ਲੇਖ ਰਚਨਾ : ਭਾਰਤ ਵਿੱਚ ਉੱਚ-ਕੋਟੀ ਦੇ ਬੁੱਧੀਜੀਵੀਆਂ ਦੀ ਸਮੱਸਿਆ
ਭਾਰਤ ਵਿੱਚ ਉੱਚ-ਕੋਟੀ ਦੇ ਬੁੱਧੀਜੀਵੀਆਂ ਦੀ ਸਮੱਸਿਆ
ਬੁੱਧੀਜੀਵੀਆਂ ਦੀ ਤ੍ਰਾਸਦੀ : ਭਾਰਤ ਨੂੰ ਸੁਤੰਤਰ ਹੋਇਆਂ 70 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ, ਅਸੀਂ ਆਪਣੇ ਦਿਮਾਗੀ ਧਨ ਦਾ ਪੂਰਾ-ਪੂਰਾ ਲਾਭ ਨਹੀਂ ਪ੍ਰਾਪਤ ਕਰ ਸਕੇ। ਅਜੇ ਵੀ ਬੇਅੰਤ ਬੁੱਧੀਜੀਵੀ ਆਪਣੇ ਜਮਾਂਦਰੂ ਦਿਮਾਗ਼ੀ ਗੁਣ ਨੂੰ ਵਿਕਸਤ ਨਹੀਂ ਕਰ ਸਕੇ ਅਤੇ ਜਿਨ੍ਹਾਂ ਦੀ ਬੁੱਧੀ ਨੇ ਕੁਝ ਕਰ ਦਿਖਾਇਆ, ਉਨ੍ਹਾਂ ਦੀ ਕਦਰ ਨਾ ਪਈ। ਉਹ ਦੇਸ਼ ਛੱਡਣ ’ਤੇ ਮਜਬੂਰ ਹੋ ਗਏ। ਵਿਦੇਸ਼ਾਂ ਵਿੱਚ ਉਹ ਹਰ ਤਰ੍ਹਾਂ ਦੀ ਸਹੂਲਤ ਨਾਲ ਪ੍ਰਫੁੱਲਤ ਹੋਏ ਤੇ ਉਥੋਂ ਦੇ ਵਿਕਾਸ ਦੇ ਭਾਗੀ ਬਣੇ, ਇੱਥੋਂ ਤੱਕ ਕਿ ਉਹ ਉਥੋਂ ਦੇ ਹੀ ਹੋ ਕੇ ਰਹਿ ਗਏ। ਅਸੀਂ ਉਨ੍ਹਾਂ ਚਮਕਦੇ ਸਿਤਾਰਿਆਂ ਦਾ ਭਾਰਤੀ ਹੋਣ ਦਾ ਮਾਣ ਕਰ ਰਹੇ ਹਾਂ ਤੇ ਰਹਿੰਦੀ ਦੁਨੀਆ ਤੱਕ ਕਰਦੇ ਰਵਾਂਗੇ। ਮਾਨੋ ‘ਮੱਖਣ’ ਵਿਦੇਸ਼ੀ ਖਾਣਗੇ ਤੇ ‘ਛਾਛ’ ਅਸੀਂ ਪੀਂਦੇ ਰਵਾਂਗੇ।
ਦੇਸ਼ ਵਿੱਚ ਬੁੱਧੀਜੀਵੀਆਂ ਦੀ ਬੇਕਦਰੀ : ਨਿਰਸੰਦੇਹ ਸਾਡੇ ਦੇਸ਼ ਵਿੱਚ ਉਨ੍ਹਾਂ ਦੀ ਯੋਗਤਾ ਵਧਾਉਣ ਲਈ ਨਾ ਗਰਾਂਟਾਂ/ਵਜੀਫਿਆਂ/ਕਰਜ਼ਿਆਂ ਦੇ ਰੂਪ ਵਿੱਚ ਧਨ ਹੈ ਤੇ ਨਾ ਹੀ ਉਨ੍ਹਾਂ ਦੀ ਸਮਰੱਥਾ ਅਨੁਸਾਰ ਕੰਮ ਧੰਦਾ। ਜੋ ਕੁਝ ਵੀ ਨਾਂ-ਮਾਤਰ ਹੈ ਉਸ ਦੀ ਪ੍ਰਾਪਤੀ ਲਈ ਲਾਲ ਫੀਤਾਸ਼ਾਹੀ (Red Tapism), ਸਿਫਾਰਸ਼, ਖੁਸ਼ਾਮਦ ਤੇ ਕਈ ਵਾਰੀ ਹੱਥ-ਧਰਾਈਆਂ ਜਿਹੀਆਂ ਅੜਚਨਾਂ ਹਨ। ਜੇ ਕਈ ਪਾਪੜ ਵੇਲ ਕੇ ਕੋਈ ਗੱਲ ਬਣ ਵੀ ਜਾਏ ਤਾਂ ਤਰੱਕੀ ਲਈ ਕਰੜੀ ਮਿਹਨਤ ਤੋਂ ਛੁੱਟ ਸੁਖਾਵਾਂ ਵਾਤਾਵਰਨ ਬਣਾਉਣ ਲਈ ਕਿੰਨਾ ਕੁਝ ਹੋਰ ਵੀ ਕਰਨਾ ਪੈਂਦਾ ਹੈ — ਮੰਤਰੀਆਂ ਤੇ ਨੌਕਰਸ਼ਾਹਾਂ (Bureaucrats) ਦੇ ਜੀ ਹਜ਼ੂਰੀਆਂ ਬਣਨ ਤੋਂ ਛੁੱਟ ਗੁਜ਼ਾਰਾ ਨਹੀਂ ਹੁੰਦਾ। ਪਰਿਣਾਮਸਰੂਪ ਸ੍ਵੈਮਾਣ ਵਾਲੇ ਬੁੱਧੀਜੀਵੀ ਆਪਣੀ ਖੁੱਲ੍ਹ, ਤਰੱਕੀ ਤੇ ਵਾਧੇ ਲਈ, ਨਾ ਚਾਹੁੰਦੇ ਹੋਏ ਵੀ, ਘਰੋਂ ਬੇਘਰ ਹੋਣ ‘ਤੇ ਮਜਬੂਰ ਹੋ ਜਾਂਦੇ ਹਨ। ਵਿਦੇਸ਼ਾਂ ਵਿੱਚ ਘਰ ਦੇ ਜੋਗੀ, ‘ਜੋਗੜਾ’ ਨਹੀਂ ਰਹਿੰਦੇ, ‘ਸਿੱਧ’ ਬਣ ਕੇ ਖੁੱਲ੍ਹੀਆਂ ਹਵਾਵਾਂ ਵਿੱਚ ਵਿਚਰਦੇ ਹੋਏ ਸ੍ਵੈਮਾਣ ਵਾਲਾ ਜੀਵਨ ਜਿਊਣ ਲੱਗ ਪੈਂਦੇ ਹਨ।
ਬੁੱਧੀਜੀਵੀਆਂ ਦੀ ਵਿਦੇਸ਼ ਜਾਣ ਦੀ ਮਜਬੂਰੀ : ਆਪਣੇ ਦੇਸ਼ ਨੂੰ ਭਰੇ ਦਿਲ ਤੇ ਨੇਤਰਾਂ ਨਾਲ ਨਮਸਕਾਰ ਕਰਕੇ ਵਿਦੇਸ਼ਾਂ ਵਿੱਚ ਜਾਣ ਵਾਲੇ ਅਨੇਕਾਂ ਉੱਚ-ਕੋਟੀ ਦੇ ਬੁੱਧੀਜੀਵੀਆਂ ਦੀਆਂ ਉਦਾਹਰਨਾਂ ਮਿਲ ਸਕਦੀਆਂ ਹਨ ਜਿਹੜੇ ਇੱਥੇ ਅਦੁੱਤੀ ਤੇ ਨਿਵੇਕਲੀ ਪ੍ਰਤਿਭਾ ਦੇ ਮਾਲਕ ਹੋ ਕੇ ਵੀ ਆਪਣੇ ਜੀਵਨ-ਨਿਰਬਾਹ ਲਈ ਦਰ-ਦਰ ਭਟਕਦੇ ਰਹੇ, ਨਾ ਯੋਗ ਆਦਰ ਮਿਲਿਆ ਅਤੇ ਨਾ ਹੀ ਵਾਜਬੀ ਕਦਰ-ਕੀਮਤ ਪਈ, ਹਾਰ ਕੇ ਉਹ ਆਪਣੇ ਅਨਮੋਲ ਗੁਣਾਂ ਸਦਕਾ ਵਿਦੇਸ਼ਾਂ ਵਿੱਚ ਉੱਚੀਆਂ ਪਦਵੀਆਂ ਪਾ ਕੇ ਮਾਣ-ਸਤਿਕਾਰ ਵਾਲਾ ਜੀਵਨ ਬਤੀਤ ਕਰਨ ਲੱਗ ਪਏ। ਉਨ੍ਹਾਂ ਦੀ ਜਮਾਂਦਰੂ ਸਿਆਣਪ ਤੇ ਪ੍ਰਤਿਭਾ ਦਾ ਲਾਭ ਵਿਦੇਸ਼ਾਂ ਨੇ ਉਠਾਇਆ ਤੇ ਮਾਲਾ-ਮਾਲ ਹੋ ਗਏ। ਦੁੱਖ ਦੀ ਗੱਲ ਤਾਂ ਇਹ ਹੈ ਕਿ ਅਸੀਂ ਅਜ਼ਾਦ ਹੋ ਕੇ ਵੀ ਆਪਣੀ ਪੁਰਾਣੀ ਗ਼ਲਤੀ ਨੂੰ ਦੁਹਰਾਈ ਜਾ ਰਹੇ ਹਾਂ ਤੇ ਇਸ ਲਾਪਰਵਾਹੀ ਦਾ ਖ਼ਮਿਆਜ਼ਾ ਭੁਗਤੀ ਜਾ ਹਾਂ।
ਵਿਦੇਸ਼ਾਂ ਵੱਲੋਂ ਬੁੱਧੀਜੀਵੀਆਂ ਦੀ ਸਹਾਇਤਾ : ਪੁਰਾਤਨ ਇਤਿਹਾਸ ਦੀ ਫੋਲਾ-ਵਾਲੀ ਤੋਂ ਪਤਾ ਲਗਦਾ ਹੈ ਕਿ ਜਦ ਸਰ ਜੇ.ਬੀ. ਬੋਸ ਨੇ Electric Magnetic Waves ‘ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸ ਕੋਲ ਲੋੜੀਂਦੀ ਲੈਬਾਰਟਰੀ ਲਈ ਪੈਸੇ ਵੀ ਨਹੀਂ ਸਨ। ਇਗਲੈਂਡ ਦੀ ਰਾਇਲ ਸੁਸਾਇਟੀ ਨੇ ਉਸ ਨੂੰ ਲੈਬਾਰਟਰੀ ਦੀ ਸਥਾਪਨਾ ਲਈ ਨਾ ਕੇਵਲ ਗਰਾਂਟ ਦਿੱਤੀ ਸਗੋਂ ਉਸ ਦੀਆਂ ਖੋਜਾਂ ਨੂੰ ਪ੍ਰਕਾਸ਼ਤ ਵੀ ਕੀਤਾ ਅਤੇ ਲੰਡਨ ਦੀ ਯੂਨੀਵਰਸਿਟੀ ਨੇ ਉਸ ਨੂੰ ਬੀ.ਐੱਸ.ਸੀ. ਦੀ ਡਿਗਰੀ ਨਾਲ ਸਨਮਾਨਤ ਵੀ ਕੀਤਾ। ਪ੍ਰੈਜ਼ੀਡੈਂਸੀ ਕਾਲਜ ਕੋਲਕਾਤਾ ਦੇ ਫਿਜ਼ਿਕਸ ਦੇ ਪ੍ਰੋਫ਼ੈਸਰ, ਸ੍ਰੀ ਐੱਚ.ਜੀ. ਖੁਰਾਨਾ ਨੂੰ ਕਾਲਜ ਵਿੱਚ ਕੋਈ ਪੁੱਛਦਾ ਤੱਕ ਨਹੀਂ ਸੀ, ਪਰ ਜਦ ਇਸ ਨੂੰ ਵਿਦੇਸ਼ ਵਿੱਚ ਨੋਬਲ ਪ੍ਰਾਈਜ਼ (Noble Prize) ਦਿੱਤਾ ਗਿਆ ਤਾਂ ਭਾਰਤ ਵਿੱਚ ਵੀ ਉਸ ਦੀ ਵਡਿਆਈ ਹੋਣ ਲੱਗ ਪਈ। ਏਸੇ ਤਰ੍ਹਾਂ ਜਦ ਫ਼ਿਲਮ ਨਿਰਦੇਸ਼ਕ, ਸ੍ਰੀ ਸਤਿਆਜੀਤ ਰੇਅ ਦੀ ਵਿਦੇਸ਼ਾਂ ਵਿੱਚ ਫ਼ਿਲਮੀ ਦੁਨੀਆ ਵਿੱਚ ਵਾਹ-ਵਾਹ ਹੋਈ ਤਦ ਭਾਰਤ ਵੀ ਉਸ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣ ਲੱਗ ਪਿਆ। ਜਦ ਅਤਿਯਾ ਸੇਨ ਨੇ ਅਰਥ-ਸ਼ਾਸਤਰ ਵਿੱਚ, 1998 ਵਿੱਚ, ਨੋਬਲ ਪ੍ਰਾਈਜ਼ (Noble Prize) ਪ੍ਰਾਪਤ ਕੀਤਾ ਤਾਂ ਅਸੀਂ ਵੀ ਉਸ ਨੂੰ ਭਾਰਤੀ ਹੋਣ ਕਰਕੇ ਗਲੇ ਲਾਇਆ। ਮਹਾਤਮਾ ਗਾਂਧੀ ਤੇ ਪੰਡਤ ਨਹਿਰੂ ਆਦਿ ਕਈ ਭਾਰਤੀ ਨੇਤਾ ਘਰ-ਘਾਟ ਛੱਡ ਕੇ ਵਿਦੇਸ਼ੋਂ ਉਚੇਰੀ ਵਿੱਦਿਆ ਤਾਂ ਗ੍ਰਹਿਣ ਕਰ ਆਏ ਪਰ ਆਪਣੇ ਦੇਸ਼ ਵਿੱਚ ਉਨ੍ਹਾਂ ਨੂੰ ਨਾ ਚੱਜ ਦੀ ਨੌਕਰੀ ਤੇ ਨਾ ਮਨ-ਪਸੰਦ ਦਾ ਕੋਈ ਕੰਮ ਮਿਲਿਆ। ਓੜਕ ਸਿਆਸੀ ਖੇਤਰ ਵਿੱਚ ਕੁੱਦੇ ਤੇ ਨਾਮਣਾ ਖੱਟ ਗਏ। ਹੁਣ ਵੀ ਸਾਡੇ ਬੇਅੰਤ ਸਿਆਣੇ ਡਾਕਟਰ, ਇੰਜੀਨੀਅਰ ਤੇ ਵਿਗਿਆਨੀ ਵਿਦੇਸ਼ਾਂ ਵਿੱਚ ਉੱਚੀਆਂ ਪਦਵੀਆਂ ‘ਤੇ ਲੱਗ ਕੇ ਉਥੋਂ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ ਤੇ ਉਨ੍ਹਾਂ ਦੇ ਸ਼ਹਿਰੀ ਬਣ ਚੁੱਕੇ ਹਨ।
ਨਵੀਨ ਪੰਜਾਬੀ ਦੇ ਮੋਢੀ ਵਾਰਤਕਕਾਰ, ਸ: ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਵੀ ਅਮਰੀਕਨ ਮਿਸ਼ਨਰੀਆਂ ਦੀ ਸਹਾਇਤਾ ਨਾਲ ਆਪਣੀ ਇੰਜੀਨੀਅਰੀ ਦੀ ਵਿੱਦਿਆ ਪੂਰੀ ਕੀਤੀ। ਜਦ ਇੰਗਲੈਂਡ ਦੇ ਕਵੀ ਵੀ.ਬੀ. ਯੀਟਸ ਨੇ ਰਾਬਿੰਦਰ ਨਾਥ ਟੈਗੋਰ ਨੂੰ ਉਨ੍ਹਾਂ ਦੀ ਪੁਸਤਕ ‘ਗੀਤਾਂਜਲੀ’ ਲਈ ਨੋਬਲ ਪ੍ਰਾਈਜ਼ (Noble Prize) ਦੀ ਸਿਫ਼ਾਰਸ਼ ਕੀਤੀ ਤਾਂ ਏਥੇ ਵੀ ਟੈਗੋਰ ਨੂੰ ਮਾਣ-ਸਨਮਾਨ ਮਿਲਣ ਲੱਗ ਪਿਆ। ਡਾਕਟਰ ਹਰਨਾਮ ਸਿੰਘ ਸ਼ਾਨ ਨੇ ‘ਸੱਸੀ ਹਾਸ਼ਮ’ ‘ਤੇ ਬਹੁਤ ਮਿਹਨਤ ਕੀਤੀ, ਪਰ ਉਸ ਨੂੰ ਏਥੇ ਲੋੜੀਂਦੀ ਹੌਸਲਾ-ਅਫ਼ਜ਼ਾਈ ਵੀ ਨਾ ਮਿਲੀ। ਪਰ ਜਦੋਂ ਉਸ ਨੇ ਏਸੇ ਵਿਸ਼ੇ ‘ਤੇ ਇੰਗਲੈਂਡੋਂ ਪੀ.ਐੱਚ.ਡੀ. ਕੀਤੀ ਤਾਂ ਪੰਜਾਬੀ ਜਗਤ ਵਿੱਚ ਵੀ ਉਨ੍ਹਾਂ ਦੀ ਜੈ-ਜੈਕਾਰ ਹੋਣ ਲੱਗ ਪਈ।
ਸੁਝਾਅ : ਇਸ ਸਮੱਸਿਆ ਸਬੰਧੀ ਕੁਝ ਸੁਝਾਅ ਹੇਠਾਂ ਦਿੱਤੇ ਜਾਂਦੇ ਹਨ :
1. ਬੁੱਧੀਜੀਵੀਆਂ ਨੂੰ ਮੂੰਹ ਮੰਗੀਆਂ ਗਰਾਂਟਾਂ-ਵਜ਼ੀਫ਼ੇ ਜਾਂ ਕਰਜ਼ੇ ਦਿੱਤੇ ਜਾਣ।
2. ਉਨ੍ਹਾਂ ਦੀ ਯੋਗਤਾ ਅਨੁਸਾਰ ਕੰਮ ਦਿੱਤਾ ਜਾਵੇ।
3. ਸਲਾਨਾ ਤਰੱਕੀ ਵਿੱਚ ਕਿਸੇ ਤਰ੍ਹਾਂ ਦੀ ਰੋਕ-ਰੁਕਾਵਟ ਨਾ ਪਾਈ ਜਾਏ।
4. ਹਰ ਤਰ੍ਹਾਂ ਦੇ ਨੌਕਰਸ਼ਾਹੀ ਦਖ਼ਲ ਤੋਂ ਪ੍ਰਹੇਜ਼ ਕੀਤਾ ਜਾਏ।
5. ਉਨ੍ਹਾਂ ਦੇ ਕੰਮ ਵਿੱਚ ਸੁਖਾਵਾਂ ਵਾਤਾਵਰਨ ਬਣਿਆ ਰਹੇ।
6. ਦੇਸ਼ ਉਨ੍ਹਾਂ ਦੀ ਯੋਗਤਾ, ਸਿਆਣਪ ਤੇ ਪ੍ਰਤਿਭਾ ਦਾ ਪੂਰਾ-ਪੂਰਾ ਲਾਭ ਪ੍ਰਾਪਤ ਕਰੇ।