ਲੇਖ – ਵਧਦੀ ਅਬਾਦੀ : ਇੱਕ ਵਿਕਰਾਲ ਸਮੱਸਿਆ
ਵਧਦੀ ਅਬਾਦੀ : ਇੱਕ ਵਿਕਰਾਲ ਸਮੱਸਿਆ
ਭੂਮਿਕਾ : ਦਿਨੋ-ਦਿਨ ਵਧ ਰਹੀ ਅਬਾਦੀ ਨੇ ਸਾਰੇ ਸੰਸਾਰ ਦੇ ਦੇਸ਼ਾਂ ਵਿੱਚ ਹੀ ਇੱਕ ਬੜੀ ਗੰਭੀਰ ਸਮੱਸਿਆ ਖੜ੍ਹੀ ਕਰ ਦਿੱਤੀ ਹੈ ਪਰ ਇਹ ਸਮੱਸਿਆ ਭਾਰਤ, ਚੀਨ, ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਵਿਕਰਾਲ ਰੂਪ ਧਾਰਨ ਕਰ ਗਈ ਹੈ। ਸਾਡੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ‘ਦਿਨੋ-ਦਿਨ ਵਧ ਰਹੀ ਅਬਾਦੀ’ ਹੈ। ਜਦੋਂ ਕਿਸੇ ਦੇਸ਼ ਦੀ ਅਬਾਦੀ ਬਹੁਤ ਤੇਜ਼ੀ ਨਾਲ ਵਧਦੀ ਹੈ ਤਾਂ ਉਸ ਨੂੰ ‘ਜਨ-ਸੰਖਿਆ ਵਿਸਫੋਟ’ ਕਿਹਾ ਜਾਂਦਾ ਹੈ। ਅਬਾਦੀ ਵਧਣ ਦੇ ਕਈ ਕਾਰਨ ਹਨ ਤੇ ਇਸ ਦੀਆਂ ਕਈ ਸਮੱਸਿਆਵਾਂ ਹਨ।
ਮਾਲਥਸ ਦਾ ਸਿਧਾਂਤ : ਮਾਲਥਸ ਇੱਕ ਪ੍ਰਸਿੱਧ ਅਰਥ-ਵਿਗਿਆਨੀ ਹੈ। ਉਸ ਨੇ ਅਬਾਦੀ ਦੇ ਵਾਧੇ ਸੰਬੰਧੀ ਸਿਧਾਂਤ ਨੂੰ ਜੁਮੈਟਰੀਕਲ ਰੇਸ਼ੋ ਅਨੁਸਾਰ ਪੇਸ਼ ਕੀਤਾ ਹੈ। ਉਸ ਦਾ ਵਿਚਾਰ ਹੈ ਕਿ ਕਿਸੇ ਦੇਸ਼ ਦੀ ਵਿਕਾਸ ਪ੍ਰਕਿਰਿਆ ਦੇ ਅਰੰਭ ਵਿੱਚ ਜਨ ਸੰਖਿਆ ਵਿੱਚ ਜਨਮ ਦਰ ਅਤੇ ਮਰਨ ਦਰ ਦੋਵੇਂ ਹੀ ਵੱਧ ਹੁੰਦੇ ਹਨ। ਇਸ ਦਾ ਕਾਰਨ ਲੋਕਾਂ ਵਿੱਚ ਅਨਪੜ੍ਹਤਾ ਤੇ ਇਲਾਜ ਦੇ ਸਾਧਨਾਂ ਵਿੱਚ ਘਾਟ ਦਾ ਹੋਣਾ ਹੁੰਦਾ ਹੈ। ਸਮੇਂ ਦੇ ਬਦਲਣ ਨਾਲ ਡਾਕਟਰੀ ਖੇਤਰਾਂ ਵਿੱਚ ਤਰੱਕੀ ਨਾਲ ਮਰਨ ਦਰ ‘ਤੇ ਕਾਬੂ ਪਾ ਲਿਆ ਜਾਂਦਾ ਹੈ ਤੇ ਜਨਮ-ਦਰ ਉਸੇ ਹੀ ਰਫ਼ਤਾਰ ਵਿੱਚ ਰਹਿੰਦੀ ਹੈ। ਇਹੀ ਜਨ-ਸੰਖਿਆ ਵਿਸਫੋਟ ਦੀ ਸਥਿਤੀ ਹੈ। ਦੇਸ਼ ਦਾ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਜਨਮ-ਦਰ ਅਤੇ ਮਰਨ-ਦਰ ਦੋਵੇਂ ਹੀ ਘਟ ਜਾਣ।
ਭਾਰਤ ਵਿੱਚ ਅਬਾਦੀ ਵਧਣ ਦੇ ਕਾਰਨ : ਭਾਰਤ ਵਿੱਚ ਅਬਾਦੀ ਵਧਣ ਦੇ ਕੁਝ ਖ਼ਾਸ ਕਾਰਨ ਹੇਠ ਲਿਖੇ ਅਨੁਸਾਰ ਹਨ :
ਲੋਕਾਂ ਦਾ ਪੁਰਾਤਨ-ਮੁਖੀ ਹੋਣਾ : ਭਾਰਤ ਵਿੱਚ ਇਹ ਵਿਚਾਰ ਪ੍ਰਚੱਲਤ ਹੈ ਕਿ ਬੱਚੇ ਰੱਬ ਦੀ ਦਾਤ ਹਨ ਤੇ ਰੱਬੀ ਮਿਹਰ ਸਦਕਾ ਹੀ ਇਹਨਾਂ ਦੀ ਪੈਦਾਇਸ਼ ਹੁੰਦੀ ਹੈ। ਉਹਨਾਂ ਵਿੱਚ ਇਹ ਵੀ ਖ਼ਿਆਲ ਹੈ ਕਿ ਜਿਸ ਰੱਬ ਨੇ ਬੱਚੇ ਨੂੰ ਪੈਦਾ ਕੀਤਾ ਹੈ, ਉਸੇ ਨੇ ਹੀ ਇਨ੍ਹਾਂ ਦੇ ਖਾਣ-ਪੀਣ ਦਾ ਇੰਤਜ਼ਾਮ ਵੀ ਕੀਤਾ ਹੋਊ, ਹਰ ਬੱਚਾ ਆਪਣੀ ਕਿਸਮਤ ਆਪਣੇ ਨਾਲ ਲੈ ਕੇ ਆਉਂਦਾ ਹੈ।
ਪੁੱਤਰ ਦੀ ਲਾਲਸਾ : ਭਾਰਤ ਵਿੱਚ ਹਰ ਕੋਈ ਪੁੱਤਰ ਦੀ ਇੱਛਾ ਰੱਖਦਾ ਹੈ। ਪੁਰਾਣੇ ਜ਼ਮਾਨੇ ਵਿੱਚ ਤਾਂ ਬਹੁਤੇ ਭਰਾਵਾਂ ਵਾਲੀ ਜਾਂ ਸੱਤ ਪੁੱਤਰਾਂ ਵਾਲੀ ਨੂੰ ਮਾਣ ਨਾਲ ਵੇਖਿਆ ਜਾਂਦਾ ਸੀ। ਬਜ਼ੁਰਗ ਵੀ ਆਪਣੀਆਂ ਨੂੰਹਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਪੁੱਤਰਾਂ ਦਾ ਹੀ ਵਰ ਦਿੰਦੇ ਸਨ। ਦੂਜਾ ਕਾਰਨ ਇਹ ਸਮਝਿਆ ਜਾਂਦਾ ਸੀ ਕਿ ‘ਪੁੱਤੀਂ ਗੰਢ ਪਵੇ ਸੰਸਾਰ’ ਭਾਵ ਪੁੱਤਰ ਹੋਣ ਨਾਲ ਘਰ ਦੇ ਵੰਸ਼ ਵਿੱਚ ਵਾਧਾ ਹੋਵੇਗਾ। ਅਗਲਾ ਕਾਰਨ ਖੇਤੀਬਾੜੀ ਪ੍ਰਧਾਨ ਹੋਣ ਕਰਕੇ ਪੁੱਤਰਾਂ ਵੱਲੋਂ ਖੇਤੀ ਦੇ ਕੰਮਾਂ ਵਿੱਚ ਹੱਥ ਵਟਾਉਣ ਤੋਂ ਹੈ ਕਿਉਂਕਿ ਮਾਪੇ ਬੱਚਿਆਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਦਾ ਇੱਕ ਸਾਧਨ ਸਮਝਦੇ ਸਨ। ਲੋਕ ਜੋੜੀਆਂ ਰਲਾਉਣ ਦੀ ਸੋਚ (ਪੁੱਤਰਾਂ ਦੀ ਜੋੜੀ) ਅਨੁਸਾਰ ਵੀ ਪੁੱਤਰ ਲੱਭਦੇ-ਲੱਭਦੇ ਪਰਿਵਾਰ ਵੱਡਾ ਕਰ ਲੈਂਦੇ ਸਨ। ਵਰਤਮਾਨ ਸਮੇਂ ਵਿੱਚ ਵੀ ਭਾਵੇਂ ਅਮੀਰ ਸ਼੍ਰੇਣੀ ਜਾਂ ਮੱਧ ਸ਼੍ਰੇਣੀ ਵਿੱਚ ਬੱਚਿਆਂ ਦੀ ਗਿਣਤੀ ਸੀਮਤ ਹੋ ਗਈ ਹੈ ਪਰ ਗ਼ਰੀਬ ਤੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਸ਼੍ਰੇਣੀ ਦੇ ਬੱਚਿਆਂ ਦੀ ਗਿਣਤੀ ਬੇਹਿਸਾਬੀ ਹੈ। ਇਸ ਤੋਂ ਇਲਾਵਾ ਗ਼ਰੀਬੀ, ਅਨਪੜ੍ਹਤਾ, ਛੋਟੀ ਉਮਰ ਵਿੱਚ ਵਿਆਹ, ਧਾਰਮਕ ਵਿਸ਼ਵਾਸ, ਗਰਭ-ਰੋਕੂ ਸਾਧਨਾਂ ਦੀਆਂ ਸਹੂਲਤਾਂ ਦੀ ਘਾਟ ਤੇ ਜਾਗਰੂਕਤਾ ਦੀ ਘਾਟ ਆਦਿ ਬਹੁਤ ਸਾਰੇ ਕਾਰਨ ਅਬਾਦੀ ਦੇ ਵਾਧੇ ਲਈ ਜ਼ਿੰਮੇਵਾਰ ਹਨ। ਇਸ ਤੋਂ ਇਲਾਵਾ ਖ਼ਾਸ ਧਰਮ ਦੇ ਆਗੂਆਂ ਵੱਲੋਂ ਅਬਾਦੀ ਵਧਾਉਣ ਦਾ ਹੋਕਾ ਦੇਣਾ ਵੀ ਨਿੰਦਣਯੋਗ ਵਰਤਾਰਾ ਹੈ।
ਸਮੱਸਿਆਵਾਂ : ਤੇਜ਼ੀ ਨਾਲ ਵਧ ਰਹੀ ਅਬਾਦੀ ਨੇ ਬਹੁਤ ਸਾਰੀਆਂ ਸਮੱਸਿਆਵਾਂ ਤੇ ਬੁਰਾਈਆਂ ਨੂੰ ਜਨਮ ਦਿੱਤਾ ਹੈ:
ਅੰਨ-ਸੰਕਟ : ਸਭ ਤੋਂ ਵੱਧ ਅਨਾਜ ਦੀ ਕਮੀ ਪਹਿਲਾਂ ਪ੍ਰਭਾਵਿਤ ਹੋਈ ਹੈ। ਅੰਨ ਪੈਦਾ ਕਰਨ ਵਾਲੀ ਧਰਤੀ ਤਾਂ ਓਨੀ ਹੀ ਰਹਿੰਦੀ ਹੈ ਸਗੋਂ ਵਧ ਰਹੀ ਵੱਸੋਂ ਲਈ ਰਿਹਾਇਸ਼ੀ ਮਕਾਨ ਬਣਨ, ਉਦਯੋਗ ਲੱਗਣ ਤੇ ਹੋਰ ਨਵੀਆਂ ਮਸ਼ੀਨਰੀਆਂ ਨਾਲ ਅੰਨ ਉਪਜਾਉਣ ਵਾਲ਼ੀ ਧਰਤੀ ਘਟਦੀ ਜਾ ਰਹੀ ਹੈ ਤਾਂ ਹੀ ਅੰਨ-ਸੰਕਟ ਪੈਦਾ ਹੋ ਰਿਹਾ ਹੈ।
ਅਨਪੜ੍ਹਤਾ : ਅਬਾਦੀ ਵਧਣ ਨਾਲ ਆਮਦਨ ਘਟ ਰਹੀ ਹੈ, ਆਮਦਨ ਦੇ ਸਾਧਨ ਵੀ ਘਟ ਰਹੇ ਹਨ। ਆਰਥਕ ਤੰਗੀ ਕਾਰਨ ਮਾਪੇ ਆਪਣੇ ਸਾਰੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ। ਇਹੋ ਕਾਰਨ ਹੈ ਅਨਪੜ੍ਹਤਾ ਵਿੱਚ ਵਾਧੇ ਦਾ। ਅਨਪੜ੍ਹਤਾ ਆਪਣੇ – ਆਪ ਵਿੱਚ ਹੀ ਇੱਕ ਸਰਾਪ ਹੈ ਕਿਉਂਕਿ ਅਨਪੜ੍ਹ ਵਿਅਕਤੀ ਨੂੰ ਜ਼ਿੰਦਗੀ ਦੀ ਰਫ਼ਤਾਰ ਦਾ ਪਤਾ ਨਹੀਂ ਲੱਗਦਾ ਤੇ ਉਹ ਪਿੱਛੇ ਰਹਿ ਜਾਂਦਾ ਹੈ।
ਬੇਰੁਜ਼ਗਾਰੀ : ਅਬਾਦੀ ਦੇ ਹਿਸਾਬ ਨਾਲ ਰੁਜ਼ਗਾਰ ਦੇ ਮੌਕੇ ਤੇ ਸਾਧਨ ਘੱਟ ਹਨ। ਇਸ ਲਈ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਬੇਰੁਜ਼ਗਾਰੀ ਹੋਰ ਕਈ ਬੁਰਾਈਆਂ ਜਿਵੇਂ ਚੋਰੀ, ਡਾਕੇ, ਕਤਲ, ਭ੍ਰਿਸ਼ਟਾਚਾਰ ਆਦਿ ਨੂੰ ਜਨਮ ਦੇ ਰਹੀ ਹੈ।
ਸਮੱਸਿਆਵਾਂ ਦੇ ਕਾਰਨ : ਇਹ ਵਿਚਾਰ ਠੀਕ ਹੈ ਕਿ ਵਧਦੀ ਅਬਾਦੀ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਤੇ ਹੋ ਜਾਂਦੀਆਂ ਹਨ ਪਰ ਸਾਨੂੰ ਆਪਣੀ ਸੋਚ ਵੀ ਤਾਂ ਬਦਲਣੀ ਪਵੇਗੀ ਕਿਉਂਕਿ ਜੇ ਅਸੀਂ ਸੰਸਾਰ ਦੀ ਸਭ ਤੋਂ ਵੱਧ ਅਬਾਦੀ ਵਾਲੇ ਦੇਸ਼ ‘ਚੀਨ’ ’ਤੇ ਝਾਤੀ ਮਾਰੀਏ ਤਾਂ ਅਸੀਂ ਹੈਰਾਨ ਹੁੰਦੇ ਹਾਂ ਕਿ ‘ਚੀਨ’ ਉਮੀਦ ਤੋਂ ਵੱਧ ਤਰੱਕੀ ਕਰ ਰਿਹਾ ਹੈ ਜਦੋਂ ਕਿ ਭਾਰਤ ਵਰਗਾ ਦੇਸ਼ ਵਿਕਾਸ ਪੱਖੋਂ ਪਛੜ ਰਿਹਾ ਹੈ। ਇਸ ਦਾ ਕਾਰਨ ਸ਼ਾਇਦ ਇਹੋ ਹੈ ਕਿ ਮਨੁੱਖੀ ਸ਼ਕਤੀ ਦਾ ਪੂਰਾ ਇਸਤੇਮਾਲ ਨਹੀਂ ਹੋ ਰਿਹਾ। ਜਿੱਥੇ ਭਾਰਤੀਆਂ ਦੀ ਸੋਚ ਹੈ ਕਿ ਬੱਚੇ ਰੱਬ ਦੀ ਦੇਣ ਹਨ, ਉਹ ਕਿਸਮਤ ‘ਤੇ ਵਿਸ਼ਵਾਸ ਕਰਦੇ ਹਨ ਇਸ ਦੇ ਉਲਟ ਚੀਨੀਆਂ ਦੀ ਸੋਚ ਸ਼ਾਇਦ ਇਹ ਹੈ ਕਿ ਨਵ-ਜਨਮਿਆ ਬੱਚਾ ਖਾਣ-ਪੀਣ ਲਈ ਕੇਵਲ ਮੂੰਹ ਹੀ ਨਹੀਂ ਲੈ ਕੇ ਆਉਂਦਾ ਬਲਕਿ ਕੰਮ ਕਰਨ ਲਈ ਦੋ ਹੱਥ ਵੀ ਨਾਲ ਲੈ ਕੇ ਆਉਂਦਾ ਹੈ। ਉਹ ਹੱਥੀਂ ਕਿਰਤ ਵਿੱਚ ਵਿਸ਼ਵਾਸ ਰੱਖਦੇ ਹਨ। ਜੀਵਨ ਜਿਊਣ ਤੇ ਜੀਵਨ ਕੱਟਣ ਵਿੱਚ ਫ਼ਰਕ ਪਛਾਣਦੇ ਹਨ।
ਸੁਝਾਅ : ਭਾਰਤ ਨੂੰ ਵਧਦੀ ਅਬਾਦੀ ਦੇ ਜਿੰਨ ਤੋਂ ਬਚਾਉਣ ਲਈ ਅਬਾਦੀ ‘ਤੇ ਰੋਕ ਲਾਉਣੀ ਅਤਿ ਜ਼ਰੂਰੀ ਹੋ ਗਈ ਹੈ। ਛੋਟਾ ਪਰਿਵਾਰ, ਮਾਨਸਕ ਸੋਚ ਭਾਵ ਪਰੰਪਰਾਵਾਦੀ ਸੋਚ ਵਿੱਚ ਬਦਲਾਅ, ਹੱਥੀਂ ਕਿਰਤ ਕਰਨ ‘ਤੇ ਜ਼ੋਰ, ਕਿਸਮਤ ਨਾਲੋਂ ਮਿਹਨਤ ਤੇ ਵਿਸ਼ਵਾਸ ਕਰਨਾ, ਗ਼ਰੀਬੀ-ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਵਿੱਚ ਜਾਗ੍ਰਿਤੀ ਦੀ ਲੋੜ ਹੈ। (ਕਿਉਂਕਿ ਬਹੁਤੀਆਂ ਸਮੱਸਿਆਵਾਂ ਇਹਨਾਂ ਨਾਲ ਜੁੜੀਆਂ ਹੋਈਆਂ ਹਨ, ਅਬਾਦੀ ਦਾ ਵਾਧਾ, ਅਨਪੜ੍ਹਤਾ, ਬੇਰੁਜ਼ਗਾਰੀ, ਚੋਰੀਆਂ, ਡਾਕੇ ਤੇ ਸਰਕਾਰੀ ਸਹੂਲਤਾਂ ਵੀ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕ ਹੀ ਵਧੇਰੇ ਪ੍ਰਾਪਤ ਕਰਦੇ ਹਨ। ਡਾਕਟਰ ਭਾਸ਼ਾ ਦੇ ਇਹ ਸ਼ਬਦ ਬਹੁਤ ਪ੍ਰਭਾਵਸ਼ਾਲੀ ਹਨ, “ਅਬਾਦੀ ਦੀ ਰੋਕ ਭਾਵੇਂ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ ਪਰ ਬਹੁਤੀਆਂ ਸਮੱਸਿਆਵਾਂ ਅਬਾਦੀ ਦੀ ਰੋਕ ਤੋਂ ਬਿਨਾਂ ਹੱਲ ਨਹੀਂ ਕੀਤੀਆਂ ਜਾ ਸਕਣਗੀਆਂ।”
ਸਾਰੰਸ਼ : ਬੇਰੁਜ਼ਗਾਰੀ ਇੱਕ ਗੰਭੀਰ ਸਮੱਸਿਆ ਹੈ ਜੋ ਬਹੁਤ ਸਾਰੀਆਂ ਸਮੱਸਿਆਵਾਂ ਦੀ ਜਨਮ ਦਾਤੀ ਹੈ। ਸਰਕਾਰ ਨੂੰ ਇਸ ਪਾਸੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਲੋਕਾਂ ਨੂੰ ਵੀ ਇਸ ਬਾਰੇ ਗੰਭੀਰਤਾ ਸਹਿਤ ਰੋਕਣਾ ਚਾਹੀਦਾ ਹੈ।