ਲੇਖ ਰਚਨਾ : ਆਦਤਾਂ ਛੱਡਣਾ ਆਸਾਨ ਨਹੀਂ
ਪੰਜਾਬੀ ਦੀ ਇੱਕ ਅਖੌਤ ਹੈ “ਵਾਦੜੀਆਂ ਸਜਾਦੜੀਆਂ ਨਿੱਭਣ ਸਿਰਾਂ ਦੇ ਨਾਲ”। ਇਸ ਦਾ ਅਰਥ ਹੈ ਕਿ ਜਿਹੜੀਆਂ ਆਦਤਾਂ ਇੱਕ ਵਾਰ ਪੈ ਜਾਣ, ਉਹ ਆਖਰੀ ਸਾਹ ਤੱਕ ਮਨੁੱਖ ਦੇ ਨਾਲ ਨਿਭਦੀਆਂ ਹਨ। ਆਦਤ ਚੰਗੀ ਹੋਵੇ ਜਾਂ ਮੰਦੀ ਸਹਿਜੇ-ਸਹਿਜੇ ਹੀ ਪੈਂਦੀ ਹੈ ਅਤੇ ਇਹ ਮਨੁੱਖ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਂਦੀ ਹੈ।ਇਸ ਦਾ ਸੰਬੰਧ ਮਨੁੱਖ ਦੇ ਦਿਲ ਨਾਲ ਹੁੰਦਾ ਹੈ। ਦਿਲ ’ਤੇ ਕਾਬੂ ਪਾਉਣਾ ਸੌਖਾ ਨਹੀਂ ਹੈ।ਇਹੋ ਹੀ ਕਾਰਨ ਹੈ ਕਿ ਪੱਕ ਚੁੱਕੀ ਆਦਤ ਨੂੰ ਹਟਾਉਣਾ ਵੀ ਸੌਖਾ ਨਹੀਂ ਹੁੰਦਾ।
‘ਆਦਤ’ ਸ਼ਬਦ ਨੂੰ ਆਮਤੌਰ ‘ਤੇ ਗਲਤ ਸੰਦਰਭ ਅਤੇ ਵਿਅੰਗਾਤਮਕ ਸ਼ੈਲੀ ਵਿੱਚ ਹੀ ਵਰਤਿਆ ਜਾਂਦਾ ਹੈ। ਕਿਸੇ ਮਨੁੱਖ ਦੇ ਆਚਰਨ ਦੀ ਗੱਲ ਕਰਦਿਆਂ ਅਸੀਂ ਔਗੁਣਾਂ ਦੇ ਸੰਬੰਧ ਵਿੱਚ ਉਸ ਦੀਆਂ ਬੁਰੀਆਂ ਆਦਤਾਂ ਦੀ ਹੀ ਚਰਚਾ ਕਰਦੇ ਹਾਂ। ਪਰ, ਇਹ ਜ਼ਰੂਰੀ ਨਹੀਂ, ਆਦਤਾਂ ਚੰਗੀਆਂ ਵੀ ਹੋ ਸਕਦੀਆਂ ਹਨ।
ਚੰਗੀਆਂ ਆਦਤਾਂ ਜਾਂ ਮੰਦੀਆਂ ਆਦਤਾਂ ਬੱਚੇ ਨੂੰ ਆਪਣੇ ਬਚਪਨ ਵਿੱਚ ਪੈਂਦੀਆਂ ਹਨ। ਬਚਪਨ ਵਿੱਚ ਮਾਂ-ਬਾਪ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਦੀ ਨਿਗਰਾਨੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਜੇ ਭੈੜੀਆਂ ਹਰਕਤਾਂ ਨੂੰ ਸ਼ੁਰੂ ਤੋਂ ਹੀ ਨਾ ਰੋਕਿਆ ਜਾਵੇ ਤਾਂ ਇਹ ਜੀਵਨ ਦਾ ਅਨਿਖੜਵਾਂ ਅੰਗ ਬਣ ਜਾਂਦੀਆਂ ਹਨ। ਕਦੀ-ਕਦੀ ਇਹ ਨਸੂਰ ਬਣ ਕੇ ਜੀਵਨ ਨੂੰ ਤਬਾਹ ਕਰ ਦਿੰਦੀਆਂ ਹਨ। ਬਹੁਤ ਸਾਰੇ ਬੱਚੇ ਜਵਾਨੀ ਵਿੱਚ ਵਿਗੜਦੇ ਹਨ। ਪਰ, ਇਨ੍ਹਾਂ ਦੀਆਂ ਆਦਤਾਂ ਉੱਪਰ ਸੰਗਤ ਦਾ ਅਸਰ ਹੁੰਦਾ ਹੈ। ਇਹ ਸਾਰੇ ਨਹੀਂ ਹੁੰਦੀਆਂ। ਇਨ੍ਹਾਂ ਨੂੰ ਸਖ਼ਤੀ ਨਾਲ ਰੋਕਣ ‘ਤੇ ਹਟਾਇਆ ਜਾ ਸਕਦਾ ਹੈ।
ਕੁਝ ਬੱਚੇ ਆਪਣੀਆਂ ਭੈੜੀਆਂ ਆਦਤਾਂ ਤੋਂ ਜਾਣੂ ਵੀ ਹੁੰਦੇ ਹਨ। ਉਹ ਕਿਸੇ ਦੇ ਸਮਝਾਉਣ ‘ਤੇ ਸਮਝ ਵੀ ਜਾਂਦੇ ਹਨ। ਪਰ, ਫੇਰ ਹਾਲਾਤ ਤੋਂ ਮਜਬੂਰ ਹੋ ਕੇ ਉਹ ਕੁਝ ਅਜਿਹਾ ਕਰ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਬੇਇੱਜ਼ਤ ਹੋਣਾ ਪੈਂਦਾ ਹੈ।
ਆਦਤਾਂ ਮਨੁੱਖ ਦੇ ਆਚਰਨ ਤੇ ਸੁਭਾਅ ਦਾ ਦਰਪਣ ਹੁੰਦੀਆਂ ਹਨ। ਚੰਗੀਆਂ ਆਦਤਾਂ ਵਾਲੇ ਮਨੁੱਖਾਂ ਤੋਂ ਹੀ ਚੰਗੇ ਵਰਤਾਓ ਦੀ ਆਸ ਰੱਖੀ ਜਾਂਦੀ ਹੈ। ਭੈੜੀਆਂ ਆਦਤਾਂ ਵਾਲੇ ਮਨੁੱਖਾਂ ਤੋਂ ਭੈੜੇ ਕੰਮ ਕਰਨ ਦਾ ਹੀ ਡਰ ਹੁੰਦਾ ਹੈ। ਇਕ ਨਸ਼ੇਖੋਰ, ਸਿਗਰਟ ਨੋਸ਼ੀ ਤੇ ਅਫ਼ੀਮਚੀ ਕੋਲੋਂ ਕੀ ਆਸ ਕੀਤੀ ਜਾ ਸਕਦੀ ਹੈ। ਇਕ ਚੋਰ-ਡਾਕੂ ਕੋਲੋਂ ਘਰ ਵਸਾਉਣ ਦੀ ਆਸ ਕਰਨੀ ਫ਼ਜੂਲ ਹੈ। ਆਤੰਕਵਾਦੀਆਂ ਕੋਲੋਂ ਇੱਕ ਚੰਗੇ ਨਾਗਰਿਕ ਦੀ ਉਮੀਦ ਰੱਖਣੀ ਬੇਵਕੂਫੀ ਹੈ।
ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਨੂੰ ਇੰਨਾ ਨਿਰਾਸ਼ਾਵਾਦੀ ਹੋਣ ਦੀ ਵੀ ਲੋੜ ਨਹੀਂ। ਨਵੇਂ ਜਤਨ ਅਰੰਭੇ ਜਾ ਸਕਦੇਹਨ। ਜੇ ਮਨੁੱਖ ਆਪਣੀਆਂ ਭੈੜੀਆਂ ਆਦਤਾਂ ਨਾਲ ਨਫ਼ਰਤ ਕਰਨ ਲੱਗ ਪਵੇ, ਚੰਗੀ ਸੰਗਤ ਵਿੱਚ ਉੱਠਣਾ-ਬੈਠਣਾ ਸ਼ੁਰੂ ਕਰੇ, ਜੀਵਨ ਨੂੰ ਚੰਗਾ ਬਣਾਉਣ ਦਾ ਪੱਕਾ ਇਰਾਦਾ ਬਣਾ ਲਵੇ ਤਾਂ ਕਿਸੇ ਵੀ ਆਦਤ ਨੂੰ ਬਦਲਿਆ ਜਾ ਸਕਦਾ ਹੈ।