ਲੇਖ ਰਚਨਾ : ਸੰਗਤ ਦੀ ਰੰਗਤ
ਮਨੁੱਖ ਸਮਾਜਕ ਪ੍ਰਾਣੀ ਹੈ। ਉਹ ਇਕੱਲਾ ਨਹੀਂ ਰਹਿ ਸਕਦਾ। ਇਸ ਲਈ ਉਹ ਇਕ-ਦੂਜੇ ਨਾਲ ਮਿਲਦਾ, ਉੱਠਦਾ-ਬੈਠਦਾ ਹੈ। ਇਕ-ਦੂਜੇ ਦੇ ਦੁੱਖ-ਸੁੱਖ ਵਿੱਚ ਸਾਥ ਦਿੰਦਾ ਹੈ। ਪਰ, ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਕਿਹੋ ਜਿਹੇ ਮਨੁੱਖਾਂ ਨਾਲ ਸਾਂਝ ਰੱਖਦਾ ਹੈ? ਚੰਗੇ ਸੁਭਾਅ ਦੇ ਮਨੁੱਖਾਂ ਨਾਲ ਉੱਠਣਾ-ਬੈਠਣਾ ਚੰਗੀ ਸੰਗਤ ਹੈ। ਇਹ ਸੱਚ ਹੈ ਕਿ ਸੰਗਤ ਆਪਣਾ ਅਸਰ ਜ਼ਰੂਰ ਵਿਖਾਉਂਦੀ ਹੈ। ਜਿਸ ਤਰ੍ਹਾਂ ਪਾਰਸ ਦੀ ਛਹੁ ਲੋਹੇ ਨੂੰ ਸੋਨਾ ਬਣਾ ਦਿੰਦੀ ਹੈ, ਠੀਕ ਉਸੇ ਤਰ੍ਹਾਂ ਚੰਗੀ ਸੰਗਤ ਦੇ ਅਸਰ ਨਾਲ ਮਨੁੱਖ ਮਹਾਨਤਾ ਦੇ ਉੱਚ ਆਸਣ ‘ਤੇ ਵੀ ਬਿਰਾਜਮਾਨ ਹੋ ਜਾਂਦਾ ਹੈ। ਪਰ ਜੇਕਰ ਕੋਈ ਕਾਜਲ ਦੀ ਕੋਠੀ ਵਿੱਚ ਜਾਵੇਗਾ ਤਾਂ ਕਾਲਖ਼ ਦਾ ਕੋਈ ਨਾ ਕੋਈ ਨਿਸ਼ਾਨ ਲਗਣਾ ਤਾਂ ਸੁਭਾਵਕ ਹੀ ਹੈ। ਇੱਥੇ ਕਹਿਣ ਤੋਂ ਭਾਵ ਇਹ ਹੈ ਕਿ ਜੇ ਚੰਗੀ ਸੰਗਤ ਮਨੁੱਖ ਨੂੰ ਮਹਾਨ ਬਣਾਉਂਦੀ ਹੈ ਤਾਂ ਬੁਰੀ ਸੰਗਤ ਉਸ ਨੂੰ ਰਾਖਸ਼।
ਅੰਗਰੇਜ਼ੀ ਵਿੱਚ ਇੱਕ ਕਥਨ ਹੈ ਕਿ ਕਿਸੇ ਮਨੁੱਖ ਨੂੰ ਜਾਣਨ ਲਈ ਉਸ ਦੀ ਸੰਗਤ ਨੂੰ ਜਾਣ ਲਵੋ। ਬੁਰੇ ਮਨੁੱਖਾਂ ਦਾ ਸਾਥ ਕਰਨ ਨਾਲ ਹਰ ਕਦਮ ਉੱਤੇ ਮਾਨ-ਹਾਨੀ ਤਾਂ ਉਠਾਉਣੀ ਪੈਂਦੀ ਹੈ। ਲੁਹਾਰ ਲੋਹੇ ਦੇ ਨਾਲ ਪਵਿੱਤਰ ਅੱਗ ਨੂੰ ਹਥੌੜਿਆਂ ਨਾਲ ਪਿੱਟਦਾ ਹੈ। ਕੁਸੰਗਤ ਦਾ ਅਸਰ ਬੜਾ ਭਿਆਨਕ ਹੁੰਦਾ ਹੈ। ਖ਼ਰਬੂਜੇ ਨੂੰ ਵੇਖ ਕੇ ਖ਼ਰਬੂਜਾ ਰੰਗ ਪਕੜਦਾ ਹੈ। ਜਦੋਂ ਕਿ ਚੰਗੀ ਸੰਗਤ ਆਤਮ ਸੰਸਕਾਰਾਂ ਦਾ ਮਹੱਤਵਪੂਰਨ ਸਾਧਨ ਹੈ। ਇਹ ਬੁੱਧੀ ਵਿੱਚ ਤੇਜ਼, ਬੋਲਾਂ ਵਿੱਚ ਸੱਚਾਈ, ਮਾਣ ਅਤੇ ਤਰੱਕੀ ਦਾ ਵਿਸਤਾਰ ਅਤੇ ਜੱਸ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਫੈਲਾਉਂਦੀ ਹੈ। ਕੱਚ ਵੀ ਸੋਨੇ ਦੇ ਗਹਿਣਿਆਂ ਵਿੱਚ ਜੜ੍ਹ ਕੇ ਮਣੀ ਦੀ ਸ਼ੋਭਾ ਪਾਉਂਦਾ ਹੈ। ਕਮਲ ਦੇ ਪੱਤਿਆਂ ਉੱਤੇ ਪਈਆਂ ਪਾਣੀ ਦੀਆਂ ਨਫ਼ਰਤ ਮੋਤੀਆਂ ਵਰਗੀਆਂ ਜਾਪਦੀਆਂ ਹਨ। ਚੰਗੀ ਸੰਗਤ ਮਨੁੱਖ ਨੂੰ ਅਗਿਆਨ ਤੋਂ ਗਿਆਨ ਵੱਲ, ਨਫ਼ਰਤ ਤੋਂ ਪਿਆਰ ਵੱਲ, ਈਰਖਾ ਤੋਂ ਸੁਹਿਰਦਤਾ ਅਤੇ ਅਵਿਦਿਆ ਤੋਂ ਵਿਦਿਆ ਵਲ ਲੈ ਜਾਂਦੀ ਹੈ। ਮਹਾਂਪੁਰਖਾਂ ਦਾ ਸਾਥ ਮਨੁੱਖ ਲਈ ਲਾਭਕਾਰੀ ਹੁੰਦਾ ਹੈ।
ਇਤਿਹਾਸ ਵਿੱਚ ਸਾਨੂੰ ਕਈ ਉਦਾਹਰਨ ਮਿਲਦੇ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਚੰਗੀ ਸੰਗਤ ਨਾਲ ਕਈ ਮਨੁੱਖਾਂ ਦਾ ਜੀਵਨ ਬਦਲ ਗਿਆ ਅਤੇ ਕੁਸੰਗਤ ਕਾਰਨ ਚੰਗੇ ਮਨੁੱਖ, ਕੁਰਾਹੇ ਪੈ ਗਏ। ਡਾਕੂ ਰਤਨਾਕਰ ਚੰਗੀ ਸੰਗਤ ਨਾਲ ਬਾਲਮੀਕੀ ਅਤੇ ਡਾਕੂ ਉਂਗਲੀਮਾਲ ਮਹਾਤਮਾ ਬੁੱਧ ਦੀ ਸੰਗਤ ਨਾਲ ਮਨੁੱਖਤਾ ਦੇ ਰਾਹ ‘ਤੇ ਪੈ ਗਿਆ। ਇਸ ਦੇ ਉਲਟ ਕੁਸੰਗਤ ਕਾਰਨ ਮਹਾਨ ਤੋਂ ਮਹਾਨ ਮਨੁੱਖ ਵੀ ਪਤਨ ਦੀ ਖਾਈ ਵਿੱਚ ਡਿੱਗਦੇ ਵੇਖੇ ਗਏ ਹਨ। ਮੰਥਰਾ ਦੀ ਸੰਗਤ ਕਾਰਨ ਕੈਕਈ ਨੇ ਰਾਮ ਨੂੰ ਜੰਗਲ ਵਿੱਚ ਭੇਜਣ ਦਾ ਕਲੰਕ ਆਪਣੇ ਸਿਰ ਲੈ ਲਿਆ। ਇਸੇ ਤਰ੍ਹਾਂ ਹੀ ਮਹਾਂਭਾਰਤ ਦੇ ਇਤਿਹਾਸ ਵਿੱਚ ਦੁਰਯੋਧਨ ਤੇ ਦੁਸ਼ਾਸਨ ਦੀ ਕੁਸੰਗਤ ਕਾਰਨ ਹੀ ਯੋਧਾ ਕੁਰਾਹੇ ਪੈ ਗਏ। ਮਹਾਂਪੁਰਖਾਂ ਨੇ ਠੀਕ ਹੀ ਕਿਹਾ ਹੈ ਕਿ ਸੱਜਣ ਪੁਰਖਾਂ ਦੇ ਸਾਥ ਨਾਲ ਦੁਰਾਚਾਰੀ ਵੀ ਆਪਣੇ ਬੁਰੇ ਕਰਮਾਂ ਦਾ ਤਿਆਗ ਕਰ ਦਿੰਦਾ ਹੈ।
ਵਿਦਿਆਰਥੀ ਜੀਵਨ ਵਿੱਚ ਸੰਗਤ ਦਾ ਅਤਿਅੰਤ ਮਹੱਤਵ ਹੈ। ਵਿਦਿਆਰਥੀ ਜੀਵਨ ਦੇ ਸਮੇਂ ਨੂੰ ਹੀ ਸੰਪੂਰਨ ਜੀਵਨ ਦਾ ਅਧਾਰ ਮੰਨਿਆ ਜਾਂਦਾ ਹੈ। ਇਸ ਸਮੇਂ ਵਿੱਚ ਜੋ ਵੀ ਚੰਗੇ ਜਾਂ ਬੁਰੇ ਸੰਸਕਾਰ ਬਣ ਜਾਂਦੇ ਹਨ, ਉਹ ਜੀਵਨ ਭਰ ਨਹੀਂ ਛੁੱਟਦੇ। ਇਸ ਲਈ ਵਿਦਿਆਰਥੀਆਂ ਨੂੰ ਆਪਣੀ ਸੰਗਤ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਆਪਣੇ ਮਿੱਤਰ/ ਸਹੇਲੀ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਰਖ ਕਰ ਲੈਣੀ ਚਾਹੀਦੀ ਹੈ। ਬੁਰੇ ਦੋਸਤਾਂ/ਸਹੇਲੀਆਂ ਨਾਲੋਂ ਚੰਗੇ, ਸਿਆਣੇ ਵਿਰੋਧੀਆਂ ਦਾ ਵਿਰੋਧ ਸਹਿਣਾ ਵਧੇਰੇ ਠੀਕ ਹੈ। ਬੁਰੇ ਦੋਸਤ/ਸਹੇਲੀ ਨਾਲੋਂ ਤਾਂ ਚੰਗਾ ਹੈ ਕਿ ਕੋਈ ਵੀ ਮਿੱਤਰ/ਸਹੇਲੀ ਨਾ ਹੋਵੇ। ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਵੀ ਵੇਖਣ ਕਿ ਉਨ੍ਹਾਂ ਦੇ ਬੱਚੇ ਕਿਹੋ ਜਿਹੇ ਸਾਥੀਆਂ ਨਾਲ ਉੱਠਦੇ-ਬੈਠਦੇ ਹਨ। ਉਹ ਕਿਸੇ ਬੁਰੀ ਸੰਗਤ ਵਿੱਚ ਤਾਂ ਨਹੀਂ ਫਸ ਰਹੇ।