ਲੇਖ : ਮੇਰੇ ਜੀਵਨ ਦਾ ਉਦੇਸ਼
ਮੈਂ ਇਸ ਵਰ੍ਹੇ ਹੀ ਦਸਵੀਂ ਦੀ ਪਰੀਖਿਆ ਪਾਸ ਕੀਤੀ ਹੈ। ਇਸ ਤੋਂ ਪਹਿਲਾਂ ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਮੈਂ ਗਿਆਰ੍ਹਵੀਂ ਜਮਾਤ ਵਿੱਚ ਕਿਹੜੇ ਵਿਸ਼ੇ ਪੜ੍ਹਾਂਗੀ। ਮੈਂ ਆਪਣੀ ਸਵੈ-ਪੜਚੋਲ ਕਰਨੀ ਸ਼ੁਰੂ ਕੀਤੀ। ਇਹ ਪਹਿਲਾ ਮੌਕਾ ਸੀ ਜਦੋਂ ਮੈਂ ਆਪਣੇ-ਆਪ ਨੂੰ ਸਮਾਂ ਦਿੱਤਾ। ਇਸ ਸਵੈ-ਪੜਚੋਲ ਨੇ ਮੇਰੀ ਸੋਚ ਹੀ ਬਦਲ ਦਿੱਤੀ। ਮੇਰੇ ਅੰਦਰ ਸੁਫਨਿਆਂ ਨੇ ਜਨਮ ਲਿਆ। ਕੁਝ ਕਰਨ ਦੀ ਚਾਹਤ ਪੈਦਾ ਹੋਈ। ਸੁਫਨੇ ਤਾਂ ਕਈ ਹਨ, ਪਰ ਇਨ੍ਹਾਂ ਸਾਰਿਆਂ ਦਾ ਸੰਬੰਧ ਮੇਰੇ ਮੁੱਖ ਉਦੇਸ਼ ਨਾਲ ਹੈ। ਮੇਰਾ ਮੁੱਖ ਉਦੇਸ਼ ਹੈ-ਕਾਲਜ ਵਿੱਚ ਪੰਜਾਬੀ ਭਾਸ਼ਾ ਦੀ ਲੈਕਚਰਾਰ ਬਣਨਾ।
ਮੈਂ ਪੱਕਾ ਇਰਾਦਾ ਬਣਾ ਲਿਆ ਹੈ ਕਿ ਮੈਂ ਆਪਣਾ ਇਹ ਉਦੇਸ਼ ਜ਼ਰੂਰ ਪੂਰਾ ਕਰਾਂਗੀ। ਉਸ ਲਈ ਮੈਂ ਰਸਤੇ ਵਿੱਚ
ਆਉਣ ਵਾਲੀ ਹਰ ਰੁਕਾਵਟ ਨੂੰ ਬੜੀ ਸਹਿਣਸ਼ੀਲਤਾ ਨਾਲ ਪਾਰ ਕਰਾਂਗੀ।
ਮੈਂ ਕਾਲਜ ਦੀ ਲੈਕਚਰਾਰ ਬਣਨ ਦਾ ਫੈਸਲਾ ਇਸ ਲਈ ਕੀਤਾ ਹੈ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕਿੱਤਾ ਪਵਿੱਤਰ ਤੇ ਦਸਾਂ ਨਹੁੰਆਂ ਦੀ ਕਿਰਤ ਵਾਲਾ ਹੈ? ਨੇਕ ਕਮਾਈ ਮਨੁੱਖ ਦੇ ਜੀਵਨ ਨੂੰ ਨੇਕ ਰਾਹ ‘ਤੇ ਚਲਾਉਂਦੀ ਹੈ। ਦੂਜਾ ਅਧਿਆਪਕ ਸਮਾਜ ਦੇ ਉੱਸਰਈਏ ਹੁੰਦੇ ਹਨ। ਉਹ ਆਪਣੇ ਵਧੀਆ ਵਿਚਾਰਾਂ ਨਾਲ ਸਮਾਜ-ਨਿਰਮਾਣ ਵਿੱਚ ਵਧੇਰੇ ਹਿੱਸਾ ਪਾਉਂਦੇ ਹਨ। ਅਧਿਆਪਕ ਵਿਦਿਆਰਥੀਆਂ ਦਾ ਚਰਿੱਤਰ ਨਿਰਮਾਣ ਕਰਦੇ ਹਨ। ਅਧਿਆਪਕ ਵਿਦਿਆਰਥੀਆਂ ਲਈ ਆਦਰਸ਼ ਹੁੰਦੇ ਹਨ।
ਸਕੂਲ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਕਾਲਜ ਵਿੱਚ ਪਹੁੰਚ ਕੇ ਆਪਣੇ ਆਪ ਨੂੰ ਅਲਗ-ਅਲਗ ਮਹਿਸੂਸ ਕਰਦੇ ਹਨ। ਉਸ ਸਮੇਂ ਉਨ੍ਹਾਂ ਨੂੰ ਸਹੀ ਰਾਹ ਵਿਖਾਉਣ ਦੀ ਜ਼ਰੂਰਤ ਹੁੰਦੀ ਹੈ। ਵਧੇਰੇ ਅਨੁਸ਼ਾਸਨ ਵਿੱਚੋਂ ਨਿਕਲ ਕੇ ਖੁੱਲੇ ਵਾਤਾਵਰਨ ਵਿੱਚ ਆਉਣ ਕਾਰਨ ਉਨ੍ਹਾਂ ਦੇ ਭਟਕ ਜਾਣ ਦੀ ਸੰਭਾਵਨਾ ਹੁੰਦੀ ਹੈ। ਇਹੋ ਜਿਹੇ ਸਮੇਂ ਹੀ ਕਾਲਜ ਦੇ ਅਧਿਆਪਕ ਉਨ੍ਹਾਂ ਦੀ ਸਹੀ ਅਗਵਾਈ ਕਰ ਸਕਦੇ ਹਨ।
ਜਿੱਥੋਂ ਤੱਕ ਪੰਜਾਬੀ ਭਾਸ਼ਾ ਦੀ ਹੀ ਲੈਕਚਰਾਰ ਬਣਨ ਦਾ ਸੁਆਲ ਹੈ, ਉਸ ਲਈ ਮੈਂ ਇਹ ਕਹਾਂਗੀ ਕਿ ਪੰਜਾਬੀ ਭਾਸ਼ਾ ਮੇਰੀ ਮਾਂ-ਬੋਲੀ ਹੈ। ਮਾਂ-ਬੋਲੀ ਦਾ ਜੀਵਨ ਵਿੱਚ ਕੀ ਸਥਾਨ ਹੈ, ਇਸ ਨੂੰ ਮੈਂ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬੀ ਸਾਹਿਤ ਅਮੀਰ ਤੇ ਵਿਸ਼ਾਲ ਹੈ। ਇਹ ਜੀਵਨ ਦੇ ਬਹੁਤ ਨੇੜੇ ਹੈ। ਮੈਂ ਪੰਜਾਬੀ ਭਾਸ਼ਾ ਦੇ ਵਿਦਿਆਰਥੀਆਂ ਨੂੰ ਭਾਸ਼ਾ ਵਿੱਚ ਨਿਪੁੰਨ ਬਣਾ ਕੇ ਉਨ੍ਹਾਂ ਨੂੰ ਇਸ ਖੇਤਰ ਵਿੱਚ ਉੱਚਾ ਅਹੁੱਦਾ ਹਾਸਲ ਕਰਨ ਦੇ ਯੋਗ ਬਣਾਉਣ ਦਾ ਵੀ ਸੁਫਨਾ ਵੇ ਖਦੀ ਹਾਂ। ਮੈਂ ਚਾਹੁੰਦੀ ਹਾਂ ਕਿ ਵਿਦਿਆਰਥੀਆਂ ਵਿੱਚ ਨੇਕ ਦਿਲੀ, ਸਾਦਗੀ, ਨਿਮਰਤਾ ਤੇ ਮਿਹਨਤ ਦੇ ਗੁਣ ਹੋਣ। ਇਸ ਇੱਛਾ ਨੂੰ ਮੈਂ ਤਦ ਹੀ ਪੂਰਾ ਕਰ ਸਕਦੀ ਹਾਂ ਜੇ ਮੈਂ ਇਸ ਕਿੱਤੇ ਨੂੰ ਅਪਣਾਵਾਂ।
ਇਸ ਕਿੱਤੇ ਨੂੰ ਅਪਣਾਉਣ ਦਾ ਇੱਕ ਹੋਰ ਵੱਡਾ ਕਾਰਨ ਇਹ ਹੈ ਕਿ ਇਸ ਵਿੱਚ ਪੜ੍ਹਾਉਣ ਦਾ ਕੰਮ ਕਰਨ ਤੋਂ ਬਾਅਦ ਵੀ ਤੁਹਾਨੂੰ ਵਿਹਲਾ ਸਮਾਂ ਮਿਲ ਜਾਂਦਾ ਹੈ। ਇਸ ਵਿਹਲੇ ਸਮੇਂ ਨੂੰ ਅਧਿਐਨ ਕਾਰਜ ਵਿੱਚ ਲਗਾਇਆ ਜਾ ਸਕਦਾ ਹੈ। ਵਧੇਰੇ ਗਿਆਨ ਦੀ ਪ੍ਰਾਪਤੀ ਇਸ ਕਿੱਤੇ ਵਿੱਚ ਹੀ ਸੰਭਵ ਹੈ।
ਮੈਂ ਜਾਣਦੀ ਹਾਂ ਕਿ ਲੈਕਚਰਾਰ ਬਣਨ ਵਾਸਤੇ ਬੜੀ ਮਿਹਨਤ ਤੇ ਲਗਨ ਦੀ ਜ਼ਰੂਰਤ ਹੈ। ਪਰ, ਮੈਨੂੰ ਪੱਕਾ ਵਿਸ਼ਵਾਸ ਹੈ ਕਿ ਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਜਿਸ ਜਨੂੰਨ ਦੀ ਲੋੜ ਹੈ, ਉਹ ਮੇਰੇ ਅੰਦਰ ਹੈ। ਇਕ ਦਿਨ ਮੇਰੇ ਜੀਵਨ ਦਾ ਇਹ ਉਦੇਸ਼ ਜ਼ਰੂਰ ਪੂਰਾ ਹੋਵੇਗਾ।