CBSEEducationNCERT class 10thPunjab School Education Board(PSEB)Punjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ ਰਚਨਾ : ਗੁਰਬਖ਼ਸ਼ ਸਿੰਘ ਪ੍ਰੀਤਲੜੀ


ਮਹਾਨ ਗੱਦਕਾਰ : ਗੁਰਬਖ਼ਸ਼ ਸਿੰਘ ਪ੍ਰੀਤਲੜੀ ਆਧੁਨਿਕ ਪੰਜਾਬੀ ਗੱਦ ਦਾ ਮਹਾਨ ਲੇਖਕ ਹੋਇਆ ਹੈ। ਉਸ ਦੀ ਰਚਨਾ ਨਾਲ ਪੰਜਾਬੀ ਗੱਦ ਸਾਹਿਤ ਵਿਚ ਇਕ ਨਵਾਂ ਯੁਗ ਸ਼ੁਰੂ ਹੁੰਦਾ ਹੈ। ਉਸ ਨੇ ਪੰਜਾਬੀ ਨੂੰ ਜਾਦੂ ਭਰੀ ਸ਼ੈਲੀ ਦਿੱਤੀ। ਉਸ ਨੇ ਪੰਜਾਬੀ ਗੇਂਦ ਨੂੰ ਧਰਮ ਦੀ ਵਲਗਣ ਵਿਚੋਂ ਕੱਢ ਕੇ ਵਿਸ਼ਾਲਤਾ ਤੇ ਸੂਖ਼ਮਤਾ ਬਖਸ਼ੀ। ਉਸ ਨੇ ਗੱਦ ਦੇ ਬਹੁਤ ਸਾਰੇ ਰੂਪਾਂ ‘ਤੇ ਆਪਣੀ ਕਲਮ ਅਜ਼ਮਾਈ। ਉਸ ਨੇ ਆਪਣੇ ਮਾਸਕ ਪੱਤਰ ‘ਪ੍ਰੀਤਲੜੀ’ ਰਾਹੀਂ ਮਣਾਂ-ਮੂਹੀਂ ਵਾਰਤਕ ਰਚਨਾ ਕੀਤੀ ਹੈ। ਉਸ ਦੀ ਮਹਾਨ ਰਚਨਾ ਦਾ ਮਾਣ ਕਰਦਿਆਂ ਹੀ ਪੰਜਾਬੀ ਮਹਿਕਮਾ ਪੈਪਸੂ ਨੇ ਉਸ ਨੂੰ ਮਾਣ-ਪੱਤਰ ਤੇ ਸਿਰੋਪਾ ਭੇਟਾ ਕੀਤਾ ਅਤੇ ਭਾਰਤ ਸਰਕਾਰ ਨੇ ਭਾਰਤੀ ਸਾਹਿਤ ਅਕਾਦਮੀ ਦਾ ਸਲਾਹਕਾਰ ਨਾਮਜ਼ਦ ਕੀਤਾ।

ਜੀਵਨ : ਗੁਰਬਖ਼ਸ਼ ਸਿੰਘ ਆਧੁਨਿਕ ਪੰਜਾਬੀ ਗੱਦ ਦਾ ਮਹਾਨ ਲੇਖਕ ਹੋਇਆ ਹੈ। ਆਪ ਦਾ ਜਨਮ 20 ਅਪਰੈਲ, 1895 ਈ: ਸਿਆਲਕੋਟ ਵਿਚ ਸ: ਪਸ਼ੌਰਾ ਸਿੰਘ ਦੇ ਘਰ ਹੋਇਆ। ਦਸਵੀਂ ਪਿੰਡ ਵਿਚ ਪੜ੍ਹੀ ਤੇ ਫਿਰ ਆਪ ਐੱਫ਼.ਸੀ. ਕਾਲਜ, ਲਾਹੌਰ ਵਿਚ ਦਾਖ਼ਲ ਹੋਏ ਪਰ ਆਰਥਿਕ ਮੁਸ਼ਕਲਾਂ ਕਰ ਕੇ ਪੜ੍ਹਾਈ ਛੱਡ ਕੇ ਆਪ ਟ੍ਰਾਂਸਪੋਰਟ ਮਹਿਕਮੇ ਵਿਚ ਕਲਰਕ ਲੱਗ ਗਏ। ਆਪ ਨੇ 1917 ਵਿਚ ਟਾਮਸ ਇੰਜੀਨੀਅਰਿੰਗ ਕਾਲਜ, ਰੁੜਕੀ ਤੋਂ ਓਵਰਸਿਅਰੀ ਪਾਸ ਕੀਤੀ ਤੇ ਫ਼ੌਜ ਵਿਚ ਭਰਤੀ ਹੋ ਗਏ। ਫਿਰ ਆਪ ਨੇ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਤੋਂ ਸਿਵਲ ਇੰਜਨੀਅਰਿੰਗ ਦੀ ਡਿਗਰੀ ਲਈ। ਦੇਸ਼ ਪਰਤ ਕੇ ਆਪ ਰੇਲਵੇ ਵਿਚ ਇੰਜੀਨੀਅਰ ਲੱਗੇ ਰਹੇ। 1932 ਵਿਚ ਨੌਕਰੀ ਛੱਡ ਕੇ ਆਪ ਅਕਾਲੀ ਫੂਲਾ ਸਿੰਘ ਦੇ ਗੁਰਦੁਆਰੇ ਦੀ ਜ਼ਮੀਨ ਉੱਪਰ ਖੇਤੀ ਕਰਨ ਲੱਗੇ। ਇੱਥੋਂ ਹੀ 1933 ਵਿਚ ਆਪ ਨੇ ‘ਪ੍ਰੀਤਲੜੀ’ ਜਾਰੀ ਕੀਤਾ। ਫਿਰ ਆਪ ਨੇ ਅੰਮ੍ਰਿਤਸਰ ਦੇ ਜ਼ਿਲ੍ਹੇ ਵਿਚ ਲੋਪੋਕੇ ਦੇ ਨੇੜੇ ਕੁੱਝ ਜ਼ਮੀਨ ਖ਼ਰੀਦ ਕੇ ਪ੍ਰੀਤ ਨਗਰ ਵਸਾਇਆ। 1947 ਵਿਚ ਫ਼ਸਾਦਾਂ ਕਾਰਨ ਆਪ ਮਹਿਰੋਲੀ (ਦਿੱਲੀ) ਚਲੇ ਗਏ। ਫਿਰ ਜ਼ਿੰਦਗੀ ਦੇ ਅੰਤ ਤਕ ਪ੍ਰੀਤ ਨਗਰ ਵਿਚ ਹੀ ਰਹੇ ਤੇ ਆਪ ਦੀਆਂ ਸਰਗਰਮੀਆਂ ਪਹਿਲਾਂ ਵਾਂਗ ਹੀ ਤੀਬਰ ਰਹੀਆਂ। 20 ਅਗਸਤ, 1977 ਨੂੰ ਆਪ ਚਲਾਣਾ ਕਰ ਗਏ।

ਸਹਿਤ ਰਚਨਾ : ਗੁਰਬਖ਼ਸ਼ ਸਿੰਘ ਨੇ ਸਾਹਿਤ ਰਚਨਾ ਦਾ ਕੰਮ ਅਮਰੀਕਾ ਵਿਚ ਹੀ ਸ਼ੁਰੂ ਕਰ ਦਿੱਤਾ ਸੀ। ‘ਮੇਰੀ ਦਾਦੀ ਜੀ’ ਤੇ ‘ਰਾਜ ਕੁਮਾਰੀ ਲਤਿਕਾ’ ਪਹਿਲਾਂ ਅਮਰੀਕਾ ਵਿਚ ਹੀ ਛਪੇ ਸਨ। ਪੰਜਾਬ ਵਿਚ ਆਪ ਦਾ ਸਾਹਿਤਕ ਜੀਵਨ 1933 ਵਿਚ ‘ਪ੍ਰੀਤਲੜੀ’ ਰਸਾਲਾ ਚਾਲੂ ਕਰਨ ਨਾਲ ਆਰੰਭ ਹੋਇਆ।

ਗੁਰਬਖ਼ਸ਼ ਸਿੰਘ ਦੇ ਦਰਜਨ-ਕੁ ਕਹਾਣੀ ਸੰਗ੍ਰਹਿ ਹਨ, ਜਿਨ੍ਹਾਂ ਵਿਚੋਂ ‘ਵੀਣਾ ਵਿਨੋਦ’, ‘ਨਾਗ ਪ੍ਰੀਤ ਦਾ ਜਾਦੂ’, ‘ਭਾਬੀ ਮੈਨਾ’, ‘ਅਨੋਖੇ ਤੇ ਇਕੱਲੇ, ‘ਪ੍ਰੀਤ ਕਹਾਣੀਆਂ’, ‘ਸ਼ਬਨਮ’, ‘ਮੇਰੀ ਗੁਲਬਦਨ’, ‘ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ’ ਅਤੇ ‘ਰੰਗ ਸਹਿਕਦਾ ਦਿਲ’ ਪ੍ਰਸਿੱਧ ਹਨ।

‘ਰਾਜ ਕੁਮਾਰੀ ਲਤਿਕਾ’, ‘ਪ੍ਰੀਤ ਮੁਕਟ’, ‘ਪ੍ਰੀਤ ਮਣੀ’, ‘ਪੂਰਬ-ਪੱਛਮ’ ਤੇ ‘ਕੋਧਰੇ ਦੀ ਰੋਟੀ’ ਆਪ ਦੇ ਨਾਟਕ ਤੇ ਇਕਾਂਗੀ ਹਨ।

ਆਪ ਨੇ ਦੋ ਦਰਜਨ ਨਿਬੰਧ-ਸੰਗ੍ਰਹਿ ਛਪਵਾਏ ਹਨ, ਜਿਨ੍ਹਾਂ ਵਿਚੋਂ ਮੇਰੀਆਂ ਅਭੁੱਲ ਯਾਦਾਂ’, ‘ਸਾਵੀਂ ਪੱਧਰੀ ਜ਼ਿੰਦਗੀ’, ‘ਸੁਖਾਂਵੀ ਸੁਧਰੀ ਜ਼ਿੰਦਗੀ’, ‘ਪ੍ਰਸੰਨ ਲੰਮੀ ਉਮਰ’, ‘ਭੱਖਦੀ ਜੀਵਨ ਚੰਗਿਆੜੀ’, ‘ਨਵਾਂ ਸ਼ਿਵਾਲਾ’, ‘ਖੁੱਲ੍ਹਾ ਦਰ’, ‘ਸਾਡੇ ਵਾਰਸ’, ‘ਸ੍ਵੈ-ਪੂਰਨਤਾ ਦੀ ਲਗਨ’, ‘ਪਰਮ-ਮਨੁੱਖ’ ਤੇ ‘ਬੰਦੀ ਛੋੜ ਗੁਰੂ ਨਾਨਕ’ ਪ੍ਰਸਿੱਧ ਹਨ। ਇਨ੍ਹਾਂ ਵਿਚ ਆਪ ਨੇ ਹਰ ਪ੍ਰਕਾਰ ਦੇ ਵਿਸ਼ੇ ਲਏ ਹਨ। ਆਪ ਨੇ ਆਪਣੀ ਸ੍ਵੈ-ਜੀਵਨੀ ਤਿੰਨ ਭਾਗਾਂ ਵਿਚ ਲਿਖੀ।

ਸੁਧਾਰਕ ਤੇ ਆਦਰਸ਼ਵਾਦੀ ਲੇਖਕ : ਗੁਰਬਖ਼ਸ਼ ਸਿੰਘ ਨੇ ਇਕ ਸੂਝਵਾਨ ਲੇਖਕ ਵਾਂਗ ਸਮਾਜ ਸੁਧਾਰ ਦਾ ਕੰਮ ਸ਼ੁਰੂ ਕੀਤਾ ਤੇ ਅਜਿਹਾ ਆਦਰਸ਼ ਭਾਈਚਾਰਾ ਸਥਾਪਿਤ ਕਰਨਾ ਚਾਹਿਆ, ਜਿੱਥੇ ਸਾਰੇ ਸੁਖਾਵੀ ਤੇ ਪੱਧਰੀ ਜ਼ਿੰਦਗੀ ਜਿਉਣ। ਆਪ ਦੀਆ ਪਹਿਲੇ ਦੋਰ ਦੀਆਂ ਲਿਖਤਾਂ ਆਦਰਸ਼ਵਾਦੀ ਹਨ, ਪਰ ਮਗਰੋਂ ਆਪ ਉੱਪਰ ਸਮਾਜਵਾਦੀ ਵਿਚਾਰਧਾਰਾ ਦਾ ਅਸਰ ਪਿਆ। ਆਪ ਨੇ ਆਪਣੀਆਂ ਲਿਖਤਾਂ, ਖ਼ਾਸ ਕਰ ਕਹਾਣੀਆ ਤੇ ਨਾਟਕਾਂ ਵਿੱਚ ‘ਪਿਆਰ ਕਬਜ਼ਾ ਨਹੀਂ ਪਛਾਣ ਹੈ’ ਦਾ ਸਿਧਾਂਤ ਪੇਸ਼ ਕੀਤਾ।

ਅਨੂਪਮ ਸ਼ੈਲੀ : ਗੁਰਬਖ਼ਸ਼ ਸਿੰਘ ਦੀ ਅਸਲ ਮਹਾਨਤਾ ਉਸ ਦੀ ਅਨੂਪਮ ਸ਼ੈਲੀ ਕਰਕੇ ਹੈ। ਵਲਵਲੇ ਦੀ ਤੀਖਣਤਾ, ਰਾਗਾਤਮਕਤਾ, ਸ਼ਬਦਾਂ ਦਾ ਤੇਜ਼ ਵਹਾਓ, ਸਰਲ ਭਾਸ਼ਾ, ਢੁੱਕਵੇਂ ਅਲੰਕਾਰ, ਬੁੱਧੀ ਤੇ ਆਤਮਾ ਨੂੰ ਸੰਤੁਸ਼ਟ ਕਰਦੀ ਜਾਦੂ ਭਰੀ ਸ਼ਕਤੀ ਆਦਿ ਉਸ ਦੀ ਸ਼ੈਲੀ ਦੇ ਵਿਸ਼ੇਸ਼ ਗੁਣ ਹਨ। ਗੁਰਬਖ਼ਸ਼ ਸਿੰਘ ਆਪ ਕਹਿੰਦਾ ਹੈ ਕਿ ਉਹ ਜਦੋਂ ਵੀ ਕੁੱਝ ਲਿਖੇ, ਉਹ ਇਕ ਤਰ੍ਹਾਂ ਦਾ ਪਿਆਰ-ਪੱਤਰ ਲਿਖਦਾ ਹੈ। ਪਿਆਰ-ਪੱਤਰ ਲਿਖਣ ਦੀ ਇਸ ਰੁਚੀ ਨੇ ਹੀ ਉਸ ਦੀ ਸ਼ੈਲੀ ਵਿੱਚ ਉਪਰੋਕਤ ਗੁਣ ਪੈਦਾ ਕੀਤੇ ਹਨ। ਗੁਰਬਖ਼ਸ਼ ਸਿੰਘ ਦੀ ਸ਼ੈਲੀ ਉੱਪਰ ਉਸ ਦੀ ਸ਼ਖ਼ਸੀਅਤ ਦੀ ਅਮਿਟ ਛਾਪ ਹੈ।

ਯੁਗ ਸਿਰਜਕ : ਸਮੁੱਚੇ ਤੌਰ ‘ਤੇ ਗੁਰਬਖ਼ਸ਼ ਸਿੰਘ ਆਧੁਨਿਕ ਪੰਜਾਬੀ ਸਾਹਿਤ ਦਾ ਪ੍ਰਮੁੱਖ ਵਾਰਤਕਕਾਰ ਹੋਇਆ ਹੈ। ਆਧੁਨਿਕ ਪੀੜ੍ਹੀ ਦਾ ਕੋਈ ਲੇਖਕ ਹੀ ਅਜਿਹਾ ਹੋਵੇਗਾ, ਜਿਸ ਨੇ ਉਸ ਦਾ ਪ੍ਰਭਾਵ ਨਾ ਗ੍ਰਹਿਣ ਕੀਤਾ ਹੋਵੇ। ਸਮੁੱਚੇ ਤੌਰ ‘ਤੇ ਗੁਰਬਖ਼ਸ਼ ਸਿੰਘ ਇਕ ਵਿਚਾਰਵਾਨ ਸਾਹਿਤਕਾਰ ਤੇ ਉਪਦੇਸ਼ਕ ਸੀ। ਆਪਣੀ ਦੇਣ ਦੇ ਸਦਕੇ ਪੰਜਾਬੀ ਸਾਹਿਤ ਵਿੱਚ ਉਹ ਇਕ ਯੁਗ-ਸਿਰਜਕ ਸੀ।