CBSEEducationਲੇਖ ਰਚਨਾ (Lekh Rachna Punjabi)

ਲੇਖ : ਫੁੱਟਬਾਲ ਦਾ ਇਕ ਯਾਦਗਾਰੀ ਮੈਚ


ਫੁੱਟਬਾਲ ਦਾ ਇਕ ਯਾਦਗਾਰੀ ਮੈਚ


ਫੁਟਬਾਲ ਦੀ ਖੇਡ ਸਭ ਤੋਂ ਵੱਧ ਹਰਮਨ ਪਿਆਰੀ ਖੇਡ ਹੈ ਤੇ ਯੂਰਪ, ਅਮਰੀਕੀ, ਅਫਰੀਕੀ ਤੇ ਏਸ਼ੀਆ ਦੇ ਸੈਂਕੜੇ ਕਲੱਬ ਫੁਟਬਾਲ ਖੇਡਦੇ ਹਨ। ਹਜ਼ਾਰਾਂ ਦਰਸ਼ਕ ਇਨ੍ਹਾਂ ਮੈਚਾਂ ਦੇ ਆਨੰਦ ਮਾਣਦੇ ਹਨ। ਯੂਰਪ ਵਿਚ ਜਰਮਨੀ, ਇੰਗਲੈਂਡ, ਸਪੇਨ, ਅਰਜਨਟਾਈਨਾ, ਹਾਲੈਂਡ ਦੀ ਸਦਾ ਸਰਦਾਰੀ ਰਹੀ ਹੈ ਤੇ ਸੰਸਾਰ ਵਿਚ ਬ੍ਰਾਜ਼ੀਲ ਨੇ ਫੁਟਬਾਲ ਦੇ ਕਾਲਾ ਮੋਤੀ ਕਹੇ ਜਾਣ ਵਾਲੇ ਪੇਲੇ ਜਿਹੇ ਖਿਡਾਰੀ ਪੈਦਾ ਕਰਕੇ ਵਿਸ਼ਵ ਫੁਟਬਾਲ ‘ਤੇ ਆਪਣਾ ਸਿੱਕਾ ਜਮਾਇਆ ਹੈ। ਭਾਰਤ ਦੀ ਜੇ ਉਸ ਸਮੇਂ ਦੀ ਖੇਡ ਵਿਚ ਸਥਿਤੀ ਦੇਖੀ ਜਾਵੇ ਤਾਂ ਦੁਨੀਆ ਵਿਚ ਭਾਰਤ ਦਾ ਨੰਬਰ ਲਗਭਗ 150 ਦੇ ਨੇੜੇ ਹੀ ਰਹਿੰਦਾ ਸੀ। ਭਾਰਤ ਨੂੰ ਤਾਂ ਕਈ ਵਾਰ ਏਸ਼ੀਆ ਵਿਚ ਵੀ ਨੇਪਾਲ, ਪਾਕਿਸਤਾਨ, ਬੰਗਲਾਦੇਸ਼ ਵਰਗੇ ਦੇਸ਼ਾਂ ਨਾਲ ਜਿੱਤਣ ਲਈ ਸੰਘਰਸ਼ ਕਰਨਾ ਪਿਆ ਹੈ।

10 ਜਨਵਰੀ, 2012 ਵਿਚ ਜਵਾਹਰ ਲਾਲ ਸਟੇਡੀਅਮ ਵਿਚ ਯੂਰਪ ਦੀ ਪਹਿਲੇ ਪੰਜ ਕਲੱਬਾਂ ਵਿਚ ਗਿਣੀ ਜਾਂਦੀ ਜਰਮਨ ਦੇ ਬਾਇਰਨ ਮਿਊਨਿਖ ਕਲੱਬ ਦੀ ਟੀਮ ਇਕ ਦੋਸਤਾਨਾ ਮੈਚ ਭਾਰਤੀ ਟੀਮ ਨਾਲ ਖੇਡਣ ਆਈ। ਜਰਮਨ ਕਲੱਬ ਦੀ ਟੀਮ ਵਿਚ ਕਈ ਖਿਡਾਰੀ 2010 ਦਾ ਵਰਲਡ ਕੱਪ ਸ਼ਾਨਦਾਰ ਢੰਗ ਨਾਲ ਖੇਡ ਚੁੱਕੇ ਸਨ ਤੇ ਸਾਰੇ ਖਿਡਾਰੀ ਹੀ ਦੁਨੀਆ ਦੇ ਸਰਵੋਤਮ ਖਿਡਾਰੀ ਸਨ। ਜਵਾਹਰ ਲਾਲ ਸਟੇਡੀਅਮ ਦਰਸ਼ਕਾਂ ਦੀ ਭੀੜ ਨਾਲ ਨੱਕੋ-ਨੱਕ ਭਰਿਆ ਹੋਇਆ ਸੀ, ਪਰ ਖੇਡ ਪ੍ਰੇਮੀਆਂ ਨੇ ਜਿਸ ਅਨੁਸ਼ਾਸਨ ਵਿਚ ਰਹਿ ਕੇ ਦੋਹਾਂ ਟੀਮਾਂ ਨੂੰ ਦਾਦ ਦਿੱਤੀ, ਉਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। 90 ਮਿੰਟ ਦਾ ਇਹ ਮੈਚ ਜਿਉਂ-ਜਿਉਂ ਰਫ਼ਤਾਰ ਫੜਦਾ ਗਿਆ, ਭਾਰਤੀ ਟੀਮ ਵਿਚ ਹਿੰਮਤ ਤੇ ਜੋਸ਼ ਆਉਂਦਾ ਗਿਆ। ਜਰਮਨੀ ਕਲੱਬ ਦੀ ਟੀਮ ਕੇਵਲ ਪਹਿਲੇ ਅੱਧ ਵਿਚ 4 ਗੋਲ ਕਰ ਸਕੀ ਤੇ ਦੂਜੇ ਅੱਧ ਵਿਚ ਭਾਰਤੀਆਂ ਦੇ ਹੌਸਲੇ ਬੁਲੰਦ ਰਹੇ।

ਖੇਡ ਪ੍ਰੇਮੀਆਂ ਨੇ ਜਿਨ੍ਹਾਂ ਨੇ ਇਹ ਮੈਚ ਦਿੱਲੀ ਵਿਖੇ ਪੂਰੇ ਭਰੇ ਹੋਏ 40 ਹਜ਼ਾਰ ਦੇ ਕਰੀਬ ਲੋਕਾਂ ਨਾਲ ਦੇਖਿਆ ਜਾਂ ਸਟਾਰ ਐਕਸ਼ਨ ਰਾਹੀਂ ਇਸ ਦਾ ਸਿੱਧਾ ਪ੍ਰਸਾਰਨ ਵੇਖਿਆ ਤਾਂ ਉਹ ਇਹ ਮਹਿਸੂਸ ਕਰਦੇ ਸਨ ਕਿ ਭਾਵੇਂ ਭਾਰਤੀ ਖਿਡਾਰੀਆਂ ‘ਤੇ ਇਸ ਗੱਲ ਦਾ ਦਬਾਅ ਸੀ ਕਿ ਉਹ ਵਿਸ਼ਵ ਵਿਚ 160ਵੇਂ ਰੈਂਕ ਦੇ ਹੋ ਕੇ ਵਿਸ਼ਵ ਵਿਚ ਪਹਿਲੇ ਪੰਜ ਦਰਜੇ ਦੇ ਫੁਟਬਾਲ ਕਲੱਬਾਂ ਵਿਚ ਆਉਣ ਵਾਲੀ ਟੀਮ ਨਾਲ ਖੇਡ ਰਹੇ ਸਨ, ਉਨ੍ਹਾਂ ਦੇ ਇਸ ਦਬਾਅ ਥੱਲੇ ਹੀ ਖੇਡ ਦੇ 13ਵੇਂ ਮਿੰਟ ਵਿਚ ਰੱਖਿਆ ਪੰਗਤੀ ਦੀ ਗ਼ਲਤੀ ਨਾਲ ਇਹ ਗੋਲ ਜਰਮਨ ਕਲੱਬ ਨੂੰ ਤੋਹਫੇ ਵਜੋਂ ਦਿੱਤਾ। ਗੋਲ ਦੇ ਮੂੰਹ ਅੱਗੇ ਕੁਝ ਖਿਡਾਰੀਆਂ ਦਾ ਅਜਿਹਾ ਜਮਘਟਾ ਹੋ ਗਿਆ ਤੇ ਬਾਲ ਦੋ ਤਿੰਨ ਵਾਰ ਕਰਨਜੀਤ ਸਿੰਘ ਗੋਲਕੀਪਰ ਨੇ ਰੋਕਿਆ ਵੀ, ਪਰ ਭੁਲੇਖੇ ਵਿਚ ਅਵੇਸਲੇ ਹੁੰਦੇ ਹੋਏ ਪਤਾ ਹੀ ਨਾ ਚੱਲਿਆ ਕਿ ਕਦੋਂ ਥੋਮਸ ਮੂਲਰ ਦੇ ਪਾਸ ਨਾਲ ਗੋਮਜ਼ ਨੇ ਬਾਲ ਨੂੰ ਗੋਲ ਅੰਦਰ ਸਹਿਜੇ ਹੀ ਸੁੱਟ ਦਿੱਤਾ। ਦੂਜਾ ਗੋਲ ਜਰਮਨ ਕਲੱਬ ਨੇ 26ਵੇਂ ਮਿੰਟ ‘ਤੇ ਕੀਤਾ ਤੇ ਇਹ ਗੋਲ ਇੰਨੇ ਸ਼ਾਨਦਾਰ ਮੂਲਰ ਦੁਆਰਾ ਹੈੱਡਰ ਨਾਲ ਕੀਤਾ ਗਿਆ ਕਿ ਉਥੇ ਬੈਠੇ ਸਾਰੇ ਦਰਸ਼ਕਾਂ ਨੇ ਇਸ ਦੀ ਪ੍ਰਸ਼ੰਸਾ ਕੀਤੀ ਤੇ ਖੂਬ ਤਾੜੀਆਂ ਵਜੀਆਂ। ਇਹ ਤਾੜੀਆਂ ਇਸ ਗੱਲ ਦਾ ਸਬੂਤ ਹਨ ਕਿ ਭਾਰਤੀ ਫੁਟਬਾਲ ਦੇ ਪ੍ਰੇਮੀ ਖੇਡ ਨੂੰ ਕਿੰਨਾਂ ਜਾਣਦੇ ਹਨ ਤੇ ਉਸ ਦਾ ਸਹੀ ਮੁੱਲ ਪਾਉਂਦੇ ਹਨ।

ਖੇਡ ਦੇ 34ਵੇਂ ਮਿੰਟ ‘ਤੇ ਭਾਵੇਂ ਭਾਰਤ ਦੇ ਸਿਤਾਰੇ ਬਾਈਚੁੰਗ ਭੂਟੀਆ ਨੂੰ ਸ਼ਾਨਦਾਰ ਮੌਕਾ ਮਿਲਿਆ, ਪਰ ਉਸ ਦੀ ਕਿੱਕ ਗੋਲ ਤੋਂ ਬਹੁਤ ਉੱਚੀ ਚਲੀ ਗਈ। ਫਿਰ ਵੀ ਦਰਸ਼ਕਾਂ ਨੇ ਪੂਰੀ ਦਾਦ ਦਿੱਤੀ ਕਿ ਆਖ਼ਰ ਭਾਰਤ ਨੇ ਵੀ ਜਰਮਨ ਕਲੱਬ ਤੇ ਜੁਆਬੀ ਹਮਲੇ ਕਰਨੇ ਆਰੰਭ ਕਰ ਦਿੱਤੇ ਹਨ। ਮੈਚ ਦੇ 31ਵੇਂ ਮਿੰਟ ‘ਤੇ ਫਿਰ ਮੁਲਰ ਨੂੰ ਡੀ ਵਿਚ ਇੱਕ ਮੌਕਾ ਮਿਲਿਆ ਤੇ ਉਸ ਨੂੰ ਬਹੁਤ ਤਰੱਦਦ ਨਾ ਕਰਨਾ ਪਿਆ ਤੇ ਇਕ ਖਿਡਾਰੀ ਨੂੰ ਝਕਾਨੀ ਦੇ ਕੇ ਉਸ ਨੇ ਗੋਲ ਕਰ ਦਿੱਤਾ। ਫਿਰ ਖੇਡ ਦੇ ਅੱਧ ਤੋਂ ਇਕ ਮਿੰਟ ਪਹਿਲਾਂ ਚੌਥਾ ਗੋਲ ਬਹੁਤ ਦੂਰੀ ਤੋਂ ਕਿੱਕ ਮਾਰ ਕੇ ਕੀਤਾ ਗਿਆ ਤੇ ਦਰਸ਼ਕਾਂ ਨੇ ਭਰਪੂਰ ਤਾੜੀਆਂ ਨਾਲ ਇਸ ਦਾ ਸੁਆਗਤ ਕੀਤਾ।

ਜਿੱਥੋਂ ਤੱਕ ਕਰਨਜੀਤ ਸਿੰਘ ਗੋਲਕੀਪਰ ਦਾ ਸੰਬੰਧ ਹੈ, ਉਸ ਨੇ ਕਈ ਗੋਲਾਂ ਨੂੰ ਆਪਣੀ ਖੇਡ ਕੁਸ਼ਲਤਾ ਨਾਲ ਬਚਾਇਆ। ਪਹਿਲੇ ਅੱਧ ਤੋਂ ਕੁਝ ਮਿੰਟ ਪਹਿਲਾਂ ਜਰਮਨ ਕਲੱਬ ਨੇ ਆਪਣੇ ਹਮਲੇ ਵਧੇਰੇ ਤੇਜ਼ ਕਰ ਦਿੱਤੇ। ਖੇਡ ਦੇ 41, 44 ਤੇ 45ਵੇਂ ਮਿੰਟ ‘ਤੇ ਜਿਸ ਮੁਹਾਰਤ ਨਾਲ ਕਰਨਜੀਤ ਨੇ ਗੋਲ ਬਚਾਏ, ਉਸ ਦੀ ਦਾਦ ਦੇਣੀ ਬਣਦੀ ਹੈ। ਖੇਡ ਦੇ ਦੂਜੇ ਅੱਧ ਵਿਚ ਅਸੀਂ ਫੁਟਬਾਲ ਨੂੰ ਵਧੇਰੇ ਆਪਣੇ ਕੋਲ ਰੱਖ ਸਕੇ। ਕਈ ਵਾਰੀ ਤਾਂ ਸਾਡੇ ਖਿਡਾਰੀਆਂ ਨੇ ਜਰਮਨ ਦੇ ਖਿਡਾਰੀਆਂ ਕੋਲੋਂ ਬਾਲ ਖੋਹ ਕੇ ਵੀ ਆਪਣੇ ਹਮਲੇ ਬਣਾਏ। ਜਰਮਨ ਟੀਮ ਦੂਜੇ ਅੱਧ ਵਿਚ ਕੋਈ ਗੈਲ ਨਾ ਕਰ ਸਕੀ ਤੇ ਮੈਚ 4-0 ‘ਤੇ ਹੀ ਮੁੱਕ ਗਿਆ।

ਮੈਚ ਦੇ ਦੂਜੇ ਅੱਧ ਵਿਚ ਸਾਡੇ ਦੂਜੇ ਗੋਲਕੀਪਰ ਸੁਭਾਸ਼ ਚੌਧਰੀ ਨੇ ਜਿਸ ਢੰਗ ਨਾਲ ਗੋਲ ਦੀ ਰੱਖਿਆ ਕੀਤੀ ਤੇ ਕੋਈ ਗੋਲ ਨਾ ਹੋਣ ਦਿੱਤਾ ਉਸ ਵਿਚ ਸੁਭਾਸ਼ ਚੌਧਰੀ ਦੀ ਲਿਆਕਤ ਤੇ ਖੇਡ ਵਿਚ ਪੁਖਤਗੀ ਦਿਖਾਈ ਦਿੰਦੀ ਸੀ। ਦੂਜੇ ਅੱਧ ਵਿਚ ਭਾਰਤੀਆਂ ਨੇ ਜਿਸ ਢੰਗ ਨਾਲ ਵਧੀਆ ਪ੍ਰਦਰਸ਼ਨ ਕੀਤਾ ਉਸ ਦੀਆਂ ਵਿਸ਼ੇਸ਼ਤਾਵਾਂ ਸਨ ਕਿ ਭਾਰਤ ਨੂੰ ਜਿਹੜੇ ਦੋ ਕਾਰਨਰ ਮਿਲੇ, ਉਹ ਪਹਿਲਾ ਕਾਰਨਰ 48ਵੇਂ ਮਿੰਟ ਤੇ ਦੂਜਾ 74ਵੇਂ ਮਿੰਟ ਵਿਚ ਮਿਲਿਆ ਤੇ ਭਾਰਤੀਆਂ ਦੇ ਗੋਲ ‘ਤੇ ਹਮਲੇ ਵੀ ਵਧੇਰੇ ਜਰਮਨ ਕਲੱਬ ਵੱਲ ਕੀਤੇ ਗਏ। ਪਹਿਲਾ ਹਮਲਾ ਬਾਈਚੁੰਗ ਭੂਟੀਆ ਨੇ ਖੇਡ ਤੋਂ ਅੱਧਾ ਘੰਟਾ ਬਾਅਦ ਕੀਤਾ ਤੇ ਕੇਵਲ ਇਕ ਹੀ ਹਮਲਾ ਪਹਿਲੇ ਅੱਧ ਤੱਕ ਹੋਇਆ। ਦੂਜੇ ਅੱਧ ਵਿਚ ਇਹ ਅੰਕੜਾ ਇਕ ਤੋਂ ਵੱਧ ਕੇ 4 ‘ਤੇ ਹੋ ਗਿਆ ਜੋ ਭਾਰਤ ਦੀ ਖੇਡ ਵਿਚ ਵਾਪਸੀ ਦਾ ਪ੍ਰਮਾਣ ਸੀ। ਦਸ ਮਿੰਟ ਪਹਿਲਾਂ ਭੂਟੀਆ ਮੈਦਾਨ ਤੋਂ ਬਾਹਰ ਆ ਗਿਆ, ਇਹ ਸਮਾਂ ਖਿਡਾਰੀਆਂ ਤੇ ਲੋਕਾਂ ਲਈ ਬਹੁਤ ਭਾਵੁਕ ਬਣਿਆ ਪਰ ਜੇ ਭੂਟੀਆ ਪੂਰਾ ਸਮਾਂ ਖੇਡਦਾ ਤਾਂ ਹੋ ਸਕਦਾ ਹੈ ਕਿ ਭਾਰਤ ਜਿਸ ਢੰਗ ਨਾਲ ਜਾਨ ਮਾਰ ਕੇ ਖੇਡ ਰਿਹਾ ਸੀ, ਹੋਰ ਹਮਲੇ ਤਿੱਖੇ ਕਰਦਾ ਤੇ ਸੰਭਵ ਹੈ ਕਿ ਗੋਲ ਵੀ ਕਰ ਜਾਂਦਾ।

ਮੁਕੱਦੀ ਗੱਲ ਕਿ ਇਹ ਮੈਚ ਦੋਸਤਾਨਾ ਢੰਗ ਨਾਲ ਖੇਡਿਆ ਹੋਇਆ ਸਦਭਾਵਨਾ ਤੇ ਖੇਡ ਭਾਵਨਾ ਵਧਾਉਣ ਵਾਲਾ ਯਾਦਗਾਰੀ ਮੈਚ ਬਣਿਆ। ਦੁਨੀਆਂ ਵਿਚ ਸਭ ਤੋਂ ਵੱਧ ਖੇਡੀ ਜਾ ਰਹੀ ਫੁਟਬਾਲ ਦੀ ਖੇਡ ਜਿਸਨੂੰ ਯੂਰਪ ਦੇ ਲੋਕ ਵਧੇਰੇ ਸਕੋਰ ਕਹਿਣਾ ਪਸੰਦ ਕਰਦੇ ਹਨ, ਉਸ ਖੇਡ ਦੇ ਪ੍ਰੇਮੀ ਬਹੁਤ ਭਾਰਤ ਵਿਚ ਵੀ ਹਨ। ਪੰਜਾਬ ਦੇ ਲੋਕਾਂ ਨੂੰ ਇਹ ਯਾਦ ਹੈ ਕਿ ਕਦੇ ਭੂਟੀਆ ਸੁਨੀਲ ਸ਼ੇਤਰੀ ਜੇ. ਟੀ. ਸੀ. ਕਲੱਬ ਵੱਲੋਂ ਵੀ ਖੇਡਦੇ ਸਨ ਤੇ ਲੋਕਾਂ ਦੀਆਂ ਭੀੜਾ ਇਨ੍ਹਾਂ ਦੇ ਮੈਚ ਦੇਖਦੀਆਂ ਸਨ। ਬੰਗਾਲ ਤੇ ਪੰਜਾਬ ਦੇ ਲੋਕ ਵਿਸ਼ੇਸ਼ ਕਰਕੇ ਇਹ ਗਿਲਾ ਕਰਦੇ ਹਨ ਕਿ ਕੇਵਲ ਬਾਰਾਂ ਦੇਸ਼ ਉਂਗਲੀਆਂ ਤੇ ਗਿਣੇ ਜਾਣ ਵਾਲੇ ਦੇਸ਼, ਕ੍ਰਿਕਟ ਖੇਡਦੇ ਹਨ ਤੇ ਉਸ ਦੇ ਮੁਕਾਬਲੇ ਵਿਚ ਫੁਟਬਾਲ ਸਾਰੇ ਸੰਸਾਰ ਵਿਚ ਖੇਡੀ ਜਾਂਦੀ ਹੈ। ਬਿਜਲਈ ਮੀਡੀਆ ਤੇ ਇਸ਼ਤਿਹਾਰਬਾਜ਼ੀ ਨੇ ਕ੍ਰਿਕਟ ਨੂੰ ਜੋ ਬੁਲੰਦੀਆਂ ‘ਤੇ ਪਹੁੰਚਾਇਆ ਹੈ ਤਾਂ ਕਿਉਂ ਨਹੀਂ ਕੋਈ ਇਸ ਖੇਡ ਫੁਟਬਾਲ ਦੀ ਬਾਂਹ ਫੜਦਾ।

ਭਾਰਤ ਫੁਟਬਾਲ ਵਿਚ ਕਮਜ਼ੋਰ ਨਹੀਂ ਅਸੀਂ ਆਪਣੀਆਂ ਨੀਤੀਆਂ ਤੇ ਗਲਤ ਬੇਬੁਨਿਆਦ ਲੋੜਾਂ ਨੂੰ ਪੂਰਾ ਕਰਨ ਲਈ ਇਸ ਨੂੰ ਨੁਕਸਾਨ ਪਹੁੰਚਾਇਆ ਹੈ। ਇਹ ਦੋਸਤਾਨਾ ਮੈਚ ਜਿਸਦੀ ਸਾਰੀ ਰਾਸ਼ੀ ਸਿੱਕਮ ਦੇ ਪੀੜਤਾਂ ਲਈ ਜਾਣੀ ਸੀ, ਅਜਿਹੇ ਮੈਚਾਂ ਦੀ ਹੋਰ ਲੋੜ ਹੈ ਤਾਂ ਜੋ ਭਾਰਤੀ ਫੁਟਬਾਲ ਨੂੰ ਹੋਰ ਮੁਕਾਬਲਾ ਮਿਲੇ ਤੇ ਖੇਡ ਉੱਨਤੀ ਕਰੇ।