CBSEclass 11 PunjabiClass 9th NCERT PunjabiEducationNCERT class 10thParagraphPunjab School Education Board(PSEB)

ਲੇਖ : ਬੇਰੁਜ਼ਗਾਰੀ

ਬੇਰੁਜ਼ਗਾਰੀ

ਬੇਰੁਜ਼ਗਾਰੀ ਦਾ ਅਰਥ : ‘ਬੇਰੁਜ਼ਗਾਰੀ’ ਭਾਵ ਰੁਜ਼ਗਾਰ, ਕੰਮ ਤੋਂ ਬਿਨਾਂ। ਜਦੋਂ ਕੰਮ ਕਰਨ ਦੀ ਸਮੱਰਥਾ ਰੱਖਣ ਵਾਲੇ ਜਾਂ ਉਸ ਦੀ ਯੋਗਤਾ ਰੱਖਣ ਵਾਲੇ ਵਿਅਕਤੀ ਨੂੰ ਕੋਈ ਰੁਜ਼ਗਾਰ/ਕੰਮ ਨਾ ਮਿਲੇ ਤਾਂ ਉਸ ਨੂੰ ਬੇਰੁਜ਼ਗਾਰੀ ਕਿਹਾ ਜਾਂਦਾ ਹੈ। ਕਈ ਰੁਜ਼ਗਾਰ ਪ੍ਰਾਪਤ ਨਾ ਕਰ ਸਕਣ ਕਰਕੇ ਅਤੇ ਕਈ ਰੁਜ਼ਗਾਰੋਂ ਕੱਢੇ ਜਾਣ ਕਾਰਨ ਬੇਰੁਜ਼ਗਾਰ ਹੋ ਜਾਂਦੇ ਹਨ। ਭਾਰਤ ਵਿੱਚ ਅਨਪੜ੍ਹ, ਪੜ੍ਹੇ-ਲਿਖੇ ਅਤੇ ਸਿੱਖਿਅਤ ਹਰ ਤਰ੍ਹਾਂ ਦੇ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ।

ਬੇਰੁਜ਼ਗਾਰੀ ਇੱਕ ਸਰਾਪ ਹੈ : ਬੇਰੁਜ਼ਗਾਰੀ ਇੱਕ ਸਰਾਪ ਹੈ ਕਿਉਂਕਿ “ਵਿਹਲਾ ਮਨ ਸ਼ੈਤਾਨ ਦਾ ਘਰ’ ਹੁੰਦਾ ਹੈ। ਬੇਰੁਜ਼ਗਾਰ ਵਿਅਕਤੀ ਨੇ ਵੀ ਜ਼ਿੰਦਗੀ ਦੀਆਂ ਲੋੜਾਂ ਦੀ ਪੂਰਤੀ ਕਰਨੀ ਹੀ ਹੁੰਦੀ ਹੈ, ਜੇ ਉਸ ਨੂੰ ਕੋਈ ਕੰਮ-ਧੰਦਾ ਨਹੀਂ ਮਿਲਦਾ ਤਾਂ ਉਹ ਚੋਰੀਆਂ ਕਰਨੀਆਂ, ਡਾਕੇ ਮਾਰਨੇ, ਲੁੱਟਾਂ-ਖੋਹਾਂ ਕਰਨੀਆਂ ਆਦਿ ਨਾਲ ਕੁਰਾਹੇ ਪੈ ਜਾਂਦਾ ਹੈ। ਇੰਞ ਇੱਕ ਸਮੱਸਿਆ ਆਪਣੇ ਨਾਲ ਕਈ ਸਮੱਸਿਆਵਾਂ ਤੇ ਬੁਰਾਈਆਂ ਨੂੰ ਲੈ ਕੇ ਆਉਂਦੀ ਹੈ। ਅੱਜ ਸਾਡੇ ਦੇਸ਼ ਵਿੱਚ ਕਰੋੜਾਂ ਹੀ ਨੌਜਵਾਨ ਰੁਜ਼ਗਾਰ ਤੋਂ ਬਿਨਾਂ ਧੱਕੇ ਖਾਂਦੇ ਹਨ, ਨੌਕਰੀਆਂ ਲਈ ਭਟਕ ਰਹੇ ਹਨ ਤੇ ਮਾਯੂਸੀ ਕਾਰਨ ਨਸ਼ਿਆਂ ਦਾ ਸਹਾਰਾ ਲੈਂਦੇ ਹਨ।

ਬੇਰੁਜ਼ਗਾਰਾਂ ਦੀਆਂ ਕਿਸਮਾਂ : ਬੇਰੁਜ਼ਗਾਰ ਤਿੰਨ ਤਰ੍ਹਾਂ ਦੇ ਹੁੰਦੇ ਹਨ। ਇੱਕ ਪੜ੍ਹੇ-ਲਿਖੇ, ਦੂਜੇ ਅਨਪੜ੍ਹ ਜਾਂ ਹੁਨਰ-ਰਹਿਤ ਅਤੇ ਤੀਜੇ ਮੌਸਮੀ ਜਾਂ ਅਸਥਾਈ ਬੇਰੁਜ਼ਗਾਰ। ਪੜ੍ਹੇ-ਲਿਖੇ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਪ੍ਰਾਪਤ ਕਰ ਕੇ ਵੀ ਨੌਕਰੀ ਲਈ ਥਾਂ-ਥਾਂ ਰੁਲਦੇ ਫਿਰਦੇ ਹਨ। ਇਸ ਵਰਗ ਵਿੱਚ ਹੁਨਰਮੰਦ ਵਿਹਲੜ ਵੀ ਆ ਜਾਂਦੇ ਹਨ ਜਿਨ੍ਹਾਂ ਕੋਲ ਸਨਅਤੀ ਸੰਸਥਾਵਾਂ ਦੇ ਸਰਟੀਫ਼ਿਕੇਟ ਵੀ ਹੁੰਦੇ ਹਨ, ਜਿਵੇਂ ਖ਼ਰਾਦੀਏ, ਮਕੈਨਿਕ ਤੇ ਇਲੈਕਟ੍ਰੀਸ਼ਨ ਆਦਿ। ਦੂਜੇ ਅਨਪੜ੍ਹ ਬੇਰੁਜ਼ਗਾਰ ਤਾਂ ਹੱਥੀਂ ਮਿਹਨਤ ਕਰਨ ਵਾਲੇ ਹੁੰਦੇ ਹਨ। ਤੀਜੇ, ਮੌਸਮੀ ਜਾਂ ਅਸਥਾਈ ਬੇਰੁਜ਼ਗਾਰ ਜਿਵੇਂ ਕੁਲਫ਼ੀਆਂ, ਮੁੰਗਫ਼ਲੀ, ਛੱਲੀਆਂ ਆਦਿ ਵੇਚਣ ਵਾਲੇ

ਬੇਰੁਜ਼ਗਾਰੀ ਦੇ ਕਾਰਨ : ਬੇਰੁਜ਼ਗਾਰੀ ਦੀ ਸਮੱਸਿਆ ਇਸ ਦੇ ਕਾਰਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਠੋਸ ਕਾਰਵਾਈ ਨਾਲ ਦੂਰ ਹੋ ਸਕਦੀ ਹੈ।

ਇਹ ਕਾਰਨ ਮੁੱਖ ਤੌਰ ਤੇ ਤਿੰਨ ਹਨ :

1. ਮਸ਼ੀਨੀਕਰਨ : ਅਸਲ ਵਿੱਚ ਬੇਰੁਜ਼ਗਾਰੀ ਦਾ ਕਾਰਨ ਆਧੁਨਿਕ ਮਸ਼ੀਨੀਕਰਨ ਹੈ। ਇੱਕ ਮਸ਼ੀਨ ਹੀ ਕਈ – ਕਈ ਵਿਅਕਤੀਆਂ ਦੇ ਹਿੱਸੇ ਦਾ ਕੰਮ ਕਰ ਰਹੀ ਹੈ। ਇੰਞ ਹੱਥੀਂ ਕੰਮ ਕਰਨ ਵਾਲੇ ਵਿਹਲੇ ਹੋ ਗਏ ਹਨ। ਇਹਨਾਂ ਦਾ ਕੋਈ ਬਦਲ ਨਾ ਹੋਣ ਕਾਰਨ ਇਹ ਵਿਹਲੇ ਹੀ ਰਹਿੰਦੇ ਹਨ ਜਿਵੇਂ ਖੇਤੀਬਾੜੀ ਵਿੱਚ ਵੀ ਟੈੱਕਟਰ, ਮਸ਼ੀਨਾਂ ਆਉਣ ਨਾਲ ਕਾਮੇ ਵਿਹਲੇ ਹੋ ਗਏ ਹਨ। ਹਰ ਕਿੱਤੇ ਦਾ ਮਸ਼ੀਨੀਕਰਨ ਹੋ ਗਿਆ ਹੈ।

2. ਮਿੱਲ ਮਾਲਕਾਂ ਦੀਆਂ ਮਨਮਰਜ਼ੀਆਂ : ਬੇਰੁਜ਼ਗਾਰੀ ਵਧਣ ਦਾ ਕਾਰਨ ਮਿੱਲਾਂ ਤੇ ਕਾਰਖ਼ਾਨਿਆਂ ਦੀ ਤਾਲਾਬੰਦੀ ਵੀ ਹੈ। ਮਹਿੰਗਾਈ ਦੇ ਵਧਣ ਨਾਲ ਮਜ਼ਦੂਰ ਤਨਖ਼ਾਹਾਂ ਵਧਾਉਣ ਦੀ ਮੰਗ ਕਰਦੇ ਹਨ ਪਰ ਮਾਲਕਾਂ ਨੂੰ ਆਪਣੇ ਮੁਨਾਫ਼ੇ ਨਾਲ ਵਾਸਤਾ ਹੁੰਦਾ ਹੈ। ਉਹ ਮੰਗਾਂ ਨਹੀਂ ਮੰਨਦੇ। ਨਤੀਜੇ ਵਜੋਂ ਕਈ ਮਿੱਲਾਂ ਬੰਦ ਹੋ ਗਈਆਂ ਹਨ ਜਿਸ ਨਾਲ ਮਜ਼ਦੂਰ ਵਿਹਲੇ ਤੇ ਬੇਕਾਰ ਹੋ ਗਏ ਹਨ।

3. ਅਬਾਦੀ ਦਾ ਵਾਧਾ : ਅਨਪੜ੍ਹਤਾ ਕਰਕੇ ਸਾਡੇ ਦੇਸ਼ ਦੀ ਅਬਾਦੀ ਵਧ ਰਹੀ ਹੈ ਤੇ ਹੁਣ ਇਹ ਇੱਕ ਅਰਬ , ਬੱਤੀ ਕਰੋੜ ਦੀ ਹੱਦ ਵੀ ਟੱਪ ਚੁੱਕੀ ਹੈ। ਇਸ ਵਧ ਰਹੀ ਅਬਾਦੀ ਨੂੰ ਰੁਜ਼ਗਾਰ ਦੇਣ ਲਈ ਕਾਰਖ਼ਾਨੇ ਜਾਂ ਕੰਮ ਦੇ ਹੋਰ ਸਾਧਨ ਨਹੀਂ ਹਨ।

4. ਬਹੁ-ਰਾਸ਼ਟਰੀ ਕੰਪਨੀਆਂ : ਮਸ਼ੀਨੀਕਰਨ ਅਤੇ ਬਹੁ-ਰਾਸ਼ਟਰੀ ਕੰਪਨੀਆਂ ਦੇ ਰੂਪ ਵਿੱਚ ਵਿਦੇਸ਼ੀ ਨਿਵੇਸ਼ ਨੇ ਵੀ ਇਸ ਸਮੱਸਿਆ ਦੀ ਗੰਭੀਰਤਾ ਨੂੰ ਬਿਲਕੁਲ ਨਹੀਂ ਘਟਾਇਆ। ਏਸੇ ਲਈ ਮਹਾਤਮਾ ਗਾਂਧੀ ਘਰੇਲੂ ਦਸਤਕਾਰੀਆਂ ਦੇ ਵਾਧੇ ਲਈ ਪ੍ਰਚਾਰ ਕਰਦੇ-ਕਰਦੇ ਸੰਸਾਰ ਤੋਂ ਚੜ੍ਹਾਈ ਕਰ ਗਏ ਪਰ ਸਰਕਾਰ ਨੇ ਕੋਈ ਠੋਸ ਕਾਰਵਾਈ ਅਜੇ ਤੱਕ ਨਹੀਂ ਕੀਤੀ।

5. ਨੁਕਸਦਾਰ ਵਿੱਦਿਆ-ਪ੍ਰਣਾਲੀ : ਸਾਡੀ ਨਵੀਂ ਵਿੱਦਿਆ-ਪ੍ਰਣਾਲੀ ਵਿੱਚ ਕਿਤਾਬੀ ਪੜ੍ਹਾਈ ਦੇ ਨਾਲ-ਨਾਲ, ਨਿਰਸੰਦੇਹ, ਰੋਜ਼ੀ-ਕਮਾਊ ਕਿੱਤੇ ਸ਼ੁਰੂ ਕੀਤੇ ਗਏ ਹਨ ਪਰ ਨਾ ਸਰਕਾਰ ਨੇ ਇਨ੍ਹਾਂ ਨੂੰ ਵਿਆਪਕ ਪੱਧਰ ‘ਤੇ ਚਾਲੂ ਕੀਤਾ ਹੈ ਅਤੇ ਨਾ ਸਿਖਿਆਰਥੀਆਂ ਨੇ ਹੱਥੀਂ ਕੰਮ ਕਰਨ ਨੂੰ ਚੰਗਾ ਸਮਝਿਆ ਹੈ। ਉਨ੍ਹਾਂ ਸਿੱਖਿਆ ਲੈ ਕੇ ਵੀ ਥੋੜ੍ਹੀ ਤਨਖ਼ਾਹ ‘ਤੇ ਕੁਰਸੀ-ਬੈਠਵੇਂ ਕੰਮ ਨੂੰ ਹੀ ਪਹਿਲ ਦਿੱਤੀ ਹੈ। ਕਈ ਸਿਖਿਆਰਥੀ ਤਾਂ ਕੋਈ ਕਿੱਤਾ ਸਿੱਖ ਕੇ ਵੀ ਸਿੱਖਿਆ ਹੋਇਆ ਕੰਮ ਕਰਨ ਨਾਲੋਂ ਵਿਹਲੇ ਬੈਠੇ ਰਹਿੰਦੇ ਹਨ।

6. ਵਿਦੇਸ਼ ਜਾਣ ‘ਚ ਰੁਕਾਵਟਾਂ : ਵਿਦੇਸ਼ਾਂ ‘ਚ ਜਾਣ ਦੀਆਂ ਰੁਕਾਵਟਾਂ ਦੇਸ਼ ਦੇ ਵਿਹਲੜਾਂ ਨੂੰ ਦੂਜਿਆਂ ਦੇਸ਼ਾਂ ਵਿੱਚ ਜਾਣ ਨਹੀਂ ਦਿੰਦੀਆਂ ਭਾਵੇਂ ਇਨ੍ਹਾਂ ਵਿੱਚ ਵਿਦੇਸ਼ੀ ਕੰਮਾਂ-ਧੰਦਿਆਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਯੋਗਤਾ ਵੀ ਹੁੰਦੀ ਹੈ।

7. ਅਗਿਆਨਤਾ : ਸਾਡੇ ਕਈ ਅਨਪੜ੍ਹ ਵਿਹਲੜਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਦੇਸ਼ ਵਿੱਚ ਕਿੱਥੇ ਕੋਈ ਥਾਂ ਖ਼ਾਲੀ ਹੈ। ਮਾਨੋ ਉਹ ਆਪਣੀ ਅਗਿਆਨਤਾ ਕਰ ਕੇ ਵਿਹਲੇ ਬੈਠੇ ਰਹਿੰਦੇ ਹਨ। ਸਾਡੇ ਖੇਤੀਬਾੜੀ ਪ੍ਰਧਾਨ ਦੇਸ਼ ਵਿੱਚ ਕਿਸਾਨ ਕੇਵਲ ਫ਼ਸਲ ਦੀ ਬਿਜਾਈ, ਗੁਡਾਈ ਤੇ ਕਟਾਈ ਆਦਿ ਵੇਲੇ ਹੀ ਕੰਮ ਵਿੱਚ ਰੁੱਝੇ ਹੁੰਦੇ ਹਨ। ਬਾਕੀ ਸਮਾਂ ਤਾਂ ਉਹ ਵਿਹਲੇ ਹੀ ਰਹਿੰਦੇ ਹਨ।

ਬੇਰੁਜ਼ਗਾਰੀ ਦੂਰ ਕਰਨ ਲਈ ਸੁਝਾਅ : ਬੇਰੁਜ਼ਗਾਰੀ ਦੇਸ਼ ਵਿੱਚ ਅਸੰਤੁਸ਼ਟਤਾ ਪੈਦਾ ਕਰ ਕੇ ਕਈ ਸਮਾਜਕ ਭੈੜਾਂ ਨੂੰ ਜਨਮ ਦੇ ਰਹੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕੁਝ ਸੁਝਾਅ ਇਹ ਹਨ :

1. ਪੂੰਜੀਵਾਦੀ ਤੇ ਜਗੀਰਦਾਰੀ ਪ੍ਰਬੰਧ ਦਾ ਹਰ ਹਾਲਤ ਵਿੱਚ ਭੋਗ ਪਾਇਆ ਜਾਵੇ।

2. ਅਬਾਦੀ ਦੇ ਧੜਾਧੜ ਵਾਧੇ ‘ਤੇ ਰੋਕ ਲਾਈ ਜਾਵੇ।

3. ਬਹੁ-ਰਾਸ਼ਟਰੀ ਕੰਪਨੀਆਂ ਦੁਆਰਾ ਲੱਗਿਆ ਵਿਦੇਸ਼ੀ ਨਿਵੇਸ਼ ਦੇਸ਼-ਹਿਤੂ ਹੋਵੇ।

4. ਰੋਜ਼ੀ-ਕਮਾਊ ਕਿੱਤਿਆਂ ਦੀ ਸਿਖਲਾਈ ਵਿਆਪਕ ਪੱਧਰ ‘ਤੇ ਦਿੱਤੀ ਜਾਵੇ।

5. ਕਿੱਤਾ-ਚੋਣ ਵਿੱਚ ਸੁਤੰਤਰਤਾ ਦਿੱਤੀ ਜਾਵੇ।

6. ਆਦਰਸ਼ਕ ਆਚਰਨ ਤੇ ਮਿਹਨਤੀ ਸੁਭਾਅ ਸਦਕਾ ਵਿਦੇਸ਼ੀ ਆਵਾਜਾਈ ਦੀਆਂ ਰੁਕਾਵਟਾਂ ਨੂੰ ਨਰਮ ਕੀਤਾ ਜਾ ਸਕਦਾ ਹੈ।

7. ਦੇਸ਼ ਵਿੱਚ ਥਾਂ-ਥਾਂ ‘ਤੇ ਰੁਜ਼ਗਾਰ-ਕੇਂਦਰ ਖੋਲ੍ਹ ਕੇ ਅਨਪੜ੍ਹ ਬੇਰੁਜ਼ਗਾਰਾਂ ਨੂੰ ਖ਼ਾਲੀ ਥਾਵਾਂ ਦੀ ਜਾਣਕਾਰੀ ਦਿੱਤੀ ਜਾਵੇ।

8. ਵਿਹਲੇ ਸਮੇਂ ਕਿਸਾਨਾਂ ਨੂੰ ਸੂਰ, ਮੱਛੀਆਂ, ਮੁਰਗੀਆਂ, ਮੱਝਾਂ ਤੇ ਸ਼ਹਿਦ ਦੀਆਂ ਮੱਖੀਆਂ ਆਦਿ ਪਾਲਣ ਲਈ ਲੋੜੀਂਦੀ ਸਿੱਖਿਆ ਦਿੱਤੀ ਜਾਵੇ ਅਤੇ ਇਹ ਕੰਮ ਚਲਾਉਣ ਲਈ ਮਾਮੂਲੀ ਵਿਆਜ ‘ਤੇ ਕਰਜ਼ੇ ਦਿੱਤੇ ਜਾਣ।

ਸਾਰੰਸ਼ : ਬੇਰੁਜ਼ਗਾਰੀ ਬਹੁਤ ਹੀ ਗੰਭੀਰ ਸਮੱਸਿਆ ਹੈ ਜੋ ਦੇਸ਼ ਦੀ ਉੱਨਤੀ ਤੇ ਖ਼ੁਸ਼ਹਾਲੀ ਬੇਰੁਜ਼ਗਾਰੀ ਨੂੰ ਦੂਰ ਕਰ ਕੇ ਹੀ ਸੰਭਵ ਹੋ ਸਕਦੀ ਹੈ। ਸਰਕਾਰ ਤੇ ਜਨਤਾ ਦੋਹਾਂ ਨੂੰ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਅਜਿਹਾ ਕਰਕੇ ਹੀ ਅਸੀਂ ਵਿਸ਼ਵ ਦੇ ਹਾਣ ਦੇ ਹੋ ਸਕਾਂਗੇ।