ਲੇਖ : ਲੋਹੜੀ
ਭੂਮਿਕਾ : ਤਿੱਥ-ਤਿਉਹਾਰ ਲੋਕ ਜੀਵਨ ਨੂੰ ਪ੍ਰਗਟਾਉਣ ਦੇ ਸ਼ਕਤੀਸ਼ਾਲੀ ਮਾਧਿਅਮ ਹਨ। ਇਹਨਾਂ ਵਿੱਚ ਸੰਬੰਧਿਤ ਕੰਮ ਦੀ ਹਜ਼ਾਰਾਂ ਵਰ੍ਹਿਆਂ ਦੀ ਅਕਲ ਅਤੇ ਤਜਰਬਾ ਹੀ ਸ਼ਾਮਲ ਨਹੀਂ ਹੁੰਦਾ ਸਗੋਂ ਉਸ ਕੌਮ ਦਾ ਸੁਭਾਅ ਵੀ ਚਿਤਰਿਆ ਹੁੰਦਾ ਹੈ। ਲੋਕ-ਜੀਵਨ ਦੀ ਅਭਿਵਿਅਕਤੀ ਹੋਣ ਕਰਕੇ ਇਹਨਾਂ ਰਾਹੀਂ ਮਨ ਖਿੜਦਾ ਹੈ, ਜੀਵਨ ਮਹਿਕਦਾ ਹੈ, ਸੁਆਦ ਜਾਗਦਾ ਹੈ, ਸਮਾਜ ਵਿੱਚ ਰੰਗੀਨੀ ਆਉਂਦੀ ਹੈ, ਨਵੀਂ ਸ਼ਕਤੀ ਉੱਭਰਦੀ ਹੈ ਅਤੇ ਨਵੇਂ ਸੰਕਲਪ ਜਾਗਦੇ ਹਨ। ਖ਼ਾਸ-ਖ਼ਾਸ ਮੌਕਿਆਂ ‘ਤੇ ਸਮੂਹਿਕ ਰੂਪ ਵਿੱਚ ਕੀਤੀਆਂ ਵਿਸ਼ੇਸ਼ ਵਿਧੀਆਂ ਅਤੇ ਕਿਰਿਆਵਾਂ ਹੀ ਸਮੇਂ ਨਾਲ ਜੀਵਨ-ਪ੍ਰਵਾਹ ਦਾ ਅੰਗ ਬਣ ਕੇ ਤਿਉਹਾਰਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਤਿਉਹਾਰਾਂ ਦਾ ਮੁੱਢ ਮਨੁੱਖ ਦੀ ਸਮੂਹਿਕ ਵਿਕਾਸ ਦੀ ਭਾਵਨਾ ਵਿੱਚੋਂ ਬੱਝਿਆ। ਹੌਲੀ-ਹੌਲੀ ਸਾਰਾ ਸਮਾਜਿਕ, ਧਾਰਮਿਕ ਅਤੇ ਭਾਈਚਾਰਿਕ ਜੀਵਨ ਇਸ ਦੀ ਲਪੇਟ ਵਿੱਚ ਆ ਗਿਆ। ਇਵ ਤਿਉਹਾਰਾਂ ਦੀ ਕਹਾਣੀ ਬੜੀ ਪੁਰਾਣੀ ਹੈ।
ਅਰਥ : ਲੋਹੜੀ ਨੂੰ ਲੋਹੀ, ਲਈ, ਮੋਹ-ਮਾਈ ਆਦਿ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਲੋਹੜੀ ਸ਼ਬਦ ਲੋਂਹਡੀ ਤੋਂ ਨਿਕਲਿਆ ਜਾਂ ਲੋਰੀ ਤੋਂ, ਤਿਲ ਰੋੜੀ ਤੋਂ ਬਣਿਆ ਜਾਂ ਲੱਕੜੀ, ਗੋਹੇ ਅਤੇ ਰਿਓੜੀ ਦੇ ਵਰਨਾਂ ਦੇ ਮੇਲ ਤੋਂ, ਲੋਕ-ਮਨ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ। ਲੋਹੜੀ ਦਾ ਮੁੱਢ ਸਖ਼ਤ ਸਰਦੀ ਵਿੱਚ ਸੂਰਜ ਤੋਂ ਵਧੇਰੇ ਨਿੱਘੀਆਂ ਕਿਰਨਾਂ ਪ੍ਰਾਪਤ ਕਰਨ ਲਈ ਕੀਤੇ ਜਾਂਦੇ ਟੂਣੇ ਤੋਂ ਬੱਝਿਆ।
ਮਹੱਤਵ : ਪੰਜਾਬੀਆਂ ਲਈ ਹਰ ਪਲ ਇੱਕ ਪਰਵ ਹੈ ਅਤੇ ਹਰ ਦਿਨ ਇੱਕ ਮੇਲਾ। ਤਿੱਥ-ਤਿਉਹਾਰਾਂ ਦੇ ਇਸ ਕਾਫ਼ਲੇ ਵਿੱਚੋਂ ਲੋਹੜੀ ਦੀ ਆਪਣੀ ਵਿਲੱਖਣਤਾ ਅਤੇ ਰੋਚਕਤਾ ਹੈ। ਪੋਹ ਮਹੀਨੇ ਦੇ ਆਖ਼ਰੀ ਦਿਨ ਅਰਥਾਤ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਨੂੰ ਲੋਹੜੀ ਮਨਾਈ ਜਾਂਦੀ ਹੈ। ਈਸਵੀ ਸੰਨ ਅਨੁਸਾਰ ਲੋਹੜੀ ਆਮ ਤੌਰ ‘ਤੇ 13 ਜਨਵਰੀ ਨੂੰ ਹੁੰਦੀ ਹੈ। ਦੱਖਣੀ ਭਾਰਤ ਵਿੱਚ ਇਸ ਸਮੇਂ ਪੋਂਗਲ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕਦੇ-ਕਦੇ ਲੋਹੜੀ ਮਾਘ ਦੇ ਸ਼ੁਰੂ ਵਿੱਚ ਆ ਜਾਂਦੀ ਹੈ। ਮਘਦੀ ਅੱਗ ਵਾਂਗ ਲੋਹੜੀ ਵੇਲੇ ਲੋਕਾਂ ਦੇ ਚਿਹਰੇ ਵੀ ਦਗ- ਦਗ ਕਰਦੇ ਖਿੜੇ ਹੁੰਦੇ ਹਨ। ਜਿੰਨੀ ਉੱਚੀ ਕਿਸੇ ਦੀ ਲੋਹੜੀ ਹੁੰਦੀ ਹੈ ਓਨੀ ਹੀ ਉੱਚੀ ਉਸ ਦੀ ਸ਼ਾਨ ਮੰਨੀ ਜਾਂਦੀ ਹੈ।
ਕੁਦਰਤੀ ਮਾਹੌਲ : ਕਣਕ ਦੀ ਬਿਜਾਈ ਤੋਂ ਵਿਹਲੇ ਹੋ ਕੇ ਲੋਕ ਲੋਹੜੀ ਦੀ ਉਡੀਕ ਕਰਦੇ ਹਨ। ਮੌਸਮ ਅਨੁਸਾਰ ਖਾਣ ਅਤੇ ਅੱਗ ਸੇਕਣ ਦਾ ਵਿਸ਼ੇਸ਼ ਮਹੱਤਵ ਹੈ। ਸਧਾਰਨ ਜਨਤਾ ਲਈ ‘ਲੋਹੜੀ’ ਦਾ ਅਰਥ ਕੇਵਲ ਇਕੱਠੇ ਹੋ ਕੇ ਅੱਗ ਸੇਕਣਾ ਜਾਂ ਅੱਗ ਦੀ ਪੂਜਾ ਅਤੇ ਮੌਸਮ ਅਨੁਸਾਰ ਖਾਣਾ ਹੀ ਹੈ। ਤਿਲ, ਚੌਲ਼, ਗੁੜ, ਸ਼ੱਕਰ, ਕੁੱਲਰ ਵਰਗੇ ਸੁਆਦੀ ਪਦਾਰਥ ਅਤੇ ਇਹਨਾਂ ਵਿੱਚੋਂ ਡੁੱਲ੍ਹ-ਡੁੱਲ੍ਹ ਪੈਂਦੀ ਤਿਲਾਂ ਦੀ ਮਹਿਕ ਦੀ ਚਰਚਾ ਕਰਦਿਆਂ ਕਵੀ ਗੁਪਾਲ ਸਿੰਘ ਲਿਖਦਾ ਹੈ :
ਚੜ੍ਹਿਆ ਪੋਹ ਪਾਲ਼ਾ ਹੁਣ ਦੇਵਰ, ਗਰਮ ਬਣਾਈਆਂ ਪਿੰਨੀਆਂ ਵੇ।
ਹੋਰ ਮਸਾਲਾ ਥੋੜ੍ਹਾ ਪਾਈਏ, ਘਿਓ ਪਾਈਏ ਅਣਮਿਣਿਆ ਵੇ।
ਜਾਵੀਂ ਦਿਉਰਾ ! ਤਿਲ ਤੂੰ ਲਿਆਵੀਂ, ਮਾਘ ਮਹਾਤਮ ਲਿਆਇਆ ਈ।
ਤਿਲ ਹੀ ਖਾਣਾ, ਤਿਲ਼ ਹੀ ਪੀਣਾ, ਤਿਲ ਹੀ ਦਾਨ ਕਰਾਇਆ ਈ।
ਇਤਿਹਾਸਿਕ ਪੱਖ : ਲੋਹੜੀ ਨਾਲ ਜੁੜੀਆਂ ਕਥਾਵਾਂ ਵਿੱਚੋਂ ਮੁੱਖ ਕਥਾ ਦੁੱਲੇ ਭੱਟੀ ਦੀ ਹੈ। ਦੁੱਲਾ ਭੱਟੀ ਬਾਦਸ਼ਾਹ ਅਕਬਰ ਦਾ ਸਮਕਾਲੀ ਸੀ। ਗ਼ਰੀਬ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਤੇ ਮੁੰਦਰੀ, ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ, ਨੂੰ ਇਲਾਕੇ ਦਾ ਹਾਕਮ ਸੁੰਦਰਤਾ ਕਾਰਨ ਹਾਸਲ ਕਰਨਾ ਚਾਹੁੰਦਾ ਸੀ। ਕੁੜੀਆਂ ਦੇ ਹੋਣ ਵਾਲ਼ੇ ਸਹੁਰੇ ਵੀ ਹਾਕਮ ‘ਤੋਂ ਡਰਦਿਆਂ ਪਿੱਠ ਵਿਖਾਉਣ ਲੱਗ ਪਏ। ਦੁਖੀ ਬ੍ਰਾਹਮਣ ਨੇ ਸਾਰੀ ਘਟਨਾ ਦੁੱਲੇ ਡਾਕੂ ਨੂੰ ਕਹਿ ਸੁਣਾਈ। ਦੁੱਲਾ ਗ਼ਰੀਬਾਂ ਦਾ ਸਹਾਇਕ ਸੂਰਮਾ ਸੀ। ਦੁੱਲੇ ਤੋਂ ਡਰਦਿਆਂ ਕੁੜੀਆਂ ਦੇ ਸਹੁਰੇ ਕੁੜੀਆਂ ਵਿਆਹੁਣ ਆਏ। ਦੁੱਲੇ ਦੀ ਆਰਥਿਕ ਹਾਲਤ ਮਾੜੀ ਸੀ। ਉਸ ਨੇ ਕੁੜੀਆਂ ਦਾ ਚਾਚਾ ਬਣ ਕੇ ਜੰਗਲ ਵਿੱਚ ਹੀ ਅੱਗ ਬਾਲ ਕੇ ਸੁੰਦਰੀ-ਮੁੰਦਰੀ ਦਾ ਵਿਆਹ ਕੀਤਾ। ਜੋ ਉਸ ਪਾਸ ਸੀ ਉਸ ਨੇ ਕੰਨਿਆਂ ਦਾਨ ਵੇਲੇ ਉਹਨਾਂ ਦੀ ਝੋਲੀ ਪਾ ਦਿੱਤੀ।
ਲੋਹੜੀ ਮੰਗਣਾ : ਲੋਹੜੀ ਤੋਂ ਕੁਝ ਦਿਨ ਪਹਿਲਾਂ ਹੀ ਕੁੜੀਆਂ-ਮੁੰਡਿਆਂ ਦੀਆਂ ਟੋਲੀਆਂ ਲੱਕੜੀ, ਗੋਹਾ, ਗੁੜ ਆਦਿ ਇਕੱਠਾ ਕਰਨ ਤੁਰਦੀਆਂ ਹਨ। ਬੜੀ ਚਤਰਾਈ ਅਤੇ ਵਡਿਆਈ ਨਾਲ ਵਸਤਾਂ ਮੰਗੀਆਂ ਜਾਂਦੀਆਂ ਹਨ।
ਲੋਹੜੀ ਦੇ ਗੀਤ : ਲੋਹੜੀ ਦੇ ਤਿਉਹਾਰ ਨਾਲ ਜੁੜੇ ਸਭ ਤੋਂ ਵਧੇਰੇ ਗੀਤ ਮਿਲਦੇ ਹਨ ਜੋ ਇਸ ਗੱਲ ਦਾ ਸੂਚਕ ਹਨ ਕਿ ਇਸ ਤਿਉਹਾਰ ਨਾਲ ਲੋਕ-ਭਾਵਨਾ ਸਭ ਤੋਂ ਵੱਧ ਜੁੜੀ ਹੋਈ ਹੈ। ਪਰਿਵਾਰ ਹੀ ਅਜਿਹਾ ਪਵਿੱਤਰ ਮੰਦਰ ਹੈ ਜਿੱਥੇ ਕੁਲ ਦੀਆਂ ਪਰੰਪਰਾਵਾਂ ਨੂੰ ਸੁਰਜੀਤ ਰੱਖਣ ਲਈ ਸੰਤਾਨ ਦੀ ਲੋੜ ਹੁੰਦੀ ਹੈ। ਇਸੇ ਕਾਰਨ ਲੋਹੜੀ ਦੇ ਗੀਤਾਂ ਵਿੱਚ ਲੋਹੜੀ ਦੇਣ ਵਾਲੇ ਪਰਿਵਾਰ ਦੇ ਕੁਆਰੇ ਪੁੱਤਰਾਂ ਦੇ ਵਿਆਹ ਹੋਣ ਅਤੇ ਵਿਆਹਿਆਂ ਦੇ ਘਰ ਪੁੱਤਰ ਜੰਮਣ ਦੀਆਂ ਸ਼ੁੱਭ ਕਾਮਨਾਵਾਂ ਪ੍ਰਗਟ ਕੀਤੀਆਂ ਜਾਂਦੀਆਂ ਹਨ।
ਸਾਂਝਾ ਪਿੜ : ਲੋਹੜੀ ਦੀ ਸੱਥ ਪੰਜਾਬੀਆਂ ਦਾ ਸਾਂਝਾ ਪਿੜ ਹੈ। ਸਾਰੇ ਪੰਜਾਬੀ ਰਲ-ਮਿਲ ਕੇ ਇਹ ਤਿਉਹਾਰ ਮਨਾਉਂਦੇ ਹਨ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਭਾਈ-ਭਾਈ ਲੱਗਣ ਲੱਗ ਪੈਂਦੇ ਹਨ। ਲੋਹੜੀ ਦੇ ਗੀਤਾਂ ਵਿੱਚ ਸਭ ਧਰਮਾਂ ਪ੍ਰਤਿ ਹਮਦਰਦੀ ਪੈਦਾ ਕਰ ਕੇ ਇਸ ਤਿਉਹਾਰ ਨੂੰ ਭਾਵਨਾਤਮਿਕ ਏਕਤਾ ਦਾ ਪਰਵ ਬਣਾ ਦਿੱਤਾ ਗਿਆ ਹੈ। ਲੋਹੜੀ ਵਾਲੇ ਦਿਨ ਸਾਰੇ ਸਮਾਨ ਨੂੰ ਇੱਕ ਖੁੱਲ੍ਹੀ ਥਾਂ ਚਿਣ ਕੇ, ਹਨੇਰਾ ਹੋਣ ਤੇ ਲੋਹੜੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਲੋਹੜੀ ਦੇ ਧੂਏਂ ਵਿੱਚ ਸਭਨਾਂ ਵੱਲੋਂ ਹਵਨ ਸਮਗਰੀ ਪਾਈ ਜਾਂਦੀ ਹੈ। ਲੋਕ ਲੋਹੜੀ ਦੁਆਲੇ ਬੈਠ ਜਾਂਦੇ ਹਨ। ਅੱਧੀ-ਅੱਧੀ ਰਾਤ ਤੱਕ ਉਹ ਧਮਾਲਾਂ ਪਾ ਕੇ, ਨੱਚ ਗਾ ਕੇ ਖ਼ੁਸ਼ ਹੁੰਦੇ ਹਨ। ਮਘਦੀ ਅੱਗ ਵਾਂਗ ਲੋਕਾਂ ਦੇ ਚਿਹਰੇ ਵੀ ਦਗ-ਦਗ ਕਰਦੇ ਖਿੜ੍ਹ ਜਾਂਦੇ ਹਨ।
ਦਾਨ-ਪੁੰਨ : ਦਾਨ ਇਸ ਦਿਨ ਦਾ ਮੁੱਖ ਸ਼ਗਨ ਹੈ। ਘਰ ਲੋਹੜੀ ਲੈਣ ਆਇਆਂ ਨੂੰ ਕੁਝ ਦੇ ਕੇ ਤੋਰਿਆ ਜਾਂਦਾ ਹੈ। ਹੋਰ ਕਈ ਪ੍ਰਕਾਰ ਦੇ ਦਾਨ-ਪੁੰਨ ਕੀਤੇ ਜਾਂਦੇ ਹਨ। ਵਿਆਹ ਉਪਰੰਤ ਪਹਿਲੀ ਲੋਹੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ।
ਸਾਰਾਂਸ਼ : ਸਮੇਂ ਦੇ ਬਦਲਨ ਨਾਲ ਸਾਡੀਆਂ ਕਦਰਾਂ-ਕੀਮਤਾਂ ਵਿੱਚ ਤਬਦੀਲੀ ਆਈ ਹੈ। ਸਮਾਜ ਵਿੱਚ ਆਈ ਤਬਦੀਲੀ ਕਾਰਨ ਸਾਡੀ ਸੋਚ ਬਦਲ ਗਈ ਹੈ ਅਤੇ ਸਾਡੇ ਤਿਉਹਾਰਾਂ ਦਾ ਰੰਗ-ਢੰਗ ਵੀ ਬਦਲ ਗਿਆ ਹੈ। ਫਿਰ ਵੀ ਸਾਡੇ ਤਿਉਹਾਰ ਸਾਡੀ ਭਾਈਚਾਰਿਕ ਏਕਤਾ ਦੇ ਪ੍ਰਤੀਕ ਹਨ। ਅੱਜ ਵੀ ਲੋਹੜੀ ਕਾਰਨ ਸਾਡੇ ਅੰਦਰ ਸਾਂਝ ਦੀ ਇੱਕ ਤਾਰ ਜੁੜੀ ਹੋਈ ਹੈ।