ਲੇਖ ਰਚਨਾ : ਕਿਸਮਤ ਅਤੇ ਉੱਦਮ
ਸੰਸਾਰ ਵਿੱਚ ਮਨੁੱਖਾਂ ਨੂੰ ਮੁੱਖ ਤੌਰ ‘ਤੇ ਦੋ ਦਰਜਿਆਂ ਵਿੱਚ ਵੰਡਿਆ ਜਾ ਸਕਦਾ ਹੈ—ਉੱਦਮੀ ਤੇ ਆਲਸੀ। ਉੱਦਮੀ ਮਨੁੱਖ ਜੀਵਨ ਵਿੱਚ ਆਈਆਂ ਕਈ ਤਰ੍ਹਾਂ ਦੀਆਂ ਰੁਕਾਵਟਾਂ, ਮੁਸੀਬਤਾਂ, ਅਸਫਲਤਾਵਾਂ ਦਾ ਹਿੰਮਤ ਅਤੇ ਮਜ਼ਬੂਤੀ ਨਾਲ ਮੁਕਾਬਲਾ ਕਰਦਾ ਹੋਇਆ ਆਪਣੇ ਉਦੇਸ਼ ਵਿੱਚ ਸਫਲ ਹੁੰਦਾ ਹੈ ਪਰ ਆਲਸੀ ਮਨੁੱਖ ਨਾ ਸਿਰਫ਼ ਮਿਹਨਤ ਤੋਂ ਦੂਰ ਨਸਦਾ ਹੈ ਬਲਕਿ ਕਾਇਰ ਦੀ ਤਰ੍ਹਾਂ ਸਮੇਂ ਦੇ ਥਪੇੜਿਆਂ ਨੂੰ ਖਾਂਦਾ ਹੋਇਆ ਉਦਾਸੀ ਦੀ ਖਾਈ ਵਿੱਚ ਡਿੱਗ ਜਾਂਦਾ ਹੈ। ਇਹੋ ਜਿਹਾ ਮਨੁੱਖ ਕਿਸਮਤ ਨੂੰ ਮੰਨਣ ਵਾਲਾ ਅਖਵਾਉਂਦਾ ਹੈ।
ਕਿਸਮਤ ਕੀ ਹੈ? ਪੁਰਾਣੇ ਸਮੇਂ ਤੋਂ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਪਰ ਇਸ ਦਾ ਤਸੱਲੀਬਖਸ਼ ਉੱਤਰ ਹਾਲੇ ਤੱਕ ਨਹੀਂ ਮਿਲ ਸਕਿਆ। ਲੋਕਾਂ ਨੇ ਆਪਣੀ-ਆਪਣੀ ਸੋਚ / ਵਿਚਾਰ ਨਾਲ ਕਿਸਮਤ ਨੂੰ ਪ੍ਰਭਾਸ਼ਿਤ ਕਰਨ ਦਾ ਜਤਨ ਕੀਤਾ ਹੈ। ਕੁਝ ਲੋਕਾਂ ਅਨੁਸਾਰ ਨਾ ਦਿਖਾਈ ਦੇਣ ਵਾਲੀ ਲਿਪੀ ਕਿਸਮਤ ਹੈ ਕਿਉਂਕਿ ਕਿਸਮਤ ਨੂੰ ਪਹਿਲਾਂ ਜਾਣਿਆ ਹੀ ਨਹੀਂ ਜਾ ਸਕਦਾ। ਪਰ, ਹਰ ਮਨੁੱਖ ਨੂੰ ਆਪਣੀ ਕਿਸਮਤ ਬਾਰੇ ਜਾਣਨ ਦੀ ਜਿਗਿਆਸਾ ਜ਼ਰੂਰ ਰਹਿੰਦੀ ਹੈ। ਕਿਸਮਤ ਨੂੰ ਮੰਨਣ ਵਾਲਾ ਮਨੁੱਖ ਆਲਸੀ ਤੇ ਨਿਕੰਮਾ ਹੋ ਜਾਂਦਾ ਹੈ ਜਦੋਂ ਕਿ ਇਸ ਦੇ ਉਲਟ ਆਪਣੀ ਸਾਰੀ ਤਾਕਤ ਨਾਲ ਮਿਹਨਤ ਕਰਨਾ ਉੱਦਮ ਹੈ। ਉੱਦਮ ਤੋਂ ਬਿਨਾ ਕਿਸਮਤ ਵੀ ਬੇਕਾਰ ਹੈ। ਕੋਈ ਵੀ ਕੰਮ ਸਿਰਫ਼ ਸੋਚਣ ਨਾਲ ਪੂਰਾ ਨਹੀਂ ਹੁੰਦਾ, ਉੱਦਮ ਨਾਲ ਹੀ ਪੂਰਾ ਹੁੰਦਾ ਹੈ। ਇਤਿਹਾਸ ਗਵਾਹ ਹੈ ਕਿ ਜੋ ਲੋਕ ਕਿਸਮਤ ਦੇ ਭਰੋਸੇ ਨਾ ਬੈਠ ਕੇ ਉੱਦਮ ਕਰਦੇ ਹਨ, ਉਹ ਹੀ ਸਮੇਂ ਉੱਤੇ ਰਾਜ ਕਰਦੇ ਹਨ। ਇਹੋ ਜਿਹੀਆਂ ਵਿੱਚੋਂ ਇਬਰਾਹੀਮ ਲਿੰਕਨ ਕਿਸਮਤ ਦੇ ਭਰੋਸੇ ਬੈਠਾ ਰਹਿੰਦਾ ਤਾਂ ਆਪਣੇ ਪਿਤਾ ਦੇ ਨਾਲ ਜੀਵਨ ਭਰ ਲੱਕੜੀਆਂ ਕੱਟ ਕੇ ਗੁਜਾਰਾ ਕਰਨ ‘ਤੇ ਮਜਬੂਰ ਰਹਿੰਦਾ।
ਇਹ ਮਨੁੱਖ ਦਾ ਉੱਦਮ ਹੀ ਸੀ ਕਿ ਉਸ ਨੇ ਪਰਮਾਤਮਾ ਵੱਲੋਂ ਦਿੱਤੇ ਇਸ ਅਨਮੋਲ ਖਜ਼ਾਨੇ ‘ਪ੍ਰਕ੍ਰਿਤੀ’ ਦੀ ਡੂੰਘਾਈ ਵਿੱਚ ਜਾ ਕੇ ਉਸ ਦੀ ਤਾਕਤ ਨੂੰ ਸਮਝਿਆ ਅਤੇ ਆਪਣੇ ਉੱਦਮ ਨਾਲ ਉਸ ਦੀ ਚੰਗੀ ਵਰਤੋਂ ਕੀਤੀ। ਇਹ ਮਨੁੱਖ ਦਾ ਉੱਦਮ ਹੀ ਹੈ ਕਿ ਉਸ ਨੇ ਸਿੱਪੀ ਵਿੱਚ ਛੁਪੇ ਮੋਤੀ ਨੂੰ ਬਾਹਰ ਕੱਢਿਆ। ਉਸ ਨੇ ਧਰਤੀ ਦੇ ਅੰਦਰ ਦੱਬੇ ਹੋਏ ਹੀਰਿਆ ਦੀ ਪਰਖ ਕੀਤੀ।
ਦੂਜੇ ਪਾਸੇ ਸਿਰਫ਼ ਕਿਸਮਤ ਨੂੰ ਮੰਨਣ ਵਾਲਾ ਮਨੁੱਖ ਬੈਠਾ-ਬੈਠਾ ਦੂਸਰਿਆਂ ਦਾ ਮੂੰਹ ਹੀ ਦੇਖਦਾ ਰਹਿੰਦਾ ਹੈ। ਆਲਸੀ ਤੇ ਵਿਹਲਾ ਬੈਠ ਕੇ ਉਹ ਪਰਮਾਤਮਾ ਦਾ ਨਾਮ ਜਪਦਾ ਇਹ ਆਸ ਕਰਦਾ ਰਹਿੰਦਾ ਹੈ ਕਿ ਕੋਈ ਉਸ ਲਈ ਰੋਟੀ ਲਿਆਵੇ ਜਿਸ ਨਾਲ ਉਹ ਆਪਣਾ ਢਿੱਡ ਭਰ ਸਕੇ। ਕੋਈ ਉਸ ਲਈ ਕਪੜਿਆਂ ਦਾ ਇੰਤਜ਼ਾਮ ਕਰੇ ਜਿਸ ਨੂੰ ਪਾ ਕੇ ਉਹ ਗਰਮੀ ਤੇ ਸਰਦੀ ਤੋਂ ਬਚ ਸਕੇ। ਕਿਸੇ ਦੇ ਸਹਾਰੇ ਉਹ ਆਪਣੇ ਲਈ ਛੱਤ ਦਾ ਇੰਤਜ਼ਾਮ ਕਰ ਸਕੇ। ਜੇ ਇਹ ਮੰਨ ਵੀ ਲਿਆ ਜਾਵੇ ਕਿ ਕਿਸਮਤ ਕੁਝ ਹੈ; ਪਰਮਾਤਮਾ ਨੇ ਜੋ ਸਾਡੀ ਕਿਸਮਤ ਵਿੱਚ ਲਿਖ ਦਿੱਤਾ ਹੈ ਉਹ ਸਾਨੂੰ ਜ਼ਰੂਰ ਮਿਲੇਗਾ ਤਾਂ ਵੀ ਇਹ ਇੱਕ ਸੱਚਾਈ ਹੈ ਕਿ ਜੋ ਕੁਝ ਸਾਡੀ ਕਿਸਮਤ ਵਿੱਚ ਹੈ ਉਸ ਨੂੰ ਹਾਸਲ ਕਰਨ ਲਈ ਵੀ ਸਾਨੂੰ ਕੁਝ ਨਾ ਕੁਝ ਉੱਦਮ ਤਾਂ ਕਰਨਾ ਹੀ ਪੈਂਦਾ ਹੈ। ਜਿਵੇਂ ਢਿੱਡ ਭਰਨ ਲਈ ਰੋਟੀ ਤਾਂ ਪਕਾਉਣੀ ਹੀ ਪੈਂਦੀ ਹੈ। ਪਿਆਸ ਲੱਗਣ ‘ਤੇ ਖੂਹ ਸਾਡੇ ਕੋਲ ਨਹੀਂ ਆਉਂਦਾ, ਸਾਨੂੰ ਹੀ ਖੂਹ ਕੋਲ ਜਾਣਾ ਪੈਂਦਾ ਹੈ।
ਇੱਥੇ ਸਾਨੂੰ ਇਹ ਮੰਨਣਾ ਹੀ ਪਵੇਗਾ ਕਿ ਕਿਸਮਤ ਭਰੋਸੇ ਬੈਠੇ ਮਨੁੱਖ ਦਾ ਜੀਵਨ ਅਰਥਹੀਣ ਹੈ। ਜੀਵਨ ਨੂੰ ਅਰਥ ਦੇਣ ਲਈ ਮਨੁੱਖ ਨੂੰ ਕਰਮ ਕਰਨੇ ਹੀ ਪੈਂਦੇ ਹਨ। ਹਿੰਮਤੀ ਤੇ ਉੱਦਮੀ ਮਨੁੱਖ ਆਪਣੇ ਕਰਮਾਂ ਨਾਲ ਕਿਸਮਤ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਉਹ ਕਿਸਮਤ ਨੂੰ ਚੁਣੌਤੀ ਦਿੰਦਾ ਹੋਇਆ ਆਪਣੇ ਰਸਤੇ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਕੇ ਆਪਣੀ ਮੰਜ਼ਿਲ ‘ਤੇ ਪੁੱਜ ਹੀ ਜਾਂਦਾ ਹੈ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੰਸਾਰ ਦੀ ਸਾਰੀ ਤਰੱਕੀ ਦਾ ਅਧਾਰ ਮਨੁੱਖ ਦਾ ਉੱਦਮ ਹੈ, ਕਿਸਮਤ ਨਹੀਂ।