CBSEEducationਪੈਰ੍ਹਾ ਰਚਨਾ (Paragraph Writing)

ਰਾਸ਼ਟਰੀ ਜਾਂ ਕੌਮੀ ਏਕਤਾ : ਪੈਰਾ ਰਚਨਾ


ਰਾਸ਼ਟਰੀ ਏਕਤਾ ਜਾਂ ਕੌਮੀ ਏਕਤਾ (National Integration) ਤੋਂ ਭਾਵ ਕਿਸੇ ਦੇਸ, ਕੌਮ ਜਾਂ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਤੋਂ ਹੈ। ਕੌਮੀ ਏਕਤਾ ਕਿਸੇ ਵੀ ਦੇਸ ਜਾਂ ਕੌਮ ਦੇ ਲੋਕਾਂ ਲਈ ਬਹੁਤ ਜ਼ਰੂਰੀ ਹੈ। ਭਾਰਤ ਵਰਗੇ ਬਹੁ-ਧਰਮੀ, ਬਹੁ-ਭਾਸ਼ੀ ਅਤੇ ਬਹੁ-ਪ੍ਰਾਂਤੀ ਦੇਸ ਲਈ ਤਾਂ ਇਸ ਦਾ ਹੋਰ ਵੀ ਜ਼ਿਆਦਾ ਮਹੱਤਵ ਹੈ। ਅਸੀਂ ਭਾਰਤਵਾਸੀ ਭਾਵੇਂ ਵੱਖ-ਵੱਖ ਪ੍ਰਾਂਤਾਂ ਵਿੱਚ ਰਹਿੰਦੇ ਹਾਂ, ਵੱਖ-ਵੱਖ ਭਾਸ਼ਾਵਾਂ ਬੋਲਦੇ ਹਾਂ ਅਤੇ ਸਾਡੇ ਦੇਸ ਦੇ ਵੱਖ-ਵੱਖ ਪ੍ਰਾਂਤਾਂ ਦੇ ਸੱਭਿਆਚਾਰ ਵਿੱਚ ਵੀ ਕੁਝ ਭਿੰਨਤਾ ਹੈ ਪਰ ਫਿਰ ਵੀ ਅਸੀਂ ਸਾਰੇ ਭਾਰਤੀ ਹਾਂ। ਸਾਡਾ ਦੇਸ ਇੱਕ ਹੈ। ਇਸ ਦਾ ਇੱਕ ਸੰਵਿਧਾਨ ਹੈ ਅਤੇ ਇੱਕ ਰਾਸ਼ਟਰੀ ਝੰਡਾ ਹੈ। ਅਸੀਂ ਪਹਿਲਾਂ ਭਾਰਤੀ ਹਾਂ ਅਤੇ ਪੰਜਾਬੀ, ਮਦਰਾਸੀ ਜਾਂ ਬੰਗਾਲੀ ਬਾਅਦ ਵਿੱਚ ਹਾਂ। ਇਹ ਭਾਵਨਾ ਸਾਨੂੰ ਸਾਰੇ ਭਾਰਤਵਾਸੀਆਂ ਨੂੰ ਏਕਤਾ ਦੇ ਸੂਤਰ ਵਿੱਚ ਪਰੋਂਦੀ ਹੈ। ਅਜਿਹਾ ਨਾ ਹੋਣ ‘ਤੇ ਜੇਕਰ ਲੋਕ ਧਰਮ, ਭਾਸ਼ਾ ਅਤੇ ਖਿੱਤੇ ਦੇ ਨਾਂ ‘ਤੇ ਲੜਦੇ ਰਹਿਣਗੇ ਤਾਂ ਦੇਸ ਕਮਜ਼ੋਰ ਹੋ ਜਾਵੇਗਾ। ਇਸ ਦੇ ਮੁਕਾਬਲੇ ਜੇਕਰ ਅਸੀਂ ਇੱਕ-ਮੁੱਠ ਹੋਵਾਂਗੇ ਤਾਂ ਦੇਸ ਦੁਸ਼ਮਣਾਂ ਦਾ ਬਹਾਦਰੀ ਨਾਲ ਮੁਕਾਬਲਾ ਕਰ ਸਕੇਗਾ ਅਤੇ ਤਰੱਕੀ ਕਰੇਗਾ। ਪਰ ਕੁਝ ਵਿਦੇਸ਼ੀ ਤਾਕਤਾਂ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਦੇਖ ਕੇ ਖ਼ੁਸ਼ ਨਹੀਂ। ਇਹ ਤਾਕਤਾਂ ਭਾਰਤ ਦੀ ਉੱਨਤੀ ਅਤੇ ਖ਼ੁਸ਼ਹਾਲੀ ਨੂੰ ਦੇਖ ਕੇ ਪਰੇਸ਼ਾਨ ਹਨ ਅਤੇ ਇਹ ਨਹੀਂ ਚਾਹੁੰਦੀਆਂ ਕਿ ਭਾਰਤ ਦੁਨੀਆਂ ਦੀ ਵੱਡੀ ਤਾਕਤ ਬਣੇ। ਇਹਨਾਂ ਤਾਕਤਾਂ ਵੱਲੋਂ ਲਗਾਤਾਰ ਯਤਨ ਹੁੰਦੇ ਰਹਿੰਦੇ ਹਨ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਕਾਇਮ ਨਾ ਰਹੇ। ਇਸੇ ਲਈ ਇਹ ਤਾਕਤਾਂ ਧਰਮ ਅਤੇ ਭਾਸ਼ਾ ਦੇ ਨਾਂ ‘ਤੇ ਦੰਗੇ ਕਰਵਾਉਣ ਦੇ ਯਤਨ ਕਰਦੀਆਂ ਰਹਿੰਦੀਆਂ ਹਨ। ਸਾਨੂੰ ਸਾਰੇ ਭਾਰਤਵਾਸੀਆਂ ਨੂੰ ਇਸ ਪੱਖੋਂ ਸੁਚੇਤ ਰਹਿਣਾ ਚਾਹੀਦਾ ਹੈ। ਅਸੀਂ ਸਾਰੇ ਭਾਰਤਵਾਸੀ ਭਾਈ-ਭਾਈ ਹਾਂ ਅਤੇ ਦੁੱਖ-ਸੁੱਖ ਵਿੱਚ ਇੱਕ ਦੂਸਰੇ ਦੀ ਮਦਦ ਕਰਨਾ ਸਾਡਾ ਸਭ ਦਾ ਫ਼ਰਜ਼ ਹੈ। ਜੇਕਰ ਕੋਈ ਗੁਆਂਢੀ ਭਰਾ-ਭਰਾ ਨੂੰ ਲੜਾਉਣ ਦੀ ਕੋਸ਼ਸ ਕਰੇ ਤਾਂ ਭਰਾਵਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਦੁਸ਼ਮਣ ਦੇ ਇਰਾਦਿਆਂ ਨੂੰ ਵੀ ਸਫਲ ਨਹੀਂ ਹੋਣ ਦੇਣਾ ਚਾਹੀਦਾ। ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਭਾਰਤ ਦੀ ਅਜ਼ਾਦੀ ਲਈ ਅਨੇਕਾਂ ਕੁਰਬਾਨੀਆਂ ਦੇਣੀਆਂ ਪਈਆਂ ਹਨ। ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੀ ਇਸ ਅਜ਼ਾਦੀ ਨੂੰ ਬਰਕਰਾਰ ਰੱਖਣਾ ਸਾਡਾ ਸਾਰੇ ਭਾਰਤਵਾਸੀਆਂ ਦਾ ਫ਼ਰਜ਼ ਹੈ। ਕੌਮੀ ਏਕਤਾ ਅਥਵਾ ਦੇਸ ਦੀ ਅਖੰਡਤਾ ਲਈ ਸਾਨੂੰ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ।