ਲੇਖ ਰਚਨਾ : ਭਾਰਤ, ਇਸ ਦੇ ਗੁਆਂਢੀ ਦੇਸ਼ ਅਤੇ ਵੱਡੀਆਂ ਤਾਕਤਾਂ
ਭਾਰਤ, ਇਸ ਦੇ ਗੁਆਂਢੀ ਦੇਸ਼ ਅਤੇ ਵੱਡੀਆਂ ਤਾਕਤਾਂ
ਭਾਰਤ-ਪਾਕਿਸਤਾਨ ਦੇ ਸੰਬੰਧਾਂ ਦਾ ਪਿਛੋਕੜ : 15 ਅਗਸਤ, 1947 ਨੂੰ ਭਾਰਤ ਅਤੇ ਪਾਕਿਸਤਾਨ ਦੋਵੇਂ ਵੰਡ ਹੋਣ ਨਾਲ ਸੁਤੰਤਰ ਹੋਏ ਸਨ ਅਤੇ ਇੱਕ-ਦੂਜੇ ਦੇ ਗੁਆਂਢੀ ਬਣ ਗਏ। ਅੰਗਰੇਜ਼ੀ ਰਾਜ ਭਾਰਤ ਵਿੱਚੋਂ ਖ਼ਤਮ ਹੋ ਗਿਆ ਪਰ ਅੰਗਰੇਜ਼ ਜਾਂਦੇ-ਜਾਂਦੇ ਇਹੋ ਜਿਹੇ ਕੰਡੇ ਬੀਜ ਗਏ ਕਿ ਅੱਜ ਤਕ ਦੋਹਾਂ ਦੇਸ਼ਾਂ ਦੇ ਸੰਬੰਧ ਮਿੱਤਰਤਾਪੂਰਨ ਨਹੀਂ ਬਣ ਸਕੇ। ਕੋਈ ਸਮਾਂ ਸੀ ਕਿ ਦੋਵੇਂ ਦੇਸ਼ ਇੱਕ ਸਰੀਰ ਦੇ ਅਨਿੱਖੜਵੇਂ ਅੰਗ ਸਨ ਪਰ ਅਜ਼ਾਦੀ-ਪ੍ਰਾਪਤੀ ਤੋਂ ਪਿੱਛੋਂ ਹੁਣ ਤੀਕ ਇਹ ਤਿੰਨ ਵਾਰ ਆਪਸ ਵਿੱਚ ਲੜਾਈਆਂ ਲੜ ਬੈਠੇ ਹਨ ਅਤੇ ਕੁੜੱਤਣ ਦਿਨੋ-ਦਿਨ ਵਧਦੀ ਜਾ ਰਹੀ ਹੈ, ਭਾਵੇਂ ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਇੱਕ-ਦੂਜੇ ਨੂੰ ਸਹਿਯੋਗ ਦੇਣ ਦੇ ਵਾਅਦੇ ਕੀਤੇ ਹਨ। ਦੋਹਾਂ ਦੇਸ਼ਾਂ ਨੂੰ ਸੁਤੰਤਰ ਹੋਇਆਂ ਮਸਾਂ ਛੇ ਮਹੀਨੇ ਹੀ ਹੋਏ ਸਨ ਕਿ ਕਸ਼ਮੀਰ ਦੇ ਸੁਆਲ ਉੱਤੇ ਲੜਾਈ ਹੋਈ। ਦੂਜੀ ਹਿੰਦ-ਪਾਕ ਲੜਾਈ 1965 ਵਿੱਚ ਹੋਈ ਜਦੋਂ ਪਾਕਿਸਤਾਨ ਇਹ ਸਮਝਦਾ ਸੀ ਕਿ ਉਹ ਭਾਰਤ ਨੂੰ ਮਾਤ ਪਾ ਸਕਦਾ ਹੈ। ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਪਾਕਿਸਤਾਨ ਨੂੰ ਮਿਲੀ ਫ਼ੌਜੀ ਸਹਾਇਤਾ ਕਰ ਕੇ 1962 ਵਿੱਚ ਹਿੰਦ-ਚੀਨ ਲੜਾਈ ਦੇ ਸਿੱਟੇ ਵਜੋਂ ਪਾਕਿਸਤਾਨ ਦੇ ਫ਼ੌਜੀ ਹੁਕਮਰਾਨਾਂ ਦੇ ਹੌਸਲੇ ਵਧੇ ਹੋਏ ਸਨ। ਵੱਡੀਆਂ ਤਾਕਤਾਂ ਦੇ ਵਿੱਚ ਪੈਣ ਕਰ ਕੇ ਇਹ ਲੜਾਈ ਜਲਦੀ ਮੁੱਕ ਗਈ ਅਤੇ ਦੋਵੇਂ ਧਿਰਾਂ ਆਪੋ ਆਪਣੀਆਂ ਜਿੱਤਾਂ ਦੇ ਦਾਅਵੇ ਕਰਦੀਆਂ ਰਹੀਆਂ। ਪਾਕਿਸਤਾਨ ਜਿਸ ਨੇ ਕਸ਼ਮੀਰ ਹਥਿਆਉਣ ਦੀ ਨੀਅਤ ਨਾਲ ਹਮਲਾ ਕੀਤਾ ਸੀ, ਉਸ ਨੂੰ ਅਸਲ ਵਿੱਚ ਨਮੋਸ਼ੀ ਹੋਈ। ਸੰਨ 1971 ਵਿੱਚ ਹਿੰਦ-ਪਾਕ ਜੰਗ ਦੇ ਪੱਕੇ ਨਤੀਜੇ ਸਾਹਮਣੇ ਆਏ ਜਿਸ ਦੇ ਸਿੱਟੇ ਵਜੋਂ ਪੂਰਬੀ ਪਾਕਿਸਤਾਨ ਅਜ਼ਾਦ ਹੋ ਗਿਆ ਅਤੇ ਬੰਗਲਾਦੇਸ਼ ਦੇ ਰੂਪ ਵਿੱਚ ਹੋਂਦ ਵਿੱਚ ਆਇਆ। ਪੂਰਬੀ ਪਾਕਿਸਤਾਨ ਵਿੱਚ ਭਾਰਤ ਦੀ ਫ਼ੌਜੀ ਦਖ਼ਲ-ਅੰਦਾਜ਼ੀ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਪਾਕਿਸਤਾਨ ਨੇ ਭਾਰਤ ਦੀ ਪੱਛਮੀ ਸਰਹੱਦ ਉੱਤੇ ਲੜਾਈ ਛੇੜੀ ਸੀ। ਉਸ ਨੂੰ ਆਸ ਅਨੁਸਾਰ ਅਮਰੀਕਾ ਅਤੇ ਚੀਨ ਤੋਂ ਮਦਦ ਨਾ ਪਹੁੰਚ ਸਕੀ ਅਤੇ ਭਾਰਤ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ। ਉਸ ਦਿਨ ਤੋਂ ਪਾਕਿਸਤਾਨ ਅੰਦਰੋ-ਅੰਦਰੀ ਔਖ ਮਹਿਸੂਸ ਕਰ ਰਿਹਾ ਹੈ ਅਤੇ ਭਾਰਤ ਨਾਲ ਪਿਛਲਾ ਹਿਸਾਬ ਚੁਕਤਾ ਕਰਨ ਲਈ ਮੌਕੇ ਦੀ ਤਾਕ ਵਿੱਚ ਹੈ। ਉਸ ਨੂੰ ਪੂਰਬੀ ਪਾਕਿਸਤਾਨ ਹੱਥੋਂ ਨਿਕਲਣ ਦੀ ਵੀ ਤਕਲੀਫ਼ ਹੈ ਅਤੇ ਕਸ਼ਮੀਰ ਜਿੱਤਣ ਦੇ ਸੁਪਨੇ ਵੀ ਉਹ ਸ਼ੁਰੂ ਤੋਂ ਲੈ ਰਿਹਾ ਹੈ। ਇਸ ਲਈ ਪਾਕਿਸਤਾਨ ਅਮਰੀਕਾ ਕੋਲੋਂ ਵੱਡੀ ਪੱਧਰ ਉੱਤੇ ਫ਼ੌਜੀ ਸਹਾਇਤਾ ਅਤੇ ਨਵੀਨ ਕਿਸਮ ਦੇ ਅਸਤਰ-ਸ਼ਸਤਰ ਗ੍ਰਹਿਣ ਕਰਨ ਦੀ ਦੌੜ ਵਿੱਚ ਰੁੱਝਾ ਹੋਇਆ ਹੈ। ਚੀਨ ਨਾਲ ਵੀ ਉਸ ਦੇ ਸੰਬੰਧ ਭਾਰਤ ਨਾਲੋਂ ਜ਼ਿਆਦਾ ਚੰਗੇ ਹਨ ਅਤੇ ਉਹ ਭਾਰਤ ਨੂੰ ਕਮਜ਼ੋਰ ਕਰਨ ਲਈ ਦੇਸ਼ ਅੰਦਰ ਫ਼ਿਰਕੂ ਗੜਬੜ ਵੀ ਪੈਦਾ ਕਰਨਾ ਚਾਹੁੰਦਾ ਹੈ। ਉਸ ਦੇ ਮਨਸੂਬਿਆਂ ਵਿੱਚ ਅਮਰੀਕਾ ਅਤੇ ਚੀਨ ਉਸ ਦੀ ਪਿੱਠ ਠੋਕਦੇ ਹਨ।
ਭਾਰਤ ਦੇ ਚੀਨ ਨਾਲ ਸੰਬੰਧ : ਭਾਰਤ ਦੀ ਉੱਤਰ-ਪੂਰਬੀ ਸਰਹੱਦੋਂ ਪਾਰ ਇਸ ਦਾ ਦੂਜਾ ਵੱਡਾ ਤੇ ਤਾਕਤਵਰ ਗੁਆਂਢੀ ਚੀਨ ਹੈ। ਚੀਨ ਸੰਸਾਰ ਦੀਆਂ ਪੰਜ ਵੱਡੀਆਂ ਤਾਕਤਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ। ਸੰਨ 1949 ਵਿੱਚ ਚੀਨ ਵਿੱਚ ਕਮਿਊਨਿਸਟ ਸਰਕਾਰ ਨੇ ਦੇਸ਼ ਦੀ ਵਾਗਡੋਰ ਸੰਭਾਲੀ। ਇਸ ਨੇ 1950 ਵਿੱਚ ਆਪਣੀ ਫੌਜੀ ਤਾਕਤ ਨਾਲ ਕੋਰੀਆ ਦੀ ਜੰਗ ਵਿੱਚ ਦਖਲ ਦਿੱਤਾ ਜਿਸ ਦੇ ਫਲਸਰੂਪ ਅਮਰੀਕਾ ਦੀ ਸਾਖ਼ ਨੂੰ ਧੱਕਾ ਲੱਗਾ। ਇਸ ਦੇ ਸਿੱਟੇ ਵਜੋਂ ਅਮਰੀਕਾ ਨੇ ਕਮਿਊਨਿਸਟ ਚੀਨ ਨੂੰ ਸੰਯੁਕਤ ਰਾਸ਼ਟਰ ਦਾ ਮੈਂਬਰ ਨਾ ਬਣਨ ਦਿੱਤਾ ਅਤੇ ਤੈਵਾਨ ਟਾਪੂ ਵਿੱਚ ਕਾਇਮ ਚੀਨੀ ਰਾਸ਼ਟਰਵਾਦੀ ਸਰਕਾਰ ਸੰਯੁਕਤ ਰਾਸ਼ਟਰ ਵਿੱਚ ਵੱਡੀ ਤਾਕਤ ਵਜੋਂ ਚੀਨ ਦੀ ਪ੍ਰਤੀਨਿਧਤਾ ਕਰਦੀ ਰਹੀ। ਪੰਡਤ ਜਵਾਹਰ ਲਾਲ ਦੇ ਦੌਰ ਵਿੱਚ ਭਾਰਤ ਤੇ ਚੀਨ ਦੇ ਸੰਬੰਧ ਬਹੁਤ ਡੂੰਘੇ ਹੋ ਗਏ ਸਨ ਅਤੇ ਉਸ ਵਕਤ ਭਾਰਤ ਨੇ ਕਮਿਊਨਿਸਟ ਚੀਨ ਨੂੰ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਾਉਣ ਲਈ ਬਹੁਤ ਹਮਾਇਤ ਕੀਤੀ ਸੀ ਪਰ ਚੀਨ ਵੱਲੋਂ ਤਿੱਬਤ ਹੜੱਪ ਕਰਨ ਕਰਕੇ ਭਾਰਤ-ਚੀਨ ਸੰਬੰਧਾਂ ਵਿੱਚ ਸਖ਼ਤ ਤਰੇੜ ਆ ਗਈ। ਭਾਰਤ ਨੇ ਦਲਾਈ ਲਾਮਾ ਨੂੰ ਆਪਣੇ ਦੇਸ਼ ਵਿੱਚ ਸ਼ਰਨ ਦਿੱਤੀ। ਇਸ ਪਿੱਛੋਂ ਚੀਨ ਨੇ ਹਿਮਾਲਿਆ ਦੇ ਇਲਾਕੇ ਵਿੱਚ ਫ਼ੌਜੀ ਕਾਰਵਾਈ ਕਰ ਕੇ ਭਾਰਤ ਦੀ ਭੂਮੀ ਉੱਤੇ ਵੀ ਕਬਜ਼ਾ ਕਰ ਲਿਆ ਅਤੇ ਇਸ ਤਣਾਅ ਪਿੱਛੋਂ ਚੀਨ ਨੇ ਪਾਕਿਸਤਾਨ ਨਾਲ ਮਿੱਤਰਤਾ ਵਧਾ ਲਈ ਅਤੇ ਚੀਨ ਦੀ ਸ਼ਹਿ ‘ਤੇ ਪਾਕਿਸਤਾਨ ਨੇ 1965 ਵਿੱਚ ਭਾਰਤ ਉੱਤੇ ਵੀ ਹਮਲਾ ਕੀਤਾ। ਚੀਨ ਦੀ ਪਾਕਿਸਤਾਨ ਨਾਲ ਦੋਸਤੀ ਦਾ ਲਾਭ ਉਠਾਉਂਦਿਆਂ ਅਮਰੀਕਾ ਦੇ ਹੈਨਰੀ ਕਲਿੰਜਰ ਨੇ ਅਮਰੀਕਾ-ਚੀਨ ਗੱਲਬਾਤ ਸ਼ੁਰੂ ਕਰਵਾਈ ਅਤੇ ਇਸ ਦੇ ਨਤੀਜੇ ਦੇ ਤੌਰ ‘ਤੇ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਇਸ ਹੱਦ ਤਕ ਸੁਧਾਰ ਹੋ ਗਿਆ ਕਿ ਕੁਝ ਵਰ੍ਹੇ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਨਿਕਸਨ ਨੇ ਬੀਜਿੰਗ ਦਾ ਦੌਰਾ ਕੀਤਾ ਸੀ ਅਤੇ ਇਸ ਕਰਕੇ ਚੀਨ ਦੇ ਰੂਸ ਨਾਲ ਸੰਬੰਧਾਂ ਉੱਤੇ ਕਾਫ਼ੀ ਮਾੜਾ ਅਸਰ ਪਿਆ ਸੀ। ਇਸ ਲਈ ਪਾਕਿਸਤਾਨ ਅਤੇ ਚੀਨ ਅਤੇ ਵਿਸ਼ਵ ਦੇ ਹੋਰ ਵੱਡੇ ਤੇ ਛੋਟੇ ਵਿਕਸਤ ਤੇ ਵਿਕਾਸਸ਼ੀਲ ਦੇਸ਼ ਭਾਰਤ ਦੇ ਨਾਂ ਨੂੰ ਵੱਡੀਆਂ ਤਾਕਤਾਂ ਦੀ ਰਾਜਨੀਤਕ ਖੇਡ ਵਿੱਚ ਆਪਣੇ ਹਿਤਾਂ ਵਾਸਤੇ ਵਰਤਦੇ ਸਨ ਜਦੋਂ ਕਿ ਵੱਡੀਆਂ ਤਾਕਤਾਂ ਸੰਸਾਰ ਵਿੱਚ ਆਪਣਾ ਪ੍ਰਭਾਵ ਵਧਾਉਣ ਦੀ ਦੌੜ ਵਿੱਚ ਰੁੱਝੀਆਂ ਹੋਈਆਂ ਸਨ ਅਤੇ ਆਪੋ ਆਪਣੇ ਮਨੋਰਥਾਂ ਦੀ ਪੂਰਤੀ ਵਾਸਤੇ ਜਾਇਜ਼-ਨਜਾਇਜ਼ ਹਰ ਤਰ੍ਹਾਂ ਦੇ ਤੌਰ-ਤਰੀਕੇ ਵਰਤ ਰਹੀਆਂ ਸਨ, ਇੱਥੋਂ ਤਕ ਕਿ ਉਹਨਾਂ ਦੂਜੇ ਦੇਸ਼ਾਂ ਨੂੰ ਲੜਾਉਣ ਵਿੱਚ ਵੀ ਕਸਰ ਨਹੀਂ ਛੱਡੀ।
ਵੱਡੀਆਂ ਤਾਕਤਾਂ ਵਿੱਚ ਮੁਕਾਬਲਾ : ਅਮਰੀਕਾ ਅਤੇ ਰੂਸ ਵਿਚਕਾਰ ਵੱਧ ਤੋਂ ਵੱਧ ਤਾਕਤ ਦੇ ਪ੍ਰਭਾਵ ਗ੍ਰਹਿਣ ਕਰਨ ਦੀ ਦੌੜ ਦੇ ਪਰਿਣਾਮਸਰੂਪ ਹੀ ਨੈਟੋ, ਸੈਂਟੋ, ਸੀਟੋ ਅਤੇ ਵਾਰਸਾ ਸਮਝੌਤੇ ਵਰਗੇ ਗਠਬੰਧਨ ਹੋਂਦ ਵਿੱਚ ਆਏ ਹਨ। ਦੂਜੇ ਸੰਸਾਰ ਯੁੱਧ ਤੋਂ ਪਿੱਛੋਂ ਅਜ਼ਾਦ ਹੋਏ ਦੇਸ਼ਾਂ ਨੇ ਅਨੁਭਵ ਕੀਤਾ ਕਿ ਯੂਰਪੀ ਸ਼ਕਤੀਆਂ ਆਪੋ-ਆਪਣਾ ਪ੍ਰਭਾਵ ਵਧਾਉਣ ਦੇ ਉਦੇਸ਼ ਨਾਲ ਹੀ ਫ਼ੌਜੀ ਗੁੱਟਬੰਦੀ ਕਰਵਾ ਰਹੀਆਂ ਸਨ ਅਤੇ ਇਹ ਸਮਝੌਤੇ ਗ਼ੁਲਾਮੀ ਦਾ ਬਦਲਿਆ ਹੋਇਆ ਹੀ ਰੂਪ ਸਨ। ਉਹ ਵੱਡੀਆਂ ਤਾਕਤਾਂ ਨਾਲ ਉਲਝਣਾ ਵੀ ਨਹੀਂ ਸਨ ਚਾਹੁੰਦੇ ਅਤੇ ਇਸ ਦੇ ਸਿੱਟੇ ਵਜੋਂ ਨਿਰਪੱਖ ਦੇਸ਼ਾਂ ਦਾ ਤੀਜਾ ਸੰਸਾਰ ਹੋਂਦ ਵਿੱਚ ਆਇਆ। ਭਾਰਤ, ਮਿਸਰ ਅਤੇ ਯੋਗੋਸਲਾਵੀਆ ਇਸ ਨਿਰਪੱਖਤਾ ਅੰਦੋਲਨ ਦੇ ਮੋਢੀ ਸਨ। ਨਿਰਪੱਖਤਾ ਅੰਦੋਲਨ ਪੂਰਬ ਤੇ ਪੱਛਮ ਦੇ ਦੇਸ਼ਾਂ ਵਿਚਕਾਰ ਮਿੱਤਰਤਾ ਕਾਇਮ ਕਰਨ ਦੇ ਨਾਲ-ਨਾਲ ਆਪੋ-ਆਪਣੀ ਸੁਤੰਤਰ ਹੋਂਦ ਕਾਇਮ ਰੱਖਣ ਦੇ ਅਭਿਲਾਸ਼ੀ ਸਨ। ਨਿਸ਼ਸਤਰੀਕਰਨ ਉਨ੍ਹਾਂ ਦਾ ਪ੍ਰਮੁੱਖ ਉਦੇਸ਼ ਸੀ ਅਤੇ ਪ੍ਰਮਾਣੂ ਝੱਖੜ ਤੋਂ ਸਾਰਾ ਸੰਸਾਰ ਬਚਣਾ ਚਾਹੁੰਦਾ ਸੀ। ਵੱਡੀਆਂ ਤਾਕਤਾਂ ਇਸ ਨਿਰਪੱਖਤਾ ਅੰਦੋਲਨ ਦੇ ਦੇਸ਼ਾਂ ਉੱਤੇ ਵੀ ਆਪੋ ਆਪਣਾ ਪ੍ਰਭਾਵ ਪਾਉਣਾ ਚਾਹੁੰਦੀਆਂ ਸਨ ਅਤੇ ਕਈ ਦੇਸ਼ ਇਸ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਅਤੇ ਵੱਡੀਆਂ ਤਾਕਤਾਂ ਵੱਲੋਂ ਪੜ੍ਹਾਈਆਂ ਪੱਟੀਆਂ ਅਨੁਸਾਰ ਬੋਲੀਆਂ ਬੋਲਣ ਲੱਗ ਗਏ। ਵੱਡੀਆਂ ਤਾਕਤਾਂ ਨਿਰਪੱਖ ਦੇਸ਼ਾਂ ਨੂੰ ਆਪਣੀ ਤਾਕਤ ਦੀ ਖੇਡ ਵਿੱਚ ਮੁਹਰੇ ਹੀ ਸਮਝਦੀਆਂ ਸਨ ਅਤੇ ਉਨ੍ਹਾਂ ਦਾ ਰਾਜਨੀਤਕ ਮਨੋਰਥਾਂ ਵਾਸਤੇ ਸ਼ੋਸ਼ਣ ਕਰਦੀਆਂ ਸਨ। ਇਹੋ ਕਾਰਨ ਹੈ ਕਿ ਭਾਰਤ ਤੇ ਅਮਰੀਕਾ ਦੇ ਪਰਸਪਰ ਸੰਬੰਧਾਂ ਵਿਚਕਾਰ ਪਾੜ ਵਧਿਆ ਹੈ ਅਤੇ ਭਾਰਤ ਰੂਸ ਦੇ ਵਧੇਰੇ ਨਜ਼ਦੀਕ ਹੋ ਗਿਆ ਹੈ। ਇਹ ਵੀ ਅਜੀਬ ਮੌਕਾ-ਮੇਲ ਹੈ ਕਿ ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੁੰਦਾ ਹੋਇਆ, ਅਮਰੀਕਾ ਤੋਂ ਦੂਰ ਹੋ ਕੇ ਰੂਸ ਵਰਗੇ ਕਮਿਊਨਿਸਟ ਦੇਸ਼ ਦੇ ਨੇੜੇ ਹੋ ਗਿਆ ਹੈ। ਅਮਰੀਕਾ ਭਾਰਤ ਨੂੰ ਫ਼ੌਜੀ ਗੁੱਟਬੰਦੀ ਵਿੱਚ ਸ਼ਾਮਲ ਕਰਨ ਤੋਂ ਅਸਫ਼ਲ ਰਿਹਾ ਅਤੇ ਉਸ ਨੇ ਭਾਰਤ ਦੇ ਗੁਆਂਢੀਆਂ ਪਾਕਿਸਤਾਨ ਤੇ ਚੀਨ ਦਾ ਸਮਰਥਨ ਕਰਨਾ ਪਸੰਦ ਕੀਤਾ ਕਿਉਂਕਿ ਇਨ੍ਹਾਂ ਦੋਹਾਂ ਦੇਸ਼ਾਂ ਦੇ ਭਾਰਤ ਨਾਲ ਸਨੇਹਪੂਰਨ ਸੰਬੰਧ ਨਹੀਂ ਸਨ। ਮਜਬੂਰੀ ਵਿੱਚ ਫਸਿਆ ਭਾਰਤ ਹਥਿਆਰਾਂ, ਦੋਸਤੀ ਤੇ ਸਮਰਥਨ ਲਈ ਸੋਵੀਅਤ ਰੂਸ ਵੱਲ ਝੁਕਿਆ। ਭਾਰਤ ਉੱਤੇ ਦਬਾਅ ਪਾਉਣ ਲਈ ਅਤੇ ਇਸ ਨੂੰ ਦੂਜਿਆਂ ਤੋਂ ਨਿਖੇੜਨ ਦੀ ਨੀਅਤ ਨਾਲ ਅਮਰੀਕਾ ਨੇ ਨੇਪਾਲ, ਬੰਗਲਾਦੇਸ਼ ਅਤੇ ਸ੍ਰੀਲੰਕਾ ਉੱਤੇ ਵੀ ਆਪਣਾ ਪ੍ਰਭਾਵ ਵਧਾਉਣ ਲਈ ਕਾਰਵਾਈਆਂ ਕੀਤੀਆਂ ਹਨ। ਅਮਰੀਕਾ ਦੇ ਇਸ ਵਿਰੋਧੀ ਰਵੱਈਏ ਕਰਕੇ ਭਾਰਤ ਦੇ ਗੁਆਂਢੀਆਂ ਨਾਲ ਜਿਹੜੀਆਂ ਸਧਾਰਨ ਸਮੱਸਿਆਵਾਂ ਆਪਸੀ ਗੱਲਬਾਤ ਨਾਲ ਹੱਲ ਹੋ ਸਕਦੀਆਂ ਸਨ, ਉਨ੍ਹਾਂ ਨੂੰ ਬੇਲੋੜਾ ਤੂਲ ਦਿੱਤਾ ਜਾ ਰਿਹਾ ਹੈ ਅਤੇ ਗੰਭੀਰ ਤੇ ਪੇਚੀਦਾ ਬਣਾਇਆ ਜਾ ਰਿਹਾ ਹੈ। ਅਮਰੀਕਾ ਨੂੰ ਭਾਰਤ ਦੇ ਪੱਛਮੀ ਏਸ਼ੀਆਈ ਦੇਸ਼ਾਂ, ਅਰਬ ਦੇਸ਼ਾਂ ਅਤੇ ਵੀਅਤਨਾਮ ਅਤੇ ਜਾਪਾਨ ਨਾਲ ਵਧਦੇ ਤੇ ਗਹਿਰੇ ਹੋ ਰਹੇ ਸੰਬੰਧ ਵੀ ਸੁਖਾਉਂਦੇ ਨਹੀਂ। ਅਮਰੀਕਾ ਅਤੇ ਚੀਨ ਪਾਕਿਸਤਾਨ ਨੂੰ ਪ੍ਰਮਾਣੂ ਤਕਨੀਕ ਦੇ ਵਿਕਾਸ ਲਈ ਵੀ ਸ਼ਹਿ ਦੇ ਰਹੇ ਹਨ ਤਾਂ ਜੋ ਭਾਰਤ ਦੇ ਸਿਰ ਉੱਤੇ ਹਊਆ ਬਣਿਆ ਰਹੇ। ਇਸੇ ਗੱਲ ਦਾ ਨਤੀਜਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੇ ਨੇਪਾਲ, ਸ੍ਰੀਲੰਕਾ ਤੇ ਬੰਗਲਾਦੇਸ਼ ਨਾਲ ਸੰਬੰਧ ਪਹਿਲਾਂ ਵਰਗੇ ਨਹੀਂ ਰਹੇ।
ਵੱਡੀਆਂ ਤਾਕਤਾਂ ਦਾ ਰਾਜਨੀਤੀ ‘ਤੇ ਪ੍ਰਭਾਵ : ਵੱਡੀਆਂ ਤਾਕਤਾਂ ਦੀ ਦੌੜ ਦਾ ਹੀ ਸਿੱਟਾ ਹੈ ਕਿ ਅਮਰੀਕਾ ਨੇ ਡੀਗੋ ਗਾਰਸ਼ੀਆ ਵਿਖੇ ਪ੍ਰਮਾਣੂ ਅੱਡਾ ਕਾਇਮ ਕੀਤਾ ਹੈ ਅਤੇ ਰੂਸ ਨੇ ਵੀ ਹਿੰਦ ਮਹਾਂਸਾਗਰ ਵਿੱਚ ਚੋਖੇ ਲੜਾਕੂ ਜਹਾਜ਼ ਤੈਨਾਤ ਕੀਤੇ ਹਨ। ਵੈਸੇ, ਅਮਰੀਕਾ ਨੂੰ ਰੂਸ ਦੇ ਅਫ਼ਗ਼ਾਨਿਸਤਾਨ ਉੱਤੇ ਕਬਜ਼ੇ ਅਤੇ ਭਾਰਤ ਨੂੰ ਵੇਚੇ ਗਏ ਹਥਿਆਰਾਂ ਉੱਤੇ ਵੀ ਚਿੰਤਾ ਹੈ। ਚੀਨ ਨੂੰ ਇਹ ਤੋਖਲਾ ਹੈ ਕਿ ਰੂਸ ਭਾਰਤ, ਅਫ਼ਗ਼ਾਨਿਸਤਾਨ ਅਤੇ ਵੀਅਤਨਾਮ ਦੇ ਸਹਿਯੋਗ ਨਾਲ ਉਸ ਦੀਆਂ ਸਾਰੀਆਂ ਸਰਹੱਦਾਂ ਰੋਕ ਸਕਦਾ ਹੈ। ਇਸ ਲਈ, ਚੀਨ, ਅਮਰੀਕਾ ਅਤੇ ਪਾਕਿਸਤਾਨ ਭਾਰਤ ਦਾ ਧਿਆਨ ਖਿੰਡਾਉਣ ਲਈ ਦੇਸ਼ ਅੰਦਰ ਗੜਬੜ ਕਰਵਾਉਣ ਦੇ ਯਤਨ ਕਰਦੇ ਰਹਿੰਦੇ ਹਨ। ਮੀਜ਼ੋ ਲੋਕਾਂ ਦਾ ਵਿਦਰੋਹ, ਆਸਾਮ ਅੰਦੋਲਨ ਅਤੇ ਪੰਜਾਬ ਵਿੱਚ ਕੁਝ ਦੇਰ ਤੋਂ ਚੱਲ ਰਹੀ ਤਸ਼ੱਦਦ ਦੀ ਲਹਿਰ ਪਿੱਛੇ ਵਿਦੇਸ਼ੀ ਤਾਕਤਾਂ ਦੇ ਹੱਥ ਦਾ ਹੀ ਸੰਦੇਹ ਕੀਤਾ ਜਾਂਦਾ ਹੈ। ਜੰਮੂ ਤੇ ਕਸ਼ਮੀਰ ਦੀ ਸਮੱਸਿਆ, ਭਾਰਤ ਦੇ ਕਈ ਹਿੱਸਿਆਂ ਵਿੱਚ ਹੋਏ ਫ਼ਿਰਕੂ ਫ਼ਸਾਦ ਅਤੇ ਭਾਰਤ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਮਾਲੀ ਸਹਾਇਤਾ ਦੇਣ ਤੋਂ ਇਨਕਾਰ ਨੂੰ ਵੀ ਵੱਡੀਆਂ ਤਾਕਤਾਂ ਦੀ ਰਾਜਨੀਤੀ ਨਾਲ ਜੋੜਿਆ ਜਾ ਸਕਦਾ ਹੈ।
ਭਾਰਤ ਦਾ ਫ਼ਰਜ਼ : ਨਿਸਚੇ ਹੀ, ਭਾਰਤ ਨਿਰਪੱਖ ਰਹਿ ਕੇ ਆਪਣੇ ਸਰੋਤ ਦੇਸ਼ ਦੇ ਆਰਥਿਕ ਤੇ ਸਮਾਜਕ ਵਿਕਾਸ ਉੱਤੇ ਖ਼ਰਚ ਕਰਨਾ ਚਾਹੁੰਦਾ ਹੈ ਅਤੇ ਪ੍ਰਮਾਣੂ ਸ਼ਕਤੀ ਨੂੰ ਜਨ-ਕਲਿਆਣ ਲਈ ਵਰਤਣ ਵਾਸਤੇ ਵਚਨਬੱਧ ਹੈ ਪਰ ਵੱਡੀਆਂ ਤਾਕਤਾਂ ਦੇ ਭੇੜ ਕਰਕੇ ਉਸ ਨੂੰ ਛੋਟੇ ਗੁਆਂਢੀ ਦੇਸ਼ਾਂ ਦਾ ਪੂਰਾ ਮਿਲਵਰਤਨ ਤੇ ਸਨੇਹ ਪ੍ਰਾਪਤ ਨਹੀਂ ਹੋ ਰਿਹਾ ਸਗੋਂ ਇੱਕ ਤਣਾਅ ਦੀ ਸਥਿਤੀ ਬਣੀ ਹੋਈ ਹੈ।
ਭਾਰਤ ਨੇ ਮਈ 1998 ਦੇ ਦੂਜੇ ਹਫ਼ਤੇ ਪੰਜ ਪ੍ਰਮਾਣੂ ਟੈਸਟ ਕੀਤੇ ਹਨ। ਪਰ ਭਾਰਤ ਆਪ ਸੁਤੰਤਰ ਰਹਿਣਾ ਚਾਹੁੰਦਾ ਹੈ ਅਤੇ ਦੂਜੇ ਦੇਸ਼ਾਂ ਦੀ ਅਜ਼ਾਦੀ ਦੀ ਕਦਰ ਕਰਦਾ ਹੈ। ਭਾਰਤ ਵੱਡੀਆਂ ਤਾਕਤਾਂ ਵਾਂਗ ਦੂਜਿਆਂ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਚਲਾਉਣ ਦੀ ਨੀਤੀ ਦੀ ਨਿਖੇਧੀ ਕਰਦਾ ਹੈ ਅਤੇ ਨਿਰਪੱਖਤਾ ਅੰਦੋਲਨ ਦੇ ਮੋਢੀ ਵਜੋਂ ਆਪਣੀ ਭੂਮਿਕਾ ਨੂੰ ਨਿਭਾਉਣ ਅਤੇ ਸੰਸਾਰ ਅਮਨ ਦੇ ਹਿਤ ਵਿੱਚ ਪੂਰਾ ਤ੍ਰਾਣ ਲਾਉਣ ਲਈ ਸੁਦ੍ਰਿੜ ਹੈ।