ਲੇਖ ਰਚਨਾ : ਨਸ਼ਾਬੰਦੀ


ਨਸ਼ਾਬੰਦੀ


ਨਸ਼ਾ : ਜਾਣ-ਪਛਾਣ : ਨਸ਼ੇ ਕਈ ਪ੍ਰਕਾਰ ਦੇ ਹੁੰਦੇ ਹਨ, ਜਿਵੇਂ ਕਿ ਸ਼ਰਾਬ, ਤਮਾਕੂ, ਪੋਸਤ, ਅਫ਼ੀਮ, ਚਰਸ ਤੇ ਭੰਗ ਆਦਿ। ਪਰ ਸ਼ਰਾਬ ਨੂੰ ਪ੍ਰਧਾਨ ਨਸ਼ਾ ਮੰਨਿਆ ਜਾਂਦਾ ਹੈ ਕਿਉਂਕਿ ਆਮ ਤੌਰ ‘ਤੇ ਲੋਕੀਂ ਸ਼ਰਾਬ ਹੀ ਪੀਂਦੇ ਹਨ। ਸ਼ਰਾਬ ਫ਼ਾਰਸੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਸ਼ਰਾਰਤੀ ਪਾਣੀ (ਸ਼ਰ+ਆਬ = ਸ਼ਰਾਰਤੀ + ਪਾਣੀ)। ਹੁਣ ਇਉਂ ਜਾਪਦਾ ਹੈ ਜਿਵੇਂ ਨਸ਼ਿਆਂ ਦੇ ਨਵੇਂ ਤਜਰਬੇ ਕੀਤੇ ਜਾ ਰਹੇ ਹੋਣ। ਨਿੱਤ ਨਵੇਂ ਨਸ਼ਿਆਂ ਦਾ ਹੋਂਦ ਵਿੱਚ ਆਉਣਾ ਅਤੇ ਪ੍ਰਚੱਲਤ ਨਸ਼ਿਆਂ ਦੇ ਸੇਵਨ ਵਿੱਚ ਵਾਧਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਮਨੁੱਖੀ ਜੀਵਨ ਵਿੱਚ ਨਸ਼ਿਆਂ ਦਾ ਬਹੁਤ ਦਖ਼ਲ ਹੈ। ਹੋਰ ਤਾਂ ਹੋਰ ਸਾਡੇ ਪੁਰਾਤਨ ਗ੍ਰੰਥਾਂ ਵਿੱਚ ‘ਸੋਮਰਸ` ਨਾਮੀ ਨਸ਼ੇ ਦਾ ਵਰਣਨ ਮਿਲਦਾ ਹੈ ਜਿਸ ਦਾ ਦੇਵਤੇ ਸੇਵਨ ਕਰਿਆ ਕਰਦੇ ਸਨ।

ਨਸ਼ਿਆਂ ਦੇ ਔਗੁਣ : ਨਸ਼ਿਆਂ ਦੇ ਕਈ ਔਗੁਣ ਪ੍ਰਤੱਖ ਹਨ। ਇੱਕ ਤਾਂ ਨਸ਼ੇ ਸਿਹਤ ਨੂੰ ਤਬਾਹ ਕਰ ਕੇ ਰੱਖ ਦੇਂਦੇ ਹਨ। ਸਿਹਤ ਦੇ ਕਮਜ਼ੋਰ ਹੋਣ ਨਾਲ ਮਨੁੱਖ ਦੀ ਕੰਮ ਕਰਨ ਦੀ ਸ਼ਕਤੀ ਘਟ ਜਾਂਦੀ ਹੈ। ਦੂਜੇ, ਨਸ਼ੇ ਕਾਰਣ ਸਰੂਰ ਵਿੱਚ ਆਇਆ ਹੋਇਆ ਵਿਅਕਤੀ, ਅਕਲ-ਰਹਿਤ ਹੋ ਕੇ ਭੈੜੀਆਂ ਵਾਦੀਆਂ; ਜਿਵੇਂ ਕਿ ਜੂਆਬਾਜ਼ੀ, ਰੰਡੀਬਾਜ਼ੀ, ਲੜਾਈ-ਝਗੜੇ ਤੇ ਖ਼ੂਨ-ਖਰਾਬੇ ਕਰਨ ਆਦਿ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਤਰ੍ਹਾਂ ਸਮਾਜ ਵਿੱਚ ਭੈੜੀ ਨਜ਼ਰ ਨਾਲ ਵੇਖਿਆ ਜਾਣ ਲੱਗ ਪੈਂਦਾ ਹੈ। ਤੀਜੇ, ਨਸ਼ੱਈ ਦੀ ਔਲਾਦ, ‘ਬਾਪ ਪਰ ਬੇਟਾ, ਤੁਖ਼ਮ ਪਰ ਘੋੜਾ, ਬਹੁਤਾ ਨਹੀਂ ਪਰ ਥੋੜ੍ਹਾ – ਥੋੜ੍ਹਾ‘ ਵਾਂਗ, ਵਿਗੜ ਕੇ ਰਹਿੰਦੀ ਹੈ; ਉਨ੍ਹਾਂ ਦਾ ਆਚਰਣ ਨਸ਼ਟ ਹੋ ਜਾਂਦਾ ਹੈ ; ਉਨ੍ਹਾਂ ਦੇ ਖ਼ਾਨਦਾਨ ਦਾ ਸਤਿਆਨਾਸ਼ ਹੋ ਜਾਂਦਾ ਹੈ। ਚੌਥੇ, ਇਸ ਮਹਿੰਗਾਈ ਦੇ ਸਮੇਂ ਵਿੱਚ ਨਸ਼ੇ ਦਾ ਵਾਧੂ ਖ਼ਰਚ ਘਰ ਦੀ ਆਰਥਿਕਤਾ ਦੀਆਂ ਜੜ੍ਹਾਂ ਖੋਖਲੀਆਂ ਕਰ ਕੇ ਰੱਖ ਦੇਂਦਾ ਹੈ। ਬੇਸ਼ੁਮਾਰ ਨਸ਼ੱਈ ਅਜਿਹੇ ਵੇਖਣ ਵਿੱਚ ਆਉਂਦੇ ਹਨ ਜਿਨ੍ਹਾਂ ਨਸ਼ੇ ਵਿੱਚ ਆਪਣਾ ਘਰ-ਘਾਟ ਤੇ ਗਹਿਣਾ-ਗੱਟਾ ਆਦਿ ਵੇਚ ਦਿੱਤਾ ਹੁੰਦਾ ਹੈ ; ਉਨ੍ਹਾਂ ਦੇ ਬੀਵੀ-ਬੱਚੇ ਗਲੀ-ਗਲੀ ਰੁਲਦੇ ਫਿਰਦੇ ਹਨ। ਪੰਜਵੇਂ, ਨਸ਼ੇ ਕਿਸੇ ਕੌਮ ਨੂੰ ਗ਼ੁਲਾਮ ਬਣਾਉਣ ਲਈ ਇੱਕ ਵਧੀਆ ਹਥਿਆਰ ਸਿੱਧ ਹੁੰਦੇ ਹਨ। ਨਿਰਸੰਦੇਹ ਅੰਗਰੇਜ਼ਾਂ ਨੇ ਨਸ਼ਿਆਂ ਦੀ ਖੁੱਲ੍ਹ ਦੇ ਕੇ ਭਾਰਤੀਆਂ ਨੂੰ ਢੇਰ ਚਿਰ ਗ਼ੁਲਾਮ ਰੱਖਿਆ ਹੈ।

ਨਸ਼ਾਬੰਦੀ ਲਈ ਕਾਨੂੰਨ : ਨਸ਼ਾਬੰਦੀ ਲਈ ਥਾਓਂ ਥਾਈਂ ਕਾਨੂੰਨ ਬਣਾਏ ਗਏ, ਕਿਤੇ ਸਫ਼ਲਤਾ ਹੋਈ ਤੇ ਕਿਤੇ ਅਸਫ਼ਲਤਾ। ਸਭ ਤੋਂ ਪਹਿਲਾਂ ਸ਼ਾਇਦ ਅਮਰੀਕਾ ਨੇ 1972 ਈ: ਵਿੱਚ ਸਾਰੇ ਦੇਸ਼ ਵਿੱਚ ਨਸ਼ਾਬੰਦੀ ਕਾਨੂੰਨੀ ਤੌਰ ‘ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ। ਲੋਕੀਂ ਚੋਰੀਂ-ਛੁਪੇ ਸ਼ਰਾਬ ਘਰਾਂ ਵਿੱਚ ਕੱਢਣ, ਪੀਣ ਤੇ ਵੇਚਣ ਲੱਗ ਪਏ। ਪਹਿਲਾਂ ਨਾਲੋਂ ਜ਼ਿਆਦਾ ਲੋਕ ਨਸ਼ੱਈ ਹੋ ਗਏ। ਦੂਜੇ ਪਾਸੇ ਚੀਨ ਅਫ਼ੀਮ ਨੂੰ ਬੰਦ ਕਰਨ ਵਿੱਚ ਕਾਫ਼ੀ ਹੱਦ ਤਕ ਸਫ਼ਲ ਹੋਇਆ। ਭਾਰਤ ਵਿੱਚ ਗਾਂਧੀ ਜੀ ਨੂੰ ਨਸ਼ਾਬੰਦੀ ਲਹਿਰ ਦਾ ਮੋਢੀ ਕਿਹਾ ਜਾ ਸਕਦਾ ਹੈ ਜਿਨ੍ਹਾਂ ਨੇ ਨਸ਼ਿਆਂ ਦੀ ਡਟ ਕੇ ਵਿਰੋਧਤਾ ਕੀਤੀ। ਜਦ 1937 ਈ: ਵਿੱਚ, ਅਜ਼ਾਦੀ ਮਾਪਤੀ ਤੋਂ ਪਹਿਲਾਂ ਕਝ ਪ੍ਰਾਂਤਾਂ ਵਿੱਚ ਕਾਂਗਰਸੀ ਵਜ਼ਾਰਤਾਂ ਬਣੀਆਂ ਤਾਂ ਕਾਂਗਰਸ ਨੇ ਨਸ਼ਾਬੰਦੀ ਲਾਗੂ ਕਰਨ ਦੀ ਮੁਹਿੰਮ ਸ਼ੁਰੂ ਕੀਤੀ। ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਮਦਰਾਸ ਵਿੱਚ ਸ੍ਰੀ ਰਾਜ ਗੁਪਾਲ ਅਚਾਰੀਆ ਨੇ ਸਾਰੇ ਪ੍ਰਾਂਤ ਵਿੱਚ ਪੂਰਨ ਤੌਰ ‘ਤੇ ਨਸ਼ਾਬੰਦੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਲੋਕਾਂ ਨੇ ਨਸ਼ਾਬੰਦੀ ਲਾਗੂ ਹੋਣ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਜੀਅ ਭਰ ਕੇ ਸ਼ਰਾਬ ਪੀਤੀ, ਅਗਲੇ ਦਿਨ ਸ਼ਰਾਬ ਨੂੰ ਸ਼ਰੇ-ਆਮ ਅਗਨੀ ਭੇਟ ਕੀਤਾ ਗਿਆ। ਹੋ ਸਕਦਾ ਸੀ ਕਿ ਇਹ ਨਸ਼ਾ-ਬੰਦੀ ਸਾਰੇ ਦੇਸ਼ ਵਿੱਚ ਸਫ਼ਲ ਹੋ ਜਾਂਦੀ ਪਰ ਅੰਗਰੇਜ਼ਾਂ ਨੇ ਇਸ ਵਿੱਚ ਆਪਣਾ ਨੁਕਸਾਨ ਮਹਿਸੂਸ ਕਰਦਿਆਂ ਹੋਇਆਂ ਕਾਂਗਰਸੀ ਨੇਤਾਵਾਂ ਨੂੰ ਕੈਦ ਕਰਨਾ ਸ਼ੁਰੂ ਕਰ ਦਿੱਤਾ। ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਵੀ ਭਾਰਤ ਸਰਕਾਰ ਨੇ ਇਸ ਕੰਮ ਵੱਲ ਵਿਸ਼ੇਸ਼ ਧਿਆਨ ਦਿੱਤਾ। 1955 ਵਿੱਚ ਨਸ਼ਾਬੰਦੀ ਕਮੇਟੀ ਬਣਾਈ ਗਈ ਜਿਸ ਨੇ 2 ਅਕਤੂਬਰ, 1956 ਈ: ਤੋਂ ਸਾਰੇ ਦੇਸ਼ ਵਿੱਚ ਨਸ਼ਾਬੰਦੀ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ। ਅੱਜ ਕਈ ਪ੍ਰਾਂਤਾਂ ਜਿਵੇਂ ਕਿ ਮੱਧ ਪ੍ਰਦੇਸ਼ ਤੇ ਗੁਜਰਾਤ ਆਦਿ ਵਿੱਚ ਨਸ਼ਾਬੰਦੀ ਲਾਗੂ ਹੈ ਪਰ ਕਈਆਂ ਵਿੱਚ ਅਜੇ ਨਹੀਂ। ਹਰਿਆਣਾ ਵਿੱਚ ਚੌਧਰੀ ਬੰਸੀ ਲਾਲ ਨੇ ਬਾਰ੍ਹਵੀਂ ਲੋਕ-ਸਭਾ ਵਿੱਚ ਆਪਣੀ ਪਾਰਟੀ ਦੀ ਹਾਰ ਦੇਖ ਕੇ ਸ਼ਰਾਬ ‘ਤੇ ਲਾਈ ਹੋਈ ਪਾਬੰਦੀ ਹਟਾ ਲਈ। ਕਈ ਪ੍ਰਾਂਤਾਂ ਵਿੱਚ ਤਾਂ ‘ਨਸ਼ਾ-ਰਹਿਤ ਦਿਨ’ ਨਿਯਤ ਕੀਤੇ ਗਏ ਹਨ।

ਨਸ਼ਿਆਂ ਵਿੱਚ ਵਾਧਾ : ਭਾਵੇਂ ਸਰਕਾਰ ਨਸ਼ਾਬੰਦੀ ਲਾਗੂ ਕਰਨ ਲਈ ਟਿੱਲ ਲਾ ਰਹੀ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾਵਾਂ ਵੀ ਦੇ ਰਹੀ ਹੈ ਫਿਰ ਵੀ ਗੱਲ ਬਣਦੀ ਨਜ਼ਰ ਨਹੀਂ ਆ ਰਹੀ। ਇਹ ਬੀਮਾਰੀ ਵਧ ਰਹੀ ਹੈ ਅਤੇ ਆਪਣੀਆਂ ਜੜ੍ਹਾਂ ਪੱਕੀਆਂ ਕਰ ਰਹੀ ਹੈ। ਹੁਣ ਨਸ਼ਾ ਕਰਨ ਦਾ ਰਿਵਾਜ ਆਮ ਹੋ ਗਿਆ ਹੈ। ਕੋਈ ਦਿਨ-ਤਿਉਹਾਰ ਹੋਵੇ ਜਾਂ ਕੋਈ ਹੋਰ ਖ਼ੁਸ਼ੀ ਦਾ ਮੌਕਾ ਸ਼ਰਾਬ ਤਾਂ ਪ੍ਰੋਗਰਾਮ ਦੀ ਜਿੰਦ-ਜਾਨ ਸਮਝੀ ਜਾਂਦੀ ਹੈ। ਪਹਿਲਾਂ ਲੋਕ ਚੋਰੀ ਛੁਪੀ ਪੀਂਦੇ ਸਨ, ਪਰ ਹੁਣ ਖੁਲ੍ਹੇ ਦੌਰ ਚਲਦੇ ਹਨ। ਸ਼ਰਮ-ਹਯਾ ਜਾਂ ਲੋਕ ਲੱਜਾ ਵਾਲੀ ਕੋਈ ਗੱਲ ਨਹੀਂ ਰਹੀ।

ਲੋਕ ਮਾਨਸਿਕਤਾ : ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਜਿਥੇ ਸਰਕਾਰ ਤੇ ਹਰ ਧਰਮ ਦੇ ਨਿਯਮ ਨਸ਼ਾ ਸੇਵਨ ਦੇ ਵਿਰੁੱਧ ਹਨ ਉੱਥੇ ਲੋਕੀਂ ਨਹੀਂ। ਉਦਾਹਰਨ ਵਜੋਂ ਇਸਲਾਮ ਧਰਮ ਅਨੁਸਾਰ ਨਸ਼ੱਈ ਨੂੰ ਸੁਰਗ ਵਿੱਚ ਕੋਈ ਥਾਂ ਨਹੀਂ, ਉਸ ਨੂੰ ਘੋਰ ਨਰਕ ਮਿਲਦਾ ਹੈ ਅਤੇ ਅੱਲਾ-ਤਾਲਾ ਕਦੇ ਵੀ ਮੁਆਫ਼ ਨਹੀਂ ਕਰਦਾ, ਫਿਰ ਵੀ ਬਹੁਤ ਸਾਰੇ ਲੋਕ ਨਸ਼ਾ ਸੇਵਨ ਕਰਦੇ ਹਨ। ਧਾਰਮਿਕ ਉਤਸਵ ਸ਼ਰਾਬ ਪੀ ਕੇ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਮਨੁੱਖ ਮਨੋਵਿਗਿਆਨਕ ਤੌਰ ‘ਤੇ, ਜ਼ਬਰਦਸਤੀ ਕਿਸੇ ਗੱਲ ਤੇ ਅਮਲ ਨਹੀਂ ਕਰਦਾ ਸਗੋਂ ਜੇ ਉਸ ਨੂੰ ਕਿਸੇ ਗੱਲੋਂ ਰੋਕਿਆ ਜਾਏ, ਉਹ ਉਸ ਬੰਧਨ ਦੀ ਉਲੰਘਣਾ ਕਰਨ ਵਿੱਚ ਪ੍ਰਸੰਨਤਾ ਪ੍ਰਾਪਤ ਕਰਦਾ ਹੈ। ਆਮ ਵੇਖਿਆ ਜਾਂਦਾ ਹੈ ਕਿ ਜਿਹੜੇ ਲੋਕ ਨਸ਼ਿਆਂ ਦੇ ਵਿਰੁੱਧ ਪ੍ਰਚਾਰ ਕਰਦੇ ਹਨ, ਉਹ ਕਈ ਵਾਰ ਆਪ ਵੱਡੇ ਨਸ਼ੱਈ ਹੁੰਦੇ ਹਨ। ਇਉਂ ਜਾਪਦਾ ਹੈ ਜਿਵੇਂ ਕਿ ਉਹ ਨਸ਼ੇ ਦੇ ਔਗੁਣ ਸਮਝਦੇ ਹੋਏ ਵੀ ਆਪ ਤਾਂ ਵੈਲੀ ਹੋਣ ਕਾਰਨ ਨਸ਼ਾ ਨਾ ਛੱਡ ਸਕਦੇ ਹੋਣ, ਪਰ ਹੋਰਨਾਂ ਨੂੰ ਇਸ ਫੰਦੇ ਵਿੱਚ ਫਸਣੋਂ ਰੋਕਦੇ ਹਨ।

ਨਸ਼ਾ ਰੋਕਣ ’ਤੇ ਅੜਚਨਾਂ : ਨਸ਼ਿਆਂ ਦੀ ਕਾਨੂੰਨੀ ਰੋਕ ਵਿੱਚ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਤਾਂ ਨਸ਼ਾਬੰਦੀ ਮਨੁੱਖ ਦੀ ਵਿਅਕਤੀਗਤ ਅਜ਼ਾਦੀ ‘ਤੇ ਸੱਟ ਮਾਰਦੀ ਹੈ। ਨਸ਼ਾ ਕਰਨਾ, ਨਾ ਕਰਨਾ ਹਰ ਇੱਕ ਦਾ ਨਿੱਜੀ ਮਾਮਲਾ ਹੈ। ਇਸ ਵਿੱਚ ਕਾਨੂੰਨੀ ਬੰਧਨ ਜਚਦਾ ਨਹੀਂ। ਦੂਜੇ, ਜੇ ਸਰਕਾਰ ਨਸ਼ਾ ਬੰਦੀ ਲਾਗੂ ਕਰਦੀ ਹੈ ਤਾਂ ਨਸ਼ਿਆਂ ਦੀ ਵਿਕਰੀ ਤੋਂ ਪ੍ਰਾਪਤ ਹੋਣ ਵਾਲੇ ਟੈਕਸਾਂ ਤੋਂ ਹੱਥ ਧੋਣੇ ਪੈਂਦੇ ਹਨ। ਅੱਜਕੱਲ੍ਹ ਕਰੋੜਾਂ ਰੁਪਏ ਇਨ੍ਹਾਂ ਨਸ਼ਿਆਂ ਤੋਂ ਟੈਕਸਾਂ ਦੁਆਰਾ ਇਕੱਠੇ ਹੁੰਦੇ ਹਨ। ਤੀਜੇ, ਨਸ਼ਾਬੰਦੀ ਨਾਲ ਸ਼ਰਾਬ ਦੇ ਸਾਰੇ ਕਾਰਖ਼ਾਨਿਆਂ ਨੂੰ ਜੰਦਰਾ ਮਾਰਨਾ ਪਏਗਾ ਜਿਸ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੀ ਰੋਜੀ ਗੁਆ ਬੈਠਣਗੇ। ਇਸ ਤਰ੍ਹਾਂ ਬੇਰੁਜ਼ਗਾਰੀ ਵਿੱਚ ਹੋਰ ਵਾਧਾ ਹੋਵੇਗਾ। ਚੌਥੇ, ਨਸ਼ਾਬੰਦੀ ਭ੍ਰਿਸ਼ਟਾਚਾਰ ਤੇ ਗੁੰਡਾ-ਗਰਦੀ ਨੂੰ ਜਨਮ ਦਿੰਦੀ ਹੈ। ਲੋਕੀਂ ਲੁਕ-ਛੁਪ ਕੇ ਸ਼ਰਾਬ ਕੱਢਣ, ਪੀਣ ਤੇ ਵੇਚਣ ਲੱਗ ਜਾਂਦੇ ਹਨ ਪਕੜੇ ਜਾਣ ਤੇ ਪੁਲੀਸ-ਅਧਿਕਾਰੀਆਂ ਦੇ ਹੱਥ ਰੰਗ ਕੇ ਬਚ ਜਾਂਦੇ ਹਨ। ਕਈ ਤਾਂ ਪੁਲੀਸ-ਅਧਿਕਾਰੀਆਂ ਨਾਲ ਮਿਲ ਕੇ ਸ਼ਰਾਬ ਦਾ ਵਪਾਰ ਕਰਨ ਲੱਗ ਪੈਂਦੇ ਹਨ। ਇਹੋ ਕਾਰਣ ਹਨ ਕਿ ਸਰਕਾਰ ਨਸ਼ਾ-ਬੰਦੀ ਪੂਰਨ ਰੂਪ ਵਿੱਚ ਲਾਗੂ ਕਰਨ ਵਿੱਚ ਅਸਫ਼ਲ ਰਹੀ ਹੈ।ਅਜ਼ਾਦ ਭਾਰਤ ਵਿੱਚ ਦੁੱਧ ਦੇ ਦਰਿਆਵਾਂ ਦਾ ਸੁਪਨਾ ਛਾਈਂ – ਮਾਈਂ ਹੋ ਗਿਆ ਹੈ ਪਰ ਸ਼ਰਾਬ ਦੀਆਂ ਨਹਿਰਾਂ ਆਮ ਦਿੱਸਦੀਆਂ ਹਨ। ਸ਼ਾਇਦ ਹੀ ਗਲੀ-ਬਾਜ਼ਾਰ ਦਾ ਕੋਈ ਮੋੜ ਹੋਵੇ ਜਿੱਥੇ ਠੇਕਾ ਨਾ ਹੋਵੇ।

ਸਿੱਟਾ : ਵਾਸਤਵ ਵਿੱਚ ਪ੍ਰਸ਼ਨ ਬਹੁਤਾ ਨਸ਼ਾ ਕਰਨ ਨੂੰ ਰੋਕਣ ਦਾ ਹੈ। ਬਹੁਤੀ ਮਾਤਰਾ ਵਿੱਚ ਨਸ਼ਾ ਸੇਵਨ ਹਾਨੀਕਾਰਕ ਸਿੱਧ ਹੋ ਸਕਦਾ ਹੈ। ਨਾਲੇ ਨਸ਼ਾਬੰਦੀ ਦੀ ਸਮੱਸਿਆ ਕੋਈ ਕਾਨੂੰਨੀ ਸਮੱਸਿਆ ਨਹੀਂ, ਇਹ ਤਾਂ ਸਮਾਜਕ ਸਮੱਸਿਆ ਹੈ। ਲੋੜ ਇਸ ਗੱਲ ਦੀ ਹੈ ਕਿ ਸਮਾਜ ਵਿੱਚ ਨਸ਼ਿਆਂ ਦੇ ਵਿਰੁੱਧ ਢੁੱਕਵਾਂ ਪ੍ਚਾਰ ਕੀਤਾ ਜਾਏ। ਲੋਕਾਂ ਨੂੰ ਇਸ ਦੀਆਂ ਔਗੁਣਾਂ ਤੋਂ ਜਾਣੂ ਕਰਵਾਇਆ ਜਾਏ। ਇਸ ਤਰ੍ਹਾਂ ਸਦਾਚਾਰਕ ਤੇ ਸਮਾਜਕ ਵਿੱਦਿਆ ਨਸ਼ਾਬੰਦੀ ਵਿੱਚ ਬਹੁਤ ਹੱਦ ਤਕ ਸਹਾਈ ਹੋ ਸਕਦੀ ਹੈ। ਅੰਤ ਵਿੱਚ ਅਸੀਂ ਡਾਕਟਰ ਰਾਧਾ ਕ੍ਰਿਸ਼ਨਨ ਦੇ ਵਿਚਾਰ ਨਾਲ ਬਿਲਕੁਲ ਸਹਿਮਤ ਹਾਂ ਜਿਹੜੇ ਲਿਖਦੇ ਹਨ, ‘ਨਸ਼ਾਬੰਦੀ ਤਾਂ ਹੀ ਸਫ਼ਲ ਹੋ ਸਕਦੀ ਹੈ ਜੇ ਜਵਾਨ ਮੁੰਡੇ-ਕੁੜੀਆਂ ਨੂੰ ਘਰਾਂ ਵਿੱਚ ਮਾਵਾਂ ਚੰਗੀਆਂ ਆਦਤਾਂ ਸਿਖਾਉਣ। ਕਾਨੂੰਨ ਕਦੇ ਵੀ ਇੱਛਤ ਨਤੀਜਾ ਨਹੀਂ ਪ੍ਰਾਪਤ ਕਰ ਸਕਦਾ। ਜੇ ਸਾਡੇ ਵਿੱਚ ਕੋਈ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ ਤਾਂ ਇਹ ਕਿਸੇ ਕਾਨੂੰਨ ਕਰਕੇ ਨਹੀਂ ਸਗੋਂ ਘਰੋਗੀ ਸਿਖਲਾਈ ਕਰਕੇ ਹੈ।’