ਲੇਖ : ਪੰਜਾਬੀ ਸਫ਼ਰਨਾਮੇ


ਸਫ਼ਰਨਾਮੇ ਦਾ ਆਰੰਭ : ਕੁਝ ਹੋਰ ਸਾਹਿਤ-ਰੂਪਾਂ ਵਾਂਗ ਪੰਜਾਬੀ ਵਿੱਚ ਸਫ਼ਰਨਾਮਾ ਵੀ ਵੀਹਵੀਂ ਸਦੀ ਵਿੱਚ ਪੱਛਮ ਦੇ ਪ੍ਰਭਾਵ ਵਜੋਂ ਲਿਖਿਆ ਜਾਣਾ ਆਰੰਭ ਹੋਇਆ। ਭਾਵੇਂ ਜਨਮ ਸਾਖੀਆਂ ਵਿੱਚ ਵੀ ਗੁਰੂ ਸਾਹਿਬ ਦੀਆਂ ਯਾਤਰਾਵਾਂ ਦਾ ਵਰਣਨ ਹੈ, ਪਰੰਤੂ ਇਨ੍ਹਾਂ ਦਾ ਮਨੋਰਥ ਸ਼ੁੱਧ ਸਫ਼ਰਨਾਮਾ ਨਾ ਹੋਣ ਕਰਕੇ ਕੁਝ ਹੋਰ ਹੈ। ਇਸ ਲਈ ਸਫ਼ਰਨਾਮੇ ਨੂੰ ਇੱਕ ਸਾਹਿਤਕ ਰੂਪ ਵਜੋਂ ਅਸੀਂ ਵੀਹਵੀਂ ਸਦੀ ਵਿੱਚ ਹੀ ਅਪਣਾਇਆ ਗਿਆ ਮੰਨਾਂਗੇ।

ਸਫ਼ਰਨਾਮਾ ਵੀਹਵੀਂ ਸਦੀ ਵਿੱਚ ਗਿਆਨ-ਵਿਗਿਆਨ ਦੇ ਵਿਕਾਸ ਵਜੋਂ ਉਤਪੰਨ ਹੋਈ ਵਿਅਕਤੀਗਤ ਰੁਚੀ ਦੇ ਮਹੱਤਵ ਨੂੰ ਪਛਾਣਨ ਦੇ ਫਲਸਰੂਪ ਹੋਂਦ ਵਿੱਚ ਆਇਆ। ਇਹ ਸਫ਼ਰ ਨੂੰ ਮਾਣਨ ਅਤੇ ਇਸ ਵਿੱਚੋਂ ਪੈਦਾ ਹੋਏ ਅਨੁਭਵ ਨੂੰ ਦੂਜਿਆਂ ਨਾਲ ਸਾਂਝਿਆਂ ਕਰਨ ਦੀ ਭਾਵਨਾ ਵਿੱਚੋਂ ਪੈਦਾ ਹੋਇਆ ਹੈ।

ਸਫ਼ਰਨਾਮੇ ਦੇ ਤੱਤ : ਇੱਕ ਸਫ਼ਰਨਾਮੇ ਦੀ ਰਚਨਾ ਲਈ ਇਹ ਜ਼ਰੂਰੀ ਹੈ ਕਿ ਲੇਖਕ ਰਾਹ ਵਿੱਚ ਆਉਣ ਵਾਲੀਆਂ ਥਾਵਾਂ ਦਾ ਓਪਰਾ-ਓਪਰਾ ਵਰਣਨ ਹੀ ਨਾ ਕਰੇ ਸਗੋਂ ਉਸ ਕੋਲ ਡੂੰਘੀ ਸੰਸਕ੍ਰਿਤਿਕ ਸੂਝ, ਦੇਸ਼ ਦੇ ਸੱਭਿਆਚਾਰ ਦੀ ਭਰਪੂਰ ਜਾਣਕਾਰੀ ਤੇ ਇੱਕ ਡੂੰਘੀ ਨੀਝ ਦਾ ਹੋਣਾ ਵੀ ਜ਼ਰੂਰੀ ਹੈ ਜਿਸ ਨਾਲ ਉਹ ਰਾਹ ਵਿਚਲੀਆਂ ਘਟਨਾਵਾਂ, ਸਥਾਨਾਂ ਅਤੇ ਵਿਅਕਤੀਆਂ ਦੇ ਚਰਿੱਤਰ ਨੂੰ ਠੀਕ ਰੂਪ ਵਿੱਚ ਸਮਝ ਸਕਦਾ ਹੋਵੇ। ਉਸ ਨੂੰ ਸਾਹਿਤਕ ਸੂਝ ਵੀ ਹੋਵੇ ਤੇ ਉਹ ਸਮਰੱਥ ਸ਼ੈਲੀ ਦਾ ਸੁਆਮੀ ਵੀ ਹੋਵੇ।

ਪੰਜਾਬੀ ਸਫ਼ਰਨਾਮੇ : ਪੰਜਾਬੀ ਵਿੱਚ ਵਧੇਰੇ ਸਫ਼ਰਨਾਮੇ ਪੱਛਮੀ ਦੇਸ਼ਾਂ ਸੰਬੰਧੀ ਹਨ ਜਿਨ੍ਹਾਂ ਵਿੱਚ ਸਾਡੇ ਲੇਖਕ ਉਥੋਂ ਦੀ ਜ਼ਿੰਦਗੀ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ।

ਲਾਲ ਸਿੰਘ ਕਮਲਾ ਅਕਾਲੀ : ਲਾਲ ਸਿੰਘ ਕਮਲਾ ਅਕਾਲੀ (ਮੇਰਾ ਵਿਲਾਇਤੀ ਸਫ਼ਰਨਾਮਾ) ਤੇ ਡਾ: ਸ਼ੇਰ ਸਿੰਘ (ਪ੍ਰਦੇਸ਼ ਯਾਤਰਾ) ਨੇ ਆਪਣਿਆਂ ਸਫ਼ਰਨਾਮਿਆਂ ਵਿੱਚ ਯੂਰਪੀਨ ਦੇਸ਼ਾਂ ਦੀ ਮਸ਼ੀਨੀ ਯੁੱਗ ਦੀ ਜ਼ਿੰਦਗੀ ਦਾ ਵਰਣਨ ਕੀਤਾ ਹੈ। ਉਹ ਪੱਛਮੀ ਲੋਕਾਂ ਦੇ ਮੇਲ-ਜੋਲ, ਸਤਿਕਾਰ, ਪ੍ਰੇਮ-ਭਾਵ, ਲੋਕ-ਰਾਜੀ ਰੁਚੀਆਂ ਤੇ ਇਸਤਰੀ ਦੀ ਸੁਤੰਤਰਤਾ ਆਦਿ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਉਥੋਂ ਦੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਉਨ੍ਹਾਂ ਨੇ ਸਫ਼ਲਤਾ ਪੂਰਵਕ ਚਿਤਰਿਆ ਹੈ। ਉਥੋਂ ਦੀ ਵਿਹਲ-ਰਹਿਤ ਅਤੇ ਸਵੈ-ਕੇਂਦਰਤ ਜ਼ਿੰਦਗੀ ਨੂੰ ਉਨ੍ਹਾਂ ਨੇ ਸਾਡੇ ਜੀਵਨ ਦੇ ਟਾਕਰੇ ਵਿੱਚ ਪੇਸ਼ ਕੀਤਾ ਹੈ। ਉਥੇ ਹਰ ਆਦਮੀ ਆਪਣੇ ਧੰਦੇ ਵਿੱਚ ਇੰਨਾ ਮਸਤ ਹੈ ਕਿ ਉਸ ਨੂੰ ਇਧਰ-ਉਧਰ ਝਾਕਣ ਦੀ ਜ਼ਰਾ ਵੀ ਵਿਹਲ ਨਹੀਂ।

ਇਨ੍ਹਾਂ ਲੇਖਕਾਂ ਨੇ ਆਪਣੇ ਪ੍ਰਤੀਕਰਮਾਂ ਨੂੰ ਬੜੀ ਨਿਝੱਕ, ਖੁੱਲ੍ਹੀ-ਡੁੱਲ੍ਹੀ, ਰੌਚਕ ਸ਼ੈਲੀ ਵਿੱਚ ਪੇਸ਼ ਕੀਤਾ ਹੈ। ਲਾਲ ਸਿੰਘ ਦੀ ਸ਼ੈਲੀ ਵਧੇਰੇ ਕਰਕੇ ਵਿਆਖਿਆਤਮਕ ਤੇ ਵਰਣਨਾਤਮਕ ਹੈ; ਹਾਸ-ਰਸ ਦੀ ਛੂਹ, ਪੰਜਾਬੀਅਤ ਦੀ ਆਣ ਤੇ ਪੰਜਾਬੀ ਮੁਹਾਵਰੇ ਦੇ ਠੁੱਕ ਨੂੰ ਕਾਇਮ ਰੱਖਣਾ ਉਸ ਦੀ ਵਿਸ਼ੇਸ਼ਤਾ ਹੈ। ਸ਼ੇਰ ਸਿੰਘ ਦੀ ‘ਪਰਦੇਸ ਯਾਤਰਾ’ ਚਿੱਠੀਆਂ ਦੇ ਰੂਪ ਵਿੱਚ ਹੈ ਜਿਹੜੀਆਂ ਉਨ੍ਹਾਂ ਨੇ ਪਰਦੇਸਾਂ ਵਿੱਚੋਂ ਆਪਣੀ ਪਤਨੀ ਨੂੰ ਲਿਖੀਆਂ। ਇਸ ਸਫ਼ਰਨਾਮੇ ਦੀ ਸ਼ੈਲੀ ਬੜੀ ਸਿੱਧੀ-ਸਾਦੀ ਹੈ ਪਰ ਇਸ ਵਿੱਚ ਕਿਧਰੇ-ਕਿਧਰੇ ਭਾਵਾਂ ਨੂੰ ਟੁੰਬਣ ਦੀ ਸ਼ਕਤੀ ਵੀ ਹੈ।

ਲਾਲ ਸਿੰਘ ਕਮਲਾ ਅਕਾਲੀ ਦਾ ਇੱਕੋ ਸਫ਼ਰਨਾਮਾ ‘ਸੈਲਾਨੀ ਦੇਸ਼ ਭਗਤ’ ਹੈ ਜਿਸ ਵਿੱਚ ਮਨੋਕਲਪਿਤ ਨਾਇਕ ਹਰਨਾਮ ਸਿੰਘ ਤੇ ਸ਼੍ਰੀ ਸ਼ਰਮਾ ਦੀ ਅਮਰੀਕਾ ਤੋਂ ਜਾਪਾਨ, ਬਰਮਾ, ਸਿਆਮ ਆਦਿ ਦੇਸ਼ਾਂ ਵਿੱਚ ਦੀ ਹੋ ਕੇ ਦੇਸ਼ ਪਰਤਣ ਦੀ ਕਹਾਣੀ ਦਰਜ ਹੈ। ਇਹ ਦੇਸ਼-ਪਿਆਰ ਅਤੇ ਕੁਰਬਾਨੀ ਦੀ ਭਾਵਨਾ ਨਾਲ ਭਰਪੂਰ ਹੈ। ਇਸ ਸਫ਼ਰਨਾਮੇ ਵਿੱਚੋਂ ਇਹ ਸਪੱਸ਼ਟ ਹੁੰਦਾ ਹੈ ਕਿ ਬਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਨੇ ਕਿਵੇਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਖ਼ਤਰਿਆਂ, ਮੁਸੀਬਤਾਂ ਦਾ ਟਾਕਰਾ ਬਹਾਦਰੀ ਨਾਲ ਕਰਦਿਆਂ ਹੋਇਆਂ ਅਜ਼ਾਦੀ ਦੇ ਸੰਗਰਾਮ ਵਿੱਚ ਹਿੱਸਾ ਪਾਇਆ। ਬੋਲੀ ਦੀ ਠੇਠਤਾ, ਖੁੱਲ੍ਹਾ-ਖੁਲਾਸਾਪਨ ਤੇ ਸਾਦਗੀ ਇਸ ਦੀ ਸ਼ੈਲੀ ਦੇ ਲੱਛਣ ਹਨ, ਪਰੰਤੂ ਵਧੇਰੇ ਵਿਸਤਾਰ ਕਾਰਣ ਇਹ ਪਿਛੋਂ ਜਾ ਕੇ ਬੋਝਲ ਤੇ ਅਕਾਊ ਹੋ ਗਿਆ ਹੈ।

ਡਾ: ਹਰਦਿੱਤ ਸਿੰਘ ਢਿਲੋਂ : ਡਾ: ਹਰਦਿੱਤ ਸਿੰਘ ਢਿਲੋਂ ਨੇ ‘ਅਮਰੀਕਾ ਦਾ ਚੱਕਰ’ ਵਿੱਚ ਅਮਰੀਕਾ ਵਿੱਚ ਆਪਣੀ ਵਿੱਦਿਆ-ਪ੍ਰਾਪਤੀ ਦਾ ਹਾਲ ਦਰਜ ਕੀਤਾ ਹੈ। ਕਿਉਂਕਿ ਲੇਖਕ ਦਾ ਮਨੋਰਥ ਵਿੱਦਿਆ-ਪ੍ਰਾਪਤੀ ਸੀ ਇਸ ਕਰਕੇ ਇਸ ਪੁਸਤਕ ਵਿੱਚ ਵਿਸ਼ੇਸ਼ ਕਰਕੇ ਉਥੋਂ ਦੇ ਵਿੱਦਿਅਕ ਪ੍ਰਬੰਧ ਤੇ ਇਸ ਨਾਲ ਸੰਬੰਧਿਤ ਵਿਅਕਤੀਆਂ ਦਾ ਹਾਲ ਦਰਜ ਕੀਤਾ ਹੈ। ਇਹ ਪੁਸਤਕ ਉਥੋਂ ਦੀਆਂ ਯੂਨੀਵਰਸਟੀਆਂ ਸਬੰਧੀ ਇੱਕ ਚੰਗੀ ਗਾਈਡ ਸਿੱਧ ਹੋ ਸਕਦੀ ਹੈ। ਇਸ ਦੇ ਨਾਲ ਹੀ ਅਮਰੀਕਨ ਜੀਵਨ ਦੀ ਇਹ ਬਹੁਤ ਵਧੀਆ ਤਸਵੀਰ ਪੇਸ਼ ਕਰਦੀ ਹੈ।ਉਥੋਂ ਦੀ ਜ਼ਿੰਦਗੀ ਵਿੱਚ ਅੰਤਾਂ ਦੀ ਕਾਹਲ ਤਾਂ ਹੈ ਪਰ ਸੁਖ-ਸ਼ਾਂਤੀ ਤੇ ਆਤਮਕ ਆਨੰਦ ਦਾ ਅਭਾਵ ਵੀ ਹੋ ਗਿਆ ਹੈ। ਡਾ: ਹਰਦਿੱਤ ਸਿੰਘ ਉਥੋਂ ਦੀ ਸੱਭਿਅਤਾ ਨੂੰ ਡਾਲਰ – ਸੱਭਿਅਤਾ ਦਾ ਨਾਂ ਦਿੰਦੇ ਹਨ। ਉਨ੍ਹਾਂ ਦੀ ਦੂਜੀ ਪੁਸਤਕ ‘ਪੂਰਬ ਤੇ ਪੱਛਮ’ ਦੀ ਸ਼ੈਲੀ ਵੀ ‘ਅਮਰੀਕਾ ਦਾ ਚੱਕਰ’ ਵਰਗੀ ਹੀ ਹੈ।

ਗਿਆਨੀ ਹੀਰਾ ਸਿੰਘ ਦਰਦ : ਗਿਆਨੀ ਹੀਰਾ ਸਿੰਘ ਦਰਦ ਰਚਿਤ ‘ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ’ ਅਤੇ ਸੋਹਣ ਸਿੰਘ ਜੋਸ਼ ਰਚਿਤ ‘ਰੂਸ ਯਾਤਰਾ’ ਵਿੱਚੋਂ ਦੋਹਾਂ ਲੇਖਕਾਂ ਦੇ ਰਾਜਨੀਤਕ ਵਿਚਾਰ ਸਪੱਸ਼ਟ ਦਿਖਾਈ ਦਿੰਦੇ ਹਨ। ਹੀਰਾ ਸਿੰਘ ਦਰਦ ਦਾ ਸਫ਼ਰਨਾਮਾ ਭਾਵੇਂ ਅਜ਼ਾਦੀ ਦੇ ਪਿੱਛੋਂ ਪ੍ਰਕਾਸ਼ਿਤ ਹੋਇਆ ਪਰ ਯਾਤਰਾ ਅਜ਼ਾਦੀ ਤੋਂ ਪਹਿਲਾਂ ਦੀ ਹੈ। ਇਸ ਵਿੱਚ ਉਸ ਸਮੇਂ ਦੀ ਜ਼ਿੰਦਗੀ ਦਾ ਭਰਪੂਰ ਰੂਪ ਵਿੱਚ ਵਰਣਨ ਮਿਲਦਾ ਹੈ। ਉਨ੍ਹਾਂ ਨੇ ਆਪਣੇ ਕਥਨ ਅਨੁਸਾਰ, ‘ਮਲਾਇਆ ਦੇ ਜੰਗਲਾਂ, ਪਹਾੜਾਂ, ਦਰਿਆਵਾਂ ਦਾ ਵਰਣਨ ਘੱਟ ਕੀਤਾ ਹੈ ਸਗੋਂ ਉਥੋਂ ਦੀ ਰਹਿਣੀ-ਬਹਿਣੀ ਤੇ ਲੋਕਾਂ ਦੇ ਜੀਵਨ ਦਾ ਵਰਨਣ ਵਧੇਰੇ ਕੀਤਾ ਹੈ।’ ਪਰ ਇਸ ਵਿੱਚ ਵਿਸਥਾਰ ਇੰਨਾ ਜ਼ਿਆਦਾ ਹੈ ਕਿ ਇਹ ਸਫ਼ਰਨਾਮਾ ਅਕਾਊ ਤੇ ਅਰੋਚਕ ਹੋ ਗਿਆ ਹੈ। ਕਿਉਂਕਿ ਲੇਖਕ ਦਾ ਇੱਕੋ ਇੱਕ ਨਿਸ਼ਾਨਾ ਜਾਣਕਾਰੀ ਦੇਣਾ ਹੀ ਪ੍ਰਤੀਤ ਹੁੰਦਾ ਹੈ, ਇਸ ਕਰ ਕੇ ਕਲਾ ਪੱਖੋਂ ਇਹ ਊਣਾ ਰਹਿ ਗਿਆ ਹੈ। ਇਸ ਦੀ ਸ਼ੈਲੀ ਸਿੱਧੀ-ਸਾਦੀ ਤੇ ਸਧਾਰਣ ਹੈ।

ਸੋਹਣ ਸਿੰਘ ਜੋਸ਼ : ਸੋਹਣ ਸਿੰਘ ਜੋਸ਼ ਨੇ ‘ਰੂਸ ਯਾਤਰਾ’ ਵਿੱਚ ਰੂਸ ਦੇ ਲੋਕਾਂ ਦੀ ਜ਼ਿੰਦਗੀ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਿਆ ਹੈ। ਇਨ੍ਹਾਂ ਦਾ ਆਪਣਾ ਦ੍ਰਿਸ਼ਟੀਕੋਣ ਸਮਾਜਵਾਦੀ ਹੈ ਤੇ ਰੂਸ ‘ ਸਮਾਜਵਾਦੀ ਦੇਸ਼ਾਂ ਦਾ ਮੁਖੀ ਹੈ। ਇਸ ਲਈ ਕੁਦਰਤੀ ਹੈ ਕਿ ਉਥੋਂ ਦੀ ਹਰ ਚੀਜ਼ ਨੇ ਇਨ੍ਹਾਂ ਦਾ ਮਨ ਮੋਹਿਆ ਹੋਵੇਗਾ। ਲੇਖਕ ਨੇ ਉਥੋਂ ਦੇ ਮਜ਼ਦੂਰਾਂ, ਮਿੱਲਾਂ, ਪਾਰਕਾਂ ਅਤੇ ਲਾਇਬਰੇਰੀਆਂ ਤੇ ਆਰਟ-ਗੈਲਰੀਆਂ ਦਾ ਖੁੱਲ੍ਹ ਕੇ ਵਰਣਨ ਕੀਤਾ ਹੈ। ਉਥੋਂ ਦੇ ਦਫ਼ਤਰਾਂ, ਕਿਸਾਨਾਂ, ਕਲਰਕਾਂ, ਮਰਦਾਂ, ਇਸਤਰੀਆਂ, ਬੱਚਿਆਂ, ਬੁੱਢਿਆਂ, ਜਵਾਨਾਂ ਦੀ ਖਿੜੀ ਜਵਾਨੀ ਨੂੰ ਉਲੀਕਿਆ ਹੈ ਪਰ ਉਨ੍ਹਾਂ ਦਾ ਬਹੁਤਾ ਧਿਆਨ ਉਥੋਂ ਦੀ ਉਸਰ ਰਹੀ ਨਵ-ਜ਼ਿੰਦਗੀ ਦੀ ਨੁਹਾਰ ਵੱਲ ਰਿਹਾ ਹੈ। ਉਨ੍ਹਾਂ ਦੇ ਸਮਾਜਵਾਦ ਵੱਲ ਸ਼ਰਧਾਲੂ ਦ੍ਰਿਸ਼ਟੀਕੋਣ ਤੇ ਪ੍ਰੇਮ ਦੀ ਭਾਵਨਾ ਕਾਰਣ ਸ਼ੈਲੀ ਕਾਵਿਮਈ ਤੇ ਭਾਵੁਕ ਹੋ ਗਈ ਹੈ। ਕਿਰਪਾਲ ਸਿੰਘ ਕਸੇਲ ਦੇ ਸ਼ਬਦਾਂ ਵਿੱਚ ‘ਇਸ ਵਿਚਲਾ ਵਰਣਨ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਕੋਈ ਸ਼ਰਧਾਲੂ ਤੀਰਥ ਯਾਤਰਾ ਕਰ ਰਿਹਾ ਹੋਵੇ। ਸਮੁੱਚੇ ਵਾਰਤਕ ਸਾਹਿਤ ਵਿੱਚ ਜੋਸ਼ ਦੀ ਇਹ ਰਚਨਾ ਨਵੇਕਲੀ ਵਿਸ਼ੇਸ਼ਤਾ ਰੱਖਦੀ ਹੈ।

ਸ. ਸ. ਅਮੋਲ : ਸ. ਸ. ਅਮੋਲ ਨੇ ‘ਅਮੋਲ ਯਾਤਰਾ’ ਤੇ ‘ਯਾਤਰੂ ਦੀ ਡਾਇਰੀ’ ਨਾਂ ਦੇ ਸਫ਼ਰਨਾਮੇ ਲਿਖੇ ‘ਅਮੋਲ ਯਾਤਰਾ’ ਵਿੱਚ ਉਨ੍ਹਾਂ ਨੇ ਆਪਣੀ ਮਲਾਇਆ ਯਾਤਰਾ ਦਾ ਹਾਲ ਬਿਆਨ ਕੀਤਾ ਹੈ। ਇਸ ਵਿੱਚ ਇਤਿਹਾਸਕ ਤੇ ਵੇਖਣ-ਯੋਗ ਥਾਵਾਂ ਦਾ ਵਰਣਨ ਵਿਸਥਾਰ ਨਾਲ ਕੀਤਾ ਗਿਆ ਹੈ। ਲੇਖਕ ਨੇ ਬਦੇਸ਼ਾਂ ਵਿੱਚ ਦਿੱਤੇ ਆਪਣੇ ਭਾਸ਼ਨ ਵੀ ਇਸ ਪੁਸਤਕ ਵਿੱਚ ਦਰਜ ਕਰ ਦਿੱਤੇ ਹਨ। ‘ਯਾਤਰੂ ਦੀ ਡਾਇਰੀ’ ਵਿੱਚ ਭਾਰਤ ਦੇ ਪ੍ਰਸਿੱਧ ਅਸਥਾਨਾਂ ਸਾਰਨਾਥ, ਗਯਾ, ਅਨੰਦਪੁਰ, ਡਲਹੌਜ਼ੀ, ਸ਼ਾਂਤੀ ਨਿਕੇਤਨ ਤੇ ਮਲੇਸ਼ੀਆ ਦੇ ਕੁਝ ਸਥਾਨਾਂ ਦਾ ਵਰਣਨ ਕੀਤਾ ਗਿਆ ਹੈ।

ਕਰਮ ਸਿੰਘ : ਕਰਮ ਸਿੰਘ ਦਾ ‘ਅਮਰੀਕਾ ਦਾ ਸਫ਼ਰ’ ਇੱਕ ਅਜਿਹਾ ਸਫ਼ਰਨਾਮਾ ਹੈ ਜਿਸ ਨੂੰ ਅਸੀਂ ਸਫ਼ਰਨਾਮਾ ਘੱਟ ਕਹਿੰਦੇ ਹਾਂ ਪਰ ਪਾਤਰ-ਪ੍ਰਧਾਨ ਨਾਵਲ ਵੱਧ ਕਹਿ ਸਕਦੇ ਹਾਂ। ਕਰਮ ਸਿੰਘ ਆਪਣੇ ਰੋਜ਼ਗਾਰ ਲਈ ਪੰਜਾਬ ਤੋਂ ਕਲਕੱਤੇ, ਮਲਾਇਆ, ਚੀਨ, ਜਾਪਾਨ ਹੁੰਦਾ ਹੋਇਆ ਅਮਰੀਕਾ ਪੁੱਜ ਜਾਂਦਾ ਹੈ। ਇੱਥੇ ਉਸ ਨੂੰ ਕਿਸ਼ਨ ਸਿੰਘ ਦੀ ਸਹਾਇਤਾ ਨਾਲ ਕਿਸੇ ਕਾਰਖ਼ਾਨੇ ਵਿੱਚ ਕੰਮ ਮਿਲ ਜਾਂਦਾ ਹੈ। ਸਫ਼ਰ ਤਾਂ ਇੱਥੇ ਖ਼ਤਮ ਹੋ ਜਾਂਦਾ ਹੈ ਪਰ ਕਰਮ ਸਿੰਘ ਦੇ ਪੁੱਤਰ ਹਜ਼ਾਰਾ ਸਿੰਘ ਦੀ ਪੜ੍ਹਾਈ, ਉਸ ਦੀ ਸ਼ਾਦੀ ਤੇ ਫਿਰ ਅਮਰੀਕਾ ਜਾਣ ਦਾ ਵਰਣਨ ਬੇਲੋੜਾ ਹੈ। ਅੰਤ ਵਿੱਚ ਸਾਰਾ ਸਫ਼ਰਨਾਮਾ ਇੱਕ ਮਨੋਕਲਪਿਤ ਕਹਾਣੀ ਜਾਪਣ ਲੱਗ ਪੈਂਦਾ ਹੈ। ਕਈ ਥਾਵਾਂ ‘ਤੇ ਜਾਸੂਸੀ ਨਾਵਲ ਵਰਗਾ ਰੰਗ ਪ੍ਰਧਾਨ ਹੈ। ਇਸ ਸਫ਼ਰਨਾਮੇ ਵਿੱਚ ਅਮਰੀਕਾ ਦੇ ਮਜ਼ਦੂਰਾਂ ਦੀ ਜ਼ਿੰਦਗੀ ਦਾ ਬਹੁਤ ਝਲਕਾਰਾ ਪੈਂਦਾ ਹੈ। ਉਥੋਂ ਦੇ ਮਜ਼ਦੂਰਾਂ ਦੀਆਂ ਆਪਣੀਆਂ ਜਥੇਬੰਦੀਆਂ ਹਨ।ਉਨ੍ਹਾਂ ਦੀ ਆਰਥਿਕ ਹਾਲਤ ਚੰਗੀ ਹੈ, ਪਰ ਏਸ਼ਿਆਈ ਮਜ਼ਦੂਰਾਂ ਨਾਲ ਉਹ ਨਫ਼ਰਤ ਕਰਦੇ ਹਨ ਕਿਉਂਕਿ ਇਹ ਵਧੇਰੇ ਹਿੰਮਤੀ, ਮਿਹਨਤੀ ਤੇ ਵਫ਼ਾਦਾਰ ਹਨ ਅਤੇ ਇਹ ਉਨ੍ਹਾਂ ਦੀਆਂ ਜਥੇਬੰਦੀਆਂ ਵਿੱਚ ਉਨ੍ਹਾਂ ਦਾ ਸਾਥ ਨਹੀਂ ਦਿੰਦੇ। ਇਸ ਸਫ਼ਰਨਾਮੇ ਦੀ ਭਾਸ਼ਾ ਤੇ ਸ਼ੈਲੀ ਬੜੀ ਰੋਚਕ ਹੈ।

ਨਰਿੰਦਰਪਾਲ ਸਿੰਘ : ਨਰਿੰਦਰਪਾਲ ਸਿੰਘ ਦੀ ਰਚਨਾ ‘ਦੇਸ਼ਾਂ-ਪ੍ਰਦੇਸ਼ਾਂ ਵਿੱਚੋਂ’ ਵਿੱਚ ਕੁਝ ਭਾਰਤ ਦੇ ਅਤੇ ਕੁਝ ਮੱਧ ਪੂਰਬੀ ਦੇਸ਼ਾਂ ਦੇ ਸਫ਼ਰ ਦਾ ਹਾਲ ਦਰਜ ਹੈ। ਇਹ ਆਪਣੀ ਪਤਨੀ ਨੂੰ ਲਿਖੇ ਖ਼ਤਾਂ ਦੇ ਰੂਪ ਵਿੱਚ ਹੈ। ‘ਮੇਰੀ ਰੂਸ ਯਾਤਰਾ’ ਵਿੱਚ ਕਾਬਲ ਤੋਂ ਆਰੰਭ ਹੋ ਕੇ ਰੂਸੀ ਨਗਰਾਂ ਦੇ ਵਿਸ਼ੇਸ਼ ਸਥਾਨਾਂ ਵਿੱਚ ਦੀ ਹੋ ਕੇ ਮੁੜ ਕਾਬਲ ਪਹੁੰਚਣ ਦਾ ਹਾਲ ਵਰਣਨ ਕੀਤਾ ਗਿਆ ਹੈ। ਇਹ ਡਾਇਰੀ ਦੀ ਸ਼ਕਲ ਵਿੱਚ ਹੈ। ‘ਆਰੀਆਨਾ’ ਉਨ੍ਹਾਂ ਦਾ ਇੱਕ ਹੋਰ ਸ਼ਲਾਘਾ-ਯੋਗ ਸਫ਼ਰਨਾਮਾ ਹੈ ਜਿਸ ਵਿੱਚ ਉਨ੍ਹਾਂ ਨੇ ਈਰਾਨ ਆਦਿ ਪੂਰਬੀ ਦੇਸ਼ਾਂ ਦੀ ਆਰੀਆ ਸੱਭਿਅਤਾ ਦਾ ਵਰਣਨ ਕੀਤਾ ਹੈ।

ਬਲਰਾਜ ਸਾਹਨੀ : ਬਲਰਾਜ ਸਾਹਨੀ ਨੇ ‘ਮੇਰਾ ਰੂਸੀ ਸਫ਼ਰਨਾਮਾ’ ਤੇ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਲਿਖੇ ਹਨ ਜੋ ਉਸ ਦੀ ਡੂੰਘੀ ਯਥਾਰਥਵਾਦੀ ਸੂਝ, ਵਿਸ਼ਾਲ ਸੰਸਕ੍ਰਿਤਿਕ ਗਿਆਨ, ਬੌਧਕ ਪਰਪੱਕਤਾ, ਨੀਝ ਪੂਰਵਕ ਦ੍ਰਿਸ਼ਟੀ, ਜ਼ਿੰਦਗੀ ਨੂੰ ਦੇਖਣ, ਸਮਝਣ, ਪੜਤਾਲਣ ਤੇ ਮਾਣਨ ਦੀ ਰੀਝ ਅਤੇ ਕਲਾਮਈ ਪ੍ਰਤਿਭਾ ਦਾ ਪ੍ਰਮਾਣ ਹਨ। ‘ਮੇਰਾ ਰੂਸੀ ਸਫ਼ਰਨਾਮਾ’ ਪੁਸਤਕ ਦੇ ਅਧਾਰ ‘ਤੇ ਹੀ ਉਸ ਨੂੰ ਸੋਵੀਅਤ ਲੈਂਡ ਪੁਰਸਕਾਰ ਮਿਲਿਆ।

ਜਗਜੀਤ ਸਿੰਘ ਅਨੰਦ : ਜਗਜੀਤ ਸਿੰਘ ਅਨੰਦ ਨੇ ‘ਨਵਾਂ ਨਿਆਰਾ ਜਰਮਨੀ’ ਵਿੱਚ ਜਰਮਨੀ ਦੇ ਇਤਿਹਾਸ, ਸੱਭਿਅਤਾ, ਸੰਸਕ੍ਰਿਤੀ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੀ ਮਾਨਵਵਾਦੀ ਭਾਵਨਾ, ਸਮਾਜਵਾਦੀ ਦ੍ਰਿਸ਼ਟੀਕੋਣ, ਸਿੱਧੀ ਸਾਦੀ ਪਰ ਪੰਜਾਬੀ ਮੁਹਾਵਰੇ ਦੀ ਠੁੱਕ ਨਾਲ ਭਰਪੂਰ ਤੇ ਵੇਗ਼ਮਈ ਸ਼ੈਲੀ ਇਸ ਸਫ਼ਰਨਾਮੇ ਦੇ ਵਿਸ਼ੇਸ਼ ਲੱਛਣ ਹਨ।

ਸਾਧੂ ਸਿੰਘ ਹਮਦਰਦ ਦਾ ‘ਅੱਖੀਂ ਡਿੱਠਾ ਰੂਸ’ ਤੇ ਆਤਮਾ ਸਿੰਘ ਦੀ ਰਚਨਾ ‘ਮੇਰਾ ਸੰਸਾਰ ਚੱਕਰ’ ਵੀ ਵਰਣਨ-ਯੋਗ ਹਨ।

ਕੁਝ ਹੋਰ ਸਫ਼ਰਨਾਮਾਕਾਰ : ਉਪਰੋਕਤ ਪੁਸਤਕਾਂ ਤੋਂ ਬਿਨਾਂ ਕਈ ਯਾਤਰਾ-ਲੇਖ ਵੀ ਪ੍ਰਾਪਤ ਹਨ ਜਿਨ੍ਹਾਂ ਵਿੱਚ ਸਫ਼ਰ ਦੇ ਹਾਲ ਨੂੰ ਵਿਕੋਲਿਤਰੇ ਰੂਪ ਵਿੱਚ ਅੰਕਿਤ ਕੀਤਾ ਹੁੰਦਾ ਹੈ। ਗੁਰਬਖ਼ਸ਼ ਸਿੰਘ, ਬਲਵੰਤ ਗਾਰਗੀ, ਗੁਰਮੁਖ ਸਿੰਘ ਮੁਸਾਫ਼ਰ, ਹੀਰਾ ਸਿੰਘ ਦਰਦ ਤੇ ਨੰਦਾ ਨੇ ਸਮੇਂ-ਸਮੇਂ ਆਪਣੇ ਸਫ਼ਰਾਂ ਦਾ ਹਾਲ ਨਿਬੰਧਾਂ ਦੀ ਸ਼ਕਲ ਵਿੱਚ ਲਿਖਿਆ ਹੈ। ਆਈ.ਸੀ. ਨੰਦਾ ਆਪਣੀ ਬਦੇਸ਼ ਯਾਤਰਾ ਨੂੰ ‘ਫੁਲਵਾੜੀ’ ਵਿੱਚ 1926 ਵਿੱਚ ਪ੍ਰਕਾਸ਼ਤ ਕਰਾਉਂਦੇ ਰਹੇ ਪਰ ਕਿਸੇ ਪੁਸਤਕ ਦੇ ਰੂਪ ਵਿੱਚ ਇਹ ਰਚਨਾ ਸਾਨੂੰ ਪ੍ਰਾਪਤ ਨਹੀਂ। ਗੁਰਬਖ਼ਸ਼ ਸਿੰਘ ਦੀ ਰਚਨਾ ਇੱਕ ਝਾਤ ਪੂਰਬ ਤੋਂ ਪੱਛਮ’ (ਵੇਖੋ ਦੁਨੀਆ ਇੱਕ ਮਹੱਲ ਹੈ) ਇਸ ਪੱਖੋਂ ਵਰਣਨ-ਯੋਗ ਹੈ। ‘ਮੇਰੀ ਜੀਵਨ ਕਹਾਣੀ’ ਤੇ ‘ਮੇਰੀਆਂ ਅਭੁੱਲ ਯਾਦਾਂ’ ਵਿੱਚ ਵੀ ਯਾਤਰਾ ਦਾ ਕੁਝ ਵੇਰਵਾ ਅੰਕਿਤ ਹੈ। ਵਿਸ਼ਾਲ ਮਾਨਵਵਾਦੀ ਭਾਵਨਾ ਤੇ ਚਮਤਕਾਰੀ ਸ਼ੈਲੀ ਗੁਰਬਖ਼ਸ਼ ਸਿੰਘ ਦੀਆਂ ਇਨ੍ਹਾਂ ਰਚਨਾਵਾਂ ਦੀ ਵਿਸ਼ੇਸ਼ਤਾ ਹੈ।

ਵਿਦੇਸ਼ੀ ਤੇ ਦੇਸ਼ੀ ਸਫ਼ਰਨਾਮਿਆਂ ਦੀਆਂ ਪੁਸਤਕਾਂ : ਵਿਦੇਸ਼ੀ ਸਫ਼ਰਨਾਮਿਆਂ ਤੋਂ ਛੁੱਟ ਨਿਰੋਲ ਦੇਸੀ ਸਫ਼ਰਾਂ ਬਾਰੇ ਵੀ ਪੁਸਤਕਾਂ ਰਚੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਅਜੰਤਾ ਤੇ ਅਲੋਰਾ (ਕਿਰਪਾਲ ਸਿੰਘ ਕੋਮਲ), ਮੇਰੀ ਪਰਬਤ ਯਾਤਰਾ (ਪਿਆਰਾ ਸਿੰਘ ਦਾਤਾ) ਅਤੇ ਕਸ਼ਮੀਰ ਤੇ ਕੁੱਲੂ (ਰਾਮ ਸਿੰਘ) ਪ੍ਰਸਿੱਧ ਹਨ। ਰਾਮ ਸਿੰਘ ਨੇ ਕਸ਼ਮੀਰ, ਕੁੱਲੂ ਤੇ ਸ਼ਿਮਲੇ ਦੀ ਕੁਦਰਤ ਦੇ ਪਸਾਰ ਨੂੰ ਦੱਸਦਿਆਂ ਹੋਇਆਂ ਇਸ ਵਿੱਚ ਆਪਣੇ ਸਫ਼ਰ ਨੂੰ ਨੀਝ ਪੂਰਵਕ ਉਲੀਕਿਆ ਹੈ। ਇਸ ਨੂੰ ਸਫ਼ਰਨਾਮੇ ਨਾਲੋਂ ਇੱਕ ਪਹਾੜੀ ਸੈਲਾਨੀ ਦੀ ਡਾਇਰੀ ਵਧੇਰੇ ਕਿਹਾ ਜਾ ਸਕਦਾ ਹੈ। ਵੱਖ-ਵੱਖ ਥਾਵਾਂ ਦੀ ਇਤਿਹਾਸਕ, ਮਿਥਿਹਾਸਕ, ਧਾਰਮਕ ਮਹੱਤਤਾ ਵੱਲ ਬਹੁਤਾ ਧਿਆਨ ਨਹੀਂ ਰੱਖਿਆ ਗਿਆ। ਲੇਖਕ ਦਾ ਵਿਅਕਤਿਤਵ ਚੰਗੀ ਤਰ੍ਹਾਂ ਉਘੜਿਆ ਹੈ।

ਸਿੱਟਾ : ਉਪਰੋਕਤ ਵੇਰਵੇ ਤੋਂ ਸਪੱਸ਼ਟ ਹੈ ਕਿ ਪੰਜਾਬੀ ਸਫ਼ਰਨਾਮੇ ਦੇ ਖੇਤਰ ਵਿੱਚ ਕਾਫ਼ੀ ਰਚਨਾਵਾਂ ਹੋ ਚੁੱਕੀਆਂ ਹਨ ਪਰ ਅਜੇ ਦੂਜੀਆਂ ਸਾਹਿਤਕ ਵੰਨਗੀਆਂ ਦੇ ਮੁਕਾਬਲੇ ਵਿੱਚ ਭਰਪੂਰਤਾ ਦੀ ਘਾਟ ਮਹਿਸੂਸ ਹੁੰਦੀ ਹੈ।