ਲੇਖ ਰਚਨਾ : ਇੱਕੀਵੀਂ ਸਦੀ ਦਾ ਮਨੁੱਖ


ਇੱਕੀਵੀਂ ਸਦੀ ਦੇ ਮਨੁੱਖ ਨੂੰ ਵੇਖ ਕੇ; ਆਦਿ ਮਨੁੱਖ ਤੇ ਉਸ ਦੇ ਜਿਉਣ ਢੰਗ ਬਾਰੇ ਸੋਚ ਕੇ ਆਮ ਆਦਮੀ ਉਲਝਣ ਤੇ ਸੋਚ ਵਿੱਚ ਪੈ ਜਾਂਦਾ ਹੈ।ਇੱਕੀਵੀਂ ਸਦੀ ਦਾ ਮਨੁੱਖ ਅੱਜ ਤਰੱਕੀ ਦੇ ਸਿਖਰ ‘ਤੇ ਹੈ। ਜੀਵਨ ਦੇ ਹਰ ਖੇਤਰ ਵਿੱਚ ਉਹ ਮੱਲ੍ਹਾਂ ਮਾਰ ਰਿਹਾ ਹੈ। ਕੁਝ ਘੰਟਿਆਂ/ਦਿਨਾਂ ਵਿੱਚ ਹੀ ਉਹ ਪੂਰੀ ਧਰਤੀ ਦਾ ਚੱਕਰ ਲਗਾਉਣ ਵਿੱਚ ਸਫਲ ਹੋ ਚੁੱਕਾ ਹੈ, ਅਸਮਾਨ ‘ਤੇ ਚੱਕਰ ਲਗਾ ਰਿਹਾ ਹੈ, ਬ੍ਰਹਿਮੰਡ ਦੀਆਂ ਬਰੀਕੀਆਂ ਨੂੰ ਸਮਝਣ ਵਿੱਚ ਸਮਰੱਥ ਬਣਦਾ ਜਾ ਰਿਹਾ ਹੈ, ਹੇਠਲੇ ਵਾਯੂਮੰਡਲ ਤੇ ਉਸ ਦੀਆਂ ਪਰਤਾਂ ਨੂੰ ਖੋਲ੍ਹਣ ਵਿੱਚ ਅਤੇ ਉਸ ਤੋਂ ਲਾਭ ਉਠਾਉਣ ਦੇ ਯੋਗ ਹੋ ਚੁੱਕਾ ਹੈ। ਕੁਦਰਤੀ ਨਜ਼ਾਰਿਆਂ ਦੀ ਸੰਭਾਲ, ਉਨ੍ਹਾਂ ਦੀ ਵੱਧ ਤੋਂ ਵੱਧ ਸਹੀ ਵਰਤੋਂ ਮਨੁੱਖ ਦੇ ਸੁੱਖਾਂ ਲਈ ਕਿਵੇਂ ਕੀਤੀ ਜਾ ਸਕਦੀ ਹੈ? ਇਸ ਦੀ ਜਾਣਕਾਰੀ ਉਸ ਨੂੰ ਹੈ।

ਇਹ ਇੱਕੀਵੀਂ ਸਦੀ ਦਾ ਮਨੁੱਖ ਹੀ ਹੈ ਜੋ ਭਾਰਤ ਵਰਗੇ ਦੇਸ਼ ਨੂੰ ਆਰਥਿਕ ਸੁਤੰਤਰਤਾ ਦਿਵਾਉਣ ਵਿੱਚ ਸਮਰੱਥ ਹੈ। ਦੇਸ਼ ਦੀਆਂ ਆਰਥਕ ਨੀਤੀਆਂ ਨੂੰ ਘੜਣ, ਲਾਗੂ ਕਰਨ ਦੇ ਉਪਰਾਲਿਆਂ ਤੇ ਉਸ ਦੇ ਸਿੱਟਿਆਂ ਉੱਪਰ ਉਸ ਦੀ ਲਗਾਤਾਰ ਨਜ਼ਰ ਹੈ।ਉਸ ਦਾ ਇਹ ਪੂਰਾ ਜਤਨ ਹੈ ਕਿ ਇਸ ਸਦੀ ਵਿੱਚ ਹੀ ਭਾਰਤ ਗਰੀਬੀ ਤੋਂ ਛੁਟਕਾਰਾ ਪਾ ਲਵੇ। ਇਸ ਲਈ ਪੈਦਾਵਾਰ ਵਧਾਉਣ ਲਈ ਕਈ ਨਵੇਂ ਵਸੀਲੇ ਲੱਭੇ ਗਏ ਹਨ। ਕਈ ਨਵੀਆਂ ਫੈਕਟਰੀਆਂ ਲਗਾਈਆ ਗਈਆਂ ਹਨ। ਵਪਾਰਾਂ ਦਾ ਜਾਲ ਵਿਛਾਇਆ ਗਿਆ ਹੈ।ਖੇਤੀਬਾੜੀ ਦੇ ਖੇਤਰ ਵਿੱਚ ਕਈ ਨਵੇਂ ਤਜਰਬੇ ਕੀਤੇ ਗਏ ਹਨ ਅਤੇ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਦੇ ਜਤਨ ਕੀਤੇ ਜਾ ਰਹੇ ਹਨ।

ਵਿਦਿਆਰਥੀ ਦੇਸ਼ ਦਾ ਭਵਿੱਖ ਹਨ, ਇਸ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ। ਇਹੋ ਹੀ ਕਾਰਨ ਹੈ ਕਿ ਵਿਦਿਅਕ ਖੇਤਰ ਵਿੱਚ ਕਈ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਨਵੀਂ ਸਿੱਖਿਆ ਨੀਤੀ ਦਾ ਅਰੰਭ ਕੀਤਾ ਗਿਆ ਹੈ। ਦੇਸ਼ ਵਿੱਚੋਂ ਅਣਪੜ੍ਹਤਾ ਖ਼ਤਮ ਕਰਨ ਲਈ ਕਈ ਕਦਮ ਚੁੱਕੇ ਗਏ ਹਨ।

ਇੱਕੀਵੀਂ ਸਦੀ ਦਾ ਮਨੁੱਖ ਵਿਸ਼ਵੀਕਰਨ ਦੇ ਹੱਕ ਵਿੱਚ ਹੈ। ਇਸ ਲਈ ਵਿਦੇਸ਼ਾਂ ਨਾਲ ਸੰਪਰਕ ਬਣਾਏ ਰੱਖਣ ਨੂੰ ਉਹ ਪਹਿਲ ਦੇ ਰਿਹਾ ਹੈ। ਵਿਦੇਸ਼ੀ ਨੀਤੀਆਂ ਦਾ ਘੇਰਾ ਵਿਸ਼ਾਲ ਕਰ ਦਿੱਤਾ ਗਿਆ ਹੈ ਅਤੇ ਉਸ ਵਿੱਚ ਖੁੱਲ੍ਹਾਪਨ ਲਿਆਉਂਦਾ ਗਿਆ ਹੈ। ਸਭਿਆਚਾਰਕ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ। ਵਿਦੇਸ਼ਾਂ ਵਿੱਚ ਕਈ ਭਾਰਤ ਉਤਸਵ ਆਯੋਜਿਤ ਕੀਤੇ ਗਏ ਹਨ ਅਤੇ ਕੀਤੇ ਜਾ ਰਹੇ ਹਨ।

ਭਾਰਤ ਹੋਰਨਾਂ ਮੁਲਕਾਂ ਨਾਲੋਂ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਰਹਿਣਾ ਚਾਹੁੰਦਾ। ਜਿੱਥੇ ਵੀ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਕਿਸੇ ਬਾਹਰਲੇ ਮੁਲਕ ਦੀ ਮਦਦ ਕਰਨੀ ਚਾਹੀਦੀ ਹੈ, ਉਹ ਹਮੇਸ਼ਾ ਅੱਗੇ ਹੋ ਕੇ ਕਰਦਾ ਹੈ। ਇਸ ਤਰ੍ਹਾਂ ਕਰਦਿਆਂ ਉਹ ਆਪਣੇ ਦੇਸ਼ ਦੀ ਖੁਸ਼ਹਾਲੀ ਨੂੰ ਨਹੀਂ ਭੁੱਲ ਰਿਹਾ। ਇੱਕੀਵੀਂ ਸਦੀ ਵਿੱਚ ਭਾਰਤ ਵਿਕਸਿਤ ਦੇਸ਼ਾਂ ਦੀ ਲੰਮੀ ਲਾਇਨ ਵਿੱਚ ਖੜ੍ਹਾ ਹੋਣਾ ਲੋਚਦਾ ਹੈ, ਉਸ ਦੀ ਇਹ ਲੋਚਾ ਇੱਕੀਵੀਂ ਸਦੀ ਦਾ ਮਨੁੱਖ ਹੀ ਪੂਰਾ ਕਰ ਸਕਦਾ ਹੈ। ਇਸ ਲਈ ਭਾਰਤ ਦੇ ਇੱਕੀਵੀਂ ਸਦੀ ਦੇ ਮਨੁੱਖ ਸਖ਼ਤ ਮਿਹਨਤ ਤੇ ਲਗਨ ਨਾਲ ਕਾਰਜ ਕਰ ਰਹੇ ਹਨ। ਇੱਕੀਵੀਂ ਸਦੀ ਉਹਨਾਂ ਲਈ ਜ਼ਰੂਰ ਲਾਭਦਾਇਕ ਸਿੱਧ ਹੋਵੇਗੀ।