ਲੇਖ ਰਚਨਾ : ਵੱਧ ਰਹੀ ਅਬਾਦੀ ਇਕ ਸਰਾਪ
ਵੱਧ ਰਹੀ ਅਬਾਦੀ ਇਕ ਸਰਾਪ
ਭਾਰਤ ਇਕ ਵਿਸ਼ਾਲ ਦੇਸ਼ ਹੈ। ਜਨ-ਸੰਖਿਆ ਦੇ ਹਿਸਾਬ ਨਾਲ ਇਸ ਦਾ ਸਥਾਨ ਦੁਨੀਆਂ ਵਿਚ ਦੂਜੇ ਨੰਬਰ ‘ਤੇ ਆਉਂਦਾ ਹੈ। ਬਾਕੀ ਗੱਲਾਂ ਵਿਚ ਬੇਸ਼ੱਕ ਭਾਰਤ ਦਾ ਸਥਾਨ ਦੁਨੀਆਂ ਵਿੱਚ ਬਹੁਤ ਪਿੱਛੇ ਕਿਉਂ ਨਾ ਹੋਵੇ, ਪਰ ਅਬਾਦੀ ਕਾਰਨ ਇਹ ਬਹੁਤ ਅੱਗੇ ਹੈ। ਕਾਰਨ ਹੈ ਕਿ ਭਾਰਤ ਵਾਸੀਆਂ ਦੀ ਅਗਿਆਨਤਾ ਇਨ੍ਹਾਂ ਨੂੰ ਇਕ ਹਨ੍ਹੇਰੀ ਖਾਈ ਵੱਲ ਧੱਕੀ ਜਾ ਰਹੀ ਹੈ।
ਕਿਹਾ ਜਾਂਦਾ ਹੈ ਕਿ ਹਰ ਡੇਢ ਸਕਿੰਟ ਬਾਅਦ ਭਾਰਤ ਵਿੱਚ ਇਕ ਬੱਚਾ ਜਨਮ ਲੈਂਦਾ ਹੈ। ਇਉਂ 55,000 ਬੱਚੇ ਹਰ ਰੋਜ਼ ਧਰਤੀ ‘ਤੇ ਜਨਮ ਲੈਂਦੇ ਹਨ। ਸੋਚਣ ਵਾਲੀ ਗੱਲ ਇਹ ਕਿ ਇਸ ਰਫ਼ਤਾਰ ਨਾਲ ਜੋ ਅਬਾਦੀ ਵਧਦੀ ਰਹੀ ਤਾਂ ਅਸੀਂ ਕਿਵੇਂ ਹਰ ਇਕ ਲਈ ਰੋਟੀ, ਕੱਪੜਾ ਤੇ ਮਕਾਨ ਦੀ ਜ਼ਰੂਰਤ ਪੂਰੀ ਕਰ ਸਕਾਂਗੇ।
ਅਨਾਜ ਦੇ ਮਾਮਲੇ ਵਿੱਚ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ ਪਰ ਇਹ ਸਾਰੀ ਤਰੱਕੀ ਧਰੀ-ਧਰਾਈ ਰਹਿ ਜਾਵੇਗੀ ਜੇ ਖਾਣ ਵਾਲਿਆਂ ਦੀ ਸੰਖਿਆ ਇਉਂ ਹੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦੀ ਰਹੀ। ਇਹ ਇਕ ਸਮੱਸਿਆ ਹੋਰ ਕਈ ਸਮੱਸਿਆਵਾਂ ਦੀ ਜੜ੍ਹ ਹੈ।
ਹਰ ਸਾਲ ਲੱਖਾਂ ਨੌਜਵਾਨ ਪੜ੍ਹਾਈ ਕਰਕੇ ਰੁਜ਼ਗਾਰ ਲਈ ਹੱਥ ਪੈਰ ਮਾਰਦੇ ਦਿਸਦੇ ਹਨ। ਮਸ਼ੀਨੀ ਯੁੱਗ ਦੇ ਆਉਣ ਕਾਰਨ ਹੁਣ ਜਦ ਕਿ ਬਹੁਤ ਸਾਰਾ ਕੰਮ ਮਸ਼ੀਨਾਂ ਕਰਨ ਲੱਗ ਪਈਆਂ ਹਨ ਤਾਂ ਸਾਡੀ ਇਹ ਨੌਜਵਾਨ ਪੀੜ੍ਹੀ ਜਿਨ੍ਹਾਂ ਦੀ ਗਿਣਤੀ ਕਰੋੜਾਂ ਵਿੱਚ ਹੈ, ਲਈ ਰੋਜ਼ਗਾਰ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਜੇਕਰ ਧਿਆਨ ਨਾਲ ਸੋਚਿਆ ਜਾਵੇ ਤਾਂ ਇਸ ਪਿੱਛੇ ਉਹੀ ਪ੍ਰਧਾਨ ਸਮੱਸਿਆ ਹੈ ਅਬਾਦੀ ਦੀ। ਜੇਕਰ ਬੇਰੁਜ਼ਗਾਰਾਂ ਦੀ ਗਿਣਤੀ ਸੀਮਤ ਹੁੰਦੀ ਤਾਂ ਹਰ ਇੱਕ ਲਈ ਰੋਜ਼ਗਾਰ ਦੇਣਾ ਏਨਾ ਮੁਸ਼ਕਲ ਕੰਮ ਨਹੀਂ ਸੀ।
ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਦੇ ਮੋਢਿਆਂ ਤੇ ਹੈ, ਪਰ ਜੇਕਰ ਇਹੋ ਪੀੜ੍ਹੀ ਨਿਰਾਸ਼ਾ ਵਿੱਚ ਡੁੱਬੀ ਹੋਈ ਹੈ ਤਾਂ ਸਾਡਾ ਦੇਸ਼ ਕਿਵੇਂ ਤਰੱਕੀ ਕਰ ਸਕੇਗਾ?
ਸੰਸਾਰ ਵਿੱਚ ਹਰ ਕੋਈ ਵਿਅਕਤੀ ਤਿੰਨ ਲੋੜਾਂ ਦੀ ਪੂਰਤੀ ਤਾਂ ਚਾਹੁੰਦਾ ਹੀ ਹੈ, ਉਹ ਹੈ ਕੁੱਲੀ, ਗੁੱਲੀ ਤੇ ਜੁੱਲੀ। ਅਰਥਾਤ ਮਕਾਨ, ਰੋਟੀ ਤੇ ਕੱਪੜਾ। ਪਰ ਜਦੋਂ ਉਸ ਨੂੰ ਆਪਣਾ ਭਵਿੱਖ ਹੀ ਨਹੀਂ, ਆਪਣੀ ਹੋਂਦ ਵੀ ਹਨ੍ਹੇਰੇ ਵਿੱਚ ਜਾਪੇ ਤਾਂ ਉਹ ਕੋਈ ਨਾ ਕੋਈ ਉਪਾਅ ਜ਼ਰੂਰ ਸੋਚੇਗਾ, ਆਪਣੀ ਹੋਂਦ ਨੂੰ ਕਾਇਮ ਰੱਖਣ ਲਈ। ਸੋ ਉਹ ਗ਼ਲਤ ਜਾਂ ਠੀਕ ਤਰੀਕੇ ਨਾਲ ਇਨ੍ਹਾਂ ਲੋੜਾਂ ਦੀ ਪੂਰਤੀ ਦੇ ਸਾਧਨ ਖੋਜੇਗਾ। ਉਹ ਤਰੀਕੇ ਜੋ ਉਹ ਸੁਭਾਵਿਕ ਤੌਰ ਤੇ ਅਪਣਾ ਲਏਗਾ, ਇਹੀ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੇ ਹਨ। ਸੋ ਵਧਦੀ ਆਬਾਦੀ ਕਾਰਨ ਦੇਸ਼ ਭ੍ਰਿਸ਼ਟਾਚਾਰ ਦੇ ਨਰਕ ਵਿੱਚ ਗਰੱਸਦਾ ਜਾਏਗਾ। ਭਾਰਤ ਵਿੱਚ ਵੀ ਇਹੀ ਕੁਝ ਹੋ ਰਿਹਾ ਹੈ।
ਅਸੀਂ ਹਰ ਰੋਜ਼ ਉਪਾਅ ਸੋਚਦੇ ਹਾਂ ਕਿ ਭਾਰਤ ਨੂੰ ਕਿਵੇਂ ਬਾਕੀ ਦੇਸ਼ਾਂ ਦੇ ਨਾਲ ਮਿਲ ਕੇ ਚਲਾਇਆ ਜਾਵੇ।ਪਰ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਵਾਸੀ ਗ਼ਰੀਬੀ ਦੀ ਰੇਖਾਂ ਤੋਂ ਉੱਪਰ ਉੱਠ ਕੇ ਖ਼ੁਸ਼ਹਾਲ ਨਾਗਰਿਕਾਂ ਵਾਲਾ ਜੀਵਨ ਜੀਅ ਸਕਣ ਤਾਂ ਸਾਨੂੰ ਇਸ ਵੱਧ ਰਹੀ ਅਬਾਦੀ ਤੇ ਠੱਲ੍ਹ ਪਾਉਣੀ ਪਏਗੀ।
ਗ਼ਰੀਬੀ ਕਾਰਨ ਹੀ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਵੀ ਨਹੀਂ ਦੇ ਸਕਦੇ। ਇਹੀ ਕਾਰਨ ਹੈ ਕਿ ਭਾਰਤ ਵਿਚ ਅਨਪੜ੍ਹਾਂ ਦੀ ਗਿਣਤੀ ਬਾਕੀ ਦੇਸ਼ਾਂ ਦੇ ਮੁਕਾਬਲੇ ਕਈ ਗੁਣਾ ਵੱਧ ਹੈ।
ਸਾਡੇ ਦੇਸ਼ ਵਿੱਚ ਅਜੇ ਵੀ ਇਹੀ ਵਿਚਾਰ ਪ੍ਰਚੱਲਿਤ ਹੈ ਕਿ ਬੱਚੇ ਰੱਬ ਦੀ ਦਾਤ ਹਨ, ਇਸ ਲਈ ਬੱਚਿਆਂ ਦੇ ਵਾਧੇ ਨੂੰ ਰੱਬ ਦੀ ਮਰਜ਼ੀ ਕਿਹਾ ਜਾਂਦਾ ਹੈ। ਇਸ ਖ਼ਾਸ ਕਾਰਨ ਕਰਕੇ ਹੀ ਅਬਾਦੀ ਦਿਨੋਂ-ਦਿਨ ਵਧ ਰਹੀ ਹੈ। ਭਾਰਤ ਧਰਮ-ਪ੍ਰਧਾਨ ਦੇਸ਼ ਹੋਣ ਕਾਰਨ ਵੀ ਇਹ ਸਮੱਸਿਆ ਵੱਧ ਰਹੀ ਹੈ।
ਸਰਕਾਰ ਬੇਸ਼ੱਕ ਅਬਾਦੀ ਦੀ ਰੋਕਥਾਮ ਲਈ ਬਹੁਤ ਪ੍ਰਚਾਰ ਕਰ ਰਹੀ ਹੈ ਪਰ ਤਾਂ ਵੀ ਇਹ ਪ੍ਰਚਾਰ ਸਮਾਜ ਦੇ ਉੱਪਰਲੇ ਤਬਕੇ ਤੱਕ ਹੀ ਸੀਮਿਤ ਰਹਿ ਗਿਆ ਹੈ। ਇਸ ਤਬਕੇ ਵਿੱਚ ਪਹਿਲਾਂ ਹੀ ਅਬਾਦੀ ਦੀ ਕੋਈ ਸਮੱਸਿਆ ਨਹੀਂ ਹੈ ਪਰ ਗ਼ਰੀਬ, ਅਨਪੜ੍ਹ ਤੇ ਦੇਸ਼ ਦੇ ਦੂਰ-ਦੁਰਾਡੇ ਇਲਾਕੇ ਵਿੱਚ ਰਹਿੰਦੇ ਲੋਕਾਂ ਕੋਲ ਅਜੇ ਵੀ ਇਹ ਪ੍ਰਚਾਰ ਨਹੀਂ ਪਹੁੰਚਿਆ। ਇਹੀ ਕਾਰਨ ਹੈ ਕਿ ਅੱਜ ਵੀ ਪਿੰਡਾਂ ਵਿੱਚ ਪੁਰਾਣੀ ਵਿਚਾਰਧਾਰਾ ਹੀ ਕਾਇਮ ਹੈ ਕਿ ਜਿੰਨੇ ਜ਼ਿਆਦਾ ਬੱਚੇ ਹੋਣਗੇ, ਉਨੇ ਹੀ ਕਮਾਊ ਹੱਥ ਹੋਣਗੇ।
ਕੁੜੀ-ਮੁੰਡੇ ਦੀ ਸਮੱਸਿਆ ਵੀ ਸਾਡੇ ਦੇਸ਼ ਵਿੱਚ ਅਬਾਦੀ ਦੀ ਸਮੱਸਿਆ ਵਿੱਚ ਵਾਧਾ ਕਰ ਰਹੀ ਹੈ। ਮੁੰਡੇ ਦੀ ਚਾਹ ਵਿੱਚ ਕੁੜੀਆਂ ਦੀ ਗਿਣਤੀ ਵਧਦੀ ਜਾਂਦੀ ਹੈ ਤੇ ਪੁਰਾਣੇ ਬਜ਼ੁਰਗਾਂ ਨੇ ਵੀ ਇਸ ਸਮੱਸਿਆ ਦੀ ਬੜੀ ਮਦਦ ਕੀਤੀ ਹੈ, ਜੋ ਕਹਿੰਦੇ ਹਨ ਕਿ ਜਿੰਨੇ ਵੱਧ ਮੁੰਡੇ ਹੋਣਗੇ, ਘਰ ਦਾ ਰੋਹਬ ਓਨਾ ਵੱਧ ਹੋਵੇਗਾ।
ਸੋ ਅੰਤ ਵਿੱਚ ਅਸੀਂ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ ਸਾਨੂੰ ਇਸ ਸਮੱਸਿਆ ਦੇ ਹੱਲ ਲਈ ਅਜੇ ਬਹੁਤ ਯਤਨ ਕਰਨੇ ਪੈਣਗੇ। ਭਾਰਤ ਨੂੰ ਬਰਬਾਦੀ ਦੇ ਜਿੰਨ ਤੋਂ ਬਚਾਉਣ ਲਈ ਇਸ ਦੀ ਰੋਕ ਬਹੁਤ ਜ਼ਰੂਰੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਜਾਣਕਾਰੀ ਦੇ ਕੇ ਵੱਧ ਰਹੀ ਅਬਾਦੀ ਦੀ ਸਮੱਸਿਆ ਤੋ ਆਮ ਜਨਤਾ ਨੂੰ ਜਾਗਰੂਕ ਕਰੀਏ। ਜਦ ਤੱਕ ਆਮ ਵਿਅਕਤੀ ਇਸ ਦੇ ਭੈੜੇ ਨਤੀਜਿਆਂ ਤੋਂ ਜਾਣੂ ਨਹੀਂ ਹੁੰਦਾ, ਸਾਡਾ ਪ੍ਰਚਾਰ ਅਧੂਰਾ ਹੈ।