ਲੇਖ – ਕੰਪਿਊਟਰ ਦਾ ਵਧ ਰਿਹਾ ਪ੍ਰਭਾਵ
ਜਾਣ-ਪਛਾਣ : ਵਿਗਿਆਨ ਨੇ ਅਨੇਕਾਂ ਕਾਢਾਂ ਕੱਢੀਆਂ ਹਨ ਜਿਸ ਦੇ ਜ਼ਰੀਏ ਵੀਹਵੀਂ ਸਦੀ ਨੂੰ ਵਿਗਿਆਨਕ ਯੁੱਗ ਕਿਹਾ ਜਾਣ ਲੱਗ ਪਿਆ। ਇਸੇ ਲੜੀ ਦੀ ਇੱਕ ਸਭ ਤੋਂ ਅਦਭੁਤ ਅਤੇ ਲਾਸਾਨੀ ਕਾਢ ਹੈ ‘ਕੰਪਿਊਟਰ’। ਕੰਪਿਊਟਰ ਦੀ ਵਰਤੋਂ ਅਤੇ ਗੁਣਾਂ ਦੇ ਅਧਾਰ ‘ਤੇ ਅੱਜ ਦੇ ਯੁੱਗ ਨੂੰ ‘ਕੰਪਿਊਟਰ ਯੁੱਗ’ ਕਹਿ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਕੰਪਿਊਟਰ ਵਰਤਮਾਨ ਵਿਗਿਆਨ ਦੀ ਮਨੁੱਖ ਨੂੰ ਇੱਕ ਅਦਭੁਤ ਤੇ ਲਾਸਾਨੀ ਦੇਣ ਹੈ। ਇਹ ਇੱਕ ਅਜਿਹੀ ਮਸ਼ੀਨ ਹੈ ਜਿਹੜੀ ਦਫ਼ਤਰਾਂ, ਸਕੂਲਾਂ, ਹਸਪਤਾਲਾਂ, ਬੈਂਕਾਂ, ਰੇਲਵੇ-ਸਟੇਸ਼ਨਾਂ, ਹਵਾਈ ਅੱਡਿਆਂ, ਵੱਖ-ਵੱਖ ਖੋਜ-ਕੇਂਦਰਾਂ, ਡਿਜ਼ਾਈਨਿੰਗ, ਪੁਲਿਸ ਕੇਂਦਰ, ਫ਼ੌਜ, ਵਿੱਦਿਅਕ ਅਤੇ ਸਨਅਤੀ ਅਦਾਰਿਆਂ ਤੋਂ ਇਲਾਵਾ ਅੱਜ ਸਾਡੇ ਘਰਾਂ ਵਿੱਚ ਵੀ ਮੌਜੂਦ ਹੈ। ਇਸ ਨੇ ਥੋੜ੍ਹੇ ਅਰਸੇ ਵਿੱਚ ਹੀ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਆਪਣੀ ਥਾਂ ਬਣਾ ਲਈ ਹੈ।
ਕੰਪਿਊਟਰ ਕੀ ਹੈ ? : ਕੁਝ ਸਮਾਂ ਪਹਿਲਾਂ ਕੰਪਿਊਟਰ ਨੂੰ ਮਨੁੱਖੀ ਦਿਮਾਗ਼ ਵੀ ਕਿਹਾ ਜਾਂਦਾ ਰਿਹਾ ਹੈ ਪਰ ਇਹ ਤਾਂ ਮਨੁੱਖੀ ਦਿਮਾਗ਼ ਤੋਂ ਕਈ ਗੁਣਾ ਤੇਜ਼ ਹੈ। ਇਹ ਇੱਕ ਅਜਿਹੀ ਇਲੈਕਟ੍ਰਾਨਿਕ ਮਸ਼ੀਨ ਹੈ ਜਿਸ ਦੇ ਤਿੰਨ ਭਾਗ ਹੁੰਦੇ ਹਨ—ਅਦਾਨ ਭਾਗ, ਕੇਂਦਰੀ ਅਤੇ ਪ੍ਰਦਾਨ ਭਾਗ। ਅਦਾਨ ਭਾਗ ਦੀ ਸਹਾਇਤਾ ਨਾਲ ਅਸੀਂ ਕੇਂਦਰੀ ਭਾਗ ਨੂੰ ਲੋੜੀਂਦੀ ਸੂਚਨਾ ਦਿੰਦੇ ਹਾਂ ਤੇ ਪ੍ਰਦਾਨ ਭਾਗ ਸਾਨੂੰ ਲੋੜੀਂਦੇ ਨਤੀਜੇ ਕੱਢ ਕੇ ਦਿੰਦਾ ਹੈ। ਕੇਂਦਰੀ ਭਾਗ ਨੂੰ C.P.U. (ਸੈਂਟਰਲ ਪ੍ਰੋਸੈਸਿੰਗ ਯੂਨਿਟ) ਕਿਹਾ ਜਾਂਦਾ ਹੈ। ਇਹੋ ਹੀ ਕੰਪਿਊਟਰ ਦਾ ਦਿਮਾਗ਼ ਹੁੰਦਾ ਹੈ। ਕੰਪਿਊਟਰ ਦੇ ਦੋ ਭਾਗ ਹੁੰਦੇ ਹਨ।
ਇੱਕ ਹੈ ਹਾਰਡ-ਵੇਅਰ : ਜੋ ਕੁਝ ਦਿੱਸਦਾ ਹੈ, ਜਿਵੇਂ ਮਾਨੀਟਰ, ਸੀ.ਪੀ.ਯੂ., ਕੀ-ਬੋਰਡ, ਸਪੀਕਰ, ਡਿਸਕ, ਡਿਸਕ ਪ੍ਰਿੰਟਰ, ਮਾਊਸ ਆਦਿ ਸਮਾਨ ਹਾਰਡ-ਵੇਅਰ ਦਾ ਹਿੱਸਾ ਹਨ।
ਇਸ ਦਾ ਦੂਜਾ ਭਾਗ ਹੈ ਸਾਫ਼ਟ-ਵੇਅਰ : ਕੋਈ ਕੰਮ ਕਰਨ ਲਈ ਕੰਪਿਊਟਰ ਨੂੰ ਦੇਣ ਵਾਲੀਆਂ ਹਦਾਇਤਾਂ ਦੀ ਲੜੀ ਨੂੰ ਸਾਫ਼ਟ-ਵੇਅਰ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ ‘ਤੇ ਅਸੀਂ ਜੋ ਫਲਾਪੀ ਜਾਂ ਸੀ.ਡੀ. ਲੈਂਦੇ ਹਾਂ ਉਹ ਹਾਰਡ-ਵੇਅਰ ਹੈ, ਉਸ ਅੰਦਰ ਜੋ ਫੀਡ ਕੀਤਾ ਹੋਇਆ ਹੈ, ਉਹ ਸਾਫ਼ਟ-ਵੇਅਰ ਹੈ।
ਇੰਟਰਨੈੱਟ : ਉਸ ਵਿਵਸਥਾ ਦਾ ਨਾਂ ਹੈ ਜਿਸ ਰਾਹੀਂ ਦੁਨੀਆ ਭਰ ਦੇ ਕੰਪਿਊਟਰ ਇੱਕ-ਦੂਜੇ ਨਾਲ ਜੁੜੇ ਹੋਏ ਹਨ ਤੇ ਉਹ ਇੱਕ-ਦੂਜੇ ਨੂੰ ਸੰਦੇਸ਼ ਭੇਜ ਤੇ ਪ੍ਰਾਪਤ ਕਰ ਸਕਦੇ ਹਨ ਅਤੇ ਇੱਕ-ਦੂਜੇ ਵਿੱਚ ਮੌਜੂਦ ਸੂਚਨਾ ਦਾ ਅਦਾਨ-ਪ੍ਰਦਾਨ ਕਰ ਸਕਦੇ ਹਨ। ਅੱਜ-ਕੱਲ੍ਹ ਇਸੇ ਦੀ ਵਧੇਰੇ ਵਰਤੋਂ ਹੋ ਰਹੀ ਹੈ।
ਕੰਪਿਊਟਰ ਦੀ ਦੇਣ : ਕੰਪਿਊਟਰ ਦੀ ਕਾਢ ਨੇ ਮਨੁੱਖ ਦੇ ਜੀਵਨ ਵਿੱਚ ਉਸ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਹੈਰਾਨੀਜਨਕ ਵਾਧਾ ਕੀਤਾ ਹੈ। ਇਹ ਯੰਤਰ ਮਨੁੱਖੀ ਸਮਾਜ ਦੇ ਹਰ ਖੇਤਰ ਵਿੱਚ ਆਪਣੇ ਪੈਰ ਪਸਾਰ ਚੁੱਕਾ ਹੈ। ਇਸ ਨੇ ਮਨੁੱਖ ਦੀ ਦਿਮਾਗ਼ੀ ਸ਼ਕਤੀ ਵਿੱਚ ਕਈ ਗੁਣਾ ਵਾਧਾ ਕੀਤਾ ਹੈ। ਇਹ ਹਿਸਾਬ-ਕਿਤਾਬ ਰੱਖਣ ਵਿੱਚ, ਸੂਚਨਾਵਾਂ ਅਤੇ ਜਾਣਕਾਰੀ ਇਕੱਠੀ ਕਰਨ ਅਤੇ ਉਸ ਨੂੰ ਸੰਭਾਲਣ ਵਿੱਚ ਮਨੁੱਖ ਦਾ ਵਫ਼ਾਦਾਰ ਸੇਵਕ ਹੈ।
ਕੰਪਿਊਟਰ ਦੀ ਵਰਤੋਂ : ਅੱਜ ਮਨੁੱਖ 21ਵੀਂ ਸਦੀ ਵਿੱਚ ਵਿਚਰ ਰਿਹਾ ਹੈ। ਉਸ ਕੋਲ ਰੁਝੇਵਿਆਂ ਭਰੀ ਜ਼ਿੰਦਗੀ ਹੈ। ਇਸ ਯੁੱਗ ਵਿੱਚ ਹਰ ਕੋਈ ਆਪਣੇ ਕੰਮ ਨੂੰ ਛੇਤੀ ਤੋਂ ਛੇਤੀ ਤੇ ਚੰਗੇ ਤੋਂ ਚੰਗਾ ਕਰਨਾ ਚਾਹੁੰਦਾ ਹੈ। ਮਨੁੱਖ ਦੀ ਇਸ ਸੋਚ ਨੂੰ ਕੰਪਿਊਟਰ ਨੇ ਸਾਰਥਕ ਬਣਾਇਆ ਹੈ। ਇਸ ਰਾਹੀਂ ਕੰਮ ਛੇਤੀ ਤੇ ਸਹੀ ਹੁੰਦਾ ਹੈ ਤੇ ਸਾਂਭਿਆ ਵੀ ਰਹਿੰਦਾ ਹੈ। ਅਸੀਂ ਕਿਸੇ ਵੀ ਵੇਲੇ ਕੋਈ ਵੀ ਫ਼ਾਈਲ ਖੋਲ੍ਹ ਕੇ ਪਿਛਲੇ ਹੋਏ ਕੰਮਾਂ ਤੋਂ ਸਹਾਇਤਾ ਲੈ ਸਕਦੇ ਹਾਂ। ਇਸ ਦੇ ਨਾਲ ਪ੍ਰਿੰਟਰ ਵੀ ਲੱਗਾ ਹੋਇਆ ਹੁੰਦਾ ਹੈ। ਜੋ ਕੁਝ ਅਸੀਂ ਕੰਪਿਊਟਰ ਵਿੱਚ ਫ਼ੀਡ ਕੀਤਾ, ਉਹ ਪੇਪਰ ‘ਤੇ ਛਾਪਿਆ ਜਾ ਸਕਦਾ ਹੈ।
ਕੰਮ-ਕਾਜੀ ਦਫ਼ਤਰਾਂ ਵਿੱਚ ਵਰਤੋਂ : ਕੰਪਿਊਟਰ ਦਾ ਸਭ ਤੋਂ ਵੱਧ ਪ੍ਰਭਾਵ ਆਮ ਕੰਮ-ਕਾਜ ਦੇ ਸਥਾਨਾਂ ‘ਤੇ ਪਿਆ ਹੈ। ਦਫ਼ਤਰਾਂ ਤੇ ਫੈਕਟਰੀਆਂ ਵਿੱਚ ਇਸ ਨੇ ਵੱਡੇ ਤੋਂ ਵੱਡੇ ਤੇ ਗੁੰਝਲਦਾਰ ਕੰਮਾਂ ਦਾ ਬੋਝ ਕਰਮਚਾਰੀਆਂ ਤੋਂ ਹਟਾ ਦਿੱਤਾ ਹੈ ਜਿਸ ਨਾਲ ਸਹੂਲਤਾਂ ਵਿੱਚ ਵਾਧਾ ਹੋਇਆ ਹੈ। ਪਹਿਲਾਂ ਇੱਕ ਕੰਮ ਲਈ ਕਈ-ਕਈ ਰਜਿਸਟਰ ਲਾਉਣੇ ਪੈਂਦੇ ਸਨ, ਹਿਸਾਬ-ਕਿਤਾਬ ਤੇ ਵੇਰਵਾ ਵੀ ਵੱਖਰਾ ਰੱਖਿਆ ਜਾਂਦਾ ਸੀ। ਕੰਪਿਊਟਰ ਨਾਲ ਅਜਿਹਾ ਬੇਲੋੜਾ ਕੰਮ ਘਟ ਗਿਆ ਹੈ। ਜਿਵੇਂ ਕਿਸੇ ਸਕੂਲ, ਕਾਲਜ ਜਾਂ ਕਿਸੇ ਵੀ ਸੰਸਥਾ ਦਾ ਵੇਰਵਾ ਤੇ ਰਿਕਾਰਡ ਵੱਖ-ਵੱਖ ਫ਼ਾਈਲਾਂ, ਰਜਿਸਟਰਾਂ ਵਿੱਚ ਹੋਣ ਦੀ ਬਜਾਏ ਕੰਪਿਊਟਰੀਕ੍ਰਿਤ ਹੁੰਦਾ ਹੈ।
ਬੈਂਕਾਂ ਵਿੱਚ ਵਰਤੋਂ : ਕੋਈ ਸਮਾਂ ਸੀ ਜਦੋਂ ਬੈਂਕਾਂ ਵਿੱਚ ਖ਼ਾਤਿਆਂ ਦਾ ਹਿਸਾਬ-ਕਿਤਾਬ ਰੱਖਣ ਲਈ ਵੱਖਰੇ-ਵੱਖਰੇ ਰਜਿਸਟਰ ਬਣਾਏ ਜਾਂਦੇ ਸਨ ਪਰ ਹੁਣ ਕੰਪਿਊਟਰ ਦੀ ਸਹਾਇਤਾ ਨਾਲ ਅਸੀਂ ਇਸ ਵਿੱਚ ਅਨੇਕਾਂ ਹੀ ਗਾਹਕਾਂ ਦਾ ਰਿਕਾਰਡ ਸਹਿਜੇ ਹੀ ਰੱਖ ਸਕਦੇ ਹਾਂ। ਉਸ ਨੂੰ ਮਿੰਟਾਂ-ਸਕਿੰਟਾਂ ਵਿੱਚ ਖੋਲ੍ਹ ਕੇ ਪੂਰਾ ਵੇਰਵਾ ਚੈੱਕ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਕਿਸੇ ਥਾਂ ਵੀ ਆਪਣੇ ਖਾਤੇ ਵਿੱਚ ਰਕਮ ਜਮ੍ਹਾ ਕਰਵਾ ਜਾਂ ਕਢਵਾ ਸਕਦੇ ਹਾਂ। ਕੰਪਿਊਟਰੀਕ੍ਰਿਤ ਬੈਂਕਾਂ ਨੈੱਟਵਰਕ ਰਾਹੀਂ ਇੱਕ-ਦੂਜੀ ਨਾਲ ਜੁੜੀਆਂ ਹੋਈਆਂ ਹਨ।
ਵਿੱਦਿਆ ਦੇ ਖੇਤਰ ਵਿੱਚ : ਵਿੱਦਿਆ ਦੇ ਖੇਤਰ ਵਿੱਚ ਤਾਂ ਕੰਪਿਊਟਰ ਨੇ ਇੱਕ ਨਵੀਂ ਕ੍ਰਾਂਤੀ ਲੈ ਆਂਦੀ ਹੈ। ਉਹ ਕੰਪਿਊਟਰਾਂ ਰਾਹੀਂ ਅਨੇਕਾਂ ਯੂਨੀਵਰਸਿਟੀਆਂ ਤੋਂ ਜਾਣਕਾਰੀ ਹਾਸਲ ਕਰ ਸਕਦਾ ਹੈ। ਇੰਟਰਨੈੱਟ ਦੀ ਮਦਦ ਨਾਲ ਉਹ ਵਿਗਿਆਨਕ ਕਾਢਾਂ ਬਾਰੇ ਜਾਣਕਾਰੀ ਆਪਣੇ ਸਕੂਲ ਜਾਂ ਫਿਰ ਘਰ ਬੈਠੇ ਹੀ ਪ੍ਰਾਪਤ ਕਰ ਸਕਦਾ ਹੈ। ਅੱਜ-ਕੱਲ੍ਹ ਕੰਪਿਊਟਰ ਰਾਹੀਂ ਕਈ ਸਕੂਲਾਂ ਕਾਲਜਾਂ ਦੀ ਪੜ੍ਹਾਈ ਹੋ ਰਹੀ ਹੈ। ਇਸ ਦੇ ਵਧਦੇ ਪ੍ਰਭਾਵ ਨੂੰ ਵੇਖਦਿਆਂ ਕੰਪਿਊਟਰ ਨੂੰ ਇੱਕ ਵਿਸ਼ੇ ਵਜੋਂ ਪੜ੍ਹਾਇਆ ਜਾਣ ਲੱਗ ਪਿਆ ਹੈ ਤਾਂ ਜੋ ਅੱਜ ਦਾ ਵਿਦਿਆਰਥੀ ‘ਸਮੇਂ ਦਾ ਹਾਣੀ’ ਬਣ ਸਕੇ।
ਸਿਹਤ ਦੇ ਖੇਤਰ ਵਿੱਚ : ਕੰਪਿਊਟਰ ਦੀ ਮਦਦ ਨਾਲ ਸਿਹਤ ਤੇ ਇਲਾਜ ਪ੍ਰਣਾਲੀ ਵਿੱਚ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਮਨੁੱਖੀ ਸਰੀਰ ਦੀ ਅੰਦਰੂਨੀ ਜਾਂਚ ਕਰਨ ਲਈ ਕਈ ਸਕੈਨਿੰਗ ਮਸ਼ੀਨਾਂ ਆ ਗਈਆਂ ਹਨ ਤੇ ਇਲਾਜ-ਪ੍ਰਣਾਲੀ ਵਿੱਚ ਹੁਣ ਹਰ ਬਿਮਾਰੀ ਨੂੰ ਇਸ ਦੀ ਮਦਦ ਨਾਲ ਲੱਭਿਆ ਜਾ ਰਿਹਾ ਹੈ ਤੇ ਉਪਰੇਸ਼ਨ ਵੀ ਹੋ ਰਹੇ ਹਨ।
ਸੰਚਾਰ ਦੇ ਖੇਤਰ ਵਿੱਚ : ਕੰਪਿਊਟਰ ਨੇ ਸੰਚਾਰ-ਸਾਧਨਾਂ ਵਿੱਚ ਲਾਮਿਸਾਲ ਖੋਜਾਂ ਕਰਕੇ ਮਨੁੱਖ ਨੂੰ ਹੈਰਾਨ ਵੀ ਕਰ ਦਿੱਤਾ ਹੈ ਤੇ ਦੂਰ-ਦੁਰਾਡੇ ਬੈਠੇ ਰਿਸ਼ਤੇਦਾਰਾਂ ਨੂੰ ਨੇੜੇ ਵੀ ਲੈ ਆਂਦਾ ਹੈ। ਅਸੀਂ ਵਿਦੇਸ਼ਾਂ ਵਿੱਚ ਬੈਠੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਨੂੰ ਫ਼ੌਰਨ/ਤਤਕਾਲ ਸੁਨੇਹਾ ਭੇਜ ਸਕਦੇ ਹਾਂ। ਈ-ਮੇਲ ਦੀ ਸਹੂਲਤ ਨਾਲ ਕੋਈ ਸੁਨੇਹਾ ਲਿਖੋ, ਬਟਨ ਦਬਾਓ ਤੇ ਸੁਨੇਹਾ ਦੂਜੇ ਤੱਕ ਪੁੱਜ ਗਿਆ। ਮੋਬਾਈਲ ਫ਼ੋਨ ਵਿੱਚ ਏਨੇ ਜ਼ਿਆਦਾ ਫੰਕਸ਼ਨਾਂ ਦਾ ਹੋਣਾ ਕੰਪਿਊਟਰ ਦੀ ਕਾਢ ਹੀ ਹੈ।
ਫ਼ੈਸ਼ਨ ਤੇ ਡਿਜ਼ਾਈਨਿੰਗ ਦੇ ਖੇਤਰ ਵਿੱਚ : ਫ਼ੈਸ਼ਨ ਦੇ ਖੇਤਰ ਵਿੱਚ ਦਿਨੋ-ਦਿਨ ਵਾਪਰ ਰਹੀਆਂ ਤਬਦੀਲੀਆਂ ਕੰਪਿਊਟਰ ਸਦਕਾ ਹੀ ਹਨ। ਇਸ ਰਾਹੀਂ ਕੱਪੜਿਆਂ ਦੇ ਰੰਗ, ਡਿਜ਼ਾਈਨ, ਮੈਚਿੰਗ, ਘਰਾਂ ਵਿੱਚ, ਦਫ਼ਤਰਾਂ ਵਿੱਚ ਪੇਂਟ ਦੇ ਰੰਗਾਂ ਦੀ ਚੋਣ ਆਦਿ, ਮਕਾਨਾਂ, ਦੁਕਾਨਾਂ ਤੇ ਬਿਲਡਿੰਗਾਂ ਦੇ ਨਕਸ਼ੇ ਆਦਿ ਸਭ ਕੁਝ ਕੰਪਿਊਟਰ ਦੀ ਬਦੌਲਤ ਬਣ ਰਹੇ ਹਨ।
ਜੋਤਸ਼ ਵਿੱਦਿਆ ਦੇ ਖੇਤਰ : ਇਸ ਦੀ ਵਰਤੋਂ ਨਾਲ ਜੋਤਸ਼ੀਆਂ ਨੇ ਵੀ ਆਪਣਾ ਕੰਮ ਸੌਖਾ ਕਰ ਲਿਆ ਹੈ, ਜਨਮ-ਕੁੰਡਲੀਆਂ, ਟੇਵੇ, ਰਾਸ਼ੀਫਲ, ਗ੍ਰਹਿ-ਚਾਲ, ਦਿਸ਼ਾਵਾਂ ਅਤੇ ਉਹਨਾਂ ਦੇ ਉਪਾਅ ਆਦਿ ਸਭ ਕੰਪਿਊਟਰ ਰਾਹੀਂ ਹੋ ਰਹੇ ਹਨ।
ਪੁਲਾੜ ਦੇ ਖੇਤਰ ਵਿੱਚ : ਕੰਪਿਊਟਰ ਦੀ ਮਦਦ ਨਾਲ ਅੱਜ ਦਾ ਮਨੁੱਖ ਚੰਨ ‘ਤੇ ਹੀ ਨਹੀਂ ਬਲਕਿ ਮੰਗਲ ਗ੍ਰਹਿ ‘ਤੇ ਵੀ ਪਹੁੰਚ ਚੁੱਕਾ ਹੈ। ਧਰਤੀ ‘ਤੇ ਬੈਠ ਕੇ ਮਨੁੱਖ ਪੁਲਾੜ ਵਿੱਚ ਜਿੰਨੇ ਵੀ ਗ੍ਰਹਿ ਹਨ, ਉਹਨਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ। ਪੁਲਾੜ ਵਿੱਚ ਰਾਕਟ ਭੇਜ ਕੇ ਮਨੁੱਖ ਉਸ ਨਾਲ ਸੰਪਰਕ ਬਣਾਈ ਰੱਖਦਾ ਹੈ।
ਮੌਸਮ ਬਾਰੇ ਜਾਣਕਾਰੀ : ਕੰਪਿਊਟਰ ਦੀ ਮਦਦ ਨਾਲ ਸਾਨੂੰ ਮੌਸਮ ਦਾ ਹਾਲ ਪਤਾ ਲੱਗਦਾ ਰਹਿੰਦਾ ਹੈ। ਗਲੋਬਲ ਵਾਰਮਿੰਗ ਦੇ ਕੀ ਭਿਆਨਕ ਸਿੱਟੇ ਨਿਕਲਣ ਵਾਲੇ ਹਨ ਜਾਂ ਧਰਤੀ ‘ਤੇ ਗ੍ਰਹਿਆਂ ਦਾ ਕੀ ਅਸਰ ਹੈ ? ਆਦਿ ਬਾਰੇ ਜਾਣਕਾਰੀ ਕੰਪਿਊਟਰ ਤੋਂ ਹੀ ਮਿਲਦੀ ਹੈ। ਕੁਦਰਤੀ ਕਰੋਪੀਆਂ ਬਾਰੇ ਵੀ ਪਹਿਲਾਂ ਤੋਂ ਪਤਾ ਲਾਉਣ ਦੇ ਜਤਨ ਹੋ ਰਹੇ ਹਨ ਤਾਂ ਜੋ ਵਕਤ ਸਿਰ ਸੰਭਲਿਆ ਜਾ ਸਕੇ।
ਰਿਜ਼ਰਵੇਸ਼ਨ ਦੇ ਖੇਤਰ ਵਿੱਚ : ਕੰਪਿਊਟਰ ਦੀ ਸਹਾਇਤਾ ਨਾਲ ਅਸੀਂ ਹਵਾਈ ਤੇ ਰੇਲਵੇ ਦੀਆਂ ਟਿਕਟਾਂ ਦੀ ਰਿਜ਼ਰਵੇਸ਼ਨ ਕਰਵਾ ਸਕਦੇ ਹਾਂ। ਸਾਨੂੰ ਸਟੇਸ਼ਨਾਂ ’ਤੇ ਜਾ ਕੇ ਘੰਟਿਆਂ-ਬੱਧੀ ਲਾਈਨਾਂ ਵਿੱਚ ਨਹੀਂ ਲੱਗਣਾ ਪੈਂਦਾ।
ਅਪਰਾਧ ਤੇ ਅਪਰਾਧੀਆਂ ਦਾ ਪਤਾ ਲਾਉਣ ਸੰਬੰਧੀ : ਅੱਜ-ਕੱਲ੍ਹ ਕੋਈ ਵੀ ਅਪਰਾਧੀ ਆਪਣੇ-ਆਪ ਨੂੰ ਦੋਸ਼-ਮੁਕਤ ਨਹੀਂ ਮਝ ਸਕਦਾ ਕਿਉਂਕਿ ਕੰਪਿਊਟਰ ਨਾਲ ਮੁਜਰਮਾਂ ਦੀਆਂ ਫੋਟੋਆਂ ਛਪ ਸਕਦੀਆਂ ਹਨ। ਅਪਰਾਧੀ ਦੇ ਫਿੰਗਰ-ਪ੍ਰਿੰਟਸ ਲੈਣੇ ਤਾਂ ਹੁਣ ਬੀਤੇ ਵੇਲੇ ਦੀਆਂ ਗੱਲਾਂ ਹੋ ਗਈਆਂ ਹਨ। ਹੁਣ ਤਾਂ ਅਜਿਹੇ ਯੰਤਰ ਆ ਗਏ ਹਨ ਜਿਹੜੇ ਮਨੁੱਖ ਦੁਆਰਾ ਬੋਲਿਆ ਗਿਆ ਝੂਠ ਵੀ ਦੱਸ ਸਕਦੇ ਹਨ। ‘ਝੂਠ ਪਕੜਨ ਵਾਲਾ ਯੰਤਰ’ ਮਨੁੱਖ ਨੂੰ ਆਪਣੇ ਸਵਾਲਾਂ ਨਾਲ ਹੀ ਬਕਾ ਲੈਂਦਾ ਹੈ।
ਸਾਰੰਸ਼ : ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕੰਪਿਊਟਰ ਅੱਜ ਸਾਡੀ ਸਮੁੱਚੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ । ਇਸ ਨੇ ਮਨੁੱਖੀ ਜੀਵਨ ਦੀਆਂ ਮੁਸ਼ਕਲਾਂ ਨੂੰ ਅਸਾਨ ਕਰ ਦਿੱਤਾ ਹੈ। ਹਿਸਾਬ-ਕਿਤਾਬ ਤੋਂ ਲੈ ਕੇ ਬ੍ਰਹਿਮੰਡ ਦੇ ਹਰ ਕੋਨੇ ਤੱਕ ਇਸ ਦੀ ਵਰਤੋਂ ਹੋ ਰਹੀ ਹੈ। ਅਸਲ ਵਿੱਚ ਕੰਪਿਊਟਰ ਦੇ ਸਾਰੇ ਕੰਮ ਇੰਟਰਨੈੱਟ ਰਾਹੀਂ ਹੀ ਸੰਭਵ ਹਨ। ਗੱਲ ਕੀ ਕੰਪਿਊਟਰ ਦੀ ਮਦਦ ਨਾਲ ਅਸੰਭਵ ਕੁਝ ਵੀ ਨਹੀਂ ਰਹਿੰਦਾ। ਲੋੜ ਹੈ ਕੰਪਿਊਟਰ ਦੀ ਸਹੀ ਵਰਤੋਂ ਕਰਨ ਦੀ। ਇਸੇ ਲਈ ਕਿਹਾ ਜਾ ਸਕਦਾ ਹੈ ਕਿ ਕੰਪਿਊਟਰ ਸਾਡੇ ਲਈ ‘ਵਰ’ ਹੈ।