CBSEclass 11 PunjabiClass 9th NCERT PunjabiEducationNCERT class 10thParagraphPunjab School Education Board(PSEB)

ਲੇਖ : ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ


ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ

ਭੂਮਿਕਾ : ‘ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ’ ਤੁਕ ‘ਆਸਾ ਦੀ ਵਾਰ’ ਵਿੱਚੋਂ ਹੈ। ਇਸ ਤੁਕ ਦਾ ਭਾਵ ਹੈ ਕਿ ਮਨੁੱਖ ਨੂੰ ਆਪਣਾ ਕੋਈ ਵੀ ਕੰਮ ਆਪਣੇ ਹੱਥੀਂ ਹੀ ਸੰਵਾਰਨਾ ਚਾਹੀਦਾ ਹੈ। ਮਨੁੱਖ ਨੂੰ ਆਪਣੇ ਜੀਵਨ ਵਿੱਚ ਨਿਰੰਤਰ ਸੰਘਰਸ਼ ਕਰਨਾ ਪੈਂਦਾ ਹੈ। ਉਸ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਕਰੜੀ ਘਾਲਣਾ ਵੀ ਘਾਲਣੀ ਪੈਂਦੀ ਹੈ।

ਜਿੰਦਗੀ ਦੀ ਸਫ਼ਲਤਾ ਦਾ ਰਾਜ਼ : ਜ਼ਿੰਦਗੀ ਦੀ ਇਸ ਜਦੋ-ਜਹਿਦ ਵਿੱਚ ਕੇਵਲ ਉਹੀ ਇਨਸਾਨ ਕਾਮਯਾਬ ਹੁੰਦਾ ਹੈ ਜਿਹੜਾ ਆਪਣੀ ਹਿੰਮਤ ਅਤੇ ਮਿਹਨਤ ਨਾਲ ਆਪਣੇ ਰਸਤੇ ਵਿੱਚ ਆਉਣ ਵਾਲੀ ਹਰ ਰੁਕਾਵਟ ’ਤੇ ਕਾਬੂ ਪਾ ਲੈਂਦਾ ਹੈ। ਜ਼ਿੰਦਗੀ ਵਿੱਚ ਆਉਣ ਵਾਲੀਆਂ ਔਕੜਾਂ ਤੋਂ ਨਹੀਂ ਘਬਰਾਉਂਦਾ, ਸਗੋਂ ਖਿੜੇ ਮੱਥੇ ਉਹਨਾਂ ਨੂੰ ਪਾਰ ਕਰ ਲੈਂਦਾ ਹੈ। ਮਿਹਨਤ ਤੋਂ ਜੀ ਚੁਰਾਉਣ ਵਾਲਾ ਤੇ ਘਬਰਾਉਣ ਵਾਲਾ ਅਤੇ ਦੂਜਿਆਂ ‘ਤੇ ਨਿਰਭਰ ਰਹਿਣ ਵਾਲਾ ਮਨੁੱਖ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਇਸੇ ਲਈ ਸਿਆਣਿਆਂ ਨੇ ਕਿਹਾ ਹੈ ਕਿ ਦੂਜਿਆਂ ‘ਤੇ ਆਸ ਰੱਖਣ ਵਾਲੇ ਲੋਕ ਹਮੇਸ਼ਾ ਢਹਿੰਦੀ ਕਲਾ ਵਿੱਚ ਹੀ ਰਹਿੰਦੇ ਹਨ। ਉਹ ਹਮੇਸ਼ਾ ਨਿਰਾਸ਼, ਉਦਾਸ ਤੇ ਬੇਕਾਰ ਹੀ ਰਹਿੰਦੇ ਹਨ। ਦੂਜਿਆਂ ਦੇ ਆਸਰੇ ਜ਼ਿੰਦਗੀ ਅਪਾਹਜ ਬਣ ਜਾਂਦੀ ਹੈ। ਇਸ ਸਬੰਧੀ ਸੂਫ਼ੀ ਕਵੀ ਸ਼ੇਖ ਫ਼ਰੀਦ ਜੀ ਨੇ ਇਉਂ ਕਿਹਾ ਹੈ :

ਫਰੀਦਾ ਬਾਰਿ ਪਰਾਇਐ ਬੈਸਣਾ ਸਾਈਂ ਮੁਝੇ ਨਾ ਦੇਹ॥ ਜੇ ਤੂੰ ਏਵੇ ਰਖਸੀ ਜੀਉ ਸਰੀਰਹੁ ਲੇਹ॥

ਭਾਵ ਕਿ ਦੂਜਿਆਂ ਦੇ ਆਸਰੇ ‘ਤੇ ਰਹਿਣ ਵਾਲੀ ਜ਼ਿੰਦਗੀ ਦੀ ਕੋਈ ਲੋੜ ਨਹੀਂ ਹੈ। ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਹੈ ਕਿ ਦੂਜਿਆਂ ਦੀ ਆਸ ’ਤੇ ਰਹਿਣ ਵਾਲੀ ਜ਼ਿੰਦਗੀ ਨਾਲੋਂ ਬਿਹਤਰ ਹੈ ਕਿ ਉਸ ਦੇ ਸਰੀਰ ਵਿੱਚੋਂ ਜਾਨ ਹੀ ਨਿਕਲ ਜਾਵੇ। ਭਾਵ ਕਿ ਬਾਬਾ ਫਰੀਦ ਜੀ ਸਵੈ-ਨਿਰਭਰਤਾ ਵਾਲੀ ਜ਼ਿੰਦਗੀ ਦੀ ਦਾਤ ਮੰਗਦੇ ਹਨ।

ਹੱਥੀਂ ਕੀਤੇ ਕੰਮ ਦੀ ਮਹੱਤਤਾ : ਜਿਹੜੇ ਲੋਕ ਦੂਜਿਆਂ ‘ਤੇ ਨਿਰਭਰ ਹੁੰਦੇ ਹਨ, ਉਹਨਾਂ ਵੱਲੋਂ ਕਰਵਾਇਆ ਗਿਆ ਕੋਈ ਵੀ ਕੰਮ ਸੰਪੂਰਨ ਨਹੀਂ ਹੋ ਸਕਦਾ। ਉਸ ਨੂੰ ਹਮੇਸ਼ਾ ਘਾਟੇ ਦਾ ਸੌਦਾ ਹੀ ਜਾਪੇਗਾ। ਉਸ ਦੀ ਜ਼ਿੰਦਗੀ ਵਿੱਚ ਕਦੇ ਤਰੱਕੀ ਨਹੀਂ ਹੋ ਸਕਦੀ। ਕਦੇ ਖ਼ੁਸ਼ਹਾਲੀ ਨਹੀਂ ਆ ਸਕਦੀ। ਇਸ ਸਚਾਈ ਨੂੰ ਇਸ ਅਖਾਣ ਰਾਹੀਂ ਬਾਖ਼ੂਬੀ ਸਮਝਾਇਆ ਗਿਆ ਹੈ :

ਪਰ ਹੱਥੀਂ ਵਣਜ, ਸਨੇਹੀਂ ਖੇਤੀ,
ਕਦੀ ਨਾ ਹੁੰਦੇ, ਬੱਤੀਆਂ ਦੇ ਤੇਤੀ।

ਭਾਵ ਕਿ ਵਣਜ ਵਪਾਰ ਹੋਵੇ ਜਾਂ ਖੇਤੀ ਹੀ ਕਿਉਂ ਨਾ ਹੋਵੇ ਜੇਕਰ ਉਹ ਦੂਜਿਆਂ ਦੇ ਹੱਥ ਸੌਂਪੀ ਜਾਵੇ ਤਾਂ ਵਪਾਰ ਜਾਂ ਖੇਤੀ ਵਿੱਚ ਵਾਧੇ ਦੀ ਸੰਭਾਵਨਾ ਨਹੀਂ ਰਹਿੰਦੀ ਕਿਉਂਕਿ ਉਸ ਵਿੱਚ ਕਰਨ ਵਾਲੇ ਨੂੰ ਕੋਈ ਲਾਭ ਨਹੀਂ ਹੁੰਦਾ। ਦੁਨੀਆ ਵਿੱਚ ਕੋਈ ਵਿਰਲਾ ਹੀ ਅਜਿਹਾ ਪਰਉਪਕਾਰੀ ਵਿਅਕਤੀ ਨਜ਼ਰ ਆਵੇਗਾ ਜੋ ਸੁਆਰਥ-ਰਹਿਤ ਦੂਜੇ ਦਾ ਕੰਮ ਸਵਾਰੇ।

ਆਪਣਾ ਕੰਮ ਆਪ ਕਰਨ ਦੀ ਆਦਤ : ਹਰੇਕ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਹੱਥੀਂ ਕਿਰਤ ਕਰਨ ਦੀ ਆਦਤ ਅਪਣਾ ਕੇ ਆਲਸ ਨੂੰ ਤਿਆਗੇ ਤਾਂ ਹੀ ਜ਼ਿੰਦਗੀ ਦਾ ਅਸਲੀ ਸੁੱਖ ਨਸੀਬ ਹੋ ਸਕਦਾ ਹੈ। ਹੋਰਨਾਂ ਦਾ ਆਸਰਾ ਤੱਕਣ ਵਾਲੇ ਹਮੇਸ਼ਾ ਪਛਤਾਉਂਦੇ ਹਨ ਅਤੇ ਉੱਦਮੀ ਹੀ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂੰਹਦੇ ਹਨ। ਜਿਵੇਂ ਇਮਤਿਹਾਨਾਂ ਵਿੱਚ ਨਕਲ ‘ਤੇ ਆਸ ਰੱਖਣ ਵਾਲਾ ਵਿਦਿਆਰਥੀ ਪਾਸ ਹੋਣ ਦੀ ਬਜਾਇ ਫੇਲ੍ਹ ਵੀ ਹੋ ਜਾਂਦਾ ਹੈ। ਉਹ ਕੇਵਲ ਇਮਤਿਹਾਨਾਂ ਵਿੱਚੋਂ ਹੀ ਫੇਲ੍ਹ ਨਹੀਂ ਹੁੰਦਾ ਬਲਕਿ ਜ਼ਿੰਦਗੀ ਦੇ ਹਰ ਇਮਤਿਹਾਨ ਵਿੱਚੋਂ ਹਾਰ ਜਾਂਦਾ ਹੈ। ਕਿਉਂਕਿ ਉਸ ਨੂੰ ਮਿਹਨਤ ਕਰਨ ਦੀ ਆਦਤ ਹੀ ਨਹੀਂ ਪਈ ਹੁੰਦੀ। ਇੰਜ ਜਿਹੜੇ ਲੋਕ ਨਿੱਕੀਆਂ-ਨਿੱਕੀਆਂ ਲੋੜਾਂ ਲਈ ਦੂਜਿਆਂ ਦਾ ਆਸਰਾ ਭਾਲਦੇ ਹਨ ਉਹ ਹਮੇਸ਼ਾ ਲਈ ਦੂਜਿਆਂ ਦੇ ਮੁਹਤਾਜ ਹੋ ਕੇ ਰਹਿ ਜਾਂਦੇ ਹਨ। ਉਹਨਾਂ ਦੀ ਜ਼ਿੰਦਗੀ ਅਪਾਹਜ ਬਣ ਜਾਂਦੀ ਹੈ। ਜਿਵੇਂ ਅਪਾਹਜ ਨੂੰ ਲਾਠੀ ਦੀ ਜ਼ਰੂਰਤ ਹੁੰਦੀ ਹੈ, ਇਵੇਂ ਦੂਜਿਆਂ ਦੇ ਆਸਰੇ ਜੀਵਨ ਜਿਊਣ ਵਾਲੇ ਨੂੰ ਕਿਸੇ ਦੂਸਰੇ ਦੀ (ਲਾਠੀ ਵਾਂਗ) ਜ਼ਰੂਰਤ ਪਈ ਹੀ ਰਹਿੰਦੀ ਹੈ। ਇਸ ਲਈ ਅਜਿਹੀ ਗ਼ੁਲਾਮੀ, ਲਈ ਸਿਆਣਿਆਂ ਨੇ ਠੀਕ ਹੀ ਕਿਹਾ ਹੈ :

ਪਰਾਧੀਨ ਸੁਪਨੇ ਸੁਖ ਨਾਹੀਂ।

ਮਨੁੱਖ ਦੇ ਜੀਵਨ ਵਿੱਚ ਕਈ ਉਤਰਾਅ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਜੋ ਅੱਜ ਅਮੀਰ ਹਨ ਹੋ ਸਕਦਾ ਹੈ, ਕੱਲ੍ਹ ਨੂੰ ਉਹ ਗ਼ਰੀਬ ਹੋ ਜਾਣ। ਗ਼ਰੀਬ ਵਿਅਕਤੀ ਨੌਕਰਾਂ ‘ਤੇ ਹੁਕਮ ਨਹੀਂ ਚਲਾ ਸਕਦੇ। ਫਿਰ ਤਾਂ ਹਰ ਕੰਮ ਆਪ ਹੀ ਕਰਨਾ ਪੈਣਾ ਹੈ ਇਸ ਲਈ ਕਿਉਂ ਨਾ ਅਮੀਰੀ ਵਿੱਚ, ਸੁੱਖਾਂ ਵੇਲੇ ਵੀ ਹਰ ਕੰਮ ਆਪਣੇ ਹੱਥੀਂ ਕਰਨ ਦੀ ਆਦਤ ਪਾਈ ਜਾਵੇ। ਅਮਰੀਕਾ ਵਰਗੇ ਦੇਸ਼ਾਂ ਵਿੱਚ ਰਾਸ਼ਟਰਪਤੀ ਤੱਕ ਵੀ ਆਪਣਾ ਕੰਮ ਆਪ ਕਰਦੇ ਹਨ।

ਹੱਥੀ ਕੰਮ ਕਰਨ ਨਾਲ ਮਿਲਦੀ ਖੁਸ਼ੀ : ਜੋ ਸੁੱਖ, ਅਨੰਦ, ਖ਼ੁਸ਼ੀ, ਖੇੜਾ, ਪ੍ਰਸੰਨਤਾ ਅਤੇ ਸਕੂਨ ਹੱਥੀਂ ਕਿਰਤ ਕਰਕੇ ਰੋਟੀ ਖਾਣ ਵਿੱਚੋਂ ਮਿਲਦਾ ਹੈ, ਉਹ ਵਿਹਲੜ ਰਹਿ ਕੇ ਖਾਣ ਵਿੱਚ ਕਦੇ ਵੀ ਨਹੀਂ ਮਿਲ ਸਕਦਾ। ਦੂਜਾ, ਆਪ ਕੀਤਾ ਹੋਇਆ ਕੰਮ ਵਧੀਆ, ਸਾਫ਼, ਬਿਨਾਂ ਕਿਸੇ ਕਮੀ ਤੋਂ ਤੇ ਸੰਪੂਰਨ ਹੋਵੇਗਾ। ਜਦਕਿ ਦੂਜਿਆਂ ਵਲੋਂ ਕਰਵਾਇਆ ਗਿਆ ਕੰਮ ਊਣਤਾਈਆਂ ਭਰਿਆ ਤੇ ਘਾਟੇ ਵਾਲਾ ਹੀ ਹੁੰਦਾ ਹੈ।

ਸਾਰੰਸ਼ : ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਹੱਥੀਂ ਕੰਮ ਕਰਨ ਦੀ ਆਦਤ ਪਾਉਣ। ਇਸ ਨਾਲ ਸਰੀਰਕ ਅਤੇ ਮਾਨਸਕ ਸਕੂਨ ਮਿਲਦਾ ਹੈ ਤੇ ਤੰਦਰੁਸਤੀ ਵੀ ਰਹਿੰਦੀ ਹੈ। ਮਨ ਵਿੱਚ ਖੇੜਾ ਤੇ ਚਿਹਰੇ ‘ਤੇ ਨੂਰ ਝਲਕਦਾ ਹੈ। ਦੂਜਿਆਂ ਕੋਲੋਂ ਕੇਵਲ ਉਹੀ ਕੰਮ ਕਰਵਾਓ ਜਿਹੜਾ ਤੁਸੀਂ ਆਪ ਕਰਨ ਦੀ ਯੋਗਤਾ ਜਾਂ ਸਮਰੱਥਾ ਨਾ ਰੱਖਦੇ ਹੋਵੇ। ਬਾਕੀ ਕੰਮ ਆਪ ਕਰੋ ਆਪ ਕੰਮ ਕਰਨ ਨਾਲ ਸ਼ਾਨ ਘਟਦੀ ਨਹੀਂ ਬਲਕਿ ਵਧਦੀ ਹੀ ਹੈ।