ਲੇਖ : ਮਹਿੰਗਾਈ ਦੀ ਸਮੱਸਿਆ


ਇਸ ਧਰਤੀ ਉੱਤੇ ਜੀਵਨ ਗੁਜ਼ਾਰਨ ਲਈ ਮਨੁੱਖ ਦੀਆਂ ਤਿੰਨ ਮੁੱਖ ਲੋੜਾਂ ਹਨ—ਰੋਟੀ, ਕਪੜਾ ਤੇ ਮਕਾਨ। ਇਨ੍ਹਾਂ ਤਿੰਨਾਂ ਦਾ ਸੰਬੰਧ ਧਨ ਨਾਲ ਹੈ ਕਿਉਂਕਿ ਉਸ ਦੁਆਰਾ ਹੀ ਇਹ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ।

ਮਹਿੰਗਾਈ ਦੀ ਸਮੱਸਿਆ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਚੰਗਾ ਜੀਵਨ ਗੁਜ਼ਾਰਦਿਆਂ ਅਚਾਨਕ ਮਨੁੱਖ ਇਹ ਮਹਿਸੂਸ ਕਰਦਾ ਹੈ ਕਿ ਹੁਣ ਤੱਕ ਜਿੰਨੇ ਧਨ ਨਾਲ ਉਹ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਰਿਹਾ ਸੀ, ਹੁਣ ਉਹ ਉਸੇ ਧਨ ਨਾਲ ਉਹ ਸਭ ਕੁਝ ਨਹੀਂ ਖ਼ਰੀਦ ਸਕਦਾ।

ਕੁਝ ਕੰਪਨੀਆਂ ਵੱਲੋਂ ਸਰਵੇਖਣ ਕਰਵਾਉਣ ‘ਤੇ ਇਹ ਪਤਾ ਚੱਲਿਆ ਹੈ ਕਿ ਮਹਿੰਗਾਈ ਦੀ ਸਮੱਸਿਆ, ਤੱਰਕੀਸ਼ੀਲ ਦੇ ਸ਼ਾਂ ਵਿੱਚ ਵਧੇਰੇ ਵੇਖਣ ਨੂੰ ਮਿਲਦੀ ਹੈ, ਜਿਨ੍ਹਾਂ ਵਿੱਚੋਂ ਭਾਰਤ ਵੀ ਇੱਕ ਹੈ। ਇਸ ਮਹਿੰਗਾਈ ਨੇ ਭਾਰਤ ਦੀ ਆਰਥਿਕ ਸਥਿਰਤਾ ਨੂੰ ਅਸੰਭਵ ਬਣਾ ਦਿੱਤਾ ਹੈ।

ਅੱਜ ਹਾਲਾਤ ਇਹ ਹਨ ਕਿ ਸਾਡੇ ਦੇਸ਼ ਵਿੱਚ ਵਧੇਰੇ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਹਨ। ਉਨ੍ਹਾਂ ਨੂੰ ਤਿੰਨ ਡੰਗ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ। ਇਹੋ ਜਿਹੇ ਹਾਲਾਤਾਂ ਵਿੱਚ ਜੇ ਮੁੱਖ ਲੋੜ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਜਾਣ ਤਾਂ ਉਨ੍ਹਾਂ ਲਈ ਜੀਉਣਾ ਕਿੰਨਾ ਦੁਰਲੱਭ ਹੋ ਜਾਵੇਗਾ, ਇਸ ਦਾ ਅੰਦਾਜ਼ਾ ਲਗਾਉਣਾ ਵੀ ਔਖਾ ਹੈ। ਕੋਈ ਵੀ ਗੱਲ ਸਮੱਸਿਆ ਦਾ ਰੂਪ ਉੱਦੋਂ ਧਾਰਦੀ ਹੈ ਜਦੋਂ ਉਸ ਦਾ ਅਸਰ ਵਧੇਰੇ ਲੋਕ ਉੱਤੇ ਪਵੇ। ਅਜਿਹੀ ਹਾਲਤ ਵਿੱਚ ਸਾਨੂੰ ਵੱਧਦੀ ਮਹਿੰਗਾਈ ਦੇ ਕਾਰਨਾਂ ਨੂੰ ਸਮਝ ਕੇ ਉਨ੍ਹਾਂ ਨੂੰ ਦੂਰ ਕਰਨ ਦੇ ਉਪਾਅ ਵੱਲ ਧਿਆਨ ਦੇਣ ਦੀ ਲੋੜ ਹੈ।

ਵੱਧਦੀ ਮਹਿੰਗਾਈ ਦਾ ਮੁੱਖ ਕਾਰਨ ਹੈ, ਆਮ ਵਰਤੋਂ ਵਾਲੀਆਂ ਵਸਤੂਆਂ ਦੀ ਲੋੜ ਨਾਲੋਂ ਘੱਟ ਉਪਜ ਤੇ ਵਧੇਰੇ ਮੰਗ। ਵੱਧਦੀ ਆਬਾਦੀ ਜੋ ਸਾਰੀਆਂ ਸਮੱਸਿਆਵਾਂ ਦੀ ਸਮੱਸਿਆ ਹੈ, ਨੂੰ ਰੋਕਣਾ ਬਹੁਤ ਜ਼ਰੂਰੀ ਹੈ।ਇਸ ਤੋਂ ਇਲਾਵਾ ਕੋਈ ਇਹੋ ਜਿਹਾ ਕਾਨੂੰਨ ਵੀ ਬਣਨਾ ਤੇ ਸਖ਼ਤੀ ਨਾਲ ਲਾਗੂ ਹੋਣਾ ਚਾਹੀਦਾ ਹੈ ਕਿ ਖੁਰਾਕੀ ਵਸਤੂਆਂ ਦੀ ਘਾਟ ਸਮੇਂ ਵਪਾਰੀ ਆਪਣੇ ਗੋਦਾਮਾਂ ਵਿੱਚ ਵਸਤੂਆਂ ਨੂੰ ਇਕੱਠਾ ਕਰ ਕੇ ਨਾ ਰੱਖ ਸਕਣ। ਜਮਾਖੋਰੀ ਵੱਲ ਖ਼ਾਸ ਧਿਆਨ ਦਿੱਤਾ ਜਾਵੇ। ਇਹ ਵਪਾਰੀ ਵਧੇਰੇ ਧਨ ਕਮਾਉਣ ਦੇ ਲਾਲਚ ਕਾਰਨ ਇਕੱਠੀਆਂ ਕਰ ਕੇ ਰੱਖੀਆਂ ਚੀਜ਼ਾਂ ਨੂੰ ਮਹਿੰਗੇ ਭਾਅ ਵੇਚਦੇ ਹਨ, ਜਿਸ ਕਾਰਨ ਮਹਿੰਗਾਈ ਵੱਧਦੀ ਹੈ।

ਕਈ ਵਾਰੀ ਸਰਕਾਰ ਦੀਆਂ ਗਲਤ ਆਰਥਕ ਨੀਤੀਆਂ ਕਾਰਨ ਵੀ ਮਹਿੰਗਾਈ ਵੱਧਦੀ ਹੈ। ਸਹੀ ਤਰ੍ਹਾਂ ਅਮਲ ਨਾ ਕਰਨ ਕਾਰਨ ਨੀਤੀਆਂ ਅਸਫਲ ਹੋ ਜਾਂਦੀਆਂ ਹਨ, ਜਿਸ ਕਾਰਨ ਖ਼ਰਚ ਕੀਤਾ ਧਨ ਫ਼ਜ਼ੂਲ ਚਲਾ ਜਾਂਦਾ ਹੈ।

ਸਰਕਾਰ ਦੀ ਟੈਕਸ ਨੀਤੀ ਵੀ ਮਹਿੰਗਾਈ ਵੱਧਣ ਦਾ ਇੱਕ ਕਾਰਨ ਹੈ। ਸਰਕਾਰ ਬਜਟ ਦਾ ਘਾਟਾ ਪੂਰਾ ਕਰਨ ਲਈ ਟੈਕਸ ਅਸਿੱਧੇ ਤੌਰ ‘ਤੇ ਤਾਂ ਪੂੰਜੀਪਤੀਆਂ ਉੱਪਰ ਲਗਾਉਂਦੀ ਹੈ, ਪਰ ਉਹ ਇਹ ਟੈਕਸ ਆਮ-ਜਨਤਾ ਕੋਲੋਂ ਹੀ ਇਕੱਠਾ ਕਰਦੇ ਹਨ। ਸਥਿਰ ਤਨਖਾਹਾਂ ਵਾਲੇ ਲੋਕਾਂ ਦੀਆਂ ਤਨਖਾਹਾਂ ਵਿੱਚ ਤਾਂ ਵਾਧਾ-ਘਾਟਾ ਹੁੰਦਾ ਹੈ, ਪਰ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਵਧੇਰੇ ਹੁੰਦਾ ਹੈ। ਮਹਿੰਗਾਈ ਦਾ ਕਾਰਨ ਕਈ ਵਾਰ ਕੁਦਰਤੀ ਕਰੋਪੀ ਵੀ ਹੁੰਦਾ ਹੈ। ਭਾਰਤ ਇੱਕ ਵਿਸ਼ਾਲ ਦੇਸ਼ ਹੈ ਅਤੇ ਇਸ ਦੇ ਕਿਸੇ-ਨਾ-ਕਿਸੇ ਰਾਜ ਵਿੱਚ ਕਦੀ ਹੜ੍ਹ, ਕਦੀ ਸੋਕਾ ਤਾਂ ਹੁੰਦਾ ਹੀ ਰਹਿੰਦਾ ਹੈ।

ਇਸ ਵੱਧਦੀ ਮਹਿੰਗਾਈ ਉੱਪਰ ਕਾਬੂ ਪਾਉਣ ਦੀ ਸਖ਼ਤ ਲੋੜ ਹੈ। ਸਰਕਾਰ ਵੱਲੋਂ ਕੁਝ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸਰਕਾਰੀ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ। ਖੁਰਾਕੀ ਚੀਜ਼ਾਂ ਦੇ ਭਾਅ ਨਿਸ਼ਚਿਤ ਕਰ ਦੇਣੇ ਚਾਹੀਦੇ ਹਨ। ਜਿਹੜੇ ਲੋਕ ਚੀਜ਼ਾਂ ਇਕੱਠੀਆਂ ਕਰ ਕੇ ਮਹਿੰਗੇ ਭਾਅ ਵਿੱਚ ਵੇਚਦੇ ਹਨ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ। ਸਰਕਾਰੀ ਕਰਮਚਾਰੀਆਂ ਨੂੰ ਵਾਰ-ਵਾਰ ਮਹਿੰਗਾਈ ਭੱਤਾ ਦੇਣ ਦੀ ਥਾਂ ਕੀਮਤਾਂ ਨੂੰ ਘਟਾਉਣ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ।

ਅਸੀਂ ਜਾਣਦੇ ਹਾਂ ਕਿ ਵਿਕਾਸਸ਼ੀਲ ਦੇਸ਼ ਹੋਣ ਕਾਰਨ ਭਾਰਤ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ, ਮਹਿੰਗਾਈ ਦਾ ਸਿੱਧਾ ਸੰਬੰਧ ਆਮ ਜਨਤਾ ਦੇ ਜੀਵਨ ਦੀਆਂ ਮੁੱਖ ਲੋੜਾਂ ਨਾਲ ਹੈ, ਇਸ ਲਈ ਇਸ ਵੱਲ ਵਧੇਰੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।