ਲੇਖ ਰਚਨਾ: ਵਿੱਦਿਆ ਵਿੱਚ ਖੇਡਾਂ ਦਾ ਸਥਾਨ
ਵਿੱਦਿਆ ਵਿੱਚ ਖੇਡਾਂ ਦਾ ਸਥਾਨ
ਵਿੱਦਿਆ ਦਾ ਮੁੱਖ ਮੰਤਵ : ਵਿੱਦਿਆ ਦਾ ਮੁੱਖ ਮੰਤਵ ਮਨੁੱਖ ਦੇ ਵਿਅਕਤਿਤਵ ਦਾ ਹਰ ਪੱਖੋਂ ਵਿਕਾਸ ਕਰਨਾ ਹੈ, ਅਰਥਾਤ ਵਿੱਦਿਆ ਦਾ ਮੰਤਵ ਕੇਵਲ ਡਿਗਰੀਆਂ ਪ੍ਰਦਾਨ ਕਰ ਕੇ ਵਿਦਿਆਰਥੀਆਂ ਨੂੰ ਰੋਜ਼ੀ ਕਮਾਉਣ ਯੋਗ ਬਣਾਉਣਾ ਹੀ ਨਹੀਂ ਸਗੋਂ ਉਨ੍ਹਾਂ ਦੇ ਵਿਅਕਤਿਤਵ ਦਾ ਪੂਰਨ ਵਿਕਾਸ ਕਰਨਾ ਵੀ ਹੈ। ਅਸੀਂ ਅਜਿਹੇ ਕਈ ਵਿਅਕਤੀ ਵੇਖ ਸਕਦੇ ਹਾਂ ਜਿਹੜੇ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਹਨ ਜਾਂ ਆਰਥਿਕ ਤੌਰ ਤੇ ਖ਼ੁਸ਼ਹਾਲ ਹਨ ਪਰ ਬਾਕੀ ਪੱਖੋਂ ਊਣੇ ਹਨ। ਕੋਈ ਸਰੀਰਕ ਤੌਰ ‘ਤੇ ਕਮਜ਼ੋਰ ਹੈ, ਕੋਈ ਸਦਾਚਾਰਕ ਕਦਰਾਂ ਕੀਮਤਾਂ ਤੋਂ ਅਣਜਾਣ ਹੈ ਅਤੇ ਕੋਈ ਮਾਨਵਵਾਦ ਦੇ ਨੇੜੇ ਨਹੀਂ ਢੁੱਕਿਆ ਹੁੰਦਾ। ਵਾਸਤਵ ਵਿੱਚ ਉਨ੍ਹਾਂ ਦੇ ਵਿਅਕਤਿਤਵ ਦਾ ਪੂਰਨ ਵਿਕਾਸ ਨਹੀਂ ਹੋਇਆ ਹੁੰਦਾ। ਇਸ ਲਈ ਉਨ੍ਹਾਂ ਦੀ ਵਿੱਦਿਆ-ਪ੍ਰਾਪਤੀ, ਜਿਸ ਨੇ ਆਰਥਿਕ ਤੌਰ ‘ਤੇ ਉਨ੍ਹਾਂ ਨੂੰ ਖ਼ੁਸ਼ਹਾਲ ਕਰ ਦਿੱਤਾ ਹੈ, ਅਧੂਰੀ ਹੈ। ਉਹੀ ਵਿੱਦਿਆ ਸੰਪੂਰਨ ਹੈ ਜੋ ਮਨੁੱਖ ਦੇ ਵਿਅਕਤਿਤਵ ਦਾ ਸਰਬਪੱਖੀ ਵਿਕਾਸ ਕਰਦੀ ਹੈ।
ਖੇਡਾਂ ਦੀ ਮਹਾਨਤਾ : ਖੇਡਾਂ ਇੱਕ ਵਿਅਕਤੀ ਦੇ ਹਰ ਪੱਖ ਦਾ ਵਿਕਾਸ ਕਰਨ ਵਿੱਚ ਸਹਾਈ ਹੁੰਦੀਆਂ ਹਨ। ਇਹ ਸਰੀਰ ਨੂੰ ਨਰੋਆ, ਰਿਸ਼ਟ-ਪੁਸ਼ਟ ਤੇ ਅਰੋਗ ਰੱਖਦੀਆਂ ਹਨ। ਸਰੀਰਕ ਪੱਖ ਨੂੰ ਮੁੱਖ ਰੱਖਦਿਆਂ ਹੀ ਸਕੂਲਾਂ-ਕਾਲਜਾਂ ਵਿੱਚ ਪਰੇਡ ਜਾਂ ਪੀ. ਟੀ. ਕਰਾਈ ਜਾਂਦੀ ਹੈ, ਐੱਨ. ਸੀ. ਸੀ. (N.C.C.) ਜਾਂ ਐੱਨ. ਐੱਸ. ਐੱਸ. ਵੀ ਇਸੇ ਲਈ ਹਨ।
ਸਰੀਰਕ ਅਰੋਗਤਾ ਤੇ ਵਿਕਾਸ ਵਿੱਚ ਸਹਾਈ : ਅਸੀਂ ਆਮ ਵੇਖਦੇ ਹਾਂ ਕਿ ਖਿਡਾਰੀ ਵਿਦਿਆਰਥੀਆਂ ਦੀ ਸਿਹਤ ਦੂਜੇ ਵਿਦਿਆਰਥੀਆਂ ਨਾਲੋਂ ਚੰਗੇਰੀ ਹੁੰਦੀ ਹੈ; ਉਹ ਸਰੀਰਕ ਤੌਰ ‘ਤੇ ਚੁਸਤ ਅਤੇ ਅਰੋਗ ਹੁੰਦੇ ਹਨ। ਅਸਲ ਵਿੱਚ ਖੇਡਣ ਨਾਲ ਉਨ੍ਹਾਂ ਦੇ ਸਭ ਅੰਗਾਂ ਦੀ ਕਸਰਤ ਹੁੰਦੀ ਹੈ, ਖਾਧਾ-ਪੀਤਾ ਠੀਕ ਤਰ੍ਹਾਂ ਨਾ ਹਜ਼ਮ ਹੁੰਦਾ ਹੈ ਅਤੇ ਲੋੜੀਂਦੀ ਭੁੱਖ ਲੱਗਦੀ ਹੈ। ਇਸ ਲਈ ਖੇਡਾਂ ਵਿਦਿਆਰਥੀਆਂ ਦੇ ਸਰੀਰਾਂ ਦਾ ਪੂਰਨ ਵਿਕਾਸ ਕਰਦੀਆਂ ਹਨ।
ਦਿਮਾਗੀ ਸੰਤੁਲਨ ਬਣਾਈ ਰੱਖਣ ਵਿੱਚ ਸਹਾਈ : ਖੇਡਾਂ ਵਿਦਿਆਰਥੀਆਂ ਦੇ ਦਿਮਾਗ਼ੀ ਪੱਧਰ ਨੂੰ ਉੱਚਾ ਕਰਦੀਆਂ ਹਨ ਕਿਉਂਕਿ ਨਰੋਏ ਸਰੀਰ ਵਿੱਚ ਹੀ ਨਰੋਆ ਦਿਮਾਗ਼ ਹੁੰਦਾ ਹੈ। ਫੁੱਟਬਾਲ, ਹਾਕੀ, ਵਾਲੀਬਾਲ ਤੇ ਟੇਬਲ-ਟੈਨਿਸ ਆਦਿ ਖੇਡਾਂ ਐਵੇਂ ਧੱਕੇ–ਸ਼ਾਹੀ ਦੀਆਂ ਖੇਡਾਂ ਨਹੀਂ, ਇਨ੍ਹਾਂ ਨੂੰ ਖੇਡਣ ਲਈ ਦਿਮਾਗ਼ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ, ਵਾਲੀਬਾਲ-ਖਿਡਾਰੀ ਇਸ ਗੱਲ ‘ਤੇ ਦਿਮਾਗ਼ ਲੜਾਉਂਦਾ ਹੈ ਕਿ ਕਿੰਨੇ ਜ਼ੋਰ ਨਾਲ ਉਹ ਬਾਲ ਨੂੰ ਮਾਰੇ ਤਾਂ ਜੋ ਬਾਲ ਗਰਾਉਂਡ ਦੀ ਨੁੱਕਰ ਵਿੱਚ ਪਵੇ, ਕਰੁਖੇ ਆ ਰਹੇ ਬਾਲ ਨੂੰ ਕਿਵੇਂ ਹੱਥ ਮਾਰੇ ਕਿ ਉਹ ਠੀਕ ਸੇਧ ਵਿੱਚ ਹੋ ਕੇ ਦੂਜੇ ਪਾਸੇ ਚਲਾ ਜਾਏ, ਕਿੰਨੇ ਜ਼ੋਰ ਨਾਲ ਬਾਲ ਸੁੱਟਿਆ ਜਾਏ ਕਿ ਗਰਾਊਂਡ ਤੋਂ ਬਾਹਰ ਨਾ ਪਵੇ ਆਦਿ। ਇੰਜ ਅੱਡ-ਅੱਡ ਖੇਡਾਂ ਖੇਡਣ ਵਾਲੇ ਖਿਡਾਰੀ ਆਪਣੇ ਦਿਮਾਗ਼ ਦੀ ਵਰਤੋਂ ਕਰਦੇ ਹਨ। ਦਿਮਾਗ਼ ਇੱਕ ਅਜਿਹੀ ਪੂੰਜੀ ਹੈ ਜਿਹੜੀ ਵਰਤਣ ਨਾਲ ਵਧਦੀ ਹੈ। ਇਸ ਤਰ੍ਹਾਂ ਲਗਾਤਾਰ ਖੇਡਣ ਵਾਲਾ ਵਿਦਿਆਰਥੀ ਆਪਣੇ ਦਿਮਾਗ਼ ਦਾ ਨਿਰੰਤਰ ਵਿਕਾਸ ਕਰਦਾ ਹੈ।
ਜੀਵਨ-ਜਾਚ ਸਿਖਾਉਣ ਵਿੱਚ ਸਹਾਈ : ਖੇਡਾਂ ਵਿਦਿਆਰਥੀਆਂ ਦੇ ਚਾਲ-ਚਲਨ ਨੂੰ ਬਣਾਉਦੀਆਂ ਹਨ। ਇਹ ਸਮੂਹਕ ਰੂਪ ਵਿੱਚ ਖੇਡੀਆਂ ਜਾਂਦੀਆਂ ਹਨ। ਇਸ ਤਰ੍ਹਾਂ ਖਿਡਾਰੀ ਇੱਕ-ਦੂਜੇ ਨਾਲ ਚੰਗਾ ਵਰਤਾਉ ਕਰਨਾ ਸਿੱਖਦੇ ਹਨ, ਲੋੜ ਪੈਣ ‘ਤੇ ਇੱਕ-ਦੂਜੇ ਦੀ ਸਹਾਇਤਾ ਕਰਦੇ ਹਨ। ਉਨ੍ਹਾਂ ਦਾ ਜੀਵਨ ਸਾਂਝ ਵਾਲਾ ਹੁੰਦਾ ਹੈ। ਇਸ ਸਾਂਝੇ ਜੀਵਨ ਵਿੱਚ ਉਹ ਚੰਗੀਆਂ-ਚੰਗੀਆਂ ਆਦਤਾਂ ਗ੍ਰਹਿਣ ਕਰਦੇ ਹਨ ਜੋ ਉਨ੍ਹਾਂ ਦੇ ਚਾਲ – ਚਲਨ ਨੂੰ ਚੰਗਾ ਬਣਾਉਦੀਆਂ ਹਨ। ਸਭ ਦਾ ਆਦਰ ਕਰਨਾ ਖਿਡਾਰੀਆਂ ਦਾ ਸੁਭਾਅ ਬਣ ਜਾਂਦਾ ਹੈ। ਇਹੀ ਉਨ੍ਹਾਂ ਦਾ ਧਰਮ ਅਥਵਾ ਫ਼ਰਜ਼ ਬਣ ਜਾਂਦਾ ਹੈ। ਇਸ ਲਈ ਸਪੱਸ਼ਟ ਹੈ ਕਿ ਖੇਡਾਂ ਵਿਦਿਆਰਥੀਆਂ ਨੂੰ ਨੈਤਿਕ ਤੌਰ ‘ਤੇ ਉੱਚਿਆਂ ਕਰਦੀਆਂ ਹਨ। ਵਿੱਦਿਆ ਦਾ ਵੀ ਇਹੋ ਮੰਤਵ ਹੁੰਦਾ ਹੈ। ਇਸੇ ਲਈ ਸਕੂਲਾਂ-ਕਾਲਜਾਂ ਵਿੱਚ ਧਾਰਮਕ ਜਾਂ ਵੇਦਪਾਠ ਦੇ ਪੀਰੀਅਡ ਹੁੰਦੇ ਹਨ, ਹਵਨ ਜਾਂ ਅਖੰਡ-ਪਾਠ ਰਖਾਏ ਜਾਂਦੇ ਹਨ, ਪਰ ਇਹ ਗੱਲ ਧਿਆਨ ਯੋਗ ਹੈ ਕਿ ਉਹ ਨੈਤਿਕਤਾ ਜੋ ਧਾਰਮਕ ਜਾਂ ਵੇਦਪਾਠ ਦੇ ਪੀਰੀਅਡਾਂ ਰਾਹੀਂ ਵਿਦਿਆਰਥੀਆਂ ਉੱਤੇ ਠੋਸੀ ਜਾਂਦੀ ਹੈ, ਉਹ ਖੇਡਾਂ ਰਾਹੀਂ ਆਪਣੇ-ਆਪ ਵਿਦਿਆਰਥੀ ਗ੍ਰਹਿਣ ਕਰਦੇ ਹਨ। ਖੇਡਾਂ ਇਸ ਮੰਤਵ ਨੂੰ ਵਧੇਰੇ ਭਾਵ-ਪੂਰਤ ਢੰਗ ਨਾਲ ਪੂਰਿਆਂ ਕਰਦੀਆਂ ਹਨ।
ਮਨੋਰੰਜਨ ਦਾ ਸਾਧਨ : ਖੇਡਾਂ ਮਨੋਰੰਜਨ ਦਾ ਸਾਧਨ ਬਣਦੀਆਂ ਹਨ। ਨੀਅਤ ਸਿਲੇਬਸ ਦੀਆਂ ਕਿਤਾਬਾਂ ਤੇ ਹੋਰ ਸੰਬੰਧਿਤ ਕਿਤਾਬਾਂ ਪੜ੍ਹ-ਪੜ੍ਹ ਕੇ ਵਿਦਿਆਰਥੀ ਅੱਕ ਜਾਂਦੇ ਹਨ। ਉਨ੍ਹਾਂ ਨੂੰ ਪੜ੍ਹਾਈ ਇੱਕ ਭਾਰ ਜਾਪਣ ਲੱਗ ਪੈਂਦੀ ਹੈ। ਅਜਿਹੇ ਸਮੇਂ ਖੇਡਾਂ ਉਨ੍ਹਾਂ ਲਈ ਮਨੋਰੰਜਨ ਜਾਂ ਦਿਲ-ਪਰਚਾਵੇ ਦਾ ਕੰਮ ਕਰਦੀਆਂ ਹਨ। ਜਿਵੇਂ ਕੋਈ ਕਾਮਾ ਸਾਰੇ ਦਿਨ ਦੇ ਕੰਮ ਤੋਂ ਬਾਅਦ ਥੱਕਿਆ-ਟੁੱਟਿਆ ਹੋਣ ਕਰ ਕੇ ਸਿਨੇਮਾ ਜਾਂ ਨਾਟਕ ਆਦਿ ਵੇਖ ਕੇ ਥਕੇਵਾਂ ਦੂਰ ਕਰਦਾ ਹੈ, ਇਵੇਂ ਹੀ ਸਾਰੇ ਦਿਨ ਦੀ ਪੜ੍ਹਾਈ ਦੇ ਥਕੇਵੇਂ ਨੂੰ ਦੂਰ ਕਰਨ ਲਈ ਸ਼ਾਮ ਨੂੰ ਵਿਦਿਆਰਥੀ ਖੇਡ ਦੇ ਮੈਦਾਨ ਵਿੱਚ ਆ ਜਾਂਦੇ ਹਨ। ਨਾਲੇ ਖੇਡਾਂ ਮਨੋਰੰਜਨ ਦਾ ਇੱਕ ਸਿਹਤਮੰਦ ਸਾਧਨ ਹਨ। ਇਨ੍ਹਾਂ ਨਾਲ ਵਿਦਿਆਰਥੀਆਂ ਦਾ ਮਨੋਰੰਜਨ ਵੀ ਹੁੰਦਾ ਹੈ ਅਤੇ ਉਨ੍ਹਾਂ ਦੀ ਸਿਹਤ ਤੇ ਚਾਲ-ਚਲਨ ਉੱਪਰ ਕੋਈ ਭੈੜਾ ਅਸਰ ਵੀ ਨਹੀਂ ਪੈਂਦਾ। ਇਸ ਦੇ ਟਾਕਰੇ ‘ਤੇ ਦਿਲ-ਪਰਚਾਵੇ ਦੇ ਹੋਰ ਸਾਧਨ ਜਿਵੇਂ ਕਿ ਸਿਨੇਮਾ ਤੇ ਟੈਲੀਵੀਯਨ ਆਦਿ ਪੂਰੇ ਨਹੀਂ ਉਤਰਦੇ।
ਨੇਕ ਗੁਣਾਂ ਦਾ ਸਾਧਨ : ਖੇਡਾਂ ਵਿਦਿਆਰਥੀਆਂ ਵਿੱਚ ਧੀਰਜ ਤੇ ਸਹਿਨਸ਼ੀਲਤਾ ਪੈਦਾ ਕਰਦੀਆਂ ਹਨ। ਇਹ ਗੁਣ ਖਿਡਾਰੀਆਂ ਵਿੱਚ ਖੇਡਾਂ ਜਿੱਤ-ਜਿੱਤ ਕੇ ਅਤੇ ਹਾਰ-ਹਾਰ ਕੇ ਆਉਂਦੇ ਹਨ। ਜ਼ਿੰਦਗੀ ਇੱਕ ਬਹੁਤ ਵੱਡੀ ਖੇਡ ਹੈ ਜਿਸ ਵਿੱਚ ਥਾਂ-ਥਾਂ ਹਾਰਾਂ ਤੇ ਜਿੱਤਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ। ਖੇਡਾਂ ਵਿਅਕਤੀ ਨੂੰ ਜੀਵਨ ਦੀਆਂ ਹਾਰਾਂ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਪ੍ਰਦਾਨ ਕਰਦੀਆਂ ਹਨ। ਖਿਡਾਰੀਆਂ ਦੇ ਮਨ ਵਿੱਚ ਡਰ-ਭੈਅ ਦੀ ਭਾਵਨਾ ਬਿਲਕੁਲ ਨਹੀਂ ਰਹਿੰਦੀ। ਉਹ ਲੇਲੇ ਵਾਂਗ ਸਿਰ ਨੀਵਾਂ ਕਰ ਕੇ ਜੀਉਣ ਦੀ ਥਾਂ ਸ਼ੇਰ ਵਾਂਗ ਸਿਰ ਉੱਚਾ ਕਰ ਕੇ ਜੀਵਨ ਬਤੀਤ ਕਰਦੇ ਹਨ।
ਅਨੁਸ਼ਾਸਨ ਵਿੱਚ ਰਹਿਣਾ ਸਿਖਾਉਣਾ : ਖੇਡਾਂ ਵਿਦਿਆਰਥੀਆਂ ਵਿੱਚ ਫੈਲੀ ਹੋਈ ਅਨੁਸ਼ਾਸਨ-ਹੀਣਤਾ ਨੂੰ ਬਹੁਤ ਹੱਦ ਤੀਕ ਰੋਕਦੀਆਂ ਹਨ। ਸਭ ਖੇਡਾਂ ਦੇ ਵਿਸ਼ੇਸ਼ ਨੇਮ ਹੁੰਦੇ ਹਨ, ਹਰ ਖਿਡਾਰੀ ਨੂੰ ਉਨ੍ਹਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਨ੍ਹਾਂ ਨੇਮਾਂ ਦੀ ਪਾਲਣਾ ਨਾ ਕਰਨ ਵਾਲੇ ਨੂੰ ਫਾਊਲ ਪਲੇ (Foul play) ਆਖ ਕੇ ਖੇਡਣੋਂ ਰੋਕ ਦਿੱਤਾ ਜਾਂਦਾ ਹੈ। ਇਸ ਲਈ ਰੋਕੇ ਜਾਣ ਦੇ ਡਰ ਤੋਂ ਉਹ ਨੇਮ ਅਨੁਸਾਰ ਖੇਡਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਨੇਮ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ। ਇਹ ਆਦਤ ਉਨ੍ਹਾਂ ਵਿੱਚ ਅਨੁਸ਼ਾਸਨ ਪੈਦਾ ਕਰਦੀ ਹੈ। ਜੇ ਸਮਾਜ ਵਿੱਚ ਵੱਧ ਤੋਂ ਵੱਧ ਖਿਡਾਰੀ ਹੋਣਗੇ ਤਾਂ ਅਨੁਸ਼ਾਸਨ ਆਪਣੇ ਆਪ ਹੀ ਪੈਦਾ ਹੋ ਜਾਵੇਗਾ।
ਆਗਿਆਕਾਰੀ ਬਣਾਉਣਾ : ਖੇਡਾਂ ਵਿਦਿਆਰਥੀਆਂ ਨੂੰ ਸਾਊ ਬਣਾਉਦੀਆਂ ਹਨ। ਖਿਡਾਰੀ ਆਮ ਤੌਰ ‘ਤੇ ਨੇਕ ਨੀਤੀ ਵਾਲੇ ਤੇ ਆਗਿਆਕਾਰ ਹੁੰਦੇ ਹਨ। ਇਹ ਗੁਣ ਉਹ ਖੇਡਾਂ ਰਾਹੀਂ ਹੀ ਸਿੱਖਦੇ ਹਨ। ਉਹ ਸਾਫ਼ ਖੇਡ ਖੇਡਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਈ ਵਾਰੀ ਰੈਫ਼ਰੀ ਦੇ ਗ਼ਲਤ ਫ਼ੈਸਲੇ ਨੂੰ ਵੀ ਸਿਰ-ਮੱਥੇ ‘ਤੇ ਮੰਨ ਕੇ ਆਪਣੀ ਆਗਿਆਕਾਰਤਾ ਦਾ ਸਬੂਤ ਦਿੰਦੇ ਹਨ।
ਖੇਡਾਂ ਤੇ ਖਿਡਾਰੀਆਂ ਪ੍ਰਤੀ ਮਾੜੀ ਸੋਚ : ਕੁਝ ਲੋਕਾਂ ਦਾ ਵਿਚਾਰ ਹੈ ਕਿ ਖੇਡਾਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਚਾਲ-ਚਲਨ ਨੂੰ ਖ਼ਰਾਬ ਕਰਦੀਆਂ ਹਨ। ਇਸੇ ਕਰਕੇ ਉਹ ਖਿਡਾਰੀਆਂ ਨੂੰ ਮਾੜੀ ਨਜ਼ਰ ਨਾਲ ਵੇਖਦੇ ਹਨ। ਇਹ ਉਨ੍ਹਾਂ ਦੀ ਇੱਕ-ਪੱਖੀ ਤੇ ਗ਼ਲਤ ਸੋਚ ਹੈ। ਦੋਸ਼ ਖੇਡਾਂ ਜਾਂ ਖਿਡਾਰੀਆਂ ਦਾ ਨਹੀਂ, ਦੋਸ਼ ਸਾਡੀ ਖੇਡ-ਪ੍ਰਣਾਲੀ ਦਾ ਹੋ ਸਕਦਾ ਹੈ ਜਿਸ ਨੇ ਕੁਝ ਵਿੱਦਿਅਕ ਸੰਸਥਾਵਾਂ ਵਿੱਚ ਖੇਡਾਂ ਨੂੰ ਇੱਕ ਵਪਾਰ ਬਣਾ ਦਿੱਤਾ ਹੈ, ਖਿਡਾਰੀ ਵਿਕਦੇ ਹਨ, ਬੋਲੀਆਂ ਤੇ ਖ਼ਰੀਦੇ ਜਾਂਦੇ ਹਨ। ਇਸ ਦੁਰਾਚਾਰ ਦਾ ਇਲਾਜ ਕੀਤਾ ਜਾ ਸਕਦਾ ਹੈ।
ਸਾਰੰਸ਼ : ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਖੇਡਾਂ ਵਿੱਦਿਆ ਦੇ ਸਭ ਮੰਤਵਾਂ ਦੀ ਪੂਰਤੀ ਵਿੱਚ ਸਹਾਇੱਕ ਸਿੱਧ ਹੁੰਦੀਆਂ ਹਨ, ਵਿਦਿਆਰਥੀਆਂ ਦੇ ਵਿਅਕਤਿਤਵ ਦੇ ਪੂਰਨ ਵਿਕਾਸ ਵਿੱਚ ਹਿੱਸਾ ਪਾਉਂਦੀਆਂ ਹਨ। ਇਸ ਲਈ ਇਹ ਕਹਿਣਾ ਯੋਗ ਹੈ ਕਿ ਵਿੱਦਿਅਕ ਖੇਤਰ ਵਿੱਚ ਖੇਡਾਂ ਦਾ ਮਹੱਤਵਪੂਰਨ ਸਥਾਨ ਹੈ।