ਜਲਵਾਯੂ ਦਾ ਪਰਿਵਰਤਨ ਤਾਂ ਹੁਣ ਕੁਝ ਸਮੇਂ ਤੋਂ ਹੀ ਆਰੰਭ ਹੋ ਚੁੱਕਾ ਹੈ। ਹੁਣ ਕਈ ਸਾਲਾਂ ਤੋਂ ਮੌਨਸੂਨ ਵਿਚ ਵਿਗਾੜ ਪੈਦਾ ਹੋ ਗਿਆ ਹੈ, ਮਈ ਜੂਨ ਦੇ ਮਹੀਨੇ ਵਿਚ ਬਾਰਸ਼ ਇਹ ਭੁਲੇਖਾ ਪਾਉਂਦੀ ਹੋਈ ਨਜ਼ਰ ਆਉਂਦੀ ਹੈ, ਜਿਵੇਂ ਮੌਨਸੂਨ ਦੀਆਂ ਬਰਸਾਤਾਂ ਆਰੰਭ ਹੋ ਗਈਆਂ ਹਨ ਤੇ ਬਰਸਾਤਾਂ ਵਿਚ ਜਦੋਂ ਮੌਨਸੂਨ ਦੀਆਂ ਬਾਰਸ਼ਾ ਉਡੀਕਣ ਲਗਦੇ ਹਾਂ ਤਾਂ ਇਹ ਉਡੀਕ ਮਹਿਬੂਬਾ ਦੇ ਆਉਣ ਵਾਂਗ ਸਾਡਾ ਸਬਰ ਅਜ਼ਮਾਉਣ ਲਗਦੀ ਹੈ। ਵਿਗਿਆਨੀ ਤਾਂ ਇਥੋਂ ਤੱਕ ਕਹਿਣ ਲਗ ਪਏ ਹਨ ਕਿ ਮਨੁੱਖ ਦਾ ਜੀਵਨ ਗਲੋਬਲ ਵਾਰਮਿੰਗ ਕਰਕੇ ਆਦਿ-ਵਾਸੀਆਂ ਵਰਗਾ ਹੋ ਜਾਵੇਗਾ ਤੇ ਮਨੁੱਖ ਭਾਲਣ ਤੇ ਵੀ ਮਿਲਣੇ ਮੁਸ਼ਕਲ ਹੋ ਜਾਣਗੇ।

ਵਿਸ਼ਵ ਵਿਚ ਤਾਪਮਾਨ ਦੀ ਤੇਜ਼ੀ ਨਾਲ ਵਧਦੀ ਮਿਕਦਾਰ ਕਾਰਨ ਹੀ ਗਲੇਸ਼ੀਅਰ ਖਿਸਕਣੇ ਆਰੰਭ ਹੋ ਗਏ ਹਨ ਤੇ ਇਸ ਤਰ੍ਹਾਂ ਉਨ੍ਹਾਂ ਦੇ ਛੇਤੀ ਨਾਲ ਪੰਘਰਣ ਕਾਰਨ ਜੰਗਲਾਂ ਵਿਚ ਹਰਿਆਵਲ ਖਤਮ ਹੋਣ ਤੇ ਆ ਰਹੀ ਹੈ। ਜੇ ਜੰਗਲ ਵੀ ਉਦਯੋਗੀਕਰਣ ਦੀ ਭੇਂਟ ਚੜ੍ਹ ਰਹੇ ਹਨ ਤਾਂ ਤੁਫਾਨ ਤੇ ਹਨੇਰੀਆਂ ਵਿਚ ਭੀ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਸਾਰੇ ਵਿਗਿਆਨੀ ਤੇ ਵਾਤਾਵਰਣ ਪ੍ਰੇਮੀ ਬੜੀ ਗੰਭੀਰਤਾ ਨਾਲ ਸੋਚਣ ਤੇ ਮਜਬੂਰ ਹੋ ਗਏ ਹਨ ਕਿ ਦਿਨੋ ਦਿਨ ਵਧ ਰਹੇ ਤਾਪਮਾਨ ਨੂੰ ਠਲ੍ਹ ਪਾਈ ਜਾਵੇ। ਇਹ ਸੱਮਸਿਆ ਕੇਵਲ ਇਕ ਦੇਸ਼ ਦੀ ਨਹੀਂ, ਸਗੋਂ ਸਾਰੀ ਦੁਨੀਆ ਦੇ ਲੋਕ ਵੀ ਤਾਪਮਾਨ ਵਿਚ ਆਈ ਤੇਜ਼ੀ ਨਾਲ ਤਬਦੀਲੀ ਤੋਂ ਪਰੇਸ਼ਾਨ ਹਨ, ਇਹ ਹੀ ਕਾਰਨ ਹੈ ਕਿ ਵਿਸ਼ਵ ਪਧਰ ਤੇ ਕਾਰਨਫਰੰਸਾਂ ਤੇ ਸੈਮੀਨਾਰ ਕਰਾਏ ਜਾ ਰਹੇ ਹਨ।

ਵਾਤਾਵਰਨ ਨੂੰ ਖਤਮ ਕਰਨ ਵਾਲੇ ਮੁੱਖ ਸੋਮੇ ਕੋਲਾ ਅਤੇ ਵੱਖੋ-ਵੱਖਰੇ ਕਿਸਮ ਦੇ ਤੇਲ ਹਨ। ਵਿਸ਼ਵ ਦੇ ਪ੍ਰਮੁੱਖ ਉਦਯੋਗ ਸਤ ਬਿਲੀਅਨ ਟਨ ਕਾਰਬਨ ਦਾ ਪ੍ਰਤੀ ਸਾਲ ਵਰਤੋਂ ਕਰਦੇ ਹਨ ਤੇ ਇਸ ਨੂੰ ਪੂਰੀ ਤਰ੍ਹਾਂ ਜਲਾ ਕੇ ਕਾਰਬਨ ਡਾਇਆਕਸਾਈਡ ਬਹੁਤ ਮਾਤਰਾ ਵਿਚ ਪੈਦਾ ਕਰਕੇ ਸਾਡੀ ਹਰਿਆਵਲ ਲਈ ਗੰਭੀਰ ਸੰਕਟ ਪੈਦਾ ਕਰਦੇ ਹਨ। ਇਸ ਗੈਸ ਦੀ ਮਾਤਰਾ ਵਿਗਿਆਨੀਆਂ ਅਨੁਸਾਰ 2056 ਤੱਕ ਦੁਗਣੀ ਹੋ ਜਾਣ ਦੀ ਸੰਭਾਵਨਾ ਹੈ।

ਵਿਸ਼ਵ ਵਿਚ ਨਿਰਭਰ ਵਧ ਰਹੇ ਤਾਪਮਾਨ ਦੇ ਪ੍ਰਸੰਗ ਵਿਚ ਭਾਰਤ ਨੇ ਚੇਤਾਵਨੀ ਵਜੋਂ ਆਪਣੀ ਵਿਗਿਆਨ ਸੰਸਥਾ (ਸੀ. ਐਸ. ਆਈ. ਆਰ.) ਰਾਸ਼ਟਰੀ ਵਿਗਿਆਨ ਸੰਚਾਰ ਅਤੇ ਸੂਚਨਾ ਸ੍ਰੋਤ ਸੰਸਥਾਨ ਦੁਆਰਾ ਜੋ ਜਾਣਕਾਰੀ ਦਿੱਤੀ ਹੈ, ਉਹ ਬਹੁਤ ਹੀ ਪ੍ਰਮਾਣਿਕ ਤੇ ਸੇਧ ਦੇਣ ਵਾਲੀ ਹੈ। ਉਸ ਅਨੁਸਾਰ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ 18ਵੀਂ ਸ਼ਤਾਬਦੀ ਦੇ ਵਾਤਵਰਨ ਵਿਚ ਜਿੰਨੀ ਕਾਰਬਨਡਾਈਆਕਸਾਈਡ ਸੀ, ਅੱਜ ਉਹ ਮਾਤਰਾ ਲਗਾਤਾਰ ਵਧ ਕੇ ਇਨ੍ਹਾਂ ਵਧ ਗਈ ਹੈ ਕਿ ਸੰਸਾਰ ਲਈ ਮਹਾਨ ਖਤਰਾ ਬਣ ਗਈ ਹੈ। ਅਜੋਕੇ ਯੁਗ ਵਿਚ ਇਸ ਨੂੰ ਘਟਾਣ ਦੇ ਮੰਤਵ ਨਾਲ ਜੇ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ ਤਾਂ ਵੀ ਇਹ ਲੋੜੀਂਦੀ ਮਾਤਰਾ ਵਿਚ ਇਸਨੂੰ ਘਟਾ ਨਹੀਂ ਸਕਦੀਆਂ। ਘਾਤਕ ਮੌਸਮੀ ਪਰਿਵਰਤਨਾਂ ਨੂੰ ਕੋਈ ਵੀ ਯੋਜਨਾ ਠਲ੍ਹ ਨਹੀਂ ਪਾ ਸਕੇਗੀ। ਇਸ ਗੱਲ ਨੂੰ ਵਧੇਰੇ ਸਪਸ਼ਟ ਕਰਨ ਲਈ ਖੋਜ਼ੀਆਂ ਨੇ ਇਹ ਅੰਕੜੇ ਦਿੱਤੇ ਹਨ ਕਿ ਕਾਰਬਨ ਡਾਈਆਕਸਾਈਡ ਦਾ ਇਕ ਪੀ. ਪੀ. ਐਮ ਨੌਂ ਬਿਲੀਅਨ ਟਨ ਵਾਤਾਵਰਣਿਕ ਕਾਰਬਨ ਦੇ ਬਰਾਬਰ ਹੁੰਦਾ ਹੈ ਅਰਥਾਤ ਪੀ.ਪੀ. ਐਮ ਦਾ ਅਰਥ ਹੋਵੇਗਾ 1200 ਬਿਲੀਅਨ ਟਨ, ਪਰ ਵਰਤਮਾਨ ਵਿਚ ਇਹ ਮਾਤਰਾ ਕੇਵਲ 800 ਬਿਲੀਅਨ ਟਨ ਹੈ। ਸਪਸ਼ਟ ਹੈ ਕਿ ਕਾਰਬਨਡਾਇਆਕਸਾਈਡ ਤੇ ਵਾਤਾਵਰਣ ਵਿਚ ਪਾੜਾ ਦਿਨੋਂ ਦਿਨ ਵਧ ਰਿਹਾ ਹੈ।

ਉਦਾਹਰਣ ਵਜੋਂ 30 ਮੀਲ ਪ੍ਰਤਿ ਗੈਲਨ ਬਾਲਣ ਖਪਤ ਦੀ ਦਰ ਨਾਲ ਪ੍ਰਤੀ ਸਾਲ 10,000 ਮੀਲ ਚਲਣ ਵਾਲੀ ਇਕ ਕਾਰ ਪ੍ਰਤੀ ਸਾਲ ਇਕ ਟਨ ਕਾਰਬਨ ਛੱਡਦੀ ਹੈ। ਪਰਿਵਾਹਨ ਵਿਸ਼ੇਸ਼ਗਾਂ ਦਾ ਇਕ ਅਨੁਮਾਨ ਹੈ ਕਿ ਇਕੀਵੀਂ ਸਦੀ ਦੇ ਮੱਧ ਵਿਚ (2050-60) ਸੜਕਾਂ ਤੇ 2 ਬਿਲੀਅਨ ਕਾਰਾਂ ਹੋਣਗੀਆਂ ਅਤੇ ਇਹ ਪ੍ਰਤੀਸਾਲ ਔਸਤਨ 10,000 ਮੀਲ ਦੌੜਨਗੀਆਂ। 30 ਮੀਲ ਪ੍ਰਤੀ ਗੈਲਨ ਬਾਲਣ ਖਪਤ ਦੀ ਦਰ ਨਾਲ ਉਹ ਹਰ ਸਾਲ ਲਗਭਗ 2 ਬਿਲੀਅਨ ਟਨ ਕਾਰਬਨ ਉਤਪੰਨ ਕਰਨਗੀਆਂ। ਅੰਕੜਿਆਂ ਅਨੁਸਾਰ ਉਪਭੋਗਤਾਵਾਂ ਦੁਆਰਾ ਪ੍ਰਤੀਦਿਨ 80 ਮਿਲੀਅਨ ਬੈਰਲ ਪੈਟਰੋਲ ਦਾ ਉਪਯੋਗ ਕੀਤਾ ਜਾਂਦਾ ਹੈ, ਜਿਸ ਵਿਚ 2/3 ਵਾਹਨਾਂ ਤੇ ਖਰਚਿਆ ਜਾਂਦਾ ਹੈ। ਵਿਸ਼ਵ ਦੀ ਸਲਾਨਾ ਊਰਜਾ ਲੋੜ ਲਗਭਗ 44,7000 ਪੈਂਟਾਜੂਲ (1 petajeule = 300 giga watt-hour) ਹੈ, ਜਿਸਦਾ 80% ਕਾਰਬਨ ਛੱਡਣ ਵਾਲੇ ਸਾਧਨ ਕੋਲਾ, ਤੇਲ ਅਤੇ ਗੈਸਾਂ ਹਨ। ਸਾਨੂੰ ਵਿਗਿਆਨੀਆਂ ਦੇ ਇਸ ਆਂਕੜੇ ਤੋਂ ਸੁਚੇਤ ਹੋਣ ਦੀ ਲੋੜ ਹੈ ਕਿ ਵਿਸ਼ਵ ਸਤਰ ਵਿਚ ਊਰਜਾ ਦੀ ਖਪਤ 160% ਤੱਕ ਵੱਧ ਜਾਵੇਗੀ। ਵਿਸ਼ਵ ਵਿਚ ਤਾਪਮਾਨ ਦੇ ਵਾਧੇ ਬਾਰੇ ਵਿਗਿਆਨਕ ਇਹ ਦਿਲਚਸਪ ਤੱਥ ਪ੍ਰਗਟ ਕਰਦੇ ਹਨ ਕਿ ਦਿਨ ਵਿਚ ਉਡਾਨ ਭਰਨ ਵਾਲੇ ਜੈੱਟ ਜਹਾਜ਼ਾਂ ਦੀ ਤੁਲਨਾ ਵਿਚ ਰਾਤ ਨੂੰ ਉਡਾਨ ਭਰਨ ਵਾਲੇ ਵਿਸ਼ਵੀ ਤਾਪਮਾਨ ਨੂੰ ਵਧੇਰੇ ਵਧਾਉਂਦੇ ਹਨ। ਵਿਸ਼ਵੀ ਤਾਪਮਾਨ ਨੂੰ ਅੰਤਰਰਾਸ਼ਟਰੀ ਜਾਂ ਵਿਸ਼ਵ ਵਿਚ ਫੈਲ ਕੇ ਵਧ ਜਾਣ ਤੋਂ ਰੋਕਣ ਲਈ ਕੋਈ ਵੀ ਖੁਲ੍ਹੇ ਆਕਾਸ਼ ਵਿਚ ਨਿਯੰਤਰਣ ਨਹੀਂ ਕਰ ਸਕਦਾ। ਕਿਸੇ ਦੇਸ਼ ਦਾ ਆਪਣੇ ਕਾਰਣਾਂ ਕਰਕੇ ਤਾਪਮਾਨ ਵਿਚ ਵਾਧਾ ਦੂਸਰੇ ਦੇਸ਼ ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਮੌਸਮ ਵਿਗਿਆਨ ਨਾਲ ਸੰਬੰਧਿਤ ਵਿਗਿਆਨੀ ਅਤੇ ਵਾਤਵਰਣ ਪ੍ਰੇਮੀ ਸੰਸਾਰ ਦੇ ਦੋ ਵੱਡੇ ਦੇਸ਼ ਚੀਨ ਅਤੇ ਭਾਰਤ ਜੋ ਆਰਥਿਕ ਪ੍ਰਗਤੀ ਦੇ ਰਾਹ ਤੇ ਨਿਰੰਤਰ ਚਲ ਰਹੇ ਹਨ ਉਨ੍ਹਾਂ ਨੂੰ ਇਸ ਗੱਲ ਦੀ ਚੇਤਾਵਨੀ ਦੇਣ ਦੀ ਲੋੜ ਹੈ ਤਾਂ ਜੋ ਹਾਨੀਕਾਰਕ ਗੈਸ ਦੇ ਪੈਦਾ ਹੋਣ ਤੇ ਰੋਕ ਲਗ ਸਕੇ। ਇਸ ਸਦੀ ਦੇ ਅਗਲੇ ਪੰਜਾਹ ਸਾਲ ਤਾਂ ਬਹੁਤ ਚੁਣੌਤੀ ਭਰੇ ਹਨ।

ਵਿਗਿਆਨੀਆਂ ਨੂੰ ਇਕ ਅਜਿਹੀ ਨਿਸ਼ਚਿਤ ਢੰਗ ਨਾਲ ਨਵੀਂ ਊਰਜਾ ਤਕਨੀਕ ਅਪਨਾਉਣ ਦੀ ਅਤੇ ਊਰਜਾ ਦੇ ਬਦਲਵੇਂ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਜੋ ਮਨੁੱਖਤਾ ਦੇ ਵਿਨਾਸ਼ ਦਾ ਜੋ ਹਊਆ ਸਾਡੇ ਸਾਹਮਣੇ ਫਨ ਖਿਲਾਰ ਕੇ ਖਲੋ ਗਿਆ ਹੈ, ਉਸ ਸਹਿਮ ਤੋਂ ਸਾਨੂੰ ਨਿਜਾਤ ਮਿਲ ਸਕੇ। ਜੇਕਰ ਤਾਪਮਾਨ ਦੀ ਵ੍ਰਿਧੀ ਦੀ ਸਮਸਿਆ ਸਭ ਦੀ ਸਾਝੀ ਹੈ ਤੇ ਸਮੁੱਚੀ ਮਨੁੱਖਤਾ ਲਈ ਖਤਰਾ ਹੈ, ਤਾਂ ਉਪਾਅ ਵੀ ਸਭ ਦੇ ਸਾਂਝੇ ਹੋਣਗੇ। ਇਸ ਲਈ ਤਾਪਮਾਨ ਨੂੰ ਰੋਕਣ ਲਈ ਜੋ ਸਾਂਝੇ ਉਪਾਅ ਅਪਣਾਏ ਜਾਏ ਹਨ, ਉਨ੍ਹਾਂ ਅਨੁਸਾਰ 2 ਬਿਲੀਅਨ ਕਾਰਾਂ ਦੀ ਬਾਲਣ ਖਪਤ ਜੋ ਇਸ ਸਮੇਂ 30 ਮੀਲ ਪ੍ਰਤੀ ਗੈਲਨ ਹੈ, ਉਸਨੂੰ 60 ਤੱਕ ਕਰਨਾ ਹੋਵੇਗਾ। ਇਸ ਤਰ੍ਹਾਂ ਸਾਲ ਵਿਚ 10,000 ਮੀਲ ਪ੍ਰਤੀ ਵਰਸ਼ ਚੱਲਣ ਵਾਲੀ ਕਾਰ ਨੂੰ 5,000 ਪ੍ਰਤੀ ਵਰਸ਼ ਕਰਨਾ ਹੋਵੇਗਾ। ਸਾਂਝੇ ਤੌਰ ਤੇ ਵਿਗਿਆਨੀ ਇਹ ਧਾਰਣਾ ਪੇਸ਼ ਕਰ ਰਹੇ ਹਨ ਕਿ ਘਰਾਂ, ਉਦਯੋਗਾਂ ਵਿਚ ਬਿਜਲੀ ਦੀ ਸਮੁੱਚੀ ਕਟੌਤੀ 25% ਤੱਕ ਕਰਨ ਦੀ ਲੋੜ ਹੈ। ਵਿਗਿਆਨੀਆਂ ਦੀ ਇਹ ਸਾਂਝੀ ਸੋਚ ਹੈ ਕਿ ਕੋਇਲਾ ਸਭ ਤੋਂ ਵਧ ਹਾਨੀਕਾਰਕ ਧੂੰਆਂ ਪੈਦਾ ਕਰਦੇ ਪ੍ਰਦੂਸ਼ਨ ਅਤੇ ਤਾਪਮਾਨ ਵਿਚ ਵਾਧਾ ਕਰਦਾ ਹੈ। ਇਸ ਲਈ 1,400 ਵੱਡੇ ਊਰਜਾ ਸਥਾਨ ਜੋ ਕੋਲੇ ਤੇ ਅਧਾਰਿਤ ਹਨ, ਉਨ੍ਹਾਂ ਦੀ ਥਾਂ ਤੇ ਕੋਈ ਬਦਲਵੇਂ ਪ੍ਰਬੰਧ ਕਰਨੇ ਹੋਣਗੇ। ਇਨ੍ਹਾਂ ਪ੍ਰਬੰਧ ਵਿਗਿਆਨੀਆਂ ਦੀ ਇਹ ਧਾਰਨਾ ਹੈ ਕਿ ਕੋਇਲੇ ਦੇ ਮਾਰੂ ਪ੍ਰਭਾਵ ਨੂੰ ਘੱਟ ਕਰਨ ਲਈ, ਆਪ ਚਾਲੀ ਗੁਣਾ ਤੋਂ ਵੀ ਜਿਆਦਾ ਪਵਨ ਊਰਜਾ ਵਿਚ ਵਾਧਾ ਕੀਤਾ ਜਾਵੇ। ਕਾਰਾਂ ਦੇ ਲਈ ਹਾਈਡਰੋਜਨ ਬਣਾਉਣ ਦੇ ਲਈ ਪਵਨ ਊਰਜਾ ਵਿਚ 80 ਗੁਣਾਂ ਵਾਧਾ ਕੀਤਾ ਜਾਵੇ। ਵਿਸ਼ਵ ਦੇ ਸਾਰੇ ਵਿਗਿਆਨੀ ਇਸ ਸੋਚ ਨੂੰ ਅਪਣਾ ਰਹੇ ਹਨ ਕਿ ਵਿਸ਼ਵ ਦੀ 1/6 ਖੇਤੀ ਭੂਮੀ ਦਾ ਉਪਯੋਗ ਕਰਕੇ 2 ਬਿਲੀਅਨ ‘ਇਥਾਨੇਲ’ ਦਾ ਉਤਪਾਦਨ ਕਰਨਾ ਹੋਵੇਗਾ। ਵਿਸ਼ਵ ਵਿਚ ਲੱਗਭੱਗ 1,500 ਮਿਲੀਅਨ ਹੈਕਟੇਅਰ ਖੇਤੀ ਭੂਮੀ ਹੈ। ਜਵਾਰ, ਮੱਕੀ, ਸੋਇਆਬੀਨ ਤੋਂ ਵੀ ਜਲਨ ਵਾਲੇ ਤੇਲ ਬਣਾਉਣ ਦੀਆਂ ਸੰਭਾਵਨਾਵਾਂ ਬਣਦੀਆਂ ਹਨ।

ਸੰਸਾਰ ਵਿਚ ਮਨੁੱਖ ਦੀਆਂ ਦੁਸ਼ਵਾਰੀਆਂ ਦਿਨੋਦਿਨ ਸਗੋਂ ਵਧ ਰਹੀਆਂ ਹਨ, ਦੇਸ਼ ਵਿਚ ਵੱਡੀ ਮਾਤਰਾ ਵਿਚ ਜੀਵ ਅਤੇ ਬਨਸਪਤੀ ਦੇ ਖੇਤਰ ਵਿਚ ਰੇਡਿਏਸ਼ਨ ਜੋ ਖਤਰਨਾਕ ਕਿਸਮ ਦਾ ਹੁੰਦਾ ਹੈ, ਉਹ ਪੈਦਾ ਹੁੰਦਾ ਹੈ, ਉਹ ਸੰਸਾਰ ਦੇ ਸਾਰੇ ਵਰਗਾਂ ਸਗੋਂ ਗਰਭ ਵਿਚ ਪਨਪ ਰਹੇ ਬੱਚੇ ਨੂੰ ਵੀ ਪ੍ਰਭਾਵਿਤ ਕਰਦਾ ਹੈ, ਉਹ ਸਮੁੱਚੇ ਵਾਤਾਵਰਨ ਲਈ ਇਕ ਵੱਖਰੀ ਚੁਣੌਤੀ ਬਣ ਗਿਆ ਹੈ ਤੇ ਸੰਸਾਰ ਨੂੰ ਤਬਾਹੀ ਤੇ ਲੈ ਜਾ ਸਕਦਾ ਹੈ। ਵਿਗਿਆਨ ਨੇ ਜੇਕਰ ਸੰਸਾਰ ਵਿਚ ਹੈਰਾਨੀਜਨਕ ਪ੍ਰਗਤੀ ਕਰਕੇ ਮਨੁੱਖੀ ਜੀਵਨ ਨੂੰ ਸਾਰੇ ਪਾਸਿਆਂ ਤੋਂ ਅਮੀਰ ਕੀਤਾ ਹੈ, ਉੱਥੇ ਵਿਗਿਆਨੀਆਂ ਦੀਆਂ ਚੇਤਾਵਨੀਆਂ ਨੂੰ ਵੀ ਸਾਨੂੰ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ। ਤਾਪਮਾਨ ਦੇ ਵਾਧੇ ਨੂੰ ਰੋਕਣ ਲਈ ਤੇ ਵਾਤਾਵਰਨ ਦੀ ਸੰਭਾਲ ਲਈ ਜਿੰਨੇ ਵੀ ਯਤਨ ਕੀਤੇ ਜਾਣ, ਉਹ ਥੋੜ੍ਹੇ ਹਨ। ਸਰਕਾਰ ਅਤੇ ਹੋਰ ਗੈਰ-ਸਰਕਾਰੀ ਸੰਸਥਾਵਾਂ ਤਾਪਮਾਨ ਦੇ ਵਾਧੇ ਨੂੰ ਰੋਕਣ ਲਈ ਕੇਵਲ ਸਿਧਾਂਤਕ ਪੱਧਰ ਤੱਕ ਗੱਲ ਨਾ ਕਰਨ, ਸਗੋਂ ਜੰਗੀ ਪੱਧਰ ਤੇ ਹੁਣ ਸਮਾਂ ਆ ਗਿਆ ਹੈ ਕਿ ਇਕ ਤਾਂ ਰੁੱਖ ਲਗਾਏ ਜਾਣ, ਦੂਸਰਾ ਵਖੋ-ਵੱਖਰੇ ਬਲਣ ਵਾਲੇ ਸਾਧਨਾਂ ਤੋਂ ਬਿਜਲੀ ਪੈਜਾ ਕੀਤੀ ਜਾਵੇ, ਸਰਕਾਰੀ ਵਾਹਨਾਂ ਤੇ ਪੂਰਾ ਕੰਟਰੋਲ ਰੱਖਿਆ ਜਾਵੇ। ਖਾਲੀ ਪਈ ਜ਼ਮੀਨ ਤੇ ਬਾਗਬਾਨੀ ਨਾਲ ਵਾਹਨਾਂ ਲਈ ਬਦਲਵੇਂ ਸੜਕ ਦੇ ਪ੍ਰਬੰਧ ਕਰਕੇ ਅਸੀਂ ਆਉਣ ਵਾਲੇ ਸੰਕਟ ਤੇ ਠੱਲ ਪਾ ਸਕਦੇ ਹਾਂ। ਆਕਾਸ਼ ਵਿਚ ਪਈ ਸਤਰੰਗੀ ਪੀਂਘ ਸਭ ਨੂੰ ਪੋਂਹਦੀ ਹੈ, ਬਾਗਾਂ ਵਿਚ ਕੋਇਲਾਂ ਮਿੱਠੇ ਗੀਤ ਗਾਉਂਦੀਆਂ ਹਨ। ਇਹ ਤਾਂ ਹੀ ਸੰਭਵ ਹੈ ਕਿ ਜੇ ਅਸੀਂ ਸਮੁੱਚੀ ਧਰਤੀ ਨੂੰ ਵੱਧ ਰਹੇ ਤਾਪਮਾਨ ਤੋਂ ਬਚਾਈਏ ਤਾਂ ਹੀ ਮਨੁੱਖੀ ਜੀਵਨ ਵੀ ਬੱਚ ਸਕਦਾ ਹੈ।