ਰਾਜਾ ਰਸਾਲੂ – ਪ੍ਰਸ਼ਨ – ਉੱਤਰ
ਪ੍ਰਸ਼ਨ 1 . ਰਾਜਾ ਰਸਾਲੂ ਦੇ ਜੀਵਨ ਸੰਘਰਸ਼ ਵਿਚ ਕੌਣ – ਕੌਣ ਉਸ ਦੇ ਸਾਥੀ ਬਣੇ?
ਉੱਤਰ – ਰਾਜੇ ਰਸਾਲੂ ਦੇ ਜੀਵਨ – ਸੰਘਰਸ਼ ਵਿੱਚ ‘ਫ਼ੌਲਾਦੀ’ ਨਾਂ ਦਾ ਘੋੜਾ ਤੇ ਤੋਤਾ ਸਾਥੀ ਰਹੇ, ਜਿਨ੍ਹਾਂ ਦਾ ਜਨਮ ਰਾਜੇ ਰਸਾਲੂ ਦੇ ਜਨਮ ਵਾਲੇ ਦਿਨ ਹੀ ਹੋਇਆ ਸੀ।
ਪ੍ਰਸ਼ਨ 2 . ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਰਸਾਲੂ ਅਜ਼ਾਦ ਤਬੀਅਤ ਦਾ ਮਾਲਕ ਸੀ?
ਉੱਤਰ – ਰਾਜੇ ਰਸਾਲੂ ਨੇ ਆਪਣੇ ਪਿਤਾ ਦੇ ਪ੍ਰਬੰਧ ਅਨੁਸਾਰ ਬਾਰ੍ਹਾਂ ਸਾਲ ਭੋਰੇ ਵਿਚ ਰਹਿਣਾ ਮਨਜ਼ੂਰ ਨਾ ਕੀਤਾ ਤੇ ਉਹ ਗਿਆਰ੍ਹਵੇਂ ਵਰ੍ਹੇ ਵਿਚ ਹੀ ਭੋਰੇ ਤੋਂ ਬਾਹਰ ਆ ਗਿਆ।
ਉਸ ਨੂੰ ਬਾਹਰ ਦਾ ਖੁੱਲ੍ਹਾ ਵਾਤਾਵਰਨ ਵਧੇਰੇ ਪਸੰਦ ਸੀ। ਉਹ ਆਪਣੀ ਆਜ਼ਾਦ ਤਬੀਅਤ ਕਾਰਨ ਹੀ ਕੁੜੀਆਂ ਦੇ ਪਹਿਲਾਂ ਘੜੇ ਫੁੰਡਦਾ ਰਿਹਾ ਤੇ ਫਿਰ ਗਾਗਰਾਂ।
ਪ੍ਰਸ਼ਨ 3 . ਰਾਜੇ ਸਲਵਾਨ ਨੇ ਰਸਾਲੂ ਨੂੰ ਦੇਸ਼ – ਨਿਕਾਲਾ ਕਿਉਂ ਦਿੱਤਾ?
ਉੱਤਰ – ਰਾਜੇ ਸਲਵਾਨ ਨੇ ਜਦੋਂ ਦੇਖਿਆ ਕਿ ਉਸ ਦਾ ਪੁੱਤਰ ਰਸਾਲੂ ਕੁੜੀਆਂ ਦੇ ਘੜਿਆਂ ਪਿੱਛੋਂ ਗਾਗਰਾਂ ਨੂੰ ਵੀ ਫੰਡਣ ਲੱਗਾ ਹੈ ਤਾਂ ਉਸ ਨੂੰ ਬਹੁਤ ਗੁੱਸਾ ਚੜ੍ਹਿਆ। ਉਸ ਨੇ ਉਸ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਦੇਸ਼ – ਨਿਕਾਲਾ ਦੇ ਦਿੱਤਾ।
ਪ੍ਰਸ਼ਨ 4 . ਬਾਸ਼ਕ ਨਾਗ ਰਾਜਾ ਰਸਾਲੂ ਦਾ ਮਿੱਤਰ ਕਿਵੇਂ ਬਣ ਗਿਆ?
ਉੱਤਰ – ਜਦੋਂ ਰਾਜਾ ਰਸਾਲੂ ਦੇਸ਼ – ਨਿਕਾਲੇ ਸਮੇਂ ਗੁਜਰਾਤ ਦੇ ਇਲਾਕੇ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਨੇ ਇਕ ਨਾਗ ਨੂੰ ਮੂਧਾ ਪਿਆ ਦੇਖਿਆ, ਜੋ ਆਪਣੀਆਂ ਅੱਖਾਂ ਵਿੱਚ ਰੇਤ ਪੈਣ ਕਰਕੇ ਬਹੁਤ ਦੁਖੀ ਸੀ। ਰਸਾਲੂ ਨੇ ਉਸ ਦੀਆਂ ਅੱਖਾਂ ਵਿੱਚੋਂ ਰੇਤ ਕੱਢ ਦਿੱਤੀ ਤੇ ਉਹ (ਨਾਗ) ਉਸ ਦਾ ਮਿੱਤਰ ਬਣ ਗਿਆ।
ਪ੍ਰਸ਼ਨ 5 . ਰਸਾਲੂ ਨੇ ਸਰੂਪਾਂ ਦੇ ਵਿਆਹ ਦੀ ਸ਼ਰਤ ਜਿੱਤ ਕੇ ਵੀ ਉਸ ਨਾਲ ਵਿਆਹ ਨਾ ਕੀਤਾ। ਕਿਉਂ?
ਉੱਤਰ – ਰਸਾਲੂ ਨੇ ਸਰੂਪਾਂ ਦੇ ਵਿਆਹ ਦੀ ਸ਼ਰਤ ਜਿੱਤ ਕੇ ਵੀ ਸਰੂਪਾਂ ਨਾਲ ਵਿਆਹ ਇਸ ਕਰਕੇ ਨਾ ਕੀਤਾ, ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਸਰੂਪਾਂ ਸੁਨਿਆਰਿਆਂ ਦੇ ਇਕ ਮੁੰਡੇ ਨੂੰ ਪਿਆਰ ਕਰਦੀ ਹੈ। ਉਸ ਨੇ ਸਰੂਪਾਂ ਦੇ ਬਾਪ ਨੂੰ ਸਮਝਾ ਕੇ ਉਸ ਦਾ ਵਿਆਹ ਉਸ ਮੁੰਡੇ ਨਾਲ ਕਰ ਦਿੱਤਾ।
ਪ੍ਰਸ਼ਨ 6 . ਰਾਜਾ ਸਿਰਕੱਪ ਕਿਹੜੀਆਂ ਕਰਤੂਤਾਂ ਕਰਕੇ ਬਦਨਾਮ ਸੀ?
ਉੱਤਰ – ਰਾਜਾ ਸਿਰਕੱਪ ਲੋਕਾਂ ਉੱਤੇ ਬਹੁਤ ਜ਼ੁਲਮ ਕਰਦਾ ਸੀ। ਉਹ ਕਪਟੀ ਵੀ ਸੀ। ਉਹ ਸਿਰਾਂ ਦੀ ਬਾਜ਼ੀ ਲਾ ਕੇ ਚੌਪੜ ਖੇਡਦਾ ਸੀ ਤੇ ਹੇਰਾ – ਫੇਰੀ ਨਾਲ ਚੌਪੜ ਹਾਰਨ ਵਾਲੇ ਨੂੰ ਮਾਰ ਦਿੰਦਾ ਸੀ।
ਇਸ ਮਾਮਲੇ ਵਿੱਚ ਉਸ ਨੇ ਆਪਣੇ ਭਰਾ ਸਿਰਮੁੱਖ ਦਾ ਵੀ ਲਿਹਾਜ਼ ਨਹੀਂ ਸੀ ਕੀਤਾ। ਆਪਣੀਆਂ ਅਜਿਹੀਆਂ ਕਰਤੂਤਾਂ ਕਰਕੇ ਰਾਜਾ ਸਿਰਕੱਪ ਬਦਨਾਮ ਸੀ।
ਪ੍ਰਸ਼ਨ 7 . ਰਾਜੇ ਰਸਾਲੂ ਨੇ ਰਾਜੇ ਸਿਰਕੱਪ ਨੂੰ ਕਿਵੇਂ ਹਰਾਇਆ?
ਉੱਤਰ – ਰਾਜੇ ਰਸਾਲੂ ਨੇ ਸਿਰਮੁੱਖ ਦੇ ਦੱਸੇ ਢੰਗ ਅਨੁਸਾਰ ਆਪਣਾ ਪਾਸਾ ਵਰਤ ਕੇ ਚੌਪੜ ਖੇਡੀ। ਉਹ ਉਸ ਦੁਆਰਾ ਛੱਡੀਆਂ ਸੋਹਣੀਆਂ ਇਸਤਰੀਆਂ ਵਲ ਦੇਖ ਕੇ ਨਾ ਡੋਲਿਆ।
ਉਸ ਦੇ ਬਲੂੰਗੜੇ ਦੇ ਡਰ ਕਰਕੇ ਚੂਹਾ ਵੀ ਸਿਰਕੱਪ ਦੀ ਮੱਦਦ ਨਾ ਕਰ ਸਕਿਆ। ਇਸ ਤਰ੍ਹਾਂ ਰਾਜੇ ਰਸਾਲੂ ਨੇ ਰਾਜੇ ਸਿਰਕੱਪ ਨੂੰ ਹਰਾ ਦਿੱਤਾ।
ਪ੍ਰਸ਼ਨ 7 . ਕੋਕਲਾਂ ਕੌਣ ਸੀ? ਉਹ ਰਾਜਾ ਰਸਾਲੂ ਦੇ ਜੀਵਨ ਵਿੱਚ ਕਿਵੇਂ ਆਈ?
ਉੱਤਰ – ਕੋਕਲਾਂ ਰਾਜੇ ਸਿਰਕੱਪ ਦੀ ਧੀ ਸੀ। ਉਸ ਦਾ ਜਨਮ ਉਸ ਵੇਲੇ ਹੋਇਆ ਸੀ, ਜਦੋਂ ਰਾਜੇ ਰਸਾਲੂ ਨੇ ਸਿਰਕੱਪ ਨੂੰ ਚੌਪੜ ਵਿਚ ਹਰਾਇਆ ਸੀ। ਰਾਜੇ ਸਿਰਕੱਪ ਨੇ ਉਸ ਨੂੰ ਆਪਣੇ ਲਈ ਨਹਿਸ਼ ਕਹਿ ਕੇ ਮਾਰਨ ਦਾ ਹੁਕਮ ਦਿੱਤਾ ਸੀ, ਪਰ ਰਸਾਲੂ ਨੇ ਉਸ ਨੂੰ ਆਪਣੇ ਲਈ ਸ਼ੁੱਭ ਦੱਸ ਕੇ ਉਸ ਦੇ ਜਵਾਨ ਹੋਣ ਤੇ ਉਸ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟ ਕਰ ਕੇ ਉਸ ਨੂੰ ਬਚਾਇਆ ਸੀ।
ਰਾਜੇ ਸਿਰਕੱਪ ਨੇ ਰਾਜੇ ਰਸਾਲੂ ਦੀ ਇਹ ਗੱਲ ਮੰਨ ਲਈ ਸੀ। ਇਸ ਤਰ੍ਹਾਂ ਕੋਕਲਾਂ ਰਾਜੇ ਰਸਾਲੂ ਦੇ ਜੀਵਨ ਵਿੱਚ ਆਈ ਸੀ।
ਪ੍ਰਸ਼ਨ 9 . ਕੋਕਲਾਂ ਦੇ ਜੀਵਨ ਦਾ ਅੰਤ ਕਿਵੇਂ ਹੋਇਆ?
ਉੱਤਰ – ਜਦੋਂ ਰਾਜਾ ਰਸਾਲੂ ਨੂੰ ਕੋਕਲਾਂ ਤੇ ਹੋਡੀ ਦੇ ਪ੍ਰੇਮ – ਸੰਬੰਧਾਂ ਦਾ ਪਤਾ ਲੱਗਾ ਤਾਂ ਉਸ ਨੇ ਗੁੱਸੇ ਵਿੱਚ ਹੋਡੀ ਨੂੰ ਮਾਰ ਦਿੱਤਾ। ਹੋਡੀ ਦੀ ਮੌਤ ਦੀ ਖ਼ਬਰ ਸੁਣ ਕੇ ਕੋਕਲਾਂ ਵੀ ਮਹਿਲ ਤੋਂ ਛਾਲ ਮਾਰ ਕੇ ਮਰ ਗਈ। ਇਸ ਤਰ੍ਹਾਂ ਉਸ ਦੇ ਜੀਵਨ ਦਾ ਅੰਤ ਹੋ ਗਿਆ।
ਪ੍ਰਸ਼ਨ 10 . ਰਾਜਾ ਰਸਾਲੂ ਦੀ ਸ਼ਖ਼ਸੀਅਤ ਦੇ ਮੁੱਖ ਗੁਣ ਕਿਹੜੇ – ਕਿਹੜੇ ਸਨ?
ਉੱਤਰ – ਰਾਜਾ ਰਸਾਲੂ ਸ਼ੁਰੂ ਤੋਂ ਹੀ ਆਜ਼ਾਦ ਸੁਭਾਅ ਵਾਲਾ ਸੀ। ਉਹ ਸੁੰਦਰ ਜਵਾਨ ਸੀ ਅਤੇ ਸੁੰਦਰਤਾ ਤੇ ਲਾਲਚ ਦੀ ਖਿੱਚ ਤੋਂ ਮੁਕਤ ਸੀ। ਉਹ ਜ਼ੁਲਮ ਦਾ ਨਾਸ਼ ਕਰਨ ਵਾਲਾ ਸੀ। ਉਹ ਪੱਕਾ ਨਿਸ਼ਾਨੇਬਾਜ਼ ਸੀ। ਉਹ ਦੂਜਿਆਂ ਦੇ ਕੋਮਲ ਭਾਵਾਂ ਦਾ ਸਤਿਕਾਰ ਕਰਨ ਵਾਲਾ ਤੇ ਕੁਰਬਾਨੀ ਦੀ ਭਾਵਨਾ ਵਾਲਾ ਵੀ ਸੀ। ਉਹ ਜ਼ਾਲਮ ਨੂੰ ਖਿਮਾ ਕਰ ਦਿੰਦਾ ਸੀ।
ਪ੍ਰਸ਼ਨ 11 . ਪੂਰਨ ਭਗਤ ਤੇ ਰਾਜਾ ਰਸਾਲੂ ਵਿਚ ਕਿਹੜੇ – ਕਿਹੜੇ ਸਮਾਨ ਗੁਣ ਸਨ ਅਤੇ ਕਿਹੜੇ – ਕਿਹੜੇ ਵੱਖਰੇ?
ਉੱਤਰ – ਪੂਰਨ ਭਗਤ ਤੇ ਰਾਜਾ ਰਸਾਲੂ ਦੋਵੇਂ ਹੀ ਬਾਰ੍ਹਾਂ ਸਾਲ ਦੀ ਉਮਰ ਤਕ ਆਪਣੇ ਬਾਪ ਲਈ ਦੇਖਣੇ ਅਸ਼ੁੱਭ ਸਨ।
ਰਾਜਾ ਰਸਾਲੂ ਸ਼ੁਰੂ ਤੋਂ ਹੀ ਅਜ਼ਾਦ ਤਬੀਅਤ ਵਾਲਾ ਸੀ, ਪਰ ਪੂਰਨ ਬਾਪ ਦੁਆਰਾ ਪਾਏ ਬੰਧਨ ਸਵੀਕਾਰ ਕਰਨ ਵਾਲਾ ਸੀ।
ਪੂਰਨ ਤੇ ਰਸਾਲੂ ਦੋਵੇਂ ਸੁੰਦਰ ਜਵਾਨ ਸਨ। ਦੋਵੇਂ ਹੀ ਸੁੰਦਰਤਾ ਜਾਂ ਲਾਲਚ ਦੀ ਖਿੱਚ ਤੋਂ ਮੁਕਤ ਸਨ। ਦੋਹਾਂ ਵਿਚ ਖਿਮਾ ਦਾ ਗੁਣ ਸੀ।