ਲੇਖ ਰਚਨਾ : ਗੁਲਾਮੀ
ਗੁਲਾਮੀ ਜੀਵਨ ਦਾ ਸਭ ਤੋਂ ਵੱਡਾ ਦੁੱਖ ਹੈ ਅਤੇ ਅਜ਼ਾਦੀ ਪਰਮ ਸੁੱਖ ਹੈ। ਗੁਲਾਮ ਮਨੁੱਖ ਨੂੰ ਨੀਂਦ ਵਿੱਚ ਵੀ ਅਰਾਮ ਨਹੀਂ ਮਿਲਦਾ। ਸੋਨੇ ਦੇ ਪਿੰਜਰੇ ਵਿੱਚ ਬੰਦ ਪਿਆ ਪੰਛੀ ਖੁਸ਼ ਨਹੀਂ ਰਹਿ ਸਕਦਾ। ਲੌਕਮਾਨਯ ਬਾਲ ਗੰਗਾਧਰ ਤਿਲਕ ਨੇ ਕਿਹਾ ਸੀ ਕਿ ਅਜ਼ਾਦੀ ਸਾਡਾ ਜਨਮ-ਸਿੱਧ ਅਧਿਕਾਰ ਹੈ। ਅੰਗਰੇਜ਼ੀ ਵਿੱਚ ਵੀ ਇੱਕ ਕਹਾਵਤ ਹੈ ਕਿ ਸਵਰਗ ਵਿੱਚ ਦਾਸ ਬਣ ਕੇ ਰਹਿਣ ਨਾਲੋਂ ਨਰਕ ਵਿੱਚ ਰਾਜ ਕਰਨਾ ਵਧੇਰੇ ਉੱਤਮ ਹੈ। ਇੱਥੇ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਮਨੁੱਖ ਕੋਲ ਚਾਹੇ ਜੀਵਨ ਦੇ ਸਾਰੇ ਸੁਖ ਕਿਉਂ ਨਾ ਹੋਣ, ਪਰ ਜੇ ਉਹ ਗੁਲਾਮ ਹੈ ਤਾਂ ਸੁੱਖੀ ਨਹੀਂ ਰਹਿ ਸਕਦਾ।
ਗੁਲਾਮ ਮਨੁੱਖ ਦਾ ਜੀਵਨ ਦੂਸਰਿਆਂ ਦਾ ਮੂੰਹ ਦੇਖਦਿਆਂ ਹੀ ਬਤੀਤ ਹੋ ਜਾਂਦਾ ਹੈ। ਦੂਜਿਆਂ ਦੀ ਆਗਿਆ ਦਾ ਪਾਲਣ ਕਰਨਾ ਉਸ ਦੀ ਮਜ਼ਬੂਰੀ ਹੁੰਦੀ ਹੈ। ਉਹ ਆਤਮ-ਸਨਮਾਨ ਤੇ ਸ੍ਵੈ-ਮਾਣ ਤੋਂ ਸੱਖਣਾ ਹੋ ਜਾਂਦਾ ਹੈ। ਉਸ ਦਾ ਜੀਵਨ ਪਸ਼ੂ ਸਮਾਨ ਹੋ ਜਾਂਦਾ ਹੈ। ਉਸ ਨੂੰ ਆਪਣੇ ਮਾਲਕ ਦੀ ਹਰ ਗਲਤ ਤੇ ਸਹੀ ਆਗਿਆ ਦਾ ਪਾਲਣ ਕਰਨਾ ਪੈਂਦਾ ਹੈ। ਉਸ ਦੀ ਆਤਮਾ ਮਰ ਜਾਂਦੀ ਹੈ। ਗੁਲਾਮ ਮਨੁੱਖ ਦੇ ਵਿਅਕਤਿਤਵ ਦਾ ਵਿਕਾਸ ਰੁੱਕ ਜਾਂਦਾ ਹੈ ਅਤੇ ਉਹ ਆਪਣੀਆਂ ਹੀ ਨਜ਼ਰਾਂ ਵਿੱਚ ਡਿੱਗ ਜਾਂਦਾ ਹੈ।
ਸੋ ਭਾਰਤ ਦੇ ਇਤਿਹਾਸ ਵਿੱਚ ਹੀ ਮੁਗਲਾਂ ਅਤੇ ਅੰਗਰੇਜ਼ਾਂ ਦੀ ਗੁਲਾਮੀ ਵਿੱਚ ਰਾਜੇ ਮਹਾਂਰਾਜਿਆਂ ਨੂੰ ਵੀ ਅਪਮਾਨ ਦਾ ਜੀਵਨ ਬਿਤਾਉਣਾ ਪਿਆ। ਉਨ੍ਹਾਂ ਦੀਆਂ ਗਲਤ ਨੀਤੀਆਂ ਦਾ ਸਮਰਥਨ ਕਰਨਾ ਪਿਆ। ਅੰਗਰੇਜ਼ੀ ਰਾਜ ਵਿੱਚ ਭਾਰਤੀਆਂ ਨੂੰ ਜਿਸ ਤਰਾਂ ਦਾ ਅਪਮਾਨ ਭਰਿਆ ਜੀਵਨ ਜਿਉਣਾ ਪਿਆ, ਉਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਗੁਲਾਮੀ ਤੋਂ ਵੱਡਾ ਕੋਈ ਕਲੰਕ ਨਹੀਂ। ਉਹ ਭਾਰਤ ਜੋ ਕਦੇ ਸੋਨੇ ਦੀ ਚਿੜੀ ਅਖਵਾਉਂਦਾ ਸੀ, ਗੁਲਾਮ ਜੁਗ ਵਿੱਚ ਹੀਣ ਬਣ ਕੇ ਰਹਿ ਗਿਆ। ਪਰ, ਭਾਰਤਵਾਸੀ ਆਪਣੀ ਅਜ਼ਾਦੀ ਲਈ ਸੰਘਰਸ਼ ਕਰਦੇ ਰਹੇ, ਉਹ ਚੈਨ ਨਾਲ ਨਹੀਂ ਬੈਠੇ।
ਗੁਲਾਮੀ ਦੇ ਕਈ ਰੂਪ ਹਨ—ਰਾਜਨੀਤਕ, ਮਾਨਸਿਕ, ਆਰਥਿਕ ਆਦਿ। ਇਨ੍ਹਾਂ ਵਿੱਚੋਂ ਕੋਈ ਵੀ ਗੁਲਾਮੀ ਹੋਵੇ, ਉਹ ਮਨੁੱਖ ਜਾਂ ਦੇਸ਼ ਨੂੰ ਕਮਜ਼ੋਰ, ਇੱਜ਼ਤਹੀਣ ਤੇ ਸ੍ਵੈ-ਮਾਣ ਤੋਂ ਸੱਖਣਾ ਬਣਾ ਦਿੰਦੀ ਹੈ ਕਿਉਂਕਿ ਅਜ਼ਾਦੀ ਮਨੁੱਖ ਦੀ ਸਹਿਜ ਪ੍ਰਵਿਰਤੀ ਹੈ। ਸੱਚ ਤਾਂ ਇਹ ਹੈ ਕਿ ਅਜ਼ਾਦੀ ਵਿੱਚ ਮਨੁੱਖ ਦੇ ਸਾਹਾਂ ਉੱਤੇ ਕੋਈ ਬੰਧਨ ਨਹੀਂ ਹੁੰਦਾ। ਸਭ ਨੂੰ ਆਪਣੇ ਢੰਗ ਨਾਲ ਜੀਉਂਣ ਦਾ ਹੱਕ ਹੈ, ਜਦੋਂ ਕੋਈ ਉਸ ਹੱਕ ਨੂੰ ਖੋਹਣਾ ਚਾਹੁੰਦਾ ਹੈ ਤਾਂ ਮਨੁੱਖ ਬੇਚੈਨ ਹੋ ਜਾਂਦਾ ਹੈ। ਉਹ ਆਪਣੀ ਅਜ਼ਾਦੀ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਨੂੰ ਤਿਆਰ ਹੋ ਜਾਂਦਾ ਹੈ।
ਸਾਡਾ ਫ਼ਰਜ਼ ਬਣਦਾ ਹੈ ਕਿ ਦੇਸ਼ ਦੀ ਅਜ਼ਾਦੀ ਦੇ ਨਾਲ-ਨਾਲ ਮਨੁੱਖਾਂ ਦੀ ਅਜ਼ਾਦੀ ਲਈ ਵੀ ਆਪਣੀ ਅਵਾਜ਼ ਬੁਲੰਦ ਰੱਖੀਏ। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਜ਼ਾਦੀ ਗਵਾ ਕੇ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ।