CBSEEducationKavita/ਕਵਿਤਾ/ कविताNCERT class 10thPunjab School Education Board(PSEB)

ਸਾਈਂ ਜਿਨ੍ਹਾਂਦੜੇ ਵਲ…………. ਗ਼ਮ ਕੈਂਦਾ, ਵੇ ਲੋਕਾ।


ਸਾਈਂ ਜਿਨ੍ਹਾਂਦੜੇ ਵਲ : ਸ਼ਾਹ ਹੁਸੈਨ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਸਾਈਂ ਜਿਨ੍ਹਾਂਦੜੇ ਵਲ, ਤਿਨ੍ਹਾਂ ਨੂੰ ਗ਼ਮ ਕੈਂਦਾ, ਵੇ ਲੋਕਾ ।

ਸੇਈ ਭਲੀਆ ਜੋ ਰੱਬ ਵਲ ਆਈਆ,

ਜਿਨ੍ਹਾਂ ਨੂੰ ਇਸ਼ਕ ਚਰੋਕਾ, ਵੇ ਲੋਕਾ ।

ਇਸ਼ਕੇ ਦੀ ਸਿਰ ਖਾਰੀ ਚਾਈਆ,

ਦਰ ਦਰ ਦੇਨੀਆਂ ਹੋਕਾ, ਵੇ ਲੋਕਾ ।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਲੱਧਾ ਹੀ ਪ੍ਰੇਮ ਝਰੋਖਾ, ਵੇ ਲੋਕਾ।

ਸਾਈਂ ਜਿਨ੍ਹਾਂਦੜੇ ਵਲ, ਤਿਨ੍ਹਾਂ ਨੂੰ ਗ਼ਮ ਕੈਂਦਾ, ਵੇ ਲੋਕਾ।

ਹੋ ਮੈਂ ਵਾਰੀ । ਗ਼ਮ ਕੈਂਦਾ, ਵੇ ਲੋਕਾ।


ਪ੍ਰਸੰਗ : ਇਹ ਕਾਵਿ-ਟੋਟਾ ਸ਼ਾਹ ਹੁਸੈਨ ਦੀ ਰਚੀ ਹੋਈ ਇਕ ਕਾਫ਼ੀ ਹੈ, ਜੋ ਕਿ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਸਾਈ ਜਿਨ੍ਹਾਂਦੜੇ ਵਲ’ ਸਿਰਲੇਖ ਹੇਠ ਦਰਜ ਹੈ। ਇਸ ਕਾਫ਼ੀ ਵਿੱਚ ਸ਼ਾਹ ਹੁਸੈਨ ਨੇ ਇਹ ਭਾਵ ਅੰਕਿਤ ਕੀਤਾ ਹੈ ਕਿ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੁੰਦੀ ਹੈ, ਉਨ੍ਹਾਂ ਨੂੰ ਕਿਸੇ ਦਾ ਕੋਈ ਗ਼ਮ, ਡਰ ਜਾਂ ਫ਼ਿਕਰ ਨਹੀਂ ਹੁੰਦਾ। ਉਹ ਬੇਪਰਵਾਹ ਹੁੰਦੇ ਹਨ।

ਵਿਆਖਿਆ : ਸ਼ਾਹ ਹੁਸੈਨ ਇਸਤਰੀ ਰੂਪ ਵਿੱਚ ਕਹਿੰਦਾ ਹੈ ਕਿ ਜਿਨ੍ਹਾਂ ਵਲ ਰੱਬ ਆਪ ਹੁੰਦਾ ਹੈ ਅਰਥਾਤ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੁੰਦੀ ਹੈ, ਉਨ੍ਹਾਂ ਨੂੰ ਕਿਸੇ ਦਾ ਗ਼ਮ, ਡਰ ਜਾਂ ਫ਼ਿਕਰ ਨਹੀਂ ਹੁੰਦਾ। ਉਹ ਜੀਵ ਰੂਪ ਇਸਤਰੀਆਂ ਚੰਗੀਆਂ ਹਨ, ਜਿਨ੍ਹਾਂ ਦੇ ਦਿਲ ਵਿੱਚ ਰੱਬੀ ਇਸ਼ਕ ਦੀ ਚਿਰਾਂ ਤੋਂ ਲੱਗੀ ਲਗਨ ਹੋਣ ਕਰਕੇ ਉਹ ਰੱਬ ਦੇ ਦੇ ਪ੍ਰੇਮ ਦੇ ਪਾਸੇ ਵਲ ਲਗਦੀਆਂ ਹਨ। ਮੈਂ ਆਪਣੇ ਸਿਰ ਉੱਪਰ ਰੱਬੀ ਇਸ਼ਕ ਦੀ ਟੋਕਰੀ ਚੁੱਕ ਕੇ ਦਰ-ਦਰ ਤੇ ਹੋਕਾ ਦਿੰਦੀ ਹੋਈ ਉਸ (ਰੱਬ ਦੇ ਇਸ਼ਕ ਦਾ ਵਣਜ ਕਰ ਰਹੀ ਹਾਂ। ਸਾਈਂ ਦੇ ਪ੍ਰੇਮ ਵਿੱਚ ਰੰਗਿਆ ਫ਼ਕੀਰ ਸ਼ਾਹ ਹੁਸੈਨ ਕਹਿੰਦਾ ਹੈ ਕਿ ਮੈਂ ਇਸ਼ਕ ਦੇ ਝਰੋਖੇ ਨੂੰ ਲੱਭ ਲਿਆ ਹੈ, ਜਿੱਥੋਂ ਮੈਂ ਆਪਣੇ ਪਿਆਰੇ-ਪ੍ਰਭੂ ਦੇ ਦਰਸ਼ਨ ਕਰ ਸਕਦੀ ਹਾਂ। ਜਿਨ੍ਹਾਂ ਵਲ ਰੱਬ ਆਪ ਹੁੰਦਾ ਹੈ, ਅਰਥਾਤ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੁੰਦੀ ਹੈ, ਉਨ੍ਹਾਂ ਨੂੰ ਕਿਸੇ ਦਾ ਡਰ. ਗ਼ਮ ਜਾਂ ਫ਼ਿਕਰ ਨਹੀਂ ਹੁੰਦਾ। ਮੈਂ ਆਪਣੇ ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ, ਕਿਉਂਕਿ ਜਿਨ੍ਹਾਂ ‘ਤੇ ਉਸ ਦੀ ਮਿਹਰ ਹੁੰਦੀ ਹੈ, ਉਨ੍ਹਾਂ ਨੂੰ ਕਿਸੇ ਦਾ ਗ਼ਮ, ਡਰ ਜਾ ਫ਼ਿਕਰ ਨਹੀਂ ਹੁੰਦਾ।


‘ਸਾਈਂ ਜਿਨ੍ਹਾਂਦੜੇ ਵਲ’ ਕਾਫ਼ੀ ਦਾ ਕੇਂਦਰੀ ਭਾਵ


ਪ੍ਰਸ਼ਨ. ‘ਸਾਈਂ ਜਿਨ੍ਹਾਂਦੜੇ ਵਲ’ ਕਾਫ਼ੀ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ ਲਗਪਗ 40 ਸ਼ਬਦਾਂ ਵਿੱਚ ਲਿਖੋ।

ਉੱਤਰ : ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੁੰਦੀ ਹੈ, ਉਨ੍ਹਾਂ ਨੂੰ ਕੋਈ ਗ਼ਮ ਜਾਂ ਫ਼ਿਕਰ-ਫ਼ਾਕਾ ਉਹੋ ਪ੍ਰਾਪਤ ਕਰਦੇ ਹਨ, ਜਿਹੜੇ ਰੱਬ ਦੇ ਇਸ਼ਕ ਦਾ ਵਣਜ-ਵਪਾਰ ਕਰਦੇ ਹਨ।


ਔਖੇ ਸ਼ਬਦਾਂ ਦੇ ਅਰਥ

ਜਿਨ੍ਹਾਂਦੜੇ : ਜਿਨ੍ਹਾਂ ਵਲ।

ਕੈਂਦਾ : ਕਿਸ ਦਾ ? ਭਾਵ ਕਿਸੇ ਦਾ ਵੀ ਨਹੀਂ ।

ਸੇਈ : ਉਹੋ ਹੀ।

ਚਰੋਕਾ : ਪੁਰਾਣਾ ।

ਖਾਰੀ : ਟੋਕਰੀ ।

ਲੱਧਾ : ਲੱਭਾ ਹੈ ।

ਝਰੋਖਾ : ਕੰਧ ਜਾਂ ਛੱਤ ਵਿੱਚ ਹਵਾ ਆਉਣ ਲਈ ਜਾਂ ਦੂਸਰੇ ਪਾਸੇ ਦੇਖਣ ਲਈ ਰੱਖੀ ਖ਼ਾਲੀ ਥਾਂ ।