ਲੇਖ : ਅੰਮ੍ਰਿਤਾ ਪ੍ਰੀਤਮ
ਅੰਮ੍ਰਿਤਾ ਪ੍ਰੀਤਮ
‘ਅੱਜ ਆਖਾਂ ਵਾਰਸ ਸ਼ਾਹ ਨੂੰ’ ਲਿਖਣ ਵਾਲੀ, ਪ੍ਰਿੰ: ਤੇਜਾ ਸਿੰਘ ਦੇ ਸ਼ਬਦਾਂ ਵਿੱਚ ‘ਪੰਜਾਬ ਦੀ ਆਵਾਜ਼’ ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ, 1919 ਵਿੱਚ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਗੁਜਰਾਂਵਾਲਾ ਵਿੱਚ ਹੋਇਆ। ਪਹਿਲਾਂ ਜਿਹੜੀ ਕੁੜੀ ਅੰਮ੍ਰਿਤ ਕੌਰ ਸੀ ਉਹ ਪ੍ਰੀਤਮ ਸਿੰਘ ਨਾਲ ਸ਼ਾਦੀ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਬਣ ਗਈ। ਉਸਨੇ ਆਪਣਾ ਬੱਚਪਨ ਤੇ ਜਵਾਨੀ ਲਾਹੌਰ ਵਿੱਚ ਗੁਜ਼ਾਰੀ। 1947 ਵਿੱਚ ਲਾਹੌਰ ਰੇਡੀਓ ਲਈ ਗੀਤ ਲਿਖਦੀ ਰਹੀ, ਆਜ਼ਾਦੀ ਤੋਂ ਬਾਅਦ ਉਹ ਦੇਹਰਾਦੂਨ ਤੇ ਫਿਰ ਦਿੱਲੀ ਰਹਿਣ ਲੱਗ ਪਈ। ਪਹਿਲਾਂ ਉਸਨੇ ਨਾਗਮਣੀ ਨਾਂ ਦੀ ਇੱਕ ਸਾਹਿਤਕ ਮਾਸਕ ਪਤ੍ਰਿਕਾ ਵੀ ਚਲਾਈ ਤੇ ਨਿਰੰਤਰ ਸਾਹਿਤਕ ਗਤੀਵਿਧੀਆਂ ਨਾਲ ਜੁੜੀ ਰਹੀ। ਉਸ ਦੀ ਕਵਿਤਾ ਵਿੱਚ ਇਸਤਰੀ ਦੀ ਵੇਦਨਾ ਅਤੇ ਪਿਆਰ ਦੀ ਅਪੂਰਤੀ ਦਾ ਵਰਣਨ ਹੈ।
ਉਹ ਲਿਖਦੀ ਹੈ –
ਨੈਣ ਨਿਰੇ ਪੱਥਰ ਦੇ ਗੀਟੇ
ਪੱਥਰ-ਗੀਟੇ ਕੋਈ ਵੀ ਖੇਡੇ,
ਇਹ ਲਹੂ ਮਾਸ ਦੀ ਚਾਹ,
ਨਿੱਤ ਨਵੇਂ ਲਹੂ ਦੀ ਪਿਆਸ,
ਹੱਡ ਘਚੋਲੇ, ਚੰਮ ਫਰੋਲੇ,
ਲਹੂ ਮਾਸ ਤੋਂ ਅੱਗੇ ਸਭ ਕੁੱਝ ਸ਼ਾਂਤ ਹਨ੍ਹੇਰੇ, ਅੰਨ੍ਹੇ ਬੋਲੇ,
ਥਾਂ-ਥਾਂ ਲਹੂ-ਲਹੂ ਵਿੱਚ ਵੀਟੇ,
ਨੈਣ ਨਿਰੇ ਪੱਥਰ ਦੇ ਗੀਟੇ।
ਪਿਆਰ ਦੇ ਵਿਸ਼ੇ ਤੋਂ ਬਿਨਾਂ ਉਸਦੀ ਕਵਿਤਾ ਵਿੱਚ ਸਮਾਜਿਕ ਚੇਤੰਨਤਾ ਵੀ ਹੈ, ਪਰ ਮੁੱਖ ਸ੍ਵਰ ਨਾਰੀ ਸੰਵੇਦਨਾ ਦਾ ਹੀ ਰਿਹਾ ਹੈ। ਪ੍ਰਗਤੀਵਾਦੀ ਲਹਿਰ ਨਾਲ ਜੁੜ ਕੇ ਉਸਨੇ ਇਹ ਸਤਰਾਂ ਲਿਖੀਆਂ –
ਮਹਿਲਾਂ ਦੀਆਂ ਗਵਾਂਢੀ ਝੁੱਗੀਆਂ
ਹਰੀ ਕਚੂਰ ਬਰੂਟੀ ਦੇ ਨਾਲ ਖੱਬਲ ਵਾਕੁਰ ਉੱਗੀਆਂ,
ਮਿੱਟੀ ਦੇ ਇਸ ਗਮਲੇ ਵਿਚੋਂ,
ਜ਼ੋਰ ਨਿਕਲਦਾ ਜਾਵੇ,
ਖੱਬਲ ਫਲਦਾ ਜਾਵੇ,
ਹਰੀ ਕਚੂਰ ਬਰੂਟੀ ਦਾ ਰਸ,
ਉਸਨੂੰ ਮਿਲਦਾ ਜਾਵੇ।
ਸਰਮਾਏਦਾਰੀ ਸੋਸ਼ਣ ਦੇ ਖਿਲਾਫ਼ ਵੀ ਉਸਨੇ ਆਪਣੀ ਬੁਲੰਦ ਆਵਾਜ਼ ਉਠਾਈ ਹੈ, ਖੁਲ੍ਹੇ ਸ਼ਬਦਾਂ ਵਿੱਚ ਉਹ ਕਹਿੰਦੀ ਹੈ –
ਅੰਨ ਦਾਤਾ
ਮੈਂ ਚੰਮ ਦੀ ਗੁੱਡੀ ਖੇਡ ਲੈ, ਖਿਡਾ ਲੈ,
ਲਹੂ ਦਾ ਪਿਆਲਾ ਪੀ ਲੈ, ਪਿਲਾ ਲੈ,
ਤੇਰੇ ਸਾਹਵਾਂ ਖੜੀ ਹਾਂ ਅਹਿ, ਵਰਤਣ ਦੀ ਸ਼ੈ,
ਜਿਵੇਂ ਚਾਹੇ ਵਰਤ ਲੈ,
ਉੱਗੀ ਹਾਂ, ਪਿੱਸੀ ਹਾਂ, ਗੁੱਝੀ ਹਾਂ, ਵਿੱਲੀ ਹਾਂ,
ਤੇ ਅੱਜ ਤਤੇ ਤਵੇ ਉੱਤੇ ਜਿਵੇਂ ਚਾਹੇ ਪਰਤ ਲੈ
ਮੈਂ ਬੁਰਕੀ ਤੋਂ ਵਧ ਕੁਝ ਨਹੀਂ, ਜਿਵੇਂ ਚਾਹੇ ਨਿਗਲ ਲੈ।
ਉਸਦੀ ਕਵਿਤਾ ਵਿੱਚ ਜ਼ੋਰ ਹੈ ਤੇ ਭਾਵਨਾਵਾਂ ਦੀ ਬਲਵਾਨ ਸ਼ੈਲੀ ਵਿੱਚ ਕੀਤੀ ਗਈ ਪ੍ਰਦਰਸ਼ਨੀ ਹੈ। ਉਹ ਇੱਕ ਚਿੰਤਕ ਦੇ ਤੌਰ ਤੇ ਇਸਤਰੀ ਪੁਰਸ਼ ਦੇ ਸਬੰਧਾਂ ਨੂੰ ਚਿਤਰਦੀ ਹੈ ਤੇ ਉਨ੍ਹਾਂ ਵਿੱਚ ਦਾਰਸ਼ਨਿਕ ਭਾਵਾਂ ਨੂੰ
ਪੇਸ਼ ਕਰਦੀ ਹੋਈ ਕਹਿੰਦੀ ਹੈ –
ਦੋ ਮਿੱਟੀ ਦੇ ਢੇਰ
ਅੰਡਜ,
ਜੇਰਜ,
ਸੇਤਜ,
ਉਤਭੁਜ
ਉਸਰੇ ਲੱਖਾਂ ਵੇਰ,
ਢੱਠੇ ਲੱਖਾਂ ਵੇਰ।
ਅੰਮ੍ਰਿਤਾ ਨੂੰ ਭਾਸ਼ਾ ਤੇ ਪੂਰਾ ਨਿਯੰਤਰਣ ਸੀ। ਕਵੀ ਦਰਬਾਰਾਂ ਵਿੱਚ ਰੇਡੀਓ, ਟੈਲੀਵਿਜ਼ਨ ਵਿੱਚ ਆਮ ਤੌਰ ‘ਤੇ ਪੇਸ਼ਕਾਰੀ ਕਰਕੇ ਉਸਦੀ ਭਾਸ਼ਾ, ਉਚਾਰਨ ਵਿੱਚ ਇੱਕ ਤਰ੍ਹਾਂ ਦੀ ਪੁਖਤਗੀ ਪੈਦਾ ਹੋ ਗਈ ਸੀ। ਨਵੇਂ ਬਿੰਬਾਂ ਨੂੰ ਪੇਸ਼ ਕਰਦੀ ਉਹ ਕਹਿੰਦੀ ਹੈ –
“ਸੰਗਮਰਮਰੀ ਫਰਸ਼ਾ ਮਹੱਲਾ,
ਸੈਲੋਲਾਈਟ ਜਿਹੀਆਂ ਪਾਲਸ਼ ਕੰਧਾਂ,
ਤ੍ਰਿੜੀਆਂ, ਭੂਰੀਆਂ, ਭੁੱਗੀਆਂ,
ਪਾਟਨ ਪਾਟਨ ਪੁੱਗੀਆਂ,
ਸੁੱਕੇ ਛਿੱਲੜਾਂ ਵਾਂਗ ਚਿਰ ਚਿਰ ਕਰਨ ਲੱਗੀਆਂ।”
ਅੰਮ੍ਰਿਤਾ ਨੇ ਆਪਣੀਆਂ ਰਚਨਾਵਾਂ ਦੇ ਕਈ ਪੜਾਅ ਤਹਿ ਕੀਤੇ ਹਨ ਤੇ ਸਦਾ ਉਸਦੀ ਸ਼ਖਸੀਅਤ ਜਟਲ ਤੇ ਰਚਨਾ ਬਲਵਾਨ ਹੋ ਕੇ ਲਿਸ਼ਕੀ ਹੈ। ਧਾਰਮਿਕ, ਸਦਾਚਾਰਕ (ਅੰਮ੍ਰਿਤ ਲਹਿਰਾਂ) ਤੋਂ ਉੱਪਰ ਉੱਠ ਕੇ ਓ ਗੀਤਾਂ ਵਾਲਿਆ, ਪੱਥਰ ਗੀਟੇ, ਲੰਮੀਆਂ ਵਾਟਾਂ, ਸਰਘੀ ਵੇਲਾ, ਸੁਨੇਹੜੇ, ਅਸ਼ੋਕ ਚੇਤੀ ਕਸਤੂਰੀ ਆਦਿ ਰਚਨਾਵਾਂ ਦਿੱਤੀਆਂ ਹਨ। ਉਸਦੀ ਕਵਿਤਾ ਵਿੱਚ ਉੱਚਤਾ ਤੇ ਕਲਾਤਮਕਤਾ ਉਦੋਂ ਸਿਖਰ ਛੂੰਹਦੀ ਹੈ ਜਦੋਂ ਉਸਨੇ ਕਾਗਜ਼ ਤੇ ਕੈਨਵਸ, ਆਦਿ ਦੀ ਰਚਨਾ ਲਿਖੀ। ਉਸ ਦੀਆਂ ਰਚਨਾਵਾਂ ਨੂੰ ਚਾਰ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ ।
ਪਹਿਲਾ ਪੜਾਅ 1935-39 : ਠੰਡੀਆਂ ਕਿਰਨਾਂ, ਅੰਮ੍ਰਿਤ ਲਹਿਰਾਂ।
ਦੂਜਾ ਪੜਾਅ 1939-46 : ਜਿਊਂਦਾ ਜੀਵਨ, ਤ੍ਰੇਲ ਧੋਤੇ ਫੁੱਲ, ਓ ਗੀਤਾਂ ਵਾਲਿਆ, ਸੰਝ ਦੀ ਲਾਲੀ, ਲੋਕ ਪੀੜਾ, ਪੱਥਰ ਗੀਟੇ।
ਤੀਜਾ ਪੜਾਅ 1947-60 : ਲੰਮੀਆਂ ਵਾਟਾਂ, ਸਰਘੀ ਵੇਲਾ, ਸੁਨੇਹੜੇ, ਅਚੋਕ ਚੇਤੀ, ਕਸਤੂਰੀ।
ਚੌਥਾ ਪੜਾਅ 1961-72 : ਨਾਗਮਣੀ, ਕਾਗਜ ਤੇ ਕੈਨਵਸ, ਕਾਗਜ਼ ਤੇ ਕੈਨਵਸ ਤੋਂ ਪਿੱਛੇ ਆਦਿ। ਉਸਨੇ ਕੁੱਝ ਨਾਵਲ ਰਚਨਾਵਾਂ ਜਿਵੇਂ ਡਾਕਟਰ ਦੇਵ ਪਿੰਜਰ, ਆਲ੍ਹਣਾ ਆਦਿ ਵੀ ਲਿਖੀਆਂ ਹਨ।
ਸੁਨੇਹੜੇ ਤੇ ਉਸਨੂੰ ਸਾਹਿਤ ਅਕਾਡਮੀ ਇਨਾਮ ਪ੍ਰਾਪਤ ਹੋਇਆ ਤੇ ਬਾਅਦ ਵਿੱਚ ਗਿਆਨ-ਪੀਠ ਇਨਾਮ ਵੀ
ਮਿਲਿਆ ਹੈ।
ਉਹ ਸਾਡੀ ਸਭ ਤੋਂ ਵੱਧ ਸਨਮਾਨਿਤ ਇਸਤਰੀ ਲੇਖਕਾ ਹੋਈ ਹੈ ਤੇ ਬਿਰਧ ਅਵਸਥਾ ਵਿੱਚ ਦਿੱਲੀ ਵਿਖੇ ਲੰਮੀ ਉਮਰ ਵਿੱਚ ਵੀ ਸਾਹਿਤ ਨਾਲ ਜੁੜੀ ਰਹੀ ਤੇ ਗੰਭੀਰ ਰੋਗੀ ਹੋ ਕੇ ਉਹ ਸਵਰਗਵਾਸ ਹੋ ਗਈ।