ਲੇਖ : ਮਨੁਖੀ ਕਲੋਨਿੰਗ
ਮਨੁਖੀ ਕਲੋਨਿੰਗ
ਅਜੋਕੇ ਸਮੇਂ ਵਿਚ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਕ੍ਰਾਂਤੀਕਾਰੀ ਖੋਜ ਜਨਿਜ਼ ਦੀ ਤਬਦੀਲੀ ਹੈ। ਜਦੋਂ ਦੀ ਮਨੁੱਖ ਦੇ ਚੇਤਨਤਾ ਨਾਲ ਵਿਗਿਆਨਕ ਕਾਢਾਂ ਦੇ ਰਸਤੇ ‘ਤੇ ਤੁਰਨਾ ਆਰੰਭ ਕੀਤਾ ਹੈ, ਸਭ ਤੋਂ ਪਹਿਲਾਂ ਅੱਗ ਅਤੇ ਪਹੀਏ ਦੀ ਕਾਢ ਸੀ, ਜਿਸ ਤੋਂ ਵਿਕਾਸ ਕਰਦਾ ਹੋਇਆ ਮਨੁੱਖ ਹੁਣ ਇਥੋਂ ਤੱਕ ਪਹੁੰਚ ਗਿਆ ਹੈ ਕਿ ਉਹ ਵੱਖੋ-ਵੱਖਰੀਆਂ ਜੀਨਾਂ ਦੇ ਰੱਦੋਬਦਲ ਵੱਲ ਵੀ ਰੁਚਿਤ ਹੋ ਗਿਆ ਹੈ। ਦੁਨੀਆਂ ਵਿਚ ਹਰ ਪ੍ਰਕਾਰ ਦੀ ਇੰਜਨੀਅਰਿੰਗ ਦਾ ਵਿਕਾਸ ਹੋਇਆ ਹੈ, ਜਿਵੇਂ ਸਿਵਲ, ਮਕੈਨਕੀ, ਬਿਜਲੀ, ਰੇਲਵੇ ਤੇ ਹੁਣ ਅਜੋਕੇ ਸਮੇਂ ਵਿਚ ਕੰਪਿਊਟਰ ਦੀ ਇੰਜਨੀਅਰਿੰਗ ਤੋਂ ਬਾਅਦ ਜੈਨੇਟਿਕ ਇੰਜਨੀਅਰਿੰਗ ਦਾ ਨਾਂ ਵਿਸ਼ੇਸ਼ ਤੌਰ ‘ਤੇ ਲਿਆ ਜਾਣ ਲੱਗ ਪਿਆ ਹੈ। ਹੁਣ ਫਰਕ ਕੇਵਲ ਇਹ ਪਿਆ ਹੈ ਕਿ ਜੀਨਾਂ ਦੇ ਰੱਦੋਬਦਲ ਦੇ ਮਾਮਲੇ ‘ਤੇ ਵਿਗਿਆਨੀ ਦੁਚਿੱਤੀ ਵਿਚ ਹਨ ਕਿ ਇਸ ਨਾਲ ਮਨੁੱਖੀ ਜੀਵਨ ਵੱਲ ਪ੍ਰਗਤੀ ਦਾ ਰਾਹ ਖੁੱਲੇਗਾ ਜਾਂ ਮਨੁੱਖ ਵਿਕਾਸ ਦੀਆਂ ਹਨੇਰੀਆਂ ਗਲੀਆਂ ਵਿਚ ਤਾਂ ਨਹੀਂ ਚਲਾ ਜਾਵੇਗਾ। ਜਿਥੋਂ ਤੱਕ ਪਸ਼ੂਆਂ ਅਤੇ ਬਨਸਪਤੀ ਦਾ ਸਬੰਧ ਸੀ, ਇਸ ਨੇ ਖੋਜ ਦੇ ਪੱਖ ਦੇ ਮਨ ਅਨੁਕੂਲ ਕਈ ਤਰ੍ਹਾਂ ਦੇ ਨਵੇਂ ਦੁਆਰ ਖੋਲ੍ਹੇ ਅਤੇ ਮਨੁੱਖਤਾ ਦੇ ਕਲਿਆਣ ਲਈ ਸਾਰਥਕ ਭੂਮਿਕਾ ਨਿਭਾਈ ਪਰ ਹੈਰਾਨੀ ਅਤੇ ਦਿਲਚਸਪੀ ਉਸ ਸਮੇਂ ਆਪਣੀ ਸੀਮਾਂ ‘ਤੇ ਪਹੁੰਚ ਗਈ ਜਦੋਂ ਮਨੁੱਖ ਆਪਣੀ ਤਬਦੀਲੀ ਬਾਰੇ ਵੀ ਦਿਲਚਸਪੀ ਦਿਖਾਉਣ ਲੱਗ ਪਿਆ।
ਜੈਨੇਟਿਕ ਇੰਜਨੀਅਰਿੰਗ ਦੇ ਰਾਹ ‘ਤੇ ਉਸ ਸਮੇਂ ਢੇਰ ਸਾਰੀ ਦਿਲਚਸਪੀ ਪੈਦਾ ਹੋ ਗਈ ਜਦੋਂ ਡੌਲੀ ਨਾਂ ਦੀ ਇਕ ਭੇਡ ਨੂੰ ਵਿਗਿਆਨਕ ਢੰਗ ਨਾਲ ਬਣਾ ਕੇ ਵਿਗਿਆਨੀਆਂ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਤੇ ਫਿਰ ਚਰਚਾ ਸ਼ੁਰੂ ਹੋ ਗਈ ਕਿ ਜਦੋਂ ਮਨੁੱਖ ਦੀ ਕਲੋਨਿੰਗ ਸ਼ੁਰੂ ਹੋ ਜਾਏਗੀ ਤਾਂ ਇਸ ਦੇ ਕੀ ਨਤੀਜੇ ਨਿਕਲਣਗੇ। ਜੇ ਵਿਗਿਆਨੀਆਂ ਨੇ ਹਿਟਲਰ ਵਰਗੇ ਮਨੁੱਖ ਦਾ ਇਕ ਹੋਰ ਬਦਲ ਤਿਆਰ ਕਰ ਲਿਆ ਤਾਂ ਵਿਸ਼ਵ ਸ਼ਾਂਤੀ ਨੂੰ ਖਤਰਾ ਪੈਦਾ ਹੋ ਜਾਵੇਗਾ ਕਿਉਂਕਿ ਜਿਸ ਤਰ੍ਹਾਂ ਦੇ ਜੀਨਜ਼ ਨਾਲ ਹਿਟਲਰ ਤਿਆਰ ਹੋਵੇਗਾ, ਉਸ ਤਰ੍ਹਾਂ ਦੀਆਂ ਉਸ ਦੀਆਂ ਵਿਸ਼ੇਸ਼ਤਾਵਾਂ, ਸੁਭਾਅ ਅਤੇ ਰੁਚੀਆਂ ਹੋਣਗੀਆਂ। ਇਸ ਤਰ੍ਹਾਂ ਦੂਸਰੇ ਡਿਕਟੇਟਰਾਂ ਬਾਰੇ ਹੀ ਇਹ ਗੱਲ ਕਹੀ ਗਈ, ਪ੍ਰੰਤੂ ਸ਼ਾਂਤੀ ਪਸੰਦ ਲੋਕਾਂ ਨੇ ਦੂਸਰੇ ਪਾਸੇ ਇਹ ਕਹਿਣਾ ਵੀ ਸ਼ੁਰੂ ਕਰ ਦਿੱਤਾ ਕਿ ਜੇ ਮਦਰ ਟਰੈਸਾ ਵਰਗੀ ਇਸਤਰੀ ਵਿਗਿਆਨੀ ਦੁਬਾਰਾ ਬਣਾ ਦੇਣ ਤਾਂ ਮਨ, ਮਨੁੱਖੀ ਸੇਵਾ ਵਿਚ ਵੀ ਚਮਤਕਾਰ ਹੋ ਸਕਦਾ ਹੈ। ਉਸ ਸਮੇਂ ਦੇ ਅਮਰੀਕਾ ਦੇ ਰਾਸ਼ਟਰਪਤੀ ਕਲਿੰਟਨ ਨੇ ਹਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਤਾਂ ਕੰਮ ਕਾਜ ਵਿਚ ਬਹੁਤ ਲਾਭ ਹੋਵੇਗਾ ਜੇ ਵਿਗਿਆਨੀ ਇਕ ਹੋਰ ਕਲਿੰਟਨ ਬਣਾ ਦੇਣ। ਇਸ ਤਰ੍ਹਾਂ ਦੀਆਂ ਹਜ਼ਾਰਾਂ ਗੱਲਾਂ ਕਲੋਨਿੰਗ ਦੇ ਬਾਰੇ ਵਿਚ ਜੋੜੀਆਂ ਗਈਆਂ। ਵਿਗਿਆਨੀਆਂ ਨੇ ਆਪੋ ਆਪਣੀ ਖੋਜ ਮੁਤਾਬਕ ਜੈਨੇਟਿਕ ਇੰਜਨੀਅਰਿੰਗ ਦੇ ਵਿਸ਼ੇ ਵਿਚ ਆਪਣੀ ਖੋਜ ਜਾਰੀ ਰੱਖੀ ਅਤੇ ਸੰਸਾਰ ਵਿਚ ਹੋਣ ਵਾਲੀਆਂ ਨਵੀਆਂ ਸੰਭਾਵਨਾਵਾਂ ਤੇ ਪੇਚੀਦਗੀਆਂ ਬਾਰੇ ਚਰਚਾ ਜਾਰੀ ਰਹੀ।
ਵਿਗਿਆਨਕ ਖੋਜ ਨਾਲ ਸਬੰਧ ਰੱਖਣ ਵਾਲੇ ਇਕ ਵਰਗ ਦਾ ਇਹ ਦ੍ਰਿਸ਼ਟੀਕੋਣ ਹੈ ਕਿ ਜੀਨ ਪਰਿਵਰਤਨ ਦਾ ਇਹ ਅਭਿਆਸ ਮਨੁੱਖ ਅਤੇ ਵਾਤਾਵਰਣ ਦੋਵਾਂ ਦੀ ਸਿਹਤ ਉੱਤੇ ਉਲਟਾ ਪ੍ਰਭਾਵ ਪਾ ਰਿਹਾ ਹੈ। ਇਸ ਸਬੰਧ ਵਿਚ ਅਜੇ ਤੱਕ ਖੋਜ ਪੱਤਰ ਜੋ ਇਸ ਸੰਵੇਦਨਸ਼ੀਲ ਵਿਸ਼ੇ ਨਾਲ ਜੁੜੇ ਹੋਏ ਹਨ, ਉਨ੍ਹਾਂ ਅਨੁਸਾਰ ਵਿਗਿਆਨੀਆਂ ਦਾ ਇਹ ਮਤ ਹੈ ਕਿ ਜੀਨਾਂ ਦੇ ਰੱਦੇਬਦਲ ਨਾਲ ਹਾਸਲ ਮਾਸ, ਦੁੱਧ ਅਤੇ ਅੰਡੇ ਵਰਗੀਆਂ ਵਸਤਾਂ ਮਨੁੱਖੀ ਸਿਹਤ ਦੀ ਬਲੀ ਲੈ ਰਹੀਆਂ ਹਨ। ਅਮਰੀਕਾ ਵਿਖੇ ਪ੍ਰਸਿੱਧ ਨੈਸ਼ਨਲ ਅਕਾਡਮੀ ਆਫ ਸਾਇੰਸਿਜ਼ ਦੇ ਇਕ ਵਿਗਿਆਨੀ ਵਰਗ ਨੇ ਇਹ ਸਵੀਕਾਰ ਕੀਤਾ ਹੈ ਕਿ ਜੀਨ-ਪਰਿਵਰਤਨ ਨਾਲ ਬਣਾਏ ਭੋਜਨ ਸਾਡੀ ਸਿਹਤ ਲਈ ਖਤਰਾ ਉਤਪੰਨ ਕਰ ਸਕਦੇ ਹਨ, ਪਰ ਨਾਲ ਹੀ ਉਨ੍ਹਾਂ ਨੇ ਜੈਨੇਟਿਕ ਇੰਜਨੀਅਰਿੰਗ ਨੂੰ ਇਕਦਮ ਖਾਰਜ ਨਹੀਂ ਕੀਤਾ ਹੈ ਤੇ ਉਥੇ ਅਜੇ ਤੱਕ ਖੋਜ ਜਾਰੀ ਹੈ।
ਇਹ ਪ੍ਰਸ਼ਨ ਜੈਨੇਟਿਕ ਇੰਜਨੀਅਰਿੰਗ ਨਾਲ ਵਿਸ਼ੇਸ਼ ਤੌਰ ‘ਤੇ ਜੁੜ ਗਿਆ ਹੈ ਕਿ ਜਿਸ ਢੰਗ ਨਾਲ ਬਨਸਪਤੀ ਅਤੇ ਪਸ਼ੂਆਂ ਨਾਲ ਜੀਨਜ਼ ਦੇ ਆਧਾਰ ‘ਤੇ ਪਰਿਵਰਤਨ ਕਰਕੇ ਸਸਤੀਆਂ ਦਰਾਂ ਦੇ ਭੋਜਨ ਅਤੇ ਸਿਹਤ ਦੇ ਨਿਯਮਾਂ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ ਅਤੇ ਨਾਲ ਹੀ ਦਵਾਈਆਂ ਵਿਚ ਵੀ ਇਸ ਪ੍ਰਣਾਲੀ ਨੂੰ ਆਧਾਰ ਬਣਾ ਕੇ ਜੋ ਨਤੀਜੇ ਨਿਕਲ ਰਹੇ ਹਨ, ਉਨ੍ਹਾਂ ਰਾਹੀਂ ਸਾਡੀ ਵਿਗਿਆਨਕ ਸੋਚ ਅਨੁਸਾਰ ਕਈ ਮਨਚਾਹੇ ਸਿੱਟੇ ਨਿਕਲ ਸਕਣਗੇ। ਭਾਰਤੀ ਅਤੇ ਪੱਛਮੀ ਵਿਗਿਆਨੀਆਂ ਵਿਚ ਇਹ ਅੰਤਰ ਹੈ ਕਿ ਜਿਥੇ ਪੱਛਮੀ ਵਿਗਿਆਨੀ ਜੈਨੇਟਿਕ ਇੰਜਨੀਅਰਿੰਗ ਵਿਚ ਕਾਫੀ ਅੱਗੇ ਨਿਕਲ ਚੁੱਕੇ ਹਨ ਤੇ ਭਾਰਤੀ ਵਿਗਿਆਨੀ ਤਾਂ ਕੇਵਲ ਉਨ੍ਹਾਂ ਦੀ ਖੋਜ ਦੀ ਨਕਲ ਹੀ ਕਰ ਰਹੇ ਹਨ, ਉਥੇ ਇਹ ਗੱਲ ਵੀ ਸਪਸ਼ਟ ਹੈ ਕਿ ਜੋ ਚਿੰਤਾ ਇਸ ਵਿਸ਼ੇ ਨਾਲ ਜੁੜੀ ਹੋਈ ਹੈ, ਉਸ ਨੇ ਪੱਛਮੀ ਵਿਗਿਆਨੀਆਂ ਨੂੰ ਕਾਫੀ ਲਾਚਾਰੀ ਬੇਚੈਨੀ ਤੇ ਚਿੰਤਾਯੁਕਤ ਵੀ ਬਣਾਇਆ ਹੈ। ਨਿਰਸੰਦੇਹ ਜੋ ਇਸ ਵਿਸ਼ੇ ‘ਤੇ ਬਹੁਤਾ ਕੰਮ ਕਰਦਾ ਹੈ, ਪ੍ਰਭਾਵ ਉਸ ‘ਤੇ ਹੀ ਪੈਂਦਾ ਹੈ। ਵਿਗਿਆਨਕ ਹਲਕਿਆਂ ਦਾ ਇਹ ਕਹਿਣਾ ਹੈ, ਕਿ ਉਨ੍ਹਾਂ ਦੇ ਫਾਰਮਾਂ ਵਿਚ ਕਈ ਕਲੋਨਡ ਪਸ਼ੂ ਸ਼ਾਮਲ ਹੋ ਗਏ ਹਨ ਤੇ ਉਨ੍ਹਾਂ ਦਾ ਉਦਘਾਟਨ ਬੜੀ ਜਲਦੀ ਨਾਲ ਲੋਕਾਂ ਤੱਕ ਪਹੁੰਚ ਰਿਹਾ ਹੈ। ਇਸ ਤੋਂ ਇਲਾਵਾ ਹੋਰ ਕਈ ਕੰਪਨੀਆਂ ਨੇ ਇਸ ਤਰ੍ਹਾਂ ਦੇ ਫਾਰਮੂਲੇ ਤਿਆਰ ਕੀਤੇ ਹਨ ਜਿਸ ਵਿਚ ਅਜਿਹਾ ਦੁੱਧ ਮਨੁੱਖੀ ਦਵਾਈਆਂ ਦੇ ਨਿਰਮਾਣ ਵਿਚ ਸਹਾਇਕ ਹੈ। ਇਹ ਕੰਪਨੀਆਂ ਹੁਣ ਸੂਰਾਂ ਉੱਤੇ ਵੀ ਖੋਜ ਕਰ ਰਹੀਆਂ ਹਨ ਤਾਂ ਕਿ ਉਨ੍ਹਾਂ ਦੇ ਦਿਲ ‘ਤੇ ਜੋ ਅਸਰ ਹੁੰਦਾ ਹੈ ਉਨ੍ਹਾਂ ਨੂੰ ਆਧਾਰ ਬਣਾ ਕੇ ਮਨੁੱਖੀ ਦਿਲ ‘ਤੇ ਜੇ ਪ੍ਰਭਾਵ ਪੈ ਸਕਦਾ ਹੈ, ਉਸ ਦਾ ਅੰਦਾਜ਼ਾ ਲਗਾਇਆ ਜਾ ਸਕੇ। ਕਿਉਂਕਿ ਜੀਨ ਨਾਲ ਸਬੰਧਤ ਤਕਨੀਕਾਂ ਹੋਣ ਵਾਲੇ ਸੰਭਾਵੀ ਲਾਭਾਂ ਦੇ ਨਾਲ-ਨਾਲ ਹੋਣ ਵਾਲੀ ਹਾਨੀ ਨੂੰ ਵੀ ਵਸਾ ਰਹੀ ਹੈ, ਇਸ ਲਈ ਇਹ ਪੂਰੀ ਤਰ੍ਹਾਂ ਸ਼ੰਕੇ ਦੇ ਦਾਇਰੇ ਤੋਂ ਬਾਹਰ ਨਹੀਂ ਜਾ ਸਕੀ।
ਜੈਨੇਟਿਕ ਇੰਜਨੀਅਰਿੰਗ ਨੇ ਆਪਣੇ ਲਈ ਕੁਝ ਖੇਤਰ ਵਿਸ਼ੇਸ਼ ਤੌਰ ‘ਤੇ ਨਿਰਧਾਰਿਤ ਕੀਤੇ ਹਨ। ਜੇ ਇਹ ਪ੍ਰਣਾਲੀ ਪੂਰੀ ਤਰ੍ਹਾਂ ਕਾਮਯਾਬ ਹੁੰਦੀ ਹੈ ਤਾਂ ਇਹ ਸੰਸਾਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੀ ਹੈ। ਮੁੱਖ ਤੌਰ ‘ਤੇ ਇਸ ਤਕਨੀਕ ਨਾਲ ਜੁੜੇ ਹੋਏ ਵਿਗਿਆਨੀਆਂ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਨੇ ਦੁਨੀਆਂ ਵਿਚ ਜੋ ਭੁੱਖ ਹੈ, ਉਸ ਨੂੰ ਖਤਮ ਕਰਨ ਲਈ ਇਸ ਜੈਨੇਟਿਕ ਇੰਜਨੀਅਰਿੰਗ ਤੋਂ ਮਦਦ ਲਈ ਹੈ। ਜੀਨਜ਼ ਦੀ ਤਬਦੀਲੀ ਨਾਲ ਖੁਰਾਕ ਦੀਆਂ ਕਈ ਵਸਤਾਂ ਦਾ ਬਹੁਤ ਸਾਰਾ ਨਿਰਮਾਣ ਇਸ ਨਾਲ ਕੀਤਾ ਜਾ ਸਕਦਾ ਹੈ। ਤੇਲ ਪੈਦਾ ਕਰਨ ਵਾਲੇ ਪੌਦਿਆਂ ਦਾ ਨਿਰਮਾਣ ਕਰਨਾ, ਰੋਗਾਂ ਨਾਲ ਲੜਨ ਲਈ ਦਵਾਈਆਂ ਦਾ ਨਿਰਮਾਣ ਕਰਨਾ, ਭੋਜਨ ਦੀ ਉਮਰ ਵਧਾਉਣ ਵਰਗੇ ਲਾਭਾਂ ਨੂੰ ਇਸ ਅਪ੍ਰਕ੍ਰਿਤਕ ਢੰਗ ਨਾਲ ਜੋੜਿਆ ਜਾਂਦਾ ਹੈ। ਨਾਲ ਹੀ ਇਸ ਨਾਲ ਸੰਭਾਵੀ ਨਾਖੁਸ਼ਗਵਾਰ ਪ੍ਰਤੀਕਿਰਿਆਵਾਂ ਵਿਚ ਜਿਵੇਂ ਨਸ਼ਿਆਂ ਦੀ ਗਿਣਤੀ ਵਿਚ ਵਾਧਾ ਤੇ ਨਸ਼ੇ ਪੀਣ ਵਾਲੇ ਲੋਕਾਂ ਦੀ ਗਿਣਤੀ ਵਿਚ ਬੇਹਿਸਾਬ ਵਾਧਾ, ਐਲਰਜੀ ਅਤੇ ਐਂਟੀਬਾਡੀਜ਼ ਨਾਕਾਰਾਤਮਕ ਪ੍ਰਵਿਰਤੀ ਵਿਚ ਤਬਦੀਲੀ ਜੋ ਸਿਹਤ ਦੇ ਪੱਖ ਤੋਂ ਨੁਕਸਾਨਦਾਇਕ ਸਾਬਤ ਹੋਵੇ, ਅਜਿਹੀਆਂ ਸਾਰੀਆਂ ਗੱਲਾਂ ਜੈਨੇਟਿਕ ਇੰਜਨੀਅਰਿੰਗ ਦੇ ਵਿਸ਼ੇ ਖੇਤਰ ਵਿਚ ਸਮਾਈਆਂ ਹੋਈਆਂ ਹਨ। ਜਿਨ੍ਹਾਂ ਨੇ ਵਿਗਿਆਨੀਆਂ ਨੂੰ ਡੂੰਘੀ ਸੋਚ ਵਿਚ ਪਾਇਆ ਹੈ।
ਜੈਨੇਟਿਕ ਇੰਜਨੀਅਰਿੰਗ ਨਾਲ ਜੁੜੇ ਹੋਏ ਵਿਗਿਆਨੀ ਜਿਥੇ ਅੱਜ ਦੀ ਪ੍ਰਮੁੱਖ ਸਮੱਸਿਆ ਵਾਯੂ ਪ੍ਰਦੂਸ਼ਣ ਨਾਲ ਜੂਝ ਰਹੇ ਹਨ ਤੇ ਇਸ ਗੱਲ ਦਾ ਸੰਦੇਹ ਰੱਖਦੇ ਹਨ ਕਿ ਅਜਿਹੇ ਜੀਵਨ ਰੂਪਾਂਤਰਣ ਨਾਲ ਪ੍ਰਾਕ੍ਰਿਤਕ ਅਤੇ ਸੁਰੱਖਿਅਤ ਕੀਟਨਾਸ਼ਕ ਵੀ ਆਪਣਾ ਪ੍ਰਭਾਵ ਖਤਮ ਕਰ ਸਕਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਸਾਰੇ ਜੀਵ ਜੰਚੂ ਆਪਣਾ ਮਾਸੂਮ ਵਿਵਹਾਰ ਖੋ ਕੇ ਆਕਰਸ਼ਕ ਵੀ ਹੋ ਸਕਦੇ ਹਨ। ਬਾਇਓ ਟੈਕਨਾਲੋਜੀ ਦੇ ਸਹਾਰੇ ਵਿਕਸਿਤ ਹੋਈ ਤਾਕਤਵਰ ਅਤੇ ਪ੍ਰਭਾਵਸ਼ਾਲੀ ਫਸਲਾਂ ਦੂਸਰੀਆਂ ਕੁਦਰਤੀ ਢੰਗ ਨਾਲ ਹੋਈਆਂ ਫਸਲਾਂ ਲਈ ਸੰਕਟ ਵੀ ਬਣ ਸਕਦੀਆਂ ਹਨ।
ਜੈਨੇਟਿਕ ਇੰਜਨੀਅਰਿੰਗ ਦੇ ਨਾਲ ਜੁੜੇ ਹੋਏ ਵਿਗਿਆਨੀ ਆਪਣੀ ਧੀਮੀ ਚਾਲ ਚਲਦੇ ਹੋਏ ਇਹ ਸਵੀਕਾਰ ਕਰਦੇ ਹਨ ਕਿ ਇਸ ਨਾਲ ਲਾਭਾਂ ਦੇ ਨਾਲ ਨਾਲ ਨੁਕਸਾਨ ਦਾ ਦਾਇਰਾ ਵੀ ਇਸ ਨਾਲ ਜੁੜਿਆ ਹੋਇਆ ਹੈ। ਸਾਧਾਰਨ ਲੋਕ ਵੀ ਇਸ ਦੇ ਅਧਿਐਨ ਦੇ ਪ੍ਰਤੀ ਆਕਰਸ਼ਿਤ ਹੋ ਰਹੇ ਹਨ ਤਾਂ ਜੋ ਵਿਗਿਆਨ ਨੇ ਉਨ੍ਹਾਂ ਦੀ ਝੋਲੀ ਵਿਚ ਜੋ ਕੁਝ ਪਾਉਣਾ ਹੈ, ਉਸ ਦਾ ਅੰਦਾਜ਼ਾ ਲਗ ਸਕੇ।
ਜੀਨਜ਼ ਦੀ ਰੱਦੇਬਦਲ ਕਈ ਢੰਗਾਂ ਨਾਲ ਕੀਤੀ ਜਾ ਸਕਦੀ ਹੈ। ਛੋਟੇ ਪੱਧਰ ਦੇ ਜਾਨਵਰਾਂ ਅਤੇ ਪੌਦਿਆਂ ਵਿਚ ਇਸ ਰੱਦੇਬਦਲ ਦੀ ਪ੍ਰਕਿਰਿਆ, ਨੂੰ ਜੀਨਜ਼ ਰੂਪਾਂਤਰਣ (Transformation) ਦਾ ਨਾਂ ਦਿੱਤਾ ਗਿਆ ਹੈ, ਜਦੋਂ ਕਿ ਉੱਚੇ ਪੱਧਰ ਦੇ ਜਾਨਵਰਾਂ ਵਿਚ ਇਸ ਪ੍ਰਕਿਰਿਆ ਨੂੰ ਟਰਾਂਸਫੈਕਸ਼ਨ ਦਾ ਨਾਂ ਦਿੱਤਾ ਗਿਆ ਹੈ। ਜਾਨਵਰਾਂ ਵਿਚ ਟਰਾਂਸਫੈਕਸ਼ਨ ਭਾਵ ਜੀਨਜ਼ ਦੀ ਬਦਲੀ ਸੈਲੂਲਹ ਪੱਧਰ ‘ਤੇ ਕੀਤੀ ਜਾਂਦੀ ਹੈ। ਅਸਲ ਵਿਚ ਜਿਹੜੇ ਸ਼ੁਕਰਾਣੂ (Cells) ਵਿਚ ਬਦਲੀ ਕਰਨੀ ਹੁੰਦੀ ਹੈ, ਉਸ ਨੂੰ ਫਰਟੀਲਾਈਜ਼ਡ ਐੱਗ (Fertilisedegg) ਕਹਿੰਦੇ ਹਨ। ਫਰਟੀਲਾਈਜ਼ਡ ਅੰਡੇ ਵਿਚੋਂ ਪਹਿਲਾਂ ਸਾਰਾ ਜੈਨੇਟਿਕ ਪਦਾਰਥ ਕੱਢ ਦਿੱਤਾ ਜਾਂਦਾ ਹੈ। ਸੈੱਲ ਦਾ ਵਿਕਾਸ ਤਾਂ ਹੀ ਹੋ ਸਕਦਾ ਹੈ ਜੇ ਉਸ ਵਿਚ ਨਿਊਕਲੀਅਸ (Nucleus) ਹੋਵੇਗਾ।
ਵਿਗਿਆਨੀਆਂ ਨੇ ਬੜੀ ਤਿਲਚਸਪੀ ਨਾਲ ਲੱਸੀ ਰਿੜ੍ਹਕਣ ਦੇ ਢੰਗ ਨਾਲ ਇਸ ਵਿਗਿਆਨਕ ਪਰਿਵਰਤਨ ਨੂੰ ਸਮਝਾਇਆ ਹੈ। ਜਿਸ ਤਰ੍ਹਾਂ ਮਧਾਣੀ ਨਾਲ ਚਾਟੀ ਵਿਚ ਲੱਸੀ ਰਿੜਕਣ ਸਮੇਂ ਇਸ ਗੱਲ ਦਾ ਮੰਤਵ ਮੁੱਖ ਰੱਖਿਆ ਜਾਂਦਾ ਹੈ ਕਿ ਮਧਾਣੀ ਚਲਾਉਣ ਸਮੇਂ ਮੱਖਣ ਇਕ ਕੇਂਦਰੀ ਬਿੰਦੂ ‘ਤੇ ਇਕੱਠਾ ਹੋ ਜਾਵੇ। ਇਸ ਢੰਗ ਨੂੰ ਵਿਗਿਆਨੀ (Centrifugal force) ਲਗਾਉਣਾ ਕਹਿੰਦੇ ਹਨ। ਇਸ ਢੰਗ ਨਾਲ ਜਦੋਂ ਮੱਖਣ ਚਾਟੀ ਵਿਚ ਇਕ ਥਾਂ ‘ਤੇ ਇਕੱਠਾ ਹੋ ਜਾਂਦਾ ਹੈ ਤਾਂ ਉਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ।
ਬਿਲਕੁਲ ਇਸੇ ਤਰ੍ਹਾਂ ਹੀ ਸੈੱਲਾਂ ਵਿਚ DNA, Nuclei, chromosomes ਆਦਿ Centrifugal force ਨਾਲ ਬਾਹਰ ਕੱਢ ਲਿਆ ਜਾਂਦਾ ਹੈ। ਇਸ ਤੋਂ ਬਾਅਦ ਲੋੜਵੰਦ ਜੈਨਟਿਕ ਪਦਾਰਥ ਉਸ ਫਰਟੀਲਾਈਜ਼ਡ ਅੰਡੇ ਵਿਚ ਬਦਲੀ ਕਰ ਦਿੱਤਾ ਜਾਂਦਾ ਹੈ। ਇਸ ਪ੍ਰਣਾਲੀ ਨਾਲ ਪੈਦਾ ਹੋਏ ਜਾਨਵਰ ਅਤੇ ਪੌਦਿਆਂ ਨੂੰ ਟਰਾਂਸਜੈਨੀਕ ਜਾਨਵਰ ਅਤੇ ਪੌਦਿਆਂ ਦਾ ਨਾਂ ਦਿੱਤਾ ਜਾਂਦਾ ਹੈ।
ਸਮੁੱਚੇ ਤੌਰ ‘ਤੇ ਜੈਨੇਟਿਕ ਇੰਜਨੀਅਰਿੰਗ ਨੇ ਵਿਸ਼ਵ ਵਿਚ ਕਈ ਤਰ੍ਹਾਂ ਦੇ ਅੰਦਾਜ਼ੇ, ਅਟਕਲਾਂ ਅਤੇ ਭਵਿੱਖਬਾਣੀਆਂ ਨੂੰ ਜਨਮ ਦਿੱਤਾ ਹੈ ਤੇ ਸਾਰੇ ਸੰਸਾਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵਿਗਿਆਨਕ ਪੱਤਰਕਾਵਾਂ ਵਿਚ ਇਸ ਸਬੰਧੀ ਖੋਜਪੂਰਨ ਨਿਬੰਧ ਛਪ ਰਹੇ ਹਨ ਅਤੇ ਅਮਰੀਕਾ ਦੀ ਸਭ ਤੋਂ ਵੱਡੀ ਏਜੰਸੀ ਨੈਸ਼ਨਲ ਐਕਾਡਮੀ ਆਫ ਸਾਇੰਸਿਜ਼ ਇਸ ਨਾਲ ਵਿਸ਼ੇਸ਼ ਤੌਰ ‘ਤੇ ਜੁੜੀ ਹੋਈ ਹੈ। ਨਾ ਕੇਵਲ ਅਮਰੀਕਾ ਬਲਕਿ ਹਰ ਵੱਡੇ ਦੇਸ਼ ਜਿਵੇਂ ਜਾਪਾਨ, ਰੂਸ, ਚੀਨ ਅਤੇ ਇਥੋਂ ਤੱਕ ਭਾਰਤ ਵਿਚ ਵੀ ਇਸ ਸਬੰਧੀ ਖੋਜ ਜਾਰੀ ਹੈ। ਸਾਰੇ ਸੰਸਾਰ ਦੇ ਵਿਗਿਆਨੀਆਂ ਦੀ ਇਕ ਸਾਂਝੀ ਰਾਇ ਹੈ ਕਿ ਇਸ ਜੀਨਜ਼ ਰੂਪਾਂਤਰਣ ਦੀ ਪ੍ਰਣਾਲੀ ਨੇ ਸਮੁੱਚੀ
ਮਨੁੱਖਤਾ ਨੂੰ ਇਕ ਚੁਰਾਹੇ ਤੇ ਆ ਕੇ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਜੀਨਾਂ ਦਾ ਰੱਦੋਬਦਲ ਮਨੁੱਖੀ ਸਮਾਜ ਦੇ ਲਈ ਬੁਰਾ ਹੈ ਜਾਂ ਚੰਗਾ, ਇਸ ਦਾ ਜਵਾਬ ਕੇਵਲ ਸਮਾਂ ਹੀ ਦੇ ਸਕਦਾ ਹੈ।