CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationNCERT class 10thParagraphPunjab School Education Board(PSEB)Punjabi Viakaran/ Punjabi Grammar

ਲੇਖ ਰਚਨਾ : ਹੋਲੀ ਦਾ ਤਿਉਹਾਰ


ਹੋਲੀ ਦਾ ਤਿਉਹਾਰ


ਹੋਲੀ ਆਈ ਹੋਲੀ ਆਈ, ਰੰਗਾਂ ਨੇ ਹੈ ਛਹਿਬਰ ਝਾਈ।
ਗਲੇ ਮਿਲਦੇ ਰੰਗ ਨੇ ਪਾਉਂਦੇ, ਗਿਲ੍ਹੇ-ਸ਼ਿਕਵੇ ਦੂਰ ਭਜਾਉਂਦੇ।।

ਜਾਣ-ਪਛਾਣ : ਹੋਲੀ ਦਾ ਤਿਉਹਾਰ ਭਾਰਤ ਦੇ ਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਤਿਉਹਾਰ ਵਿੱਚ ਮਨੁੱਖ ਸਾਰੇ ਵੈਰ-ਵਿਰੋਧ ਭੁਲਾ ਕੇ ਲੋਕਾਂ ਨੂੰ ਆਪਣੀ ਖ਼ੁਸ਼ੀ ਵਿੱਚ ਭਾਈਵਾਲ ਬਣਾਉਣ ਲਈ ਤਤਪਰ ਹੋ ਉੱਠਦਾ ਹੈ। ਰੰਗਾਂ ਦਾ ਇਹ ਤਿਉਹਾਰ ਬੱਚਿਆਂ ਨੂੰ ਖ਼ਾਸ ਤੌਰ ‘ਤੇ ਪਸੰਦ ਹੈ।

ਸੁਹਾਵਣੀ ਰੁੱਤ : ਹੋਲੀ ਵਾਲੇ ਦਿਨ ਅਸੀਂ ਆਪਣੇ ਮਿੱਤਰਾਂ ਤੇ ਸੰਬੰਧੀਆਂ ਨਾਲ ਮਿਲ ਕੇ ਖ਼ੂਬ ਰੰਗ ਖੇਡਦੇ ਹਾਂ। ਇਹ ਤਿਉਹਾਰ ਉਸ ਮੌਸਮ ਵਿੱਚ ਆਉਂਦਾ ਹੈ, ਜਦੋਂ ਸਰਦੀ ਅਲੋਪ ਤੇ ਗਰਮੀ ਦੀ ਸ਼ੁਰੂਆਤ ਹੋ ਰਹੀ ਹੁੰਦੀ ਹੈ। ਬਸੰਤ ਰੁੱਤ ਹੋਣ ਕਰਕੇ ਹਰ ਪਾਸੇ ਦਰੱਖ਼ਤਾਂ, ਬੂਟਿਆਂ ਤੇ ਛੋਟੇ ਪੌਦਿਆਂ ਉੱਤੇ ਹਰਿਆਵਲ ਛਾ ਰਹੀ ਹੁੰਦੀ ਹੈ। ਥਾਂ-ਥਾਂ ਰੰਗ-ਬਰੰਗੇ ਫੁੱਲ ਖਿੜ੍ਹ ਰਹੇ ਹੁੰਦੇ ਹਨ। ਇਨ੍ਹਾਂ ਦਿਨਾਂ ਵਿੱਚ ਛੋਲਿਆਂ ਨੂੰ ਡੋਡੀਆਂ ਲੱਗ ਜਾਂਦੀਆਂ ਹਨ ਤੇ ਉਨ੍ਹਾਂ ਦੀਆਂ ਹੋਲਾਂ ਖਾਣ ਲਈ ਹਰ ਇੱਕ ਦੇ ਮੂੰਹ ਵਿੱਚ ਪਾਣੀ ਭਰ ਆਉਂਦਾ ਹੈ।

ਇਤਿਹਾਸਕ ਪਿਛੋਕੜ : ਹੋਲੀ ਦਾ ਸੰਬੰਧ ਕ੍ਰਿਸ਼ਨ ਜੀ ਦੁਆਰਾ ਪੂਤਨਾ ਦਾਈ ਨੂੰ ਮਾਰਨ ਮਗਰੋਂ ਗੋਪੀਆਂ ਨਾਲ ਰੰਗ ਖੇਡ ਕੇ ਖ਼ੁਸ਼ੀ ਮਨਾਉਣ ਨਾਲ ਜੋੜਿਆ ਜਾਂਦਾ ਹੈ। ਹੋਲਿਕਾ ਜੋ ਹਰਨਾਕਸ਼ ਦੀ ਭੈਣ ਸੀ, ਨੂੰ ਅੱਗ ਵਿੱਚ ਨਾ ਸੜਨ ਦਾ ਵਰਦਾਨ ਮਿਲਿਆ ਹੋਇਆ ਸੀ। ਉਹ ਪ੍ਰਹਿਲਾਦ ਨੂੰ ਚੁੱਕ ਕੇ ਅੱਗ ਵਿੱਚ ਬੈਠ ਗਈ। ਇਸ ਅੱਗ ਵਿੱਚ ਪ੍ਰਹਿਲਾਦ ਤਾਂ ਬਚ ਗਿਆ, ਪਰੰਤੂ ਹੋਲਿਕਾ ਸੜ ਕੇ ਸਵਾਹ ਹੋ ਗਈ। ਉਸ ਯਾਦ ਵਿੱਚ ਵੀ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ। ਸਿੱਖ ਧਰਮ ਦੇ ਲੋਕ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਉਂਦੇ ਹਨ। ਅਨੰਦਪੁਰ ਦਾ ਹੋਲਾ-ਮਹੱਲਾ ਵੇਖਣ ਯੋਗ ਹੁੰਦਾ ਹੈ।

ਰੰਗਾਂ ਦੀ ਖੇਡ : ਹੋਲੀ ਵਾਲੇ ਦਿਨ ਮੈਂ ਸਵੇਰੇ ਅਜੇ ਉੱਠਿਆ ਹੀ ਸੀ ਕਿ ਸਿਰ ਤੋਂ ਪੈਰਾਂ ਤੱਕ ਰੰਗ ਨਾਲ ਭਰੇ ਹੋਏ ਮੇਰੇ ਮਿੱਤਰ ਰੰਗਾਂ ਦੇ ਲਿਫ਼ਾਫੇ ਚੁੱਕੀ ਘਰ ਆ ਪੁੱਜੇ। ਉਨ੍ਹਾਂ ਵਿੱਚੋਂ ਕੋਈ ਮੇਰੇ ਮੂੰਹ ਤੇ ਰੰਗ ਮਲ ਰਿਹਾ ਸੀ, ਕੋਈ ਮੇਰੇ ਸਿਰ ਉੱਤੇ ਸੁੱਟ ਰਿਹਾ ਸੀ ਤੇ ਕੋਈ ਮੇਰੇ ਕੱਪੜਿਆਂ ਉੱਤੇ। ਇਸ ਦੌਰਾਨ ਮੇਰੇ ਭਰਾ ਨੇ ਵੀ ਉਨ੍ਹਾਂ ਨੂੰ ਖੂਬ ਰੰਗਿਆ। ਚਾਹ-ਪਾਣੀ ਪੀਣ ਤੋਂ ਬਾਅਦ ਮੇਰੇ ਮਿੱਤਰ ਮੈਨੂੰ ਨਾਲ ਲੈ ਗਏ। ਰਸਤੇ ਵਿੱਚ ਅਸੀਂ ਕੁਝ ਬੱਚਿਆਂ ਨੂੰ ਪਿਚਕਾਰੀਆਂ ਨਾਲ ਰੰਗਦਾਰ ਪਾਣੀ ਭਰ ਕੇ ਇੱਕ-ਦੂਜੇ ‘ਤੇ ਸੁੱਟਦਿਆਂ ਵੇਖਿਆ। ਅਸੀਂ ਉਨ੍ਹਾਂ ਨਾਲ ਵੀ ਹੋਲੀ ਦਾ ਅਨੰਦ ਮਾਣਿਆ। ਇੱਕ-ਦੂਜੇ ‘ਤੇ ਹੋਲੀ ਪਾਉਣ ਦਾ ਕੰਮ ਸ਼ਾਮ ਤੱਕ ਚੱਲਦਾ ਰਿਹਾ। ਅਸੀਂ ਸ਼ਾਮ ਤੱਕ ਰੰਗ-ਬਦਰੰਗ ਹੋਏ ਘੁੰਮਦੇ ਰਹੇ।

ਖੁਸ਼ੀਆਂ ਭਰਿਆ ਤਿਉਹਾਰ : ਹੋਲੀ ਇੱਕ ਖ਼ੁਸ਼ੀਆਂ ਭਰਿਆ ਤਿਉਹਾਰ ਹੈ। ਕੁਝ ਲੋਕ ਇਸ ਦਿਨ ਹੁੱਲੜਬਾਜ਼ੀ ਕਰਨ ਲੱਗ ਪਏ ਹਨ। ਨੌਜਵਾਨ ਮੁੰਡੇ-ਕੁੜੀਆਂ ਮੋਟਰਸਾਈਕਲਾਂ-ਕਾਰਾਂ ‘ਤੇ ਸਵਾਰ ਹੋ ਕੇ ਚੀਕਾਂ ਮਾਰਦੇ ਹੋਏ ਸਾਰੇ ਸ਼ਹਿਰ ਦਾ ਚੱਕਰ ਕੱਢਦੇ ਹਨ। ਇਸ ਤਰ੍ਹਾਂ ਉਹ ਤਿਉਹਾਰ ਦੀ ਪਵਿੱਤਰਤਾ ਨੂੰ ਖ਼ਰਾਬ ਕਰਦੇ ਹਨ। ਅਸਲ ਵਿੱਚ ਇਹ ਤਿਉਹਾਰ ਵੈਰ-ਵਿਰੋਧ ਮਿਟਾ ਕੇ ਆਪਸੀ ਸਾਂਝ ਵਧਾਉਣ ਦਾ ਤਿਉਹਾਰ ਹੈ। ਸਾਨੂੰ ਹੋਲੀ ਖ਼ੁਸ਼ੀ-ਖ਼ੁਸ਼ੀ ਮਨਾਉਣੀ ਚਾਹੀਦੀ ਹੈ।

ਸਾਰ-ਅੰਸ਼ : ਹੋਲੀ ਦਾ ਤਿਉਹਾਰ ਇੱਕ ਖ਼ੁਸ਼ੀਆਂ ਭਰਿਆ ਤਿਉਹਾਰ ਹੈ। ਇਸਨੂੰ ਸਮੁੱਚੇ ਭਾਰਤ ਵਿੱਚ ਹਰ ਜਾਤ ਅਤੇ ਧਰਮ ਦੇ ਲੋਕ ਮਨਾਉਂਦੇ ਹਨ। ਇਹ ਤਿਉਹਾਰ ਤੇ ਮੇਲੇ ਸਾਨੂੰ ਪਿਆਰ, ਸਾਂਝ ਤੇ ਭਾਈਚਾਰਾ ਵਧਾਉਣ ਦਾ ਸੰਦੇਸ਼ ਦਿੰਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਤਿਉਹਾਰਾਂ ਨੂੰ ਆਪਸੀ ਪ੍ਰੇਮ-ਪਿਆਰ ਨਾਲ ਮਨਾਈਏ। ਹੁੱਲੜਬਾਜ਼ੀ ਜਾਂ ਸ਼ੋਰ-ਸ਼ਰਾਬਾ ਮਚਾਉਣ ਨਾਲ ਤਾਂ ਇਨ੍ਹਾਂ ਦੀ ਪਵਿੱਤਰਤਾ ਤੇ ਵੱਟਾ ਲੱਗਦਾ ਹੈ। ਹੋਲੀ ਦਾ ਤਿਉਹਾਰ ਸਾਨੂੰ ਵੈਰ-ਵਿਰੋਧ ਭੁਲਾਉਣ ਦਾ ਸੁਨੇਹਾ ਦਿੰਦਾ ਹੈ ਅਤੇ ਜੀਵਨ ਵਿੱਚ ਖ਼ੁਸ਼ੀਆਂ ਦੇ ਰੰਗ ਬਖੇਰਦਾ ਹੈ।