ਰਾਂਝੇ ਦਾ ਮਸੀਤ ਵਿੱਚ ਜਾਣਾ : ਪ੍ਰਸੰਗ ਸਹਿਤ ਵਿਆਖਿਆ
ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਵਾਹ ਲਾਇ ਰਹੇ ਭਾਈ ਭਾਬੀਆਂ ਵੀ,
ਰਾਂਝਾ ਉੱਠਿ ਹਜ਼ਾਰਿਓਂ ਧਾਇਆ ਈ ।
ਭੁੱਖ ਨੰਗ ਨੂੰ ਝਾਗ ਕੇ ਪੰਧ ਕਰਦਾ,
ਰਾਤੀਂ ਵਿੱਚ ਮਸੀਤ ਦੇ ਆਇਆ ਈ ।
ਹੱਥ ਵੰਝਲੀ ਪਕੜ ਕੇ ਰਾਤ ਅੱਧੀ,
ਰਾਂਝੇ ਮਜ਼ਾ ਭੀ ਖੂਬ ਬਣਾਇਆ ਈ ।
ਰੰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ,
ਸੱਭੇ ਗਿਰਦ ਮਸੀਤ ਦੇ ਧਾਇਆ ਈ ।
ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ,
ਪਿੱਛੋਂ ਮੁੱਲਾਂ ਮਸੀਤ ਦਾ ਆਇਆ ਈ ।
ਪ੍ਰਸੰਗ : ਇਹ ਕਾਵਿ-ਟੋਟਾ ਵਾਰਿਸ ਸ਼ਾਹ ਦੇ ਕਿੱਸੇ ‘ਹੀਰ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’
ਪੁਸਤਕ ਵਿੱਚ ‘ਰਾਂਝੇ ਦਾ ਮਸੀਤ ਵਿੱਚ ਜਾਣਾ’ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਰਾਂਝਾ ਭਰਾਵਾਂ-ਭਾਬੀਆਂ ਦੇ ਸਲੂਕ ਤੋਂ ਤੰਗ ਆ ਕੇ ਤਖ਼ਤ ਹਜ਼ਾਰੇ ਨੂੰ ਛੱਡ ਕੇ ਇਕ ਪਿੰਡ ਦੀ ਮਸੀਤ ਵਿੱਚ ਪੁੱਜਾ, ਜਿੱਥੇ ਉਸ ਦੀ ਵੰਝਲੀ ਨੂੰ ਸੁਣਨ ਲਈ ਸਾਰਾ ਪਿੰਡ ਆ ਜੁੜਿਆ।
ਵਿਆਖਿਆ : ਰਾਂਝੇ ਦੇ ਭਰਾਵਾਂ ਤੇ ਭਾਬੀਆਂ ਨੇ ਬਹੁਤ ਜ਼ੋਰ ਲਾਇਆ ਕਿ ਉਹ ਤਖ਼ਤ ਹਜ਼ਾਰਾ ਛੱਡ ਕੇ ਨਾ ਜਾਵੇ, ਪਰ ਉਹ ਨਾ ਮੰਨਿਆ ਤੇ ਉਹ ਭੁੱਖ-ਨੰਗ ਤੇ ਔਕੜਾਂ ਝਾਗਦਾ ਹੋਇਆ ਸਫ਼ਰ ਕਰ ਕੇ ਰਾਤੀਂ ਇਕ ਪਿੰਡ ਦੀ ਮਸੀਤ ਵਿੱਚ ਪੁੱਜਾ। ਰਾਂਝੇ ਨੇ ਅੱਧੀ ਰਾਤ ਨੂੰ ਹੱਥ ਵਿੱਚ ਵੰਝਲੀ ਫੜ ਕੇ ਵਜਾਉਣੀ ਸ਼ੁਰੂ ਕਰ ਦਿੱਤੀ ਤੇ ਅਨੋਖਾ ਹੀ ਰੰਗ ਬੰਨ੍ਹ ਦਿੱਤਾ। ਉਸ ਦੀ ਵੰਝਲੀ ਦੀ ਅਵਾਜ਼ ਦੇ ਖਿੱਚੇ ਹੋਏ ਪਿੰਡ ਦੇ ਸਾਰੇ ਮਰਦ-ਤੀਵੀਆਂ ਘਰ ਛੱਡ ਕੇ ਮਸੀਤ ਦੇ ਦੁਆਲੇ ਆ ਇਕੱਠੇ ਹੋਏ। ਇਸੇ ਸਮੇਂ ਹੀ ਝਗੜਾ ਕਰ-ਕਰ ਕੇ ਨਾ ਥੱਕਣ ਵਾਲਾ ਮਸੀਤ ਦਾ ਮੁੱਲਾਂ ਵੀ ਉੱਥੇ ਆ ਗਿਆ।