ਲੇਖ ਰਚਨਾ : ਸ਼ਿਵ ਕੁਮਾਰ ਬਟਾਲਵੀ
ਪੰਜਾਬੀ ਸਾਹਿਤ ਦੇ ਆਧੁਨਿਕ ਕਵੀਆਂ ਵਿੱਚ ਸ਼ਿਵ ਕੁਮਾਰ ਬਟਾਲਵੀ ਦਾ ਨਾਂ ਮੁੱਖ ਕਵੀਆਂ ਵਿੱਚ ਲਿਆ ਜਾਂਦਾ ਹੈ। ਇਹ ਇੱਕ ਅਜਿਹਾ ਕਵੀ ਹੈ ਜਿਸ ਨੇ ਲੋਕਾਂ ਦੀ ਪੀੜ ਨੂੰ ਆਪਣੇ ਗੀਤਾਂ ਵਿੱਚ ਢਾਲਿਆ। ਜਜ਼ਬਿਆਂ ਦੀ ਸਾਂਝ ਹੋਣ ਕਾਰਨ ਲੋਕ ਮਸਤੀ ਵਿੱਚ ਉਸ ਦੇ ਗੀਤਾਂ ਨੂੰ ਗੁਣਗੁਣਾਉਂਦੇ ਹਨ। ਉਸ ਦੇ ਗੀਤਾਂ ਦੀ ਪੀੜ ਲੋਕ-ਪੀੜ ਬਣ ਗਈ ਹੈ। ਆਪਣੇ ਜੀਵਨ ਦੇ ਥੋੜ੍ਹੇ ਸਮੇਂ ਵਿੱਚ ਹੀ ਉਹ ਲੋਕਾਂ ਦਾ ਹਰ-ਮਨ ਪਿਆਰਾ ਕਵੀ ਬਣ ਚੁੱਕਾ ਸੀ।
ਪੰਜਾਬੀ ਦੇ ਇਸ ਕਵੀ ਦਾ ਜਨਮ 8 ਅਕਤੂਬਰ 1937 ਈ. ਨੂੰ ਸ੍ਰੀ ਕ੍ਰਿਸ਼ਨ ਗੋਪਾਲ ਦੇ ਘਰ ਬੜਾ ਪਿੰਡ ਤਹਿਸੀਲ ਸ਼ਕਰਗੜ੍ਹ ਜਿਲ੍ਹਾ ਸਿਆਲਕੋਟ ਵਿੱਚ ਹੋਇਆ। ਸ਼ਿਵ ਕੁਮਾਰ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਹਾਸਲ ਕੀਤੀ। ਦੇਸ਼ ਦੀ ਵੰਡ ਤੋਂ ਬਾਅਦ ਆਪ ਬਟਾਲੇ ਆ ਗਏ। ਜੀਵਨ ਦੇ ਕੌੜੇ ਅਨੁਭਵਾਂ ਨੇ ਕਵੀ ਮਨ ਨੂੰ ਟੁੰਬਿਆ ਤੇ ਕਵੀ ਬਣਾ ਦਿੱਤਾ।
ਆਪ ਦੀਆਂ ਕਵਿਤਾਵਾਂ ਦਾ ਵਿਸ਼ਾ ਜੀਵਨ ਦੀ ਉਦਾਸੀ ਨਾਲ ਸੰਬੰਧਤ ਹੈ। ਇਸ ਵਿੱਚ ਕਹਿਰਾਂ ਦਾ ਦਰਦ ਹੈ। ਇਸ ਦੀ ਕਵਿਤਾ ‘ਪੀੜਾਂ ਦਾ ਪਰਾਗਾ’ ਦੀਆਂ ਪੰਕਤੀਆਂ ਹਨ :
ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀ ਪੀੜਾਂ ਦਾ ਪਰਾਗਾ ਭੁੰਨ ਦੇ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ।
‘ਲੂਣਾ’ ਸ਼ਿਵ ਕੁਮਾਰ ਦੀ ਮਹਾਨ ਰਚਨਾ ਹੈ। ਇਹ ਇੱਕ ਮਹਾਂ-ਕਾਵਿ ਹੈ। ਇਸ ਵਿੱਚ ਲੂਣਾ ਦੇ ਪਾਤਰ ਨੂੰ ਨਵੇਂ ਅਰਥ ਦੇਣ ਦਾ ਜਤਨ ਕੀਤਾ ਗਿਆ ਹੈ। ਪੂਰਨ ਭਗਤ ਦੇ ਕਿੱਸੇ ਵਿੱਚ ਲੂਣਾ ਦਾ ਬਿੰਬ ਖਲਨਾਇਕਾ ਵਾਲਾ ਉਭਾਰਿਆ ਗਿਆ ਹੈ, ਪਰ ਸ਼ਿਵ ਨੇ ਆਪਣੀ ਰਚਨਾ ਵਿੱਚ ‘ਲੂਣਾ’ ਦੇ ਪਾਤਰ ਨੂੰ ਨਵੇਂ ਅਰਥ ਦੇ ਕੇ ਉਸ ਨਾਲ ਇਨਸਾਫ਼ ਕਰਨ ਦਾ ਉਪਰਾਲਾ ਕੀਤਾ ਹੈ। ਪੰਜਾਬੀ ਕਾਵਿ-ਜਗਤ ਵਿੱਚ ਇਸ ਨੂੰ ਮਹਾਨ ਰਚਨਾ ਕਹਿ ਕੇ ਨਿਵਾਜਿਆ ਗਿਆ ਹੈ। ਇਸ ਰਚਨਾ ਨੂੰ ਇਨਾਮ ਵੀ ਦਿੱਤਾ ਗਿਆ।
ਸ਼ਿਵ ਕੁਮਾਰ ਨੂੰ ਬਿਰਹਾ ਦਾ ਕਵੀ ਵੀ ਕਿਹਾ ਜਾਂਦਾ ਹੈ। ਸ਼ਿਵ ਉਮਰ ਭਰ ਕਿਸੇ ਅਣਕਹੇ ਦਰਦ ਨਾਲ ਤੜਪਦਾ ਰਿਹਾ, ਜੋ ਕਦੀ ਗੀਤ ਦਾ ਰੂਪ ਧਾਰ ਕੇ ਬੁਲ੍ਹਾਂ ‘ਤੇ ਆਇਆ। ਸ਼ਿਵ ਦੀ ਮੌਤ ਬਹੁਤ ਸ਼ਰਾਬ ਪੀਣ ਕਾਰਨ ਹੋਈ। ਬਿਰਹਾ ਦੇ ਇਸ ਕਵੀ ਨੂੰ ਪੰਜਾਬੀ ਨੂੰ ਪਿਆਰਨ ਵਾਲੇ ਕਦੀ ਨਹੀਂ ਭੁੱਲਣਗੇ।
ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੇ ਟੁਰ ਜਾਣਾ ਅਸਾਂ ਭਰੇ ਭਰਾਏ,
ਹਿਜਰ ਤੇਰੇ ਦੀ ਕਰ ਪਰਕਰਮਾ।
ਇਸ ਕਵੀ ਦੀ ਭਵਿੱਖ ਬਾਣੀ ਬੜੀ ਜਲਦੀ ਹੀ ਪੂਰੀ ਹੋ ਗਈ। 1973 ਈ. ਵਿੱਚ ਸ਼ਿਵ ਕੁਮਾਰ ਨੇ ਦੁਨੀਆ ਨੂੰ ਛਡ ਦਿੱਤਾ। ਇਸ ਕੁਵੇਲੀ ਮੌਤ ਨਾਲ ਪੰਜਾਬੀ ਕਾਵਿ ਸਾਹਿਤ ਨੂੰ ਬੜਾ ਘਾਟਾ ਪਿਆ।