ਲੇਖ : ਵਿਆਹ ਦੀਆਂ ਰਸਮਾਂ
ਕਿੱਥੇ ਨੇ ਉਹ ਸਾਲੂ ਸੂਹੇ, ਕਿੱਥੇ ਨੇ ਉਹ ਬਿੰਦੇ ਬੂਹੇ
ਵਸਦੇ-ਰਸਦੇ ਸ਼ਾਂਤੀ ਵਾਲੇ ਖੁਸ਼ਹਾਲ ਸਮਾਜ ਵਿਚ ਸੂਹੇ ਸਾਲੂ ਨਾਲ ਲਪੇਟੀਆਂ ਹੋਈਆਂ ਇਸਤਰੀਆਂ ਦੀਆਂ ਝਾਕੀਆਂ ਹੀ ਮਨ ਨੂੰ ਮੋਂਹਦੀਆਂ ਹਨ ਤੇ ਸ਼ਗਨਾਂ ਨਾਲ ਕੀਤੇ ਗਏ ਥਿੰਦੇ ਬੂਹੇ ਹੀ ਮਨ ਵਿਚ ਚਾਅ, ਖੇੜੇ, ਹੁਲਾਸ ਨੂੰ ਪੈਦਾ ਕਰਦੇ ਹਨ। ਜਿਹੜੇ ਸਮਾਜ ਦੀ ਨਿਰੰਤਰ ਵਗਦੀ ਧਾਰਾ ਵਿਚ ਅਜਿਹੇ ਰਸਮਾਂ ਵਾਲੇ ਦ੍ਰਿਸ਼ ਵੇਖਣ ਨੂੰ ਨਹੀਂ ਮਿਲਦੇ ਜਾਂ ਇਹ ਦ੍ਰਿਸ਼ ਬੀਤੇ ਸਮੇਂ ਦੀ ਯਾਦ ਬਣ ਕੇ ਦਿਲ ਵਿਚ ਤੜਪ ਤੇ ਤੜਫਣੀ ਪੈਦਾ ਕਰਦੇ ਹਨ ਤਾਂ ਸੰਭਵ ਹੈ ਉਸ ਸਮਾਜ ਵਿਚ ਇਸਤਰੀ ਦੀ ਦਸ਼ਾ ਚੰਗੀ ਨਹੀਂ। ਇਸਤਰੀਆਂ ਸਮਾਜ ਦਾ ਅੱਧਾ ਭਾਗ ਹਨ। ਜੇ ਇਹ ਅੱਧਾ ਭਾਗ ਆਪਣੀ ਕਿਸਮਤ ਨੂੰ ਕੋਸ ਰਿਹਾ ਹੋਵੇ ਤਾਂ ਉਹ ਸਮਾਜ ਅਤੇ ਦੇਸ਼ ਸਭਿਅਕ ਨਹੀਂ ਅਖਵਾ ਸਕਦਾ। ਇਸਤਰੀ ਸਮਾਜ ਦੀ ਸਿਰਜਕ ਨਹੀਂ, ਸਗੋਂ ਸਮਾਜ ਦੇ ਵੱਖੋ-ਵੱਖਰੇ ਰਿਸ਼ਤਿਆਂ ਵਿਚ ਬੱਝੀ ਹੋਈ ਹਰ ਰਿਸ਼ਤੇ ਵਿਚ ਮਨਾਈਆ ਜਾਂਦੀਆਂ ਰਸਮਾਂ ਨਾਲ ਖੀਵੀ ਹੁੰਦੀ ਰਹਿੰਦੀ ਹੈ।
ਜੇ ਉਹ ਇਕ ਭੈਣ ਹੈ ਤਾਂ ਉਹ ਆਪਣੇ ਭਾਈ ‘ਤੇ ਸਿਤਾਰਿਆਂ ਨਾਲ ਜੁੜਿਆ ਹੋਇਆ ਸਿਹਰਾ ਸਜਾਉਂਦੀ ਹੈ ਤੇ ਘੋੜੀ ‘ਤੇ ਬੈਠਣ ਲੱਗਿਆ ਸ਼ਗਨਾਂ ਦੇ ਗੀਤ ਗਾਉਂਦੀ ਹੈ। ਜੇ ਉਹ ਪਤਨੀ ਦੀ ਭੂਮਿਕਾ ਨਿਭਾਉਂਦੀ ਹੈ ਤਾਂ ਸਾਲੂ ਵਿਚ ਲਪੇਟੀ ਹੋਣ ਤੇ ਉਸ ਦੇ ਚਾਅ ਮਿਉਂਦੇ ਨਹੀਂ, ਉਸ ਦੇ ਗ੍ਰਹਿ ਪ੍ਰਵੇਸ਼ ਉਤੇ ਉਸ ਦੀ ਸੱਸ ਤੇਲ ਚੋਂਦੀ ਹੈ ਤੇ ਬੂਹੇ ਫਲਸਰੂਪ ਥਿੰਦੇ ਕਰਦੀ ਹੈ। ਬਾਅਦ ਵਿਚ ਜਦ ਉਹ ਆਪ ਮਾਂ ਬਣ ਜਾਂਦੀ ਹੈ ਤਾਂ ਹਰ ਸਮੇਂ ਉਸ ਦੀਆਂ ਅੱਖਾਂ ਵਿਚ ਇਕ ਸੁਪਨਾ ਸਜਿਆ ਰਹਿੰਦਾ ਹੈ ਕਿ ਕਦੋਂ ਉਹ ਸੁਲੱਖਣੀ ਘੜੀ ਆਵੇ ਜਦੋਂ ਉਸ ਦਾ ਚੰਦ ਵਰਗਾ ਪੁੱਤਰ ਸਾਲੂ ਵਿਚ ਲਪੇਟੀ ਹੋਈ ਵਹੁਟੀ ਨੂੰ ਘਰ ਲਿਆਏ ਤੇ ਉਹ ਤੇਲ ਚੋਵੇ। ਵਿਆਹ ਸ਼ਾਦੀ ਸਾਡੇ ਸਮਾਜਕ ਪ੍ਰਬੰਧ ਦੀ ਨੀਂਹ ਹੈ। ਸ਼ਾਦੀ ਨਾਲ ਹੀ ਸਾਡਾ ਸਮਾਜ ਉਸਰਦਾ ਹੈ। ਇਹ ਸੁਲਖਣੀ ਘੜੀ ਹਰ ਇਸਤਰੀ ਦੀ ਹਯਾਤੀ ਵਿੱਚ ਆਉਂਦੀ ਹੈ। ਵਿਆਹ ਦੀਆਂ ਰਸਮਾਂ ਵਿਚੋਂ ਪਹਿਲਾਂ ਮੰਗਣਾ, ਫਿਰ ਸਾਹਾ ਕਢਾਉਣਾ, ਗੰਢਾਂ ਦੇਣੀਆਂ, ਚੱਕੀਆਂ ਵਾਹਣੀਆਂ, ਮਾਈਆਂ ਤੇ ਵੱਟਣਾ ਆਦਿ ਵਿਸ਼ੇਸ਼ ਹਨ।
ਜਿਸ ਸਮਾਜ ਵਿਚ ਰਸਮਾਂ ਦੀ ਸ਼ਮੂਲੀਅਤ ਇਨ੍ਹਾਂ ਵਿਚ ਘਟ ਜਾਵੇ ਜਾਂ ਇਹ ਕੇਵਲ ਯਾਦਾਂ ਹੀ ਬਣ ਕੇ ਰਹਿ ਜਾਣ ਉਥੇ ਇਹ ਸਮਝਣਾ ਚਾਹੀਦਾ ਹੈ ਕਿ ਸਮਾਜ ਨੂੰ ਅਧਰੰਗ ਹੋਇਆ ਹੈ ਤੇ ਇਸਤਰੀ ਰਸਮਾਂ ਤੋਂ ਬਿਨਾਂ ਉਦਾਸੀ ਦੇ ਮਾਰੂਥਲਾਂ ਵਿਚ ਭਟਕ ਰਹੀ ਹੈ।
ਸਮਾਜ ਵਿਚ ਜਿਥੇ ਕਿਤੇ ਵੀ ਹਿੰਸਾ ਪੈਦਾ ਹੁੰਦੀ ਹੈ, ਉਸ ਦੀ ਪੀੜਾ ਇਸਤਰੀ ਹੀ ਹੰਢਾਉਂਦੀ ਹੈ। ਜੇ ਕਿਸੇ ਮਾਂ ਦਾ ਇਕਲੌਤਾ ਨੌਜਵਾਨ ਪੁੱਤਰ ਹਿੰਸਾ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਮਾਂ ਦੇ ਕੀਰਨੇ ਸਾਰੀਆਂ ਭਾਸ਼ਾਵਾਂ ਵਿਚ ਇਕੋ ਜਿਹੇ ਹੀ ਦੁੱਖ ਅਤੇ ਪੀੜਾ ਨਾਲ ਭਰੇ ਹੋਏ ਹੁੰਦੇ ਹਨ। ਜੇ ਕਿਸੇ ਪਤਨੀ ਦਾ ਸੁਹਾਗ ਉਜੜਦਾ ਹੈ ਤਾਂ ਉਸ ਵਿਧਵਾ ਦੀ ਖ਼ੁਸ਼ੀ ਹਿੰਸਾ ਦੀ ਭੇਟ ਚੜ੍ਹਦੀ ਹੈ। ਉਸ ਨੂੰ ਸੂਹੇ ਸਾਲੂ ਤੇ ਥਿੰਦੇ ਬੂਹੇ ਮਨ ਨੂੰ ਉੱਕਾ ਹੀ ਨਹੀਂ ਭਾਉਂਦੇ। ਹਿੰਸਾ ਅਤੇ ਖ਼ੁਸ਼ੀ ਦੀਆਂ ਰਸਮਾਂ ਦਾ ਚੋਲੀ ਦਾਮਨ ਦਾ ਸਾਥ ਹੁੰਦਾ ਹੈ। ਇਹ ਹਿੰਸਾ ਸਾਡੇ ਰੋਜ਼ ਦੇ ਜੀਵਨ ਦਾ ਅੰਗ ਬਣ ਗਈ ਹੈ। ਅਹਿੰਸਾ ਦਾ ਦਿਨ ਤਾਂ ਕਦੇ-ਕਦੇ ਕਿਸੇ ਮਹਾਤਮਾ ਦੇ ਜਨਮ ਦਿਨ ‘ਤੇ ਦਿਨ ਮਨਾਇਆ ਜਾਂਦਾ ਹੈ, ਪਰ ਹਿੰਸਾ ਦਾ ਜਨਮ ਤਾਂ ਇਥੇ ਹਰ ਰੋਜ਼ ਹੁੰਦਾ ਹੈ। ਜਦੋਂ ਦੀ ਇਹ ਮਨੁੱਖਤਾ ਬਣੀ ਹੈ, ਮਨੁੱਖ ਸ਼ਾਂਤੀ ਲਈ ਭਟਕਦਾ ਰਿਹਾ ਹੈ। ਸੰਸਾਰ ਦੇ ਸਾਰੇ ਮਹਾਪੁਰਸ਼ਾਂ ਨੇ ਸ਼ਾਂਤੀ ਦਾ ਪੈਗਾਮ ਦਿਤਾ ਹੈ, ਪਰ ਸੰਸਾਰ ਵਿਚ/ ਅਨੇਕਾਂ ਲੜਾਈਆਂ ਲੜੀਆਂ ਗਈਆਂ ਹਨ, ਵਿਸ਼ਵ ਯੁੱਧ ਹੋਏ ਹਨ ਤੇ ਇਨ੍ਹਾਂ ਵਿਚ ਲੱਖਾਂ ਇਸਤਰੀਆਂ ਦੇ ਸੁਹਾਗ ਲੁੱਟੇ ਗਏ ਹਨ, ਹਜ਼ਾਰਾਂ ਸੂਹੇ ਸਾਲੂਆਂ ਵਿਚ ਲਪੇਟੀਆਂ ਇਸਤਰੀਆਂ ਹਿੰਸਾ ਦੀ ਅੱਗ ਦੀ ਭੇਟ ਚੜ੍ਹੀਆਂ ਹਨ। ਸੰਸਾਰ ਵਿਚ ਵਿਸ਼ਵ ਸ਼ਾਂਤੀ ਹਮੇਸ਼ਾ ਇਕ ਪਿਆਰਾ ਸੁਪਨਾ ਬਣ ਕੇ ਹੀ ਰਹੀ ਹੈ। ਜੇ ਕਿਸੇ ਬਰਟੰਡ ਰਸਲ ਵਰਗੇ ਮਨੁੱਖ ਨੇ ਇਸਤਰੀ ਦੇ ਸੁਹਾਗ ਦੀ ਰੱਖਿਆ ਕਰਨ ਖਾਤਰ ‘ਵਿਸ਼ਵ ਸਰਕਾਰ’ ਦਾ ਸੰਕਲਪ ਸਾਹਮਣੇ ਲਿਆਂਦਾ ਹੈ ਤਾਂ ਅਜਿਹੇ ਅਮੀਰ ਦੇਸ਼ ਦੇ ਮਨੁੱਖ ਨੂੰ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ ਗਿਆ। ਮਨੁੱਖ ਦੇ ਅੰਦਰ ਦਾ ਸ਼ੈਤਾਨ ਇਹ ਕਹਿੰਦਾ ਹੈ ਕਿ ਹਿੰਸਾ ਦਾ ਬੋਲਬਾਲਾ ਹਮੇਸ਼ਾ ਕਾਇਮ ਰਹੇ, ਸੂਹੇ ਸਾਲੂ ਵਿਚ ਲਪੇਟੀਆਂ ਹੋਈਆਂ ਇਸਤਰੀਆਂ ਆਪਣੇ ਸੁਹਾਗ ਦੀਆਂ ਚੂੜੀਆਂ ਨੂੰ ਟੋਟੇ-ਟੋਟੇ ਕਰਦੀਆਂ ਰਹਿਣ, ਤੇਲ ਚੋਅ ਕੇ ਕੀਤੇ ਗਏ ਥਿੰਦੇ ਬੂਹੇ ਅੱਗ ਦੀ ਲਪੇਟ ਵਿਚ ਆ ਜਾਣ। ਮਨੁੱਖ ਵਿਚ ਜਿਹੜੀ ਬਦਲੇ ਦੀ ਭਾਵਨਾ ਹੈ, ਇਹ ਹੀ ਹਿੰਸਾ ਨੂੰ ਜਨਮ ਦਿੰਦੀ ਹੈ। ਇਹ ਬਦਲੇ ਦੀ ਭਾਵਨਾ ਕਦੇ ਖਤਮ ਨਹੀਂ ਹੁੰਦੀ, ਇਕ ਲਿਆ ਗਿਆ ਬਦਲਾ ਦੂਸਰੇ ਬਦਲੇ ਨੂੰ ਜਨਮ ਦਿੰਦਾ ਹੈ। ਅੰਗਰੇਜ਼ੀ ਦਾ ਪ੍ਰਸਿੱਧ ਕਵੀ ਮਿਲਟਨ ਸ਼ੈਤਾਨ ਦੇ ਮੂੰਹੋਂ ਇਹ ਅਖਵਾਉਂਦਾ ਹੈ ਕਿ ਕੀ ਹੋਇਆ ਜੇ ਉਹ ਰਣ ਭੂਮੀ ਵਿਚ ਇਕ ਵਾਰ ਹਾਰ ਗਿਆ, ਪਰ ਉਸ ਵਿਚ ਬਦਲੇ ਦੀ ਭਾਵਨਾ ਤਾਂ ਨਹੀਂ ਹਾਰੀ।
ਹਿੰਸਾ ਆਪਣੀ ਘਿਨੌਣੀ ਸ਼ਕਲ ਇਸਤਰੀ ਦੇ ਪ੍ਰਸੰਗ ਵਿਚ ਕਈ ਥਾਂ ‘ਤੇ ਦਿਖਾਉਂਦੀ ਹੈ। ਜੇ ਰਾਜਨੀਤਕ ਜਾਂ ਅੰਤਰਰਾਸ਼ਟਰੀ ਕਾਰਣਾਂ ਕਰ ਕੇ ਦੇਸ਼ਾਂ ਵਿਚ ਯੁੱਧਾਂ ਕਾਰਣ ਇਸਤਰੀ ਦਾ ਸੁੱਖ ਤੇ ਚੈਨ ਹਿੰਸਾ ਦੀ ਭੇਂਟ ਚੜ੍ਹਦਾ ਹੈ। ਤਾਂ ਦੂਜੇ ਪਾਸੇ ਸਮਾਜਿਕ ਖੇਤਰ ਵਿਚ ਵੀ ਇਸਤਰੀ ਨੂੰ ਹਿੰਸਾ ਨਾਲ ਭੁਗਤਣਾ ਪੈਂਦਾ ਹੈ। ਇਸਤਰੀ ਅਤੇ ਪੁਰਸ਼ ਦੀ ਬਰਾਬਰੀ ਦਾ ਨਾਅਰਾ ਇਕ ਢੰਗ ਬਣ ਕੇ ਰਹਿ ਗਿਆ ਹੈ। ਇਹ ਬਰਾਬਰੀ ਨਾ ਤਾਂ ਪਹਿਲਾਂ ਕਿਸੇ ਸਮੇਂ ਰਹੀ ਹੈ ਤੇ ਨਾ ਹੀ ਅੱਜ ਦੇ ਵਰਤਮਾਨ ਸਮੇਂ ਵਿਚ ਹੈ। ਇਸਤ੍ਰੀ ਨੂੰ ਤਾਂ ਹਿੰਸਾ ਮਾਂ ਦੇ ਗਰਭ ਵਿਚ ਹੀ ਭੁਗਤਣੀ ਪੈ ਰਹੀ ਹੈ, ਜਦੋਂ ਇਹ ਪਤਾ ਲੱਗਦਾ ਹੈ ਕਿ ਮਾਂ ਦੇ ਗਰਭ ਵਿਚ ਪਲਣ ਵਾਲਾ ਬੱਚਾ ਲੜਕੀ ਦੇ ਰੂਪ ਵਿਚ ਹੈ ਤਾਂ ਵਿਗਿਆਨ ਦੀ ਰੌਸ਼ਨੀ ਨਾਲ ਪੜ੍ਹੇ-ਲਿਖੇ ਕਸਾਈ ਉਸ ਨੂੰ ਛੁਰੀਆਂ-ਕਾਂਟਿਆਂ ਨਾਲ ਕੱਢ ਕੇ ਬਾਹਰ ਸੁੱਟ ਦਿੰਦੇ ਹਨ। ਇਸਤਰੀ ਆਪਣਾ ਸਾਰਾ ਜੀਵਨ ਪਹਿਲਾਂ ਆਪਣੇ ਮਾਪਿਆਂ, ਭਾਈਆਂ, ਫਿਰ ਪਤੀ ਤੇ ਫਿਰ ਆਪਣੇ ਪੁੱਤਾਂ ਦੇ ਆਸਰੇ ‘ਤੇ ਜੀਉਂਦਿਆਂ ਆਪਣਿਆਂ ਦੀ ਵੀ ਹਿੰਸਾ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ।
ਪੁਰਸ਼ ਦੇ ਮੁਕਾਬਲੇ ‘ਤੇ ਇਸਤਰੀ ਦੇ ਹਿੰਸਾ ਭੁਗਤਣ ਦਾ ਵਿਸ਼ੇਸ਼ ਕਾਰਨ ਇਹ ਹੈ ਕਿ ਜਿਥੇ ਪੁਰਸ਼ ਨੂੰ ਆਰਥਿਕ ਤੌਰ ‘ਤੇ ਧਨ ਕਮਾਉਣ ਦਾ ਮਜ਼ਬੂਤ ਸਾਧਨ ਸਮਝਿਆ ਜਾਂਦਾ ਹੈ, ਉਥੇ ਇਸਤਰੀ ਨੂੰ ਇਸ ਧਨ ਨੂੰ ਖਰਚਣ ਦਾ। ਇਸ ਤਰ੍ਹਾਂ ਕਿਤੇ ਕਮਾਈ ਤੇ ਕਿਤੇ ਉਸ ਕਮਾਈ ਨੂੰ ਰੋੜ੍ਹਨਾ। ਜਿਥੇ ਪੁਰਸ਼ ‘ਤੇ ਲਗਾਇਆ ਗਿਆ ਪੈਸਾ ਫਿਰ ਦੁੱਗਣਾ ਹੋ ਕੇ ਮੁੜ ਆਉਣ ਦੀ ਉਮੀਦ ਹੁੰਦੀ ਹੈ, ਉਥੇ ਦੂਜੇ ਪਾਸੇ ਜਿਉਂ-ਜਿਉਂ ਇਸਤਰੀ ਵਿਕਾਸ ਕਰਦੀ ਹੈ, ਉਸ ਤੋਂ ਖਰਚ ਕਰਨ ਦੀ ਮਿਕਦਾਰ ਵਧਦੀ ਜਾਂਦੀ ਹੈ। ਇਸ ਲਈ ਦੋਹਾਂ ਵਿਚ ਆਰਥਿਕ ਪਾੜਾ ਇਸਤਰੀ ‘ਤੇ ਹਿੰਸਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਕਈ ਇਸਤਰੀਆਂ ਦੇ ਸੂਹੇ ਸਾਲੂ ਅਜੇ ਮੈਲੇ ਹੀ ਨਹੀਂ ਹੋਏ ਹੁੰਦੇ ਕਿ ਉਨ੍ਹਾਂ ਨੂੰ ਘੱਟ ਦਾਜ ਲਿਆਉਣ ਕਰ ਕੇ ਹਿੰਸਾ ਸਹਿਣੀ ਪੈਂਦੀ ਹੈ ਤੇ ਕਈ ਹਾਲਤਾਂ ਵਿਚ ਤਾਂ ਇਹ ਸੂਹੇ ਸਾਲੂ ਵਿਚ ਲਪੇਟੀਆਂ ਇਸਤਰੀਆਂ ਅੱਗ ਦੀ ਲਪੇਟ ਵਿਚ ਆਉਂਦੀਆਂ ਹਨ ਤੇ ਰਾਖ ਹੋ ਜਾਂਦੀਆਂ ਹਨ। ਵਧ ਰਹੀ ਜਨਸੰਖਿਆ ਦੇ ਵਿਸਫੋਟ ਕਾਰਣ ਇਸ ਕਿਸਮ ਦੀ ਵੰਨਗੀ ਵਿਚ ਵਾਧਾ ਹੋ ਰਿਹਾ ਹੈ।
ਜੇ ਦਾਜ ਦੀ ਹਿੰਸਾ ਵਿਚ ਬਹੁਤੀਆਂ ਕੁੜੀਆਂ ਬਲੀ ਚੜ੍ਹ ਰਹੀਆਂ ਹਨ ਤਾਂ ਦੂਸਰੇ ਪਾਸੇ ਪਤੀ-ਪਤਨੀ ਵਿਚਕਾਰ ਦੀਆਂ ਤ੍ਰੇੜਾਂ ਵਿਚ ਵੀ ਵਾਧਾ ਹੋ ਰਿਹਾ ਹੈ। ਸੂਹੇ ਸਾਲੂ ਵਿਚ ਸਜੀਆਂ-ਧਜੀਆਂ ਵਹੁਟੀਆਂ ਜਦੋਂ ਰੰਗ-ਬਰੰਗੇ ਫੁੱਲਾਂ ਨਾਲ ਸਜਾਈ ਹੋਈ ਡੇਲੀ ਵਿਚ ਆਉਂਦੀਆ ਹਨ ਤਾਂ ਖ਼ੁਸ਼ੀਆਂ ਦੀਆਂ ਬਹਾਰਾ ਸਭ ਪਾਸੇ ਫੈਲ ਜਾਂਦੀਆਂ ਹਨ, ਪਰ ਸਮਾਂ ਲੰਘਣ ਉਤੇ ਕਈ ਹਾਲਤਾਂ ਵਿਚ ਵਿੱਥਾਂ ਅਤੇ ਨਫਰਤ ਦੀਆਂ ਚੰਗਿਆੜੀਆਂ ਅਜਿਹੀਆਂ ਬਲਦੀਆਂ ਹਨ ਕਿ ਪਤੀ-ਪਤਨੀ ਦੇ ਰਿਸ਼ਤੇ ਵੀ ਹਿੰਸਾ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਹਾਲਾਤਾਂ ਵਿਚ ਵੇਖਿਆ ਗਿਆ ਹੈ ਕਿ ਨਾਜ਼ਕ ਪਤਨੀਆਂ ਪਤੀ ਦੀ ਹਿੰਸਾ ਦੀ ਘੁਟਣ ਵਿਚ ਆਪਣਾ ਜੀਵਨ ਜੀਉਂਦੀਆਂ ਹਨ ਤੇ ਬਾਅਦ ਵਿਚ ਉਨ੍ਹਾਂ ਨੂੰ ਉਹ ਸਮਾਂ ਯਾਦ ਆਉਂਦਾ ਹੈ ਜਦੋਂ ਘਰ ਵੜਨ ਤੇ ਉਸ ਦੀ ਸੱਸ ਨੇ ਬੂਹੇ ‘ਤੇ ਤੇਲ ਚੋਇਆ ਸੀ। ਵਿਆਹੁਤਾ ਜੀਵਨ ਵਿਚ ਇਨ੍ਹਾਂ ਯਾਦਾਂ ਦੀ ਪੂੰਜੀ ਹੀ ਉਨ੍ਹਾਂ ਪਾਸ ਗਿਰਵੀ ਰਹਿ ਜਾਂਦੀ ਹੈ। ਵਿਆਹੁਤਾ ਇਸਤਰੀ ਜਾਂ ਤਾਂ ਹਿੰਸਾ ਸਹਿੰਦੀ ਹੈ ਜਾਂ ਪਤੀ ਦੇ ਦਰ ਤੋਂ ਟੁੱਟ ਕੇ ਮਾਪਿਆ ਦੇ ਦਰ ‘ਤੇ ਜਾ ਬਹਿੰਦੀ ਹੈ ਜਾਂ ਸਭ ਨਾਲੋਂ ਵੱਖ ਹੋ ਕੇ ਇਕੱਲੀ ਹੀ ਆਪਣਾ ਜੀਵਨ ਜੀਉਣ ਲੱਗ ਜਾਂਦੀ ਹੈ। ਇਨ੍ਹਾਂ ਸਾਰੀਆ ਅਵਸਥਾਵਾਂ ਵਿਚ ਖ਼ੁਸ਼ੀਆਂ ਉਸ ਤੋਂ ਮੂੰਹ ਮੋੜ ਲੈਂਦੀਆਂ ਹਨ। ਜਿਸ ਸਮਾਜ ਵਿੱਚ ਖੁਸ਼ੀ ਵਾਲੀਆਂ ਵਿਆਹ ਦੀਆ ਰਸਮਾਂ ਨਹੀਂ ਹੁੰਦੀਆਂ ਉਥੇ ਸੰਭਵ ਹੈ ਕਿ ਹਿੰਸਾ ਜਨਮ ਲੈ ਲਵੇ। ਪਹਿਲੇ ਸਮਿਆਂ ਵਿੱਚ ਸ਼ਾਦੀ ਦੀਆਂ ਰਸਮਾਂ ਨਹੀਂ ਸੀ ਹੁੰਦੀਆਂ, ਹਿੰਸਾ ਰਾਹੀਂ ਮੁਟਿਆਰਾਂ ਨੂੰ ਡਾਕੂ ਚੁੱਕ ਕੇ ਲੈ ਜਾਂਦੇ ਸਨ ਤੇ ਧੱਕੇ ਨਾਲ ਸ਼ਾਦੀ ਰਚਾਉਂਦੇ ਸਨ।
ਸਾਡੇ ਸਮਾਜਿਕ ਸੰਸਕਾਰ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ ਇਥੇ ਸਭ ਕੁਝ ਇਸਤਰੀ ਹੀ ਸਹਿੰਦੀ ਹੈ। ਕਾਨੂੰਨੀ ਤੌਰ ‘ਤੇ ਦੂਸਰੀ ਸ਼ਾਦੀ ਕਰਨਾ ਜੁਰਮ ਹੈ, ਪਰ ਤਲਾਕ ਵੀ ਇਸਤਰੀ ਦੇ ਦੁਖਾਂ ਦਾ ਇਲਾਜ ਨਹੀਂ ਤੇ ਇਸਤ੍ਰੀ ਲਈ ਦੂਸਰੀ ਸ਼ਾਦੀ ਕਰਨੀ ਕੇਵਲ ਆਦਰਸ਼ਵਾਦੀ ਗੱਲ ਹੈ। ਇਸਤਰੀਆਂ ਦਾ ਦੂਸਰੀ ਵਾਰ ਸੂਹੇ ਕੱਪੜੇ ਪਹਿਨਣਾ ਤੇ ਹੱਥਾਂ ‘ਤੇ ਮਹਿੰਦੀ ਸਜਾਉਣੀ ਇਕ ਸਧਾਰਨ ਸਮਾਜਿਕ ਵਿਵਹਾਰ ਬਣ ਕੇ ਅਜੇ ਨਹੀਂ ਉਭਰਿਆ। ਕਈ ਲੜਕੀਆਂ ਦੀਆਂ ਅੱਖਾਂ ਸਦੀਵੀਂ ਮਰਦ ਨੂੰ ਲੱਭਦੀਆਂ-ਲੱਭਦੀਆਂ ਆਪਣੀ ਵਿਆਹ ਦੀ ਉਮਰ ਗਵਾ ਲੈਂਦੀਆਂ ਹਨ। ਸੂਹੇ ਸਾਲੂ ਵਿਚ ਲਿਪਟਣ ਲਈ ਉਨ੍ਹਾਂ ਦੀ ਤਾਂਘ ਹਮੇਸ਼ਾ ਬਣੀ ਰਹਿੰਦੀ ਹੈ, ਪਰ ਪੁਰਸ਼ ਦੀ ਕਰੂਪਤਾ ਤੋਂ ਡਰਦੀਆਂ ਅਤੇ ਬਣਦਾ ਵਰ ਨਾ ਮਿਲਣ ਕਰ ਕੇ ਕੇਵਲ ਪਛਤਾਵੇ ਦੀ ਅਵਸਥਾ ਵਿਚ ਦਾਖ਼ਲ ਹੁੰਦੀਆਂ ਹਨ। ਕਈ ਆਪਣੀ ਜਵਾਨੀ ਦੀ ਅਵਸਥਾ ਵਿਚ ਅਜਿਹੇ ਮਰਦਾਂ ਨਾਲ ਪਿਆਰ ਪਾ ਲੈਂਦੀਆਂ ਹਨ, ਜਿਨ੍ਹਾਂ ਦਾ ਕੰਮ ਭੌਰੇ ਵਾਂਗ ਹਰ ਫੁੱਲ ‘ਤੇ ਮੰਡਰਾਉਣਾ ਹੁੰਦਾ ਹੈ। ਪਿਆਰ ਵਿਚ ਹਾਰ, ਨਮੋਸ਼ੀ ਤੇ ਵਿਸ਼ਾਦ ਨਾ ਸਹਿੰਦਿਆਂ ਹੋਇਆਂ ਉਹ ਹਮੇਸ਼ਾ ਲਈ ਇਹ ਨਿਸ਼ਚਾ ਕਰ ਲੈਂਦੀਆਂ ਹਨ ਕਿ ਉਹ ਗ੍ਰਹਿਸਥ ਜੀਵਨ ਵਿਚ ਕਦੇ ਪ੍ਰਵੇਸ਼ ਨਹੀਂ ਕਰਨਗੀਆਂ।
ਇਸ ਤਰ੍ਹਾਂ ਸੂਹੇ ਸਾਲੂ ਵਿਚ ਲਪੇਟੀਆਂ ਵਹੁਟੀਆਂ ਦੇ ਡੋਲੇ ਸੁਖੀ-ਸਾਂਦੀ ਸਮਾਜ ਵਿਚ ਵਿਚਰਦੇ, ਮਨ ਨੂੰ ਮੋਂਹਦੇ ਹਨ ਤੇ ਰੀਤਾਂ-ਰਸਮਾਂ ਨਾਲ ਕੀਤੇ ਗਏ ਥਿੰਦੇ ਬੂਹੇ ਜਿਹੜੇ ਆਜ਼ਾਦ ਮਾਹੌਲ ਤੇ ਸੁਖ-ਸ਼ਾਂਤੀ ਦੇ ਪ੍ਰਤੀਕ ਹਨ, ਉਨ੍ਹਾਂ ਦੀ ਹੋਂਦ ਬਣਾ ਕੇ ਰੱਖਣੀ ਚਾਹੀਦੀ ਹੈ : ਇਸਤਰੀ ਦੇ ਜੀਵਨ ਦੀਆਂ ਇਹ ਦੋ ਮੂਲ ਚੂਲਾਂ ਹਨ। ਪਹਿਲਾਂ ਵਿਆਹ ਕਰਾਉਣਾ, ਫਿਰ ਨੂੰਹ ਤੋਂ ਪਾਣੀ ਵਾਰਨਾ ਤੇ ਤੇਲ ਚੋਣਾ, ਇਹ ਕਿਸੇ ਸਭਿਅਕ ਸਮਾਜ ਵਿਚ ਖ਼ੁਸ਼ੀਆਂ ਤੇ ਸ਼ਗਨਾਂ ਵਾਲੀਆਂ ਰੀਤਾਂ ਹਨ, ਇਹ ਸਦਾ ਕਾਇਮ ਰਹਿਣ, ਮਨੁੱਖਤਾ ਦਾ ਭਲਾ ਇਸ ਵਿਚ ਹੀ ਹੈ। ਵਿਆਹ ਦੀਆਂ ਰਸਮਾਂ ਨੂੰ ਕਿਸੇ ਕੈਦ ਵਿਚ ਰੱਖ ਕੇ ਵੰਨਗੀਆਂ ਨਹੀਂ ਬਣਾਈਆਂ ਜਾ ਸਕਦੀਆਂ। ਜਿਉਂ-ਜਿਉਂ ਸਮਾਂ ਬਦਲ ਰਿਹਾ ਹੈ, ਇਹ ਰਸਮਾਂ ਵੀ ਬਦਲ ਰਹੀਆਂ ਹਨ। ਅੱਜ-ਕਲ੍ਹ ਲਾੜੇ ਘੋੜੀ ਘੱਟ ਚੜ੍ਹਦੇ ਹਨ ਤੇ ਕਹਾਰ ਡੋਲੀ ਨਹੀਂ ਚੁੱਕਦੇ। ਇਨ੍ਹਾਂ ਨਾਲ ਹੀ ਵਦਾਇਗੀ ਦੀਆਂ ਕਈ ਰਸਮਾਂ ਜੁੜੀਆਂ ਹੋਈਆਂ ਸਨ। ਪੰਜਾਬੀਆਂ ਦੀਆਂ ਰਸਮਾਂ ਬੜੀਆਂ ਜੋਸ਼ ਵਾਲੀਆਂ, ਭਰਪੂਰ ਆਨੰਦ ਦੇਣ ਵਾਲੀਆਂ ਹਨ। ਸਾਰਾ ਸੰਸਾਰ ਪੰਜਾਬੀਆਂ ਦੇ ਵਿਆਹ ਸ਼ਾਦੀਆਂ ਦੀਆਂ ਗੱਲਾਂ ਕਰਦਾ ਹੈ, ਇਹ ਸਾਡੀਆਂ ਫ਼ਿਲਮਾਂ – ਸੀਰੀਅਲਾਂ ਵਿੱਚ ਖਾਸ ਖਿੱਚ ਦਾ ਕਾਰਣ ਹਨ। ਇਹ ਰਸਮਾਂ ਤਾਂ ਹੀ ਜਾਰੀ ਰਹਿ ਸਕਦੀਆਂ ਹਨ ਜੇਕਰ ਅਸੀਂ ਆਪਣੇ ਪੰਜਾਬ ਨੂੰ ਹਿੰਸਾ ਤੋਂ ਬਚਾ ਕੇ ਰੱਖਾਂਗੇ।