Educationਲੇਖ ਰਚਨਾ (Lekh Rachna Punjabi)

ਲੇਖ : ਕੁਲਵੰਤ ਸਿੰਘ ਵਿਰਕ


ਕੁਲਵੰਤ ਸਿੰਘ ਵਿਰਕ (1921-1987)


ਕੁਲਵੰਤ ਸਿੰਘ ਵਿਰਕ ਪੰਜਾਬੀ ਕਹਾਣੀ ਖੇਤਰ ਵਿੱਚ ਨਵੀਨ ਸੰਭਾਵਨਾਵਾਂ ਨੂੰ ਉਜਾਗਰ ਕਰਦਾ ਹੈ। ਅਜੋਕੇ ਸਮੇਂ ਨੂੰ ਜਿਸ ਢੰਗ ਨਾਲ ਉਸਨੇ ਚਿਤਰਿਆ ਹੈ ਕਿ ਉਹ ਹੋਰ ਕਿਸੇ ਕਹਾਣੀ ਲੇਖਕ ਦੇ ਹਿੱਸੇ ਨਹੀਂ ਆਇਆ। ਕਰਤਾਰ ਸਿੰਘ ਦੁੱਗਲ ਨੇ ਭਾਵੇਂ ਮਨੋਵਿਗਿਆਨਕ ਆਧਾਰ ਤੇ ਕਹਾਣੀਆਂ ਲਿਖੀਆਂ ਹਨ ਪਰ ਉਸ ਦਾ ਮਨੋਵਿਗਿਆਨ ਕੇਵਲ ਫਰਾਇਡ ਦੀਆਂ ਪਾਈਆਂ ਹੋਈਆਂ ਲੀਹਾਂ ਉੱਤੇ ਆਧਾਰਿਤ ਸੀ। ਵਿਰਕ ਨੇ ਮਨੋਵਿਗਿਆਨ ਦੀ ਦ੍ਰਿਸ਼ਟੀ ਨੂੰ ਵਿਸ਼ਾਲ ਕੀਤਾ ਹੈ ਅਤੇ ਇਸ ਵਿੱਚ ਅਜਿਹੀਆਂ ਗੱਲਾਂ ਲੈ ਆਉਂਦੀਆਂ ਹਨ ਜਿਨ੍ਹਾਂ ਦੇ ਸੱਚ ਬਾਰੇ ਕੋਈ ਕਿੰਤੂ ਨਹੀਂ ਕਰ ਸਕਦੇ। ਵਿਰਕ ਅਜਿਹਾ ਕਹਾਣੀਕਾਰ ਹੈ ਜਿਸਨੇ ਹਰ ਪੱਖ ਬਾਰੇ ਕਹਾਣੀਆਂ ਲਿਖੀਆਂ ਹਨ। ਭਾਵੇਂ ਉਸਨੇ ਪੇਂਡੂ ਜੀਵਨ ਨੂੰ ਜੀਵਿਆ ਹੈ ਪ੍ਰੰਤੂ ਜਦੋਂ ਉਹ ਕਹਾਣੀ ਲਿਖਦਾ ਹੈ ਤਾਂ ਪੇਂਡੂ ਤੇ ਸ਼ਹਿਰੀ ਜੀਵਨ ਦੋਹਾਂ ਤੋਂ ਉੱਪਰ ਉੱਠ ਕੇ ਉਹ ਆਪਣੀ ਕਹਾਣੀ ਦੀ ਉਸਾਰੀ ਵਿੱਚ ਵਿਸ਼ੇਸ਼ ਬਲ ਦਿੰਦਾ ਹੈ। ਸ਼ਿਲਪਕਾਰੀ ਦੇ ਪੱਖ ਤੋਂ ਕੁਲਵੰਤ ਸਿੰਘ ਵਿਰਕ ਆਪਣੇ ਸਮਕਾਲੀਆਂ ਨਾਲੋਂ ਇੱਕ ਕਦਮ ਅੱਗੇ ਪੁੱਟਦਾ ਹੈ। ਸਾਨੂੰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਹੈ ਕਿ ਤਕਨੀਕ ਦੇ ਪੱਖ ਤੋਂ ਜੇ ਸੰਪੂਰਨ ਕਹਾਣੀ ਕੁਲਵੰਤ ਸਿੰਘ ਵਿਰਕ ਨੇ ਸਾਨੂੰ ਦਿੱਤੀ ਹੈ ਉਹ ਕਿਸੇ ਹੋਰ ਦੂਸਰੇ ਦੇ ਹਿੱਸੇ ਨਹੀਂ ਆਈ। ਆਪਣੇ ਸਮਕਾਲੀਆਂ ਨਾਲੋਂ ਉਸਨੇ ਬਹੁਤ ਘੱਟ ਕਹਾਣੀਆਂ ਲਿਖੀਆਂ ਪਰ ਸਫ਼ਲਤਾ ਉਸਨੂੰ ਵਧੇਰੇ ਮਿਲੀ ਹੈ ਕਿਉਂਕਿ ਕਹਾਣੀਆਂ ਦੇ ਬਣਤਰ ਪੱਖ ਤੋਂ ਇਹ ਵਧੇਰੇ ਸਫ਼ਲ ਸਮਝੀਆਂ ਗਈਆਂ ਹਨ।

ਵਿਰਕ ਦਾ ਜਨਮ 1921 ਵਿਚ ਸ਼ੇਖੂਪੁਰਾ (ਪਾਕਿ) ਵਿਚ ਹੋਇਆ, ਮੁੱਢਲੀ ਵਿਦਿਆ ਨਨਕਾਣਾ ਸਾਹਿਬ ਤੋਂ, ਬੀ.ਏ. ਐਫ.ਸੀ. ਕਾਲਜ ਲਾਹੌਰ, ਐਮ.ਏ. ਅੰਗਰੇਜ਼ੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ। ਫੌਜ ਵਿਚ ਲਫਟੈਨ, ਆਜ਼ਾਦੀ ਤੋਂ ਬਾਦ ਲਾਇਜ਼ਨ ਅਫਸਰ, ਜਾਗ੍ਰਤੀ ਦਾ ਸੰਪਾਦਕ, ਪ੍ਰੈੱਸ ਸਕਤਰ ਮੁੱਖ ਮੰਤਰੀ, ਖੇਤੀਬਾੜੀ ਯੂਨੀਵਰਸਿਟੀ ਵਿਚ ਜੁਆਇੰਟ ਡਾਇਰੈਕਟਰ ਆਦਿ ਸੈਵਾਵਾਂ ਕੀਤੀਆਂ।

ਵਿਰਕ ਦੀਆਂ ਕਹਾਣੀਆਂ ਤੋਂ ਪਹਿਲਾਂ ਕਹਾਣੀ ਕਲਾ ਤੇ ਝਾਤ ਮਾਰਨੀ ਜ਼ਰੂਰੀ ਹੋਵੇਗੀ। ਪੰਜਾਬੀ ਵਿੱਚ ਕਹਾਣੀ ਚਰਨ ਸਿੰਘ ਸ਼ਹੀਦ, ਨਾਨਕ ਸਿੰਘ ਦੇ ਸਮੇਂ ਤੋਂ ਸ਼ੁਰੂ ਹੋਈ। ਪ੍ਰੰਤੂ ਆਕਾਰ ਦੇ ਪੱਖ ਤੋਂ ਇਹ ਇਤਨੀਆਂ ਲੰਮੀਆਂ ਕਹਾਣੀਆਂ ਸਨ ਕਿ ਇਹ ਸਾਹਿਤਕ ਪੱਧਰ ਤੋਂ ਉੱਤਮ ਕਹਾਣੀਆਂ ਨਹੀਂ ਕਹੀਆਂ ਜਾ ਸਕਦੀਆਂ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਇਨ੍ਹਾਂ ਵਿੱਚ ਆਪਣੀ ਵੱਖਰੀ ਵਿਚਾਰਧਾਰਾ ਤੇ ਸਹਿਜ ਪਿਆਰ ਦਾ ਸੰਕਲਪ ਪੇਸ਼ ਕੀਤਾ ਹੈ। ਸੰਤ ਸਿੰਘ ਸੇਖੋਂ ਨੇ ਭਾਵੇਂ ਪਹਿਲਾਂ ਸਫ਼ਲ ਕਹਾਣੀਆਂ ਲਿਖੀਆਂ ਪਰ ਬਾਅਦ ਵਿੱਚ ਉਨ੍ਹਾਂ ਨੇ ਕਹਾਣੀਆਂ ਛੱਡ ਕੇ ਸਾਹਿਤ ਦੇ ਦੂਸਰੇ ਰੂਪ ਅਪਣਾ ਲਏ। ਕਰਤਾਰ ਸਿੰਘ ਦੁੱਗਲ, ਅਜੀਤ ਕੌਰ, ਦਲੀਪ ਕੌਰ ਟਿਵਾਣਾ ਆਦਿ ਦੀਆਂ ਕਹਾਣੀਆਂ ਸਾਹਿਤਕ ਤੌਰ ਤੇ ਉਹ ਮਿਆਰ ਨਹੀਂ ਰੱਖਦੀਆਂ ਜੋ ਵਿਰਕ ਨੂੰ ਪ੍ਰਾਪਤ ਹੈ। ਵਿਰਕ ਨੂੰ ਪੰਜਾਬੀ ਕਹਾਣੀ ਕਲਾ ਦਾ ਸਿਖਰ ਕਿਹਾ ਜਾ ਸਕਦਾ ਹੈ। ਉਸਦੇ ਸਥਾਨ ਨੂੰ ਨੀਯਤ ਕਰਦੇ ਹੋਏ ਉਸਦੇ ਪ੍ਰਮੁੱਖ ਗੁਣਾਂ ਦਾ ਵੇਰਵਾ ਅਸੀਂ ਇਸ ਪ੍ਰਕਾਰ ਦੇ ਸਕਦੇ ਹਾਂ :

(1) ਸਫ਼ਲ ਤਕਨੀਕ

(2) ਭਾਸ਼ਾ ਦੀ ਨਿਪੁੰਨਤਾ

(3) ਸਾਧਾਰਣ ਗੱਲਾਂ ਵਿੱਚੋਂ ਅਸਾਧਾਰਣ ਅੰਸ਼

(4) ਇਸਤਰੀ ਚਿਤਰਣ ਤੇ ਬਲ

(5) ਨਵੀਨ ਵਿਸ਼ਿਆਂ ਦੀ ਚੋਣ

(6) ਵਿਅੰਗ ਤੇ ਮਸ਼ਕਰੀ ਦਾ ਢੰਗ

(7) ਪੰਜਾਬੀ ਸਭਿਆਚਾਰ ਦਾ ਪੱਖ

(8) ਨਵੀਨ ਸ਼ਬਦਾਵਲੀ

(9) ਵਿਅਕਤੀਗਤ ਰੰਗ

(10) ਸਮਾਜ ਲਈ ਕਲਿਆਣਕਾਰੀ

1. ਸਫ਼ਲ ਤਕਨੀਕ : ਕੁਲਵੰਤ ਸਿੰਘ ਵਿਰਕ ਇੱਕ ਸੁਘੜ ਸ਼ਿਲਪਕਾਰ ਹੈ। ਜਿਤਨੀ ਤਕਨੀਕ ਤੇ ਮੁਹਾਰਤ ਵਿਰਕ ਨੂੰ ਹੈ, ਉਹ ਉਸਦੇ ਹੋਰ ਸਾਥੀ ਕਹਾਣੀਕਾਰ ਨੂੰ ਪ੍ਰਾਪਤ ਨਹੀਂ ਹੋਈ। ਉਸਦੀ ਕਹਾਣੀ ਦੇ ਵੱਖੋ-ਵੱਖਰੇ ਤੱਤ ਸੰਗਲ ਦੀਆਂ ਕੜੀਆਂ ਦੀ ਤਰ੍ਹਾਂ ਇੱਕ ਦੂਸਰੇ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਕਿ ਉਨ੍ਹਾਂ ਵਿਚਲੀ ਇਕਾਈ ਸਪੱਸ਼ਟ ਦਿਖਾਈ ਦਿੰਦੀ ਹੈ। ਜਿਵੇਂ ਧਰਤੀ ਹੇਠਲਾ ਬਲਦ ਕਹਾਣੀ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਇਸ ਕਹਾਣੀ ਵਿੱਚ ਇੱਕ ਸਿਖ਼ਰ ਦੀ ਉਸਾਰੀ ਕੀਤੀ ਗਈ ਹੈ ਅਤੇ ਪਾਠਕ ਜਦੋਂ ਸਿਖ਼ਰ ਨੂੰ ਜਾਣ ਲੈਂਦਾ ਹੈ ਤਾਂ ਉਸ ਵਿੱਚ ਦੁਖਮਈ ਭਾਵ ਪੈਦਾ ਹੈ ਜਾਂਦਾ ਹੈ। ਇੱਕ ਫ਼ੌਜੀ ਜਵਾਨ ਆਪਣੇ ਦੋਸਤ ਦੇ ਘਰ ਉਸਦੇ ਮਾਤਾ-ਪਿਤਾ ਨੂੰ ਮਿਲਣ ਜਾਂਦਾ ਹੈ ਪਰ ਉਸਨੂੰ ਉੱਥੇ ਨਿੱਘ ਪ੍ਰਾਪਤ ਨਹੀਂ ਹੁੰਦਾ, ਉਹ ਬੜਾ ਪਰੇਸ਼ਾਨ ਹੋ ਕੇ ਜਿਸ ਤਰ੍ਹਾਂ ਪਿਆਰ ਮੁਹੱਬਤ ਦੀਆਂ ਗੱਲਾਂ ਉਸਦਾ ਦੋਸਤ ਕਰਦਾ ਸੀ ਉਸ ਘਰ ਵਿੱਚ ਆ ਕੇ ਉਹ ਪਿਆਰ ਅਲੋਪ ਹੋ ਗਿਆ ਲੱਗਦਾ ਹੈ। ਪਰੰਤੂ ਜਦੋਂ ਤੁਰਨ ਲੱਗਦਾ ਹੈ ਤਾਂ ਡਾਕੀਆ ਉਸਦੇ ਦੋਸਤ ਦੀ ਪੈਨਸ਼ਨ ਲੈ ਕੇ ਆਉਂਦਾ ਹੈ ਤੇ ਉਸਨੂੰ ਬੇਰੁਖੀ ਦਾ ਕਾਰਨ ਪਤਾ ਲੱਗਦਾ ਹੈ। ਇਸ ਕਹਾਣੀ ਵਿੱਚ ਇੱਕ ਬੜੀ ਡੂੰਘੀ ਗੁੰਝਲ ਕਾਇਮ ਕੀਤੀ ਗਈ ਹੈ ਤੇ ਕਹਾਣੀ ਦਾ ਅੰਤ ਬੜਾ ਦੁਖਾਂਤਮਈ ਹੈ। ਇਸ ਪ੍ਰਕਾਰ ਵਿਰਕ ਦੀਆਂ ਕਹਾਣੀਆਂ ਦੀ ਤਕਨੀਕ ਸੰਪੂਰਣ ਤਕਨੀਕ ਕਹੀ ਜਾ ਸਕਦੀ ਹੈ।

2. ਭਾਸ਼ਾ ਦੀ ਨਿਪੁੰਨਤਾ : ਭਾਸ਼ਾ ਦੇ ਰੱਥ ਤੇ ਸਵਾਰ ਹੋ ਕੇ ਕਹਾਣੀਕਾਰ ਕਹਾਣੀ ਲਿਖਦਾ ਹੈ ਅਤੇ ਕਹਾਣੀ ਦੇ ਵਿਸ਼ੇ ਨੂੰ ਪ੍ਰਗਟਾਉਂਦਾ ਹੈ। ਇੱਕ ਉੱਚ ਕੋਟੀ ਦੇ ਕਹਾਣੀਕਾਰ ਲਈ ਇਹ ਜ਼ਰੂਰੀ ਹੈ ਕਿ ਉਸਨੂੰ ਭਾਸ਼ਾ ਉੱਤੇ ਵੀ ਸੰਪੂਰਨ ਅਧਿਕਾਰ ਪ੍ਰਾਪਤ ਹੋਵੇ। ਵਿਰਕ ਨੇ ਕਈ ਪ੍ਰਕਾਰ ਦਾ ਜੀਵਨ ਬਿਤਾਇਆ ਹੈ। ਬਚਪਨ ਪਿੰਡ ਵਿੱਚ ਬੀਤਿਆ। 1947 ਈ. ਦੀਆਂ ਘਟਨਾਵਾਂ ਨੂੰ ਉਸਨੇ ਅੱਖੀਂ ਦੇਖਿਆ ਹੈ। ਉਹ ਫ਼ੌਜ ਵਿੱਚ ਅਫ਼ਸਰ ਰਿਹਾ ਹੈ। ਪੱਤਰਕਾਰੀ ਦੇ ਖੇਤਰ ਵਿੱਚ ਵੀ ਨਾਮਣਾ ਖੱਟਿਆ ਹੈ। ਇਸ ਤਰ੍ਹਾਂ ਜ਼ਿੰਦਗੀ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਵਿਚਰਦੇ ਹੋਏ ਵਿਰਕ ਨੇ ਜੀਵਨ ਦੇ ਬਹੁਰੰਗ ਵੇਖੇ ਅਤੇ ਇਨ੍ਹਾਂ ਰੰਗਾਂ ਵਿੱਚੋਂ ਅਨੇਕਾਂ ਸ਼ਬਦ ਅਪਨਾਏ ਹਨ। ਸਾਰੀਆਂ ਕਹਾਣੀਆਂ ਵਿੱਚ ਕਿਤੇ ਵੀ ਇਹ ਨਹੀਂ ਜਾਪਦਾ ਕਿ ਉਸਨੂੰ ਸ਼ਬਦਾਂ ਦੀ ਘਾਟ ਹੈ। ਖੱਬਲ, ਦੁੱਧ ਦਾ ਛੱਪੜ, ਚਾਚਾ, ਤੂੜੀ ਦੀ ਪੰਡ ਆਦਿ ਕਹਾਣੀਆਂ ਵਿੱਚ ਪੇਡੂ ਸ਼ਬਦਾਵਲੀ ਹੈ। ਰਸ ਭਰੀਆਂ, ਨਮਸਕਾਰ, ਨਵੇਂ ਲੋਕ ਕਹਾਣੀਆਂ ਵਿੱਚ ਸ਼ਹਿਰੀ ਸ਼ਬਦਾਵਲੀ ਦੇ ਸ਼ਬਦ ਹਨ। ਇਸ ਤਰ੍ਹਾਂ ਉਸਦੀ ਭਾਸ਼ਾ ਸਰਲ, ਸਪੱਸ਼ਟ, ਰੌਚਕ ਅਤੇ ਪਾਤਰਾਂ ਦੇ ਅਨੁਕੂਲ ਹੈ।

3. ਸਾਧਾਰਨ ਗੱਲਾਂ ਵਿੱਚ ਅਸਾਧਾਰਨ ਅੰਸ਼ : ਵਿਰਕ ਦੀ ਕਹਾਣੀ ਕਲਾ ਦੀ ਇੱਕ ਵਿਸ਼ੇਸ਼ ਖੂਬੀ ਇਹ ਹੈ ਕਿ ਉਹ ਜੀਵਨ ਦੇ ਅਥਾਹ ਸਮੁੰਦਰ ਵਿੱਚੋਂ ਮੋਤੀ ਲੱਭਦਾ ਹੈ। ਜਿਸ ਗੱਲ ਬਾਰੇ ਅਸੀਂ ਪਰਵਾਹ ਹੀ ਨਹੀਂ ਕਰਦੇ, ਵਿਰਕ ਉਸ ਉੱਪਰ ਕਹਾਣੀ ਲਿਖ ਦਿੰਦਾ ਹੈ ਅਤੇ ਉਨ੍ਹਾਂ ਵਿੱਚ ਨਵੇਂ ਅਰਥ ਭਰ ਦਿੰਦਾ ਹੈ ਜਿਵੇਂ ਦੁੱਧ ਦਾ ਛੱਪੜ ਕਹਾਣੀ ਵਿੱਚ ਗੱਲ ਇੰਨੀ ਹੈ ਕਿ ਇੱਕ ਜੱਟ ਆਪਣਾ ਸਵੈਮਾਨ ਬਚਾਉਣ ਲਈ ਦੁੱਧ ਡੋਲ੍ਹ ਦਿੰਦਾ ਹੈ ਤਾਂ ਜੋ ਬਾਰਸ਼ ਦੇ ਪਾਣੀ ਨਾਲ ਉਹ ਛੱਪੜ ਦੀ ਤਰ੍ਹਾਂ ਲੱਗੇ ਤੇ ਉਹ ਇਹ ਕਹਿ ਸਕੇ ਕਿ ਉਸਦੀ ਮੱਝ ਨੇ ਅੱਜ ਦੁੱਧ ਨਹੀਂ ਦਿੱਤਾ। ਇਸ ਤਰ੍ਹਾਂ ਅਨੇਕਾਂ ਕਹਾਣੀਆਂ ਵਿੱਚ ਉਹ ਛੋਟੀ ਜਿਹੀ ਗੱਲ ਵਿੱਚੋਂ ਕੋਈ ਮਹਾਨ ਅਰਥ ਲੱਭ ਲੈਂਦਾ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਵਿਰਕ ਨਿੱਕੀ ਕਹਾਣੀ ਦਾ ਵੱਡਾ ਸਾਹਿਤਕਾਰ ਹੈ।

4. ਇਸਤਰੀ ਚਿਤਰਣ ਤੇ ਬਲ : ਵਿਰਕ ਦੀਆਂ ਕਹਾਣੀਆਂ ਦੀ ਵਿਸ਼ੇਸ਼ ਖੂਬੀ ਇਹ ਹੈ ਕਿ ਉਸ ਦੀਆਂ ਕਹਾਣੀਆਂ ਬਹੁਤਾ ਕਰਕੇ ਇਸਤਰੀ ਪ੍ਰਧਾਨ ਹਨ। ਨਾਨਕ ਸਿੰਘ ਦੀ ਤਰ੍ਹਾਂ ਉਹ ਇਸਤਰੀ ਦੀ ਵਕਾਲਤ ਨਹੀਂ ਕਰਦਾ ਉਹ ਤਾਂ ਕੇਵਲ ਇਸਤਰੀ ਦਾ ਵਾਸਤਵਿਕ ਚਿਤਰਣ ਕਰਦਾ ਹੈ। ਉਸਦੇ ਮਨ ਵਿੱਚ ਪੈਦਾ ਹੋਏ ਵਲਵਲਿਆਂ ਨੂੰ ਭਲੀ-ਭਾਂਤ ਪੇਸ਼ ਕਰਦਾ ਹੈ ਜਿਵੇਂ ਨਵੇਂ ਲੋਕ ਵਿੱਚ ਕਹਾਣੀ ‘ਇਹ ਦੁੱਧ ਤੇਰਾ’ ਵਿੱਚ ਕਮਲਾ ਨਾਂ ਦੀ ਇਸਤਰੀ ਕੇਵਲ ਕੁੱਝ ਪਲਾਂ ਵਾਸਤੇ ਦੁੱਧ ਵੇਚਣ ਵਾਲੇ ਪ੍ਰਤੀ ਆਕਰਸ਼ਿਤ ਹੁੰਦੀ ਹੈ ਪਰ ਬਾਅਦ ਵਿੱਚ ਸੰਭਲ ਜਾਂਦੀ ਹੈ। ਵਿਰਕ ਨੇ ਇਸਤਰੀਆਂ ਦੇ ਕਈ ਰੂਪ ਚਿੱਤਰੇ ਹਨ, ਇਸ ਦੀ ਅੰਤਿਮ ਕਹਾਣੀ ‘ਗਊ’ ਵਿੱਚ ਇੱਕ ਇਸਤਰੀ ਆਪਣੇ ਜੀਵਨ ਵਿੱਚ ਅਨੇਕਾਂ ਮਰਦਾਂ ਨਾਲ ਸਾਥ ਨਿਭਾਉਂਦੀ ਹੈ ਪਰੰਤੂ ਅੰਤ ਵਿੱਚ ਆਪਣੇ ਘਰ ਇੱਕ ਗਊ ਦੀ ਤਰ੍ਹਾਂ ਪ੍ਰਵੇਸ਼ ਕਰਦੀ ਹੈ। ਵਿਰਕ ਨੇ ਇਸਤਰੀ ਦਾ ਮਾਂ ਵਾਲਾ, ਪਤਨੀ ਦਾ, ਭੈਣ ਦਾ ਅਤੇ ਪ੍ਰੇਮਿਕਾ ਦਾ ਰੂਪ ਪੇਸ਼ ਕੀਤਾ ਹੈ। ਇਨ੍ਹਾਂ ਸਭ ਵਿੱਚੋਂ ਉਹ ਕਿਤੇ ਉਲਾਰ ਨਹੀਂ ਹੋਇਆ।

5. ਨਵੀਨ ਵਿਸ਼ਿਆਂ ਦੀ ਚੋਣ : ਵਿਰਕ ਨੂੰ ਜੀਵਨ ਦਾ ਡੂੰਘਾ ਅਨੁਭਵ ਹੈ। ਆਪਣੀ ਰੋਜ਼ੀ ਕਮਾਉਣ ਲਈ ਉਸਨੇ ਅਨੇਕਾਂ ਕੰਮ ਕੀਤੇ ਤੇ ਕਈ ਅਨੁਭਵ ਗ੍ਰਹਿਣ ਕੀਤੇ। ਵਿਸ਼ਿਆਂ ਦੀ ਚੋਣ ਵਿੱਚ ਉਸ ਦੀਆਂ ਕਹਾਣੀਆਂ ਵਿੱਚ ਧਰਤੀ ਦੀ ਖੁਸ਼ਬੂ ਨਜ਼ਰ ਆਉਂਦੀ ਹੈ। ਉਸ ਦੀਆਂ ਕਹਾਣੀਆਂ ਜਿੰਦਾ ਦਿਲ ਮਨੁੱਖ ਦੀਆਂ ਕਹਾਣੀਆਂ ਹਨ। ਭਾਵੇਂ ਉਸਦੇ ਪਾਤਰ ਰਿਕਸ਼ਾ ਚਲਾਉਣ ਵਾਲੇ ਹੋਣ ਪਰ ਉਸ ਵਿੱਚ ਵੀ ਆਸ਼ਾਵਾਦੀ ਪੱਖ ਦਿਖਾਈ ਦਿੰਦਾ ਹੈ। ‘ਮੈਨੂੰ ਜਾਣਨਾ ਏ’ ਕਹਾਣੀ ਵਿੱਚ ਇੱਕ ਰਿਕਸ਼ਾ ਵਾਲਾ ਇਹ ਜਾਣ ਕੇ ਬੜਾ ਖੁਸ਼ ਹੁੰਦਾ ਹੈ ਕਿ ਉਸਦੇ ਨਾਂ ਨੂੰ ਵੀ ਲੇਖਕ ਜਾਣਦਾ ਹੈ। ਇਸ ਗੱਲ ਨਾਲ ਹੀ ਉਸਦੀ ਕਾਇਆ ਕਲਪ ਹੋ ਜਾਂਦੀ ਹੈ ਅਤੇ ਉਹ ਚੰਗੀਆਂ ਆਦਤਾਂ ਗ੍ਰਹਿਣ ਕਰਨ ਲੱਗ ਜਾਂਦਾ ਹੈ। ਵਿਸ਼ਿਆਂ ਦੀ ਚੋਣ ਵਿੱਚ ਵਿਰਕ ਨੇ ਮਨੋਵਿਗਿਆਨਕ ਵਿਸ਼ੇ ਅਪਣਾਏ। ਦੇਸ਼ ਭਗਤੀ ਦੀ ਛੋਹ ਕਾਇਮ ਰੱਖੀ। ਰੁਮਾਂਟਿਕ ਪ੍ਰੇਮ ਕਹਾਣੀਆਂ ਵੀ ਲਿਖੀਆਂ, ਪੇਂਡੂ ਜੀਵਨ ਨੂੰ ਵੀ ਚਿਤਰਿਆ ਹੈ। ਇਸ ਤਰ੍ਹਾਂ ਅਨੇਕਾਂ ਵਿਸ਼ਿਆਂ ਨੂੰ ਵਿਰਕ ਨੇ ਆਪਣੀਆਂ ਕਹਾਣੀਆਂ ਵਿੱਚ ਯੋਗ ਥਾਂ ਦਿੱਤੀ ਹੈ। ਉਸ ਵਿੱਚ ਕਿਤੇ ਪ੍ਰਚਾਰ ਦਾ ਅੰਸ਼ ਨਹੀਂ ਲਿਆਉਂਦਾ ਤੇ ਇਨ੍ਹਾਂ ਦਾ ਨਿਰਵਾਹ ਬੜੇ ਕਲਾ ਪੂਰਨ ਢੰਗ ਨਾਲ ਕੀਤਾ।

6. ਵਿਅੰਗ ਤੇ ਮਸ਼ਕਰੀ ਦਾ ਢੰਗ : ਵਿਅੰਗ ਕਿਸੇ ਵੀ ਲੇਖਕ ਦੇ ਹੱਥ ਵਿੱਚ ਉਹ ਹਥਿਆਰ ਹੈ ਜਿਸ ਦੀ ਚੋਭ ਨਾਲ ਉਹ ਸਮਾਜ ਦੇ ਜ਼ਖਮਾਂ ਉੱਤੇ ਨਸ਼ਤਰ ਲਾਉਂਦਾ ਹੈ। ਵਿਰਕ ਇੱਕ ਬੜਾ ਸੁਘੜ ਕਲਾਕਾਰ ਹੈ ਅਤੇ ਉਸ ਵਿੱਚ ਵਿਅੰਗ ਅਤੇ ਮਸ਼ਕਰੀ ਦੀ ਰੁਚੀ ਬੜੀ ਪ੍ਰਬਲ ਹੈ ਅਤੇ ਉਸਦੀ ਸ਼ੈਲੀ ਦਾ ਇੱਕ ਮਹੱਤਵਪੂਰਨ ਅੰਗ ਕਿਹਾ ਜਾ
ਸਕਦਾ ਹੈ। ‘ਕਸ਼ਟ ਨਿਵਾਰਨ’ ਕਹਾਣੀ ਵਿੱਚ ਵਿਅੰਗ ਇਸ ਗੱਲ ਦਾ ਹੈ ਕਿ ਇੱਕ ਪੇਂਡੂ ਜੱਟ ਨੂੰ ਜਿੱਥੇ ਬਸ ਵਿੱਚ
ਇੱਕ ਮਾੜੀ ਸੀਟ ਮਿਲਦੀ ਹੈ ਪਰੰਤੂ ਜਦੋਂ ਮੁਰੱਬਾ ਬੰਦੀ ਵੇਲੇ ਉਸਨੂੰ ਜ਼ਮੀਨ ਹਿੱਸੇ ਆਉਂਦੀ ਹੈ ਤਾਂ ਬੱਜਰ ਜ਼ਮੀਨ
ਹੀ ਉਸਦੇ ਹਿੱਸੇ ਆਉਂਦੀ ਹੈ ਇਸ ਤਰ੍ਹਾਂ ਵਿਰਕ ਦੀ ਮਸ਼ਕਰੀ ਬੜੀ ਗੁੱਝੀ ਹੈ ਇਹ ਰੁਚੀ ਉਸ ਦੀ ਅਨੇਕਾਂ
ਕਹਾਣੀਆਂ ਵਿੱਚ ਦੇਖਣ ਨੂੰ ਮਿਲਦੀ ਹੈ।

7. ਸਭਿਆਚਾਰਕ ਪੱਖ : ਵਿਰਕ ਦੀਆਂ ਕਹਾਣੀਆਂ ਵਿੱਚ ਅਨੇਕਾਂ ਪੱਖਾਂ ਦਾ ਜ਼ਿਕਰ ਪ੍ਰਾਪਤ ਹੁੰਦਾ ਹੈ। ਉਸ ਦੀਆਂ ਕਹਾਣੀਆਂ ਵਿੱਚ ਜਿੱਥੇ ਗਿੱਲੇ ਗੋਹੇ ਦੇ ਧੁੱਖਣ ਦੀ ਖੁਸ਼ਬੂ ਹੁੰਦੀ ਹੈ ਉੱਥੇ ਲਹਿ ਲਹਾਉਂਦੇ ਖੇਤਾਂ ਦੀ ਹਰਿਆਵਲ ਦੇਖਣ ਨੂੰ ਮਿਲਦੀ ਹੈ। ਫ਼ੌਜੀਆਂ ਦਾ ਖੁਲ੍ਹਾ-ਡੁਲ੍ਹਾ ਹਾਸਾ ਨਜ਼ਰ ਆਉਂਦਾ ਹੈ। ਭਿਆਨਕ ਹਥਿਆਰਾਂ ਦੀ ਗੂੰਜ ਸੁਣਾਈ ਦਿੰਦੀ ਹੈ। ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦੀ ਸੁੰਗਧ ਦੇਖਣ ਨੂੰ ਮਿਲਦੀ ਹੈ। ਲੋਰੀਆਂ, ਗਿੱਧੇ ਤੇ ਟੱਪੇ ਦੀਆਂ ਬੋਲੀਆਂ ਦਾ ਰੰਗ ਝਲਕਾਰੇ ਮਾਰਦਾ ਹੈ। ਇਸ ਤਰ੍ਹਾਂ ਪੰਜਾਬੀ ਸਭਿਆਚਾਰ ਦੀ ਬਹੁਰੰਗੀ ਤਸਵੀਰ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦਾ ਇੱਕ ਵਿਸ਼ੇਸ਼ ਗਹਿਣਾ ਹੈ।

8. ਨਵੀਨ ਸ਼ਬਦਾਵਲੀ : ਸੰਤ ਸਿੰਘ ਸੇਖੋਂ ਨੇ ਵਿਰਕ ਦੀ ਭਾਸ਼ਾ ਦੀ ਪ੍ਰਸੰਸਾ ਕਰਦੇ ਹੋਏ ਉਸਨੂੰ “ਮਿੱਠ ਬੋਲਾ ਵਿਰਕ” ਕਿਹਾ ਹੈ। ਜਿੱਥੇ ਉਸਨੂੰ ਭਾਸ਼ਾ ਤੇ ਪੂਰਾ ਅਧਿਕਾਰ ਹੈ ਉੱਥੇ ਵਿਰਕ ਨੂੰ ਕੁੱਝ ਸ਼ਬਦਾਂ ਨੂੰ ਸੰਕੇਤਾਮਕ ਅਰਥ ਦੇ ਕੇ ਪੰਜਾਬੀ ਸ਼ਬਦਾਵਲੀ ਵਿੱਚ ਹੋਰ ਵਾਧਾ ਕੀਤਾ ਹੈ ਜਿਵੇਂ ਖੱਬਲ, ਛਾਂ ਵੇਲਾ, ਆਦਿ ਸ਼ਬਦ। ਵਿਰਕ ਦੀ ਭਾਸ਼ਾ ਉੱਤੇ ਪ੍ਰਤੀਕਾਂ ਦੇ ਪੱਖ ਤੋਂ ਜਾਣਕਾਰੀ ਪ੍ਰਗਟ ਕਰਦੇ ਹਨ। ਕਈ ਵਾਰੀ ਉਹ ਕਹਾਣੀਆਂ ਦੇ ਨਾਂ ਨਿਰੋਲ ਪ੍ਰਤੀਕ ਦੇ ਆਧਾਰ ‘ਤੇ ਰੱਖਦਾ ਹੈ ਤੇ ਕਲਾ ਦੇ ਪੱਖ ਤੋਂ ਉਹ ਇੱਕ ਅਜਿਹਾ ਸੁਘੜ ਲੇਖਕ ਹੈ ਜਿਹੜਾ ਇਨ੍ਹਾਂ ਪ੍ਰਤੀਕਾਂ ਨੂੰ ਸਪੱਸ਼ਟ ਢੰਗ ਨਾਲ ਇਨ੍ਹਾਂ ਦੀ ਵਿਆਖਿਆ ਨਹੀਂ ਕਰਦਾ, ਸਗੋਂ ਇਨ੍ਹਾਂ ਨੂੰ ਪਾਠਕਾਂ ਉੱਤੇ ਛੱਡ ਦਿੰਦਾ ਹੈ ਕਿ ਉਹ ਕਹਾਣੀ ਦੇ ਸਮੁੱਚੇ ਭਾਵ ਨੂੰ ਸਮਝਦੇ ਹੋਏ ਉਸ ਪ੍ਰਤੀਕ ਦੇ ਅਰਥ ਆਪਣੇ ਆਪ ਸਮਝ ਸਕੇ। ਰਸ ਭਰੀਆਂ ਕਹਾਣੀਆਂ ਵਿੱਚ ਰਸ ਭਰੀਆਂ ਕੇਵਲ ਇੱਕ ਪ੍ਰਤੀਕ ਹੈ, ਇਸਤਰੀ ਤੇ ਮਰਦ ਵਿਚਕਾਰ ਜੋ ਪ੍ਰਸਪਰ ਖਿੱਚ ਹੈ ਉਸਨੂੰ ਰਸ ਭਰੀਆਂ ਦਾ ਪ੍ਰਤੀਕ ਦਿੱਤਾ ਗਿਆ ਹੈ। ਇਸ ਤਰ੍ਹਾਂ ਗਊ ਕਹਾਣੀ ਵਿੱਚ ਵੀ ਇੱਕ ਇਸਤਰੀ ਨੂੰ ਗਊ ਦਾ ਰੂਪ ਦੇ ਕੇ ਬਿਆਨਿਆ ਗਿਆ ਹੈ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਕੁਲਵੰਤ ਸਿੰਘ ਵਿਰਕ ਨੇ ਪੰਜਾਬੀ ਦੇ ਸ਼ਬਦ ਭੰਡਾਰ ਦਾ ਬਹੁਤ ਵਾਧਾ ਕੀਤਾ ਹੈ।

9. ਵਿਅਕਤੀਗਤ ਰੰਗ : ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦਾ ਇੱਕ ਬੁਨਿਆਦੀ ਤੱਤ ਇਹ ਹੈ ਕਿ ਉਹ ਦੂਸਰੇ ਕਹਾਣੀਕਾਰਾਂ ਨਾਲੋਂ ਬਿਲਕੁਲ ਵੱਖ ਨਜ਼ਰ ਆਉਂਦਾ ਹੈ। ਕਹਾਣੀ ਦੇ ਅੰਤ ਵਿੱਚ ਜਿਸ ਢੰਗ ਨਾਲ ਉਹ ਕਹਾਣੀ ਨੂੰ ਸਮੇਟਦਾ ਹੈ ਉਸ ਨੂੰ ਅਸੀਂ ਵਿਰਕ ਛੋਹ ਦਾ ਨਾਂ ਦੇ ਸਕਦੇ ਹਾਂ। ਜੋ ਕਿ ਸੰਸਾਰ ਪ੍ਰਸਿੱਧ ਕਹਾਣੀਕਾਰ ‘ਸਾਮਰਸੈੱਟ ਮਾਮ’ ਦੇ ਮਾਮ ਟੱਚ ਨਾਲ ਮਿਲਦਾ-ਜੁਲਦਾ ਹੈ। ਵਿਰਕ ਇੱਕ ਸਾਧਾਰਨ ਜਿਹੀ ਗੱਲ ਉੱਤੇ ਕਹਾਣੀ ਉਸਾਰਦਾ ਹੈ ਤੇ ਉਹ ਗੱਲ ਸਾਡੇ ਰੋਜ਼ਾਨਾ ਜੀਵਨ ਵਿੱਚ ਆਮ ਵਾਪਰਦੀ ਹੈ ਤੇ ਅਸੀਂ ਉਸ ਗੱਲ ਨੂੰ ਅਣਡਿੱਠ ਕਰ ਦਿੰਦੇ ਹਾਂ ਤੇ ਇਹ ਵਿਰਕ ਦੀ ਸ਼ਿਲਪਕਾਰੀ ਹੈ ਕਿ ਉਹ ਇੱਕ ਸਾਧਾਰਨ ਜਿਹੀ ਗੱਲ ਵਿੱਚ ਅਸਾਧਾਰਨ ਗੱਲ ਲੱਭ ਲੈਂਦਾ ਹੈ, ਇਹੀ ਉਸਦਾ ਇੱਕ ਨਿੱਜੀ ਢੰਗ ਹੈ ਜੋ ਦੂਸਰੇ ਕਹਾਣੀਕਾਰਾਂ ਨਾਲੋਂ ਬਿਲਕੁਲ ਅਲੱਗ ਹੈ। ਇਸ ਵਿਅਕਤੀਗਤ ਰੰਗ ਕਰਕੇ ਅਸੀਂ ਕੁਲਵੰਤ ਸਿੰਘ ਵਿਰਕ ਦਾ ਨਾਂ ਪੰਜਾਬੀ ਦੇ ਉੱਚ ਕੋਟੀ ਦੇ ਕਹਾਣੀਕਾਰਾਂ ਵਿੱਚ ਸ਼ਾਮਿਲ ਕਰ ਸਕਦੇ ਹਾਂ। ਦੂਸਰੇ ਕਹਾਣੀਕਾਰਾਂ ਨੇ ਕਹਾਣੀ ਤੋਂ ਬਿਨਾਂ ਵੀ ਸਾਹਿਤ ਰਚਨਾ ਕੀਤੀ ਹੈ ਜਿਵੇਂ ਦੁੱਗਲ ਨੇ ਕਈ ਨਾਵਲ ਤੇ ਨਾਟਕ ਲਿਖੇ ਹਨ। ਇਸ ਤਰ੍ਹਾਂ ਸੰਤ ਸਿੰਘ ਸੇਖੋਂ ਨੇ ਵੀ ਸਾਹਿਤ ਦੇ ਹੋਰ ਰੂਪਾਂ ਉੱਤੇ ਕਲਮ ਅਜਮਾਈ ਹੈ। ਪਰੰਤੂ ਵਿਰਕ ਇੱਕ ਨਿਵੇਕਲਾ ਕਲਾਕਾਰ ਹੈ ਜਿਸ ਨੇ ਕੇਵਲ ਕਹਾਣੀਆਂ ਹੀ ਲਿਖੀਆਂ ਹਨ। ਇਹ ਪੱਖ ਉਸਨੂੰ ਦੂਸਰੇ ਕਲਾਕਾਰਾਂ ਨਾਲੋਂ ਨਿਖੇੜਦਾ ਹੈ।

10. ਸਮਾਜ ਲਈ ਕਲਿਆਣਕਾਰੀ : ਪ੍ਰਾਚੀਨ ਆਚਾਰੀਆਂ ਨੇ ਕਿਸੇ ਵੀ ਉੱਤਮ ਰਚਨਾ ਦੇ ਸਤਿਅਮ, ਸ਼ਿਵਮ, ਸੁੰਦਰਮ ਤਿੰਨ ਵਿਸ਼ੇਸ਼ ਗੁਣ ਦੱਸੇ ਹਨ। ਸਤਿਅਮ ਤੋਂ ਭਾਵ ਸੱਚ ਤੋਂ ਹੈ। ਸ਼ਿਵਮ ਤੋਂ ਭਾਵ ਕਲਿਆਣਕਾਰੀ ਹੋਣਾ ਹੈ ਅਤੇ ਸੁੰਦਰਮ ਜਿਸ ਤੋਂ ਭਾਵ ਤੇ ਸਾਡੀ ਰਚਨਾ ਦੀ ਸੁੰਦਰਤਾ ਪੂਰੀ ਹੁੰਦੀ ਹੋਵੇ। ਵਿਰਕ ਦੀਆਂ ਕਹਾਣੀਆਂ ਵਿੱਚ ਇਹ ਤਿੰਨੇ ਪੱਖ ਮੌਜੂਦ ਹਨ। ਉਹ ਕੇਵਲ ਮਨੋਰੰਜਨ ਦੇ ਪੱਖ ਤੋਂ ਕਹਾਣੀਆਂ ਨਹੀਂ ਲਿਖਦਾ, ਸਗੋਂ ਉਸ ਦੀਆਂ ਕਹਾਣੀਆਂ ਵਿੱਚ ਸਮਾਜ ਪ੍ਰਤੀ ਕੋਈ ਸੇਧ ਹੁੰਦੀ ਹੈ। ਦੇਸ਼ ਭਗਤੀ ਦਾ ਜਜ਼ਬਾ ਉਭਾਰਿਆ ਗਿਆ ਹੁੰਦਾ ਹੈ ਜਿਵੇਂ ਨਮਸਕਾਰ ਕਹਾਣੀ ਵਿੱਚ ਨਵੇਂ ਭਾਰਤ ਵਰਸ਼ ਦੀ ਗੱਲ ਕੀਤੀ ਹੈ ਉਸ ਦੀਆਂ ਕਹਾਣੀਆਂ ਵਿੱਚੇ ਧਰਤੀ ਦੀ ਛੋਹ ਹੈ ਤੇ ਉਹ ਲੋਕਾਂ ਦੇ ਦਿਲਾਂ ਨੂੰ ਆਪਸ ਵਿੱਚ ਜੋੜਦਾ ਹੈ।

ਵਿਰਕ ਦੀਆਂ ਵਿਸ਼ੇਸ਼ ਰਚਨਾਵਾਂ ਵਿਚੋਂ ਛਾਹ ਵੇਲਾ, ਧਰਤੀ ਤੇ ਆਕਾਸ਼, ਤੂੜੀ ਦੀ ਪੰਡ, ਦੁੱਧ ਦਾ ਛੱਪੜ, ਨਵੇਂ ਲੋਕ, ਅਸਤਬਾਜ਼ੀ ਹਨ। ਨਵੇਂ ਲੋਕ ਨੂੰ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਹੋਇਆ। 1985 ਵਿਚ ਸ਼ਰੋਮਣੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ।