ਲੇਖ ਰਚਨਾ : ਨੌਜਵਾਨ ਪੀੜ੍ਹੀ ਤੇ ਨਸ਼ਿਆਂ ਦੀ ਵਰਤੋਂ
ਹਰ ਰੋਜ਼ ਦੀਆਂ ਖ਼ਬਰਾਂ ਵਿੱਚ ਇੱਕ ਖ਼ਬਰ ਇਹ ਜ਼ਰੂਰ ਹੁੰਦੀ ਹੈ ਕਿ ਕੁਝ ਨੌਜਵਾਨ ਅਫ਼ੀਮ, ਗਾਂਜਾ, ਚਰਸ ਸਮੇਤ ਪਕੜੇ ਗਏ। ਸੰਯੁਕਤ ਰਾਸ਼ਟਰ ਦੇ ਦਫ਼ਤਰ ਵੱਲੋਂ ਜਾਰੀ ਕੀਤੀ ‘ਵਿਸ਼ਵ ਨਸ਼ਾ ਰਿਪੋਰਟ’ ਨੇ ਵੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਫ਼ਗਾਨਿਸਤਾਨ ਤੋਂ ਨਸ਼ੀਲੇ ਪਦਾਰਥ ਭਾਰਤ ਵਿੱਚ ਆ ਰਹੇ ਹਨ ਅਤੇ ਅਫ਼ੀਮ ਦੀ ਖਪਤ ਦੇ ਮਾਮਲੇ ਵਿੱਚ ਭਾਰਤ ਦੁਨੀਆ ਭਰ ਵਿੱਚੋਂ ਪਹਿਲੇ ਨੰਬਰ ‘ਤੇ ਆਉਂਦਾ ਹੈ।
ਅਸੀਂ ਜਾਣਦੇ ਹਾਂ ਕਿ ਨਸ਼ਾ ਕਰਨ ਵਾਲੇ ਤੇ ਨਸ਼ਾ ਵੇਚਣ ਵਾਲੇ, ਦੋਹਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਦੋਹਾਂ ਦਾ ਕੁਝ ਨਹੀਂ ਰਹਿੰਦਾ—ਨਾ ਆਦਰ-ਸਤਿਕਾਰ ਤੇ ਨਾ ਮਾਣ। ਜੀਵਨ ਦਾ ਸੁਨਹਿਰਾ-ਪੜਾਅ ਜਵਾਨੀ ਜੇਲ੍ਹ ਵਿੱਚ ਬੀਤ ਜਾਂਦੀ ਹੈ। ਇਹੋ ਜਿਹੇ ਨਸ਼ਈਆਂ ਦਾ ਜੀਵਨ ਉਸ ਸਮੇਂ ਹੋਰ ਵੀ ਦੁੱਖਦਾਈ ਹੋ ਜਾਂਦਾ ਹੈ ਜਦੋਂ ਸ਼ਹਿਰ ਵਿੱਚ ਕਿਧਰੇ ਵੀ ਕੋਈ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਇਨ੍ਹਾਂ ਨੂੰ ਪਕੜ ਕੇ ਲੈ ਜਾਂਦੀ ਹੈ। ਕੁਟਾਪਾ ਫੇਰਦੀ ਹੈ, ਕਦੀ-ਕਦੀ ਨਾ ਕੀਤੇ ਜ਼ੁਰਮ ਨੂੰ ਵੀ ਮੰਨਵਾ ਲੈਂਦੀ ਹੈ। ਇਸ ਤਰ੍ਹਾਂ ਕੁਝ ਨਸ਼ਈ ਜੇਲ੍ਹਾਂ ਵਿੱਚ ਹੀ ਗਲ-ਸੜ ਜਾਂਦੇ ਹਨ।
ਨਸ਼ੇ ਕਰਨ ਵਾਲਿਆਂ ਦਾ ਸਰੀਰਕ ਪੱਖੋਂ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ। ਨਸ਼ੇ ਕਾਰਨ ਫੇਫੜੇ ਖ਼ਤਮ ਹੋਣੇ ਸ਼ੁਰੂ ਹੋ ਜਾਂਦੇ ਹਨ, ਗੁਰਦੇ ਪੂਰੀ ਤਰ੍ਹਾਂ ਕੰਮ ਨਹੀਂ ਕਰਦੇ ਅਤੇ ਕਈ ਤਰ੍ਹਾਂ ਦੇ ਚਮੜੀ ਰੋਗ ਲੱਗ ਜਾਂਦੇ ਹਨ। ਜਿਗਰ ਰੋਗੀ ਹੋ ਜਾਂਦਾ ਹੈ, ਨਾੜੀਆਂ ਸੁੰਗੜ ਜਾਂਦੀਆਂ ਹਨ, ਬਲੱਡ ਪ੍ਰੈਸ਼ਰ ਦਾ ਵੱਧਣਾ-ਘਟਣਾ ਸ਼ੁਰੂ ਹੋ ਜਾਂਦਾ ਹੈ। ਸੋਚਣ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਨਸ਼ਈ ਔਰਤਾਂ ਦਾ ਗਰਭਪਾਤ ਹੋ ਜਾਂਦਾ ਹੈ ਜਾਂ ਅਸਾਧਾਰਨ ਬੱਚੇ ਪੈਦਾ ਕਰਦੀਆਂ ਹਨ। ਕਈ ਵਾਰ ਬੱਚਿਆਂ ਦੇ ਵੀ ਨਰੋਏ ਬੱਚੇ ਪੈਦਾ ਨਹੀਂ ਹੁੰਦੇ।
ਇਸ ਤੋਂ ਇਲਾਵਾ ਝੂਠ ਬੋਲਣਾ, ਝੂਠੀਆਂ ਸਹੁੰਆਂ ਚੁਕਣੀਆਂ, ਚੋਰੀਆਂ ਕਰਨੀਆਂ ਆਦਿ ਇਨ੍ਹਾਂ ਦਾ ਨਿਤ ਦਾ ਵਿਹਾਰ ਬਣ ਜਾਂਦਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਨਸ਼ਾ ਕਰਨ ਵਾਲਿਆਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਭਾਵੇਂ ਇਨ੍ਹਾਂ ਵਿੱਚ ਅਮੀਰ ਘਰਾਂ ਦੇ ਬੱਚੇ ਜ਼ਿਆਦਾ ਹਨ। ਆਪਣੀ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਇਹ ਮਾਂ-ਬਾਪ ਦਾ ਪੈਸਾ ਬਰਬਾਦ ਕਰ ਰਹੇ ਹਨ ਅਤੇ ਕਦੀ-ਕਦੀ ਇਹ ਲੁੱਟਾਂ-ਖੋਹਾਂ ਤੇ ਚੋਰੀਆਂ ਵਿੱਚ ਵੀ ਸ਼ਾਮਲ ਹੁੰਦੇ ਹਨ।
ਨਸ਼ਾ ਕਰਨ ਦੇ ਕਈ ਕਾਰਨ ਹਨ। ਜਿਨ੍ਹਾਂ ਨੌਜਵਾਨਾਂ ਕੋਲ ਅਣਕਮਾਇਆ ਜਾਂ ਵਾਧੂ ਪੈਸਾ ਹੁੰਦਾ ਹੈ ਇਹੋ ਜਿਹੇ ਨਸ਼ਈ ਅਮੀਰ ਘਰਾਣਿਆਂ ਨਾਲ ਸੰਬੰਧਤ ਹੁੰਦੇ ਹਨ। ਭੈੜੀ ਸੰਗਤ ਕਾਰਨ ਵੀ ਨਸ਼ਾ ਕਰਨ ਲੱਗ ਪੈਂਦੇ ਹਨ। ਮਾਂ-ਬਾਪ ਦੀ ਅਣਗਹਿਲੀ ਵੀ ਬੱਚਿਆਂ ਨੂੰ ਨਸ਼ਾ ਕਰਨ ਦੀ ਆਦਤ ਪਵਾ ਦਿੰਦੀ ਹੈ।
ਜੇ ਅਸੀਂ ਚਾਹੁੰਦੇ ਹਾਂ ਕਿ ਇਹ ਨੌਜਵਾਨ ਜੋ ਨਸ਼ਿਆਂ ਵਿੱਚ ਆਪਣੀਆਂ ਜਿੰਦਗੀਆਂ ਬਰਬਾਦ ਕਰ ਰਹੇ ਹਨ, ਇਨ੍ਹਾਂ ਨੂੰ ਸਿੱਧੇ ਰਸਤੇ ਪਾਉਣਾ ਹੈ ਤਾਂ ਸਮਾਜ ਤੇ ਸਰਕਾਰ ਨੂੰ ਮਿਲ ਕੇ ਕਦਮ ਉਠਾਉਣੇ ਪੈਣਗੇ। ਨਸ਼ਿਆਂ ਦੇ ਵਿਰੋਧ ਵਿੱਚ ਸਕੂਲ, ਕਾਲਜਾਂ, ਯੂਨੀਵਰਸਿਟੀਆਂ, ਜਨਤਕ ਅਦਾਰਿਆਂ ਵਿੱਚ ਜਾਗਰੂਕਤਾ ਲਹਿਰ ਚਲਾਣੀ ਹੋਵੇਗੀ। ਵਿਦਿਅਕ ਸੰਸਥਾਵਾਂ ਦੇ ਨੇੜੇ ਸ਼ਰਾਬ ਦੀਆਂ ਦੁਕਾਨਾਂ ਜਾਂ ਤੰਬਾਕੂ ਦੇ ਖੋਖੇ ਨਹੀਂ ਹੋਣੇ ਚਾਹੀਦੇ। ਕੈਮਿਸਟ ਦੀਆਂ ਦੁਕਾਨਾਂ ਤੋਂ ਬਿਨਾਂ ਪਰਚੀ ਦਵਾਈ ਦੇਣ ’ਤੇ ਪਾਬੰਦੀ ਲਗਾਈ ਜਾਵੇ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਉਪਰਾਲੇ ਕੀਤੇ ਜਾਣ। ਫ਼ਿਲਮਾਂ ਤੇ ਟੀ.ਵੀ. ਸੀਰੀਅਲਾਂ ਵਿੱਚ ਨਸ਼ਿਆਂ ਦੀ ਵਰਤੋਂ ਉੱਪਰ ਪਾਬੰਦੀ ਲਗਾਉਣੀ ਚਾਹੀਦੀ ਹੈ।
ਮਾਂ-ਬਾਪ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਬੱਚਿਆਂ ਨੂੰ ਲੋੜ ਤੋਂ ਵੱਧ ਪੈਸੇ ਨਾ ਦਿੱਤੇ ਜਾਣ। ਦਿੱਤੇ ਹੋਏ ਪੈਸਿਆਂ ਦਾ ਵੀ ਬੱਚਿਆਂ ਕੋਲੋਂ ਪੂਰਾ ਹਿਸਾਬ-ਕਿਤਾਬ ਲਿਆ ਜਾਵੇ। ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਇਕੱਠੇ ਬੈਠ ਕੇ ਉਨ੍ਹਾਂ ਦਾ ਹੱਲ ਲੱਭਣ ਦਾ ਜਤਨ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਕੰਮ, ਪੜ੍ਹਾਈ ਤੇ ਉਨ੍ਹਾਂ ਦੇ ਦੋਸਤਾਂ ਵਿੱਚ ਦਿਲਚਸਪੀ ਲੈਣੀ ਚਾਹੀਦੀ ਹੈ। ਸਭ ਤੋਂ ਖ਼ਾਸ ਗੱਲ, ਬੱਚਿਆਂ ਉੱਪਰ ਸਮੇਂ ਦੀ ਪਾਬੰਦੀ ਹੋਵੇ। ਬਾਹਰ ਘੁੰਮਣ ਜਾਣ ਤੇ ਆਣ ਦੇ ਸਮੇਂ ਨੂੰ ਨੋਟ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਵੀ ਦੇਖਿਆ ਜਾਵੇ ਕਿ ਉਹ ਕਿੱਥੇ ਜਾਂਦਾ ਹੈ। ਇਹੋ ਜਿਹੀਆਂ ਗੱਲਾਂ ਵੱਲ ਧਿਆਨ ਦੇ ਕੇ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਵਰਤੋਂ ਤੋਂ ਦੂਰ ਰੱਖ ਸਕਦੇ ਹਾਂ। ਸਰਕਾਰ ਵੀ ਨੌਜਵਾਨਾਂ ਵਿੱਚੋਂ ਇਸ ਕੁਰੀਤੀ ਨੂੰ ਦੂਰ ਕਰਨ ਲਈ ਕਈ ਉਪਰਾਲੇ ਕਰ ਸਕਦੀ ਹੈ। ਇਸ ਲਈ ਉਹ ਲੋਕਾਂ ਦਾ ਸਹਿਯੋਗ ਵੀ ਲੈ ਸਕਦੀ ਹੈ।