ਲੇਖ ਰਚਨਾ : ਸਾਹਿਤ ਅਤੇ ਸਮਾਜ


‘ਸਾਹਿਤ’ ਸੰਸਕ੍ਰਿਤ ਸ਼ਬਦ ‘ਸਾਹਿੱਤਯਮ’ ਦਾ ਪੰਜਾਬੀ ਰੂਪ ਹੈ। ਇਸ ਦੇ ਕੋਸ਼ਗਤ ਅਰਥ ਹਨ – ਸੰਯੋਗ, ਮੇਲ ਤੇ ਸਾਥ। ਅੱਜ-ਕਲ੍ਹ ਸਾਹਿਤ ਦਾ ਭਾਵ ਹੈ—ਅਜਿਹੀ ਰਚਨਾ ਜਿਸ ਵਿੱਚ ਸੁੰਦਰ ਵਿਚਾਰ ਸੁਹਣੇ ਤੇ ਦਿਲ-ਖਿੱਚਵੇਂ ਢੰਗ ਨਾਲ ਪੇਸ਼ ਕੀਤੇ ਗਏ ਹੋਣ। ਸਾਹਿਤ ਨੂੰ ਅਰਬੀ, ਫ਼ਾਰਸੀ ਤੇ ਉਰਦੂ ਭਾਸ਼ਾ ਵਾਲੇ ‘ਅਦਬ’ ਕਹਿੰਦੇ ਹਨ। ‘ਅਦਬ’ ਦੇ ਅਰਥ ਹਨ – ਸਲੀਕਾ, ਅੱਛਾ ਢੰਗ, ਸੁਹਣਾ ਤੌਰ ਤਰੀਕਾ, ਭਾਵ ਅਜਿਹੀ ਰਚਨਾ ਜੋ ਜੀਵਨ ਦੇ ਤੌਰ-ਤਰੀਕੇ ਨੂੰ ਸੁਹਣੇ ਢੰਗ ਨਾਲ ਇਸ ਤਰ੍ਹਾਂ ਬਿਆਨ ਕਰੇ ਕਿ ਉਸ ਤੋਂ ਸੁਹਣੀ ਜੀਵਨ ਜਾਚ ਦੀ ਪ੍ਰੇਰਣਾ ਮਿਲਦੀ ਹੋਵੇ।

ਇਸ ਤਰ੍ਹਾਂ ਸਾਹਿਤ ਇੱਕ ਸੂਖਮ ਕਲਾ ਹੈ ਜਿਸ ਦਾ ਮੁੱਖ ਉਦੇਸ਼ ਸੁਹਜ ਸੁਆਦ ਉਪਜਾਉਣਾ ਤੇ ਇਸ ਰਾਹੀਂ ਇੱਕ ਚੰਗੇਰੇ ਜੀਵਨ ਲਈ ਪ੍ਰੇਰਣਾ ਦੇਣਾ ਹੈ। ਵੇਖਿਆ ਜਾਵੇ ਤਾਂ ਸਾਹਿਤ ਮਨੁੱਖੀ ਵਲਵਲਿਆਂ, ਰੀਝਾਂ, ਉਮੰਗਾਂ, ਦੁੱਖਾਂ, ਸੁੱਖਾਂ ਦਾ ਸਹਿਜ ਪ੍ਰਗਟਾਵਾ ਹੀ ਤਾਂ ਹੈ। ਪੁਰਾਣੇ ਸਮੇਂ ਤੋਂ ਉੱਤਮ ਸਾਹਿਤ ਦੇ ਤਿੰਨ ਮੁੱਖ ਲੱਛਣ ਮੰਨੇ ਜਾਂਦੇ ਰਹੇ ਹਨ-ਸਾਹਿਤ ਸੱਚ ਦਾ ਧਾਰਨੀ ਹੋਵੇ, ਜੀਵਨ ਲਈ ਕਲਿਆਣਕਾਰੀ ਹੋਵੇ ਅਤੇ ਸੁੰਦਰਤਾ ਦਾ ਪ੍ਰਕਾਸ਼ ਕਰੇ।

ਸਮਾਜ ਮਨੁੱਖਾਂ ਦਾ ਇੱਕ ਅਜਿਹਾ ਇਕੱਠ ਹੈ ਜਿਸ ਵਿੱਚ ਨਿਸ਼ਚਿਤ ਸੰਬੰਧ ਅਤੇ ਚੰਗੇ ਵਰਤਾਉ ਰਾਹੀਂ ਮਨੁੱਖ ਇੱਕ ਦੂਜੇ ਨਾਲ ਬੰਨੇ ਰਹਿੰਦੇ ਹਨ। ਇਸ ਇਕੱਠ ਦਾ ਸਰੂਪ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਕਿਉਂਕਿ ਆਪਣੇ-ਆਪਣੇ ਮਨੋਰਥਾਂ ਦੀ ਪ੍ਰਾਪਤੀ ਲਈ ਇਹ ਹਮੇਸ਼ਾ ਵੱਖ-ਵੱਖ ਧੜਿਆਂ ਵਿੱਚ ਵੰਡਿਆ ਰਹਿੰਦਾ ਹੈ। ਇਸ ਲਈ ਮਨੁੱਖੀ ਮਨ ਅਤੇ ਸਮੂਹ-ਮਨ ਦੀ ਗਤੀਸ਼ੀਲਤਾ ਸਮਾਜ ਤੇ ਲਗਾਤਾਰ ਅਸਰ ਕਰਦੀ ਰਹਿੰਦੀ ਹੈ। ਇਸ ਲਈ ਸਮਾਜ ਪਰਿਵਰਤਨਸ਼ੀਲ ਹੈ।

ਅਸਲ ਵਿੱਚ ਸਾਹਿਤ ਸਮਾਜ ਦੀ ਹੀ ਉਪਜ ਹੈ ਅਤੇ ਉਸ ਦਾ ਪ੍ਰਤੀਬਿੰਬ ਹੈ। ਸਾਹਿਤ ਵਿੱਚ ਜੋ ਕੁਝ ਵੀ ਲਿਖਿਆ ਜਾਂਦਾ ਹੈ ਚਾਹੇ ਉਹ ਸਾਹਿਤ ਦੇ ਕਿਸੇ ਵੀ ਰੂਪਾਕਾਰ ਕਵਿਤਾ, ਕਹਾਣੀ, ਨਾਵਲ, ਨਾਟਕ ਜਾਂ ਸਫ਼ਰਨਾਮੇ ਵਿੱਚ ਹੋਵੇ, ਉਹ ਸਾਡੇ ਸਮਾਜ, ਸਾਡੇ ਘਰ ਜਾਂ ਸਾਡੇ ਦਿਲ ਵਿੱਚ ਵਾਪਰਿਆ ਹੁੰਦਾ ਹੈ। ਇਹੋ ਹੀ ਕਾਰਨ ਹੈ ਕਿ ਚੰਗੇ ਸਾਹਿਤ ਨੂੰ ਪੜ੍ਹ ਕੇ ਹਰ ਪਾਠਕ ਨੂੰ ਇੰਜ ਲਗਦਾ ਹੁੰਦਾ ਹੈ ਕਿ ਜਿਵੇਂ ਇਹ ਸਭ ਉਸ ਨਾਲ ਵਾਪਰ ਚੁੱਕਾ ਹੈ ਜਾਂ ਵਾਪਰਨ ਦੀ ਸੰਭਾਵਨਾ ਹੈ। ਕਈ ਵਾਰੀ ਤਾਂ ਮਹਾਨ ਲੇਖਕ ਆਪਣੀ ਕਲਪਨਾ ਸ਼ਕਤੀ ਰਾਹੀਂ ਭਵਿੱਖਬਾਣੀ ਜਾਂ ਅਗਵਾਈ ਵੀ ਕਰ ਜਾਂਦਾ ਹੈ ਜੋ ਬਾਅਦ ਵਿੱਚ ਪਾਠਕਾਂ ਨੂੰ ਸੇਧ ਦਿੰਦੀ ਹੈ।

ਸਮੇਂ ਦੇ ਬਦਲਣ ਨਾਲ ਸਾਹਿਤ ਵੀ ਅਜੋਕੇ ਸਮਾਜ ਵਿੱਚ ਵਿਕਣ ਵਾਲੀ ਚੀਜ਼ ਬਣ ਕੇ ਰਹਿ ਗਿਆ ਹੈ। ਕਲਾ ਤੇ ਮੌਲਿਕਤਾ ਤੋਂ ਬਿਨਾਂ ਇੱਕੋ ਹੀ ਕਿਸਮ ਦੀਆਂ ਕਹਾਣੀਆਂ ਤੇ ਕਵਿਤਾਵਾਂ ਦੀ ਭਰਮਾਰ ਹੋਣ ਲੱਗ ਪਈ ਹੈ। ਸੁਹਣੀ ਛਪਾਈ, ਰੰਗ-ਬਿਰੰਗੇ ਚਿੱਤਰਾਂ, ਭੜਕੀਲੇ ਸਿਰਲੇਖਾਂ ਅਤੇ ਗੰਦੇ ਵਿਚਾਰਾਂ ਨਾਲ ਭਰੀਆਂ ਲਿਖਤਾਂ ਬਜ਼ਾਰ ਵਿੱਚ ਸਾਹਿਤ ਬਣ ਕੇ ਆ ਰਹੀਆਂ ਹਨ। ਇਹੋ ਜਿਹੀਆਂ ਲਿਖਤਾਂ ਜੋ ਚੰਗੀਆਂ ਪਾਠ-ਪੁਸਤਕਾਂ ਵਾਂਗ ਵਿਦਿਆਰਥੀਆਂ ਦਾ ਮਾਨਸਿਕ ਵਿਕਾਸ ਤਾਂ ਨਹੀਂ ਕਰਦੀਆਂ ਸਗੋਂ ਕੰਮ-ਚੋਰ ਵਿਦਿਆਰਥੀਆਂ ਲਈ ਪ੍ਰਸ਼ਨਾਂ ਦੇ ਉੱਤਰ ਰਟਾ ਕੇ ਪਾਸ ਹੋਣ ਦੇ ਲਾਰੇ ਜ਼ਰੂਰ ਲਾਉਂਦੀਆਂ ਹਨ।

ਚੰਗਾ ਸਾਹਿਤ ਚੰਗਾ ਮਨੁੱਖ ਤੇ ਚੰਗਾ ਸਮਾਜ ਸਿਰਜਣ ਦੀ ਲਾਲਸਾ ਵਿੱਚੋਂ ਪੈਦਾ ਹੁੰਦਾ ਹੈ। ਉਸ ਲਈ ਚੰਗੇ ਸਾਹਿਤਕਾਰਾਂ ਅਤੇ ਚੰਗੇ ਪਾਠਕਾਂ ਦੀ ਲੋੜ ਹੈ। ਚੰਗੀ ਵਿਦਿਆ ਦੇ ਵਿਸ਼ਾਲ ਗਿਆਨ ਦੀ ਜ਼ਰੂਰਤ ਹੈ। ਪਰ, ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਚੰਗੇ ਸਾਹਿਤਕਾਰਾਂ ਦੀ ਅੱਜ ਵੀ ਬਹੁਤ ਕਦਰ ਹੈ। ਚੰਗਾ ਸਾਹਿਤ ਸਾਡੇ ਸਮਾਜ ਦਾ ਵਿਰਸਾ ਹੈ।