ਮੌਨਧਾਰੀ – ਸਾਰ (ਇਕਾਂਗੀ)

ਪ੍ਰਸ਼ਨ – ‘ਮੌਨਧਾਰੀ’ ਇਕਾਂਗੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ।

ਉੱਤਰ – ‘ਮੌਨਧਾਰੀ’ ਇਕਾਂਗੀ ਪੰਜਾਬੀ ਇਕਾਂਗੀ ਦੇ ਪਿਤਾਮਾ ‘ਈਸ਼ਵਰ ਚੰਦਰ ਨੰਦਾ’ ਦੁਆਰਾ ਲਿਖੀ ਹੋਈ ਹੈ। ਇਸ ਇਕਾਂਗੀ ਵਿੱਚ ਉਸ ਨੇ ਤਤਕਾਲੀ ਸਮਾਜ ਦੀ ਯਥਾਰਥਵਾਦੀ ਪੇਸ਼ਕਾਰੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਸਮਾਜਿਕ ਰਿਸ਼ਤਿਆਂ ਨੂੰ ਵੀ ਬਿਨਾਂ ਕਿਸੇ ਫਰੇਬ ਦੇ ਉਨ੍ਹਾਂ ਨੇ ਆਪਣੀ ਇਸ ਇਕਾਂਗੀ ਵਿੱਚ ਪੇਸ਼ ਕੀਤਾ ਹੈ।

ਇਕਾਂਗੀ ਦੇ ਸ਼ੁਰੂ ਵਿੱਚ ਇੱਕ ਅਧਖੜ ਉਮਰ ਦੀ ਤੀਵੀਂ ਰਾਮ ਪਿਆਰੀ ਸਬਜ਼ੀ ਚੀਰਦੀ ਹੈ ਅਤੇ ਉਸ ਦਾ ਪਤੀ ਹਰੀ ਚੰਦ ਹੱਥ ਵਿੱਚ ਦਵਾਈ ਵਾਲੀ ਸ਼ੀਸ਼ੀ ਫੜੀ ਖੰਘਦਾ ਹੋਇਆ ਘਰੋਂ ਬਾਹਰ ਨਿਕਲਣ ਲੱਗਦਾ ਹੈ ਤਾਂ ਪਿੱਛੋਂ ਰਾਮ ਪਿਆਰੀ ਉਸ ਨੂੰ ਬਾਹਰ ਜਾਣ ਦਾ ਕਾਰਨ ਪੁੱਛਦੀ ਹੈ। ਹਰੀ ਚੰਦ ਉਸ ਨੂੰ ਖਿੱਝ ਕੇ ਕਹਿੰਦਾ ਹੈ ਕਿ ਉਹ ਡਾਕਟਰ ਕੋਲ ਦਵਾਈ ਲੈਣ ਚੱਲਾ ਹੈ।

ਥੋੜ੍ਹੀ ਦੇਰ ਬਾਅਦ ਇੱਕ ਕੁਲੀ ਨਿੱਕੀ ਜਿਹੀ ਟਰੰਕੀ ਬਰਾਂਡੇ ਵਿੱਚ ਲਿਆ ਕੇ ਰੱਖਦਾ ਹੈ। ਰਾਮ ਪਿਆਰੀ ਦਾ ਭਾਣਜਾ ਮਦਨ ਲਾਲ ਥੋੜ੍ਹੇ ਵਿਗੜੇ ਹੋਏ ਹੁਲੀਏ ਵਿੱਚ ਅੰਦਰ ਆਉਂਦਾ ਹੈ। ਪੱਗ ਦੇ ਹੇਠਾਂ ਉਸ ਨੇ ਪੱਟੀ ਬੰਨ੍ਹੀ ਹੋਈ ਹੈ। ਪਹਿਲਾਂ ਤਾਂ ਰਾਮ ਪਿਆਰੀ ਮਦਨ ਲਾਲ ਨੂੰ ਪਛਾਣਦੀ ਹੀ ਨਹੀਂ, ਪਰ ਉਸ ਵੱਲ ਗਹੁ ਨਾਲ ਤੱਕਣ ‘ਤੇ ਪਤਾ ਲੱਗਦਾ ਹੈ ਕਿ ਫਿਕਰ ਅਤੇ ਚਿੰਤਾ ਦਾ ਮਾਰਿਆ ਹੋਇਆ ਉਹ ਉਸਦਾ ਭਾਣਜਾ ਹੀ ਹੈ।

ਮਦਨ ਗੱਲਾਂ – ਗੱਲਾਂ ਵਿੱਚ ਰਾਮ ਪਿਆਰੀ ਨੂੰ ਦੱਸਦਾ ਹੈ ਕਿ ਉਸ ਨੂੰ ਤਿੰਨ ਚਾਰ ਮਹੀਨੇ ਹੋ ਚੱਲੇ ਹਨ ਘਰੋਂ ਨਿਕਲੇ ਨੂੰ। ਉਹ ਕਹਿੰਦਾ ਹੈ ਕਿ ਉਸ ਨੇ ਕੋਈ ਚੋਰੀ ਜਾਂ ਗਬਨ ਨਹੀਂ ਕੀਤਾ ਪਰ ਪੁਲਿਸ ਉਸ ਦੇ ਮਗਰ ਲੱਗੀ ਹੋਈ ਹੈ ਕਿਉਂਕਿ ਉਸ ਦੇ ਨਾਲ਼ ਵਾਲਾ ਕਲਰਕ ਭੂਸ਼ਣ ਅਤੇ ਉਹ ਇੱਕੋ ਹੀ ਦਫ਼ਤਰ ਵਿੱਚ ਨੌਕਰੀ ਕਰਦੇ ਸੀ।

ਉਸ ਨੇ ਅਤੇ ਭੂਸ਼ਣ ਨੇ ਇਕੱਠਿਆਂ ਸਕੀਮ ਬਣਾਈ ਕਿ ਉਹ ਦਫ਼ਤਰ ਦਾ ਅਠਤਾਲੀ ਹਜ਼ਾਰ ਰੁਪਇਆ ਅੱਧੋ – ਅੱਧ ਵੰਡ ਲੈਣਗੇ। ਭੂਸ਼ਣ ਅਠਤਾਲੀ ਹਜ਼ਾਰ ਰੁਪਏ ਨਾਲ਼ ਫੜਿਆ ਗਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਰੁਪਈਆ ਮਦਨ ਲਾਲ ਕੋਲ ਹੈ। ਇਸ ਲਈ ਪੁਲਿਸ ਉਸ ਦੇ ਮਗਰ ਲੱਗੀ ਹੋਈ ਹੈ, ਉਸ ਨੂੰ ਫੜਨ ਲਈ।

ਮਦਨ ਲਾਲ ਪੁਲਿਸ ਦੀ ਮਾਰ ਤੋਂ ਵੀ ਡਰਦਾ ਹੈ, ਪਰ ਰਾਮ ਪਿਆਰੀ ਉਸ ਨੂੰ ਹੌਂਸਲਾ ਦਿੰਦੀ ਹੈ। ਥੋੜ੍ਹੀ ਦੇਰ ਬਾਅਦ ਹਰੀ ਚੰਦ ਵਾਪਸ ਘਰ ਪਰਤਦਾ ਹੈ। ਰਾਮ ਪਿਆਰੀ ਹਰੀ ਚੰਦ ਨੂੰ ਮਦਨ ਲਾਲ ਦੀ ਸਾਰੀ ਕਹਾਣੀ ਦੱਸਦੀ ਹੈ, ਜਿਸ ‘ਤੇ ਉਹ ਰਾਮ ਪਿਆਰੀ ਨੂੰ ਗੁੱਸੇ ਹੁੰਦਾ ਹੈ ਅਤੇ ਕਹਿੰਦਾ ਹੈ ਕਿ ਇਸ ਨੂੰ ਸਵੇਰੇ ਹੀ ਕਿਤੇ ਹੋਰ ਭੇਜ ਦੇਵੇ। ਉਹ ਪੁਲਿਸ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੁੰਦਾ।

ਅਜੇ ਰਾਮ ਪਿਆਰੀ ਅਤੇ ਹਰੀ ਚੰਦ ਗੱਲਾਂ ਕਰਕੇ ਹਟਦੇ ਹੀ ਹਨ। ਇੱਕ ਸਾਧੂ ਅਤੇ ਮੌਨਧਾਰੀ ਰਾਮ ਪਿਆਰੀ ਦੇ ਦਰਵਾਜ਼ੇ ਉੱਪਰ ਅਵਾਜ਼ ਦਿੰਦੇ ਹਨ। ਰਾਮ ਪਿਆਰੀ ਉਨ੍ਹਾਂ ਨੂੰ ਅੰਦਰ ਆਉਣ ਲਈ ਕਹਿ ਕੇ ਮੰਜੇ ਉੱਪਰ ਖੇਸ ਵਿਛਾ ਦਿੰਦੀ ਹੈ। ਪਰ ਮੌਨਧਾਰੀ ਇਸ਼ਾਰੇ ਨਾਲ਼ ਨਾਂਹ ਕਰ ਦਿੰਦਾ ਹੈ ਅਤੇ ਸਾਧੂ ਦੱਸਦਾ ਹੈ ਕਿ ਮੌਨ – ਬਰਤ ਰੱਖ ਕੇ ਮਹਾਤਮਾ ਧਰਤੀ ‘ਤੇ ਬੈਠਦੇ ਹਨ, ਜਦਕਿ ਸਾਧੂ ਉਸ ਦੇ ਚਰਨਾਂ ਵਿੱਚ ਹੀ ਬੈਠ ਜਾਂਦਾ ਹੈ।

ਰਾਮ ਪਿਆਰੀ ਉਨ੍ਹਾਂ ਨੂੰ ਭੋਜਨ ਕਰਨ ਲਈ ਕਹਿੰਦੀ ਹੈ ਪਰ ਸਾਧੂ ਕਹਿੰਦਾ ਹੈ ਕਿ ਉਨ੍ਹਾਂ ਨੇ ਭੋਜਨ ਨਹੀਂ ਕਰਨਾ ਕਿਉਂਕਿ ਮੌਨਧਾਰੀ ਨੂੰ ਇੱਕ ਮਾਈ ਨੇ ਦੁੱਧ ਪਿਲਾ ਦਿੱਤਾ ਹੈ। ਰਾਮ ਪਿਆਰੀ ਅੰਦਰੋਂ ਫ਼ਲ਼ ਲਿਆ ਕੇ ਸਾਧੂ ਮੂਹਰੇ ਰੱਖਦੀ ਹੈ।

ਸਾਧੂ ਰਾਮ ਪਿਆਰੀ ਨੂੰ ਕਹਿੰਦਾ ਹੈ ਕਿ ਉਹ ਉਸਦੇ ਘਰ ਉਸਦੇ ਪਤੀ ਦੇ ਦੁੱਖ ਦਲਿੱਦਰ ਦੂਰ ਕਰਨ ਆਏ ਹਨ। ਰਾਮ ਪਿਆਰੀ ਆਪਣੇ ਸਰੀਰਕ ਦੁੱਖ ਦਾ ਹਾਲ ਦੱਸਦੀ ਹੈ ਕਿ ਉਸਦੀ ਸਿਹਤ ਕਮਜ਼ੋਰ ਹੋ ਗਈ ਹੈ।ਥੋੜ੍ਹੀ ਦੇਰ ਬਾਅਦ ਹਰੀ ਚੰਦ ਵੀ ਅੰਦਰੋਂ ਬਾਹਰ ਆ ਜਾਂਦਾ ਹੈ ਅਤੇ ਰਾਮ ਪਿਆਰੀ ਨਾਲ਼ ਮਜ਼ਾਕ ਵਿੱਚ ਗੱਲਾਂ ਕਰਦਾ ਹੈ। ਹਰੀ ਚੰਦ ਦੇ ਕਹਿਣ ‘ਤੇ ਰਾਮ ਪਿਆਰੀ ਚਾਹ ਬਣਾਉਣ ਲਈ ਚਲੀ ਜਾਂਦੀ ਹੈ।

ਸਾਧੂ ਅਤੇ ਹਰੀ ਚੰਦ ਇੱਕ ਦੂਸਰੇ ਨਾਲ਼ ਮਜ਼ਾਕ ਵਿੱਚ ਗੱਲਾਂ ਕਰਦੇ ਹਨ। ਸਾਧੂ ਹਰੀ ਚੰਦ ਨੂੰ ਦੇਸੀ ਦਵਾਈ ਖਾਣ ਲਈ ਕਹਿੰਦਾ ਹੈ ਕਿਉਂਕਿ ਉਸ ਦੇ ਅਨੁਸਾਰ ਵਿਲਾਇਤੀ ਦਵਾਈ ਗਰਮ ਅਤੇ ਖੁਸ਼ਕ ਹੁੰਦੀ ਹੈ। ਉਹ ਹਰੀ ਚੰਦ ਨੂੰ ਇੱਕ ਦਵਾਈ ਦੇਣ ਲਈ ਕਹਿੰਦਾ ਹੈ ਜਿਸ ਨਾਲ ਉਸ ਦਾ ਸਰੀਰ ਅਤੇ ਚਿਹਰਾ ਚਮਕ ਉੱਠਣ ਦਾ ਦਾਅਵਾ ਕਰਦਾ ਹੈ।

ਹਰੀ ਚੰਦ ਦਾ ਪੁੱਤਰ ਕਿਸ਼ੋਰ ਜਦੋਂ ਬਾਈਸਿਕਲ ‘ਤੇ ਘਰ ਵੜ੍ਹਦਾ ਹੈ ਤਾਂ ਉਹ ਸਾਧੂਆਂ ਨੂੰ ਦੇਖ ਕੇ ਅਤੇ ਦਾਨ ਪੁੰਨ ਵਾਲੀ ਗੱਲ ਸੁਣ ਕੇ ਭੜਕ ਉੱਠਦਾ ਹੈ ਅਤੇ ਆਪਣੇ ਪਿਤਾ ਅਤੇ ਮਾਤਾ ਨੂੰ ਖਿੱਝ ਕੇ ਸਮਝਾਉਂਦਾ ਹੈ ਕਿ ਉਨ੍ਹਾਂ ਨੂੰ ਕਿੰਨੀ ਵਾਰ ਕਿਹਾ ਹੈ ਕਿ ਪਖੰਡੀ ਸਾਧੂਆਂ ਨੂੰ ਮੂੰਹ ਨਾ ਲਾਇਆ ਕਰਨ। ਉਹ ਦਬਕੇ ਮਾਰ ਕੇ ਸਾਧੂਆਂ ਨੂੰ ਬਾਹਰ ਜਾਣ ਲਈ ਕਹਿੰਦਾ ਹੈ ਜਦਕਿ ਹਰੀ ਚੰਦ ਅਤੇ ਰਾਮ ਪਿਆਰੀ ਸਾਧੂਆਂ ਨੂੰ ਭੋਜਨ ਕਰਕੇ ਜਾਣ ਲਈ ਜ਼ੋਰ ਪਾਉਂਦੇ ਹਨ।

ਮੌਨਧਾਰੀ ਦੇ ਇਸ਼ਾਰੇ ‘ਤੇ ਸਾਧੂ ਹਰੀ ਚੰਦ ਨੂੰ ਕਹਿੰਦਾ ਹੈ ਕਿ ਉਸ ਦੇ ਘਰ ਵਿੱਚ ਕੋਈ ਬਹੁਤ ਦੁਖੀ ਹੈ। ਇਸ ਦੇ ਜਵਾਬ ਵਿੱਚ ਕਿਸ਼ੋਰ ਜਲਦੀ ਨਾਲ਼ ਘਰੋਂ ਨਿਕਲਣ ਲਈ ਕਹਿੰਦਾ ਹੈ। ਰਾਮ ਪਿਆਰੀ ਦੇ ਕਹਿਣ ਤੇ ਸਾਧੂਆਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮਦਨ ਵੀ ਅੰਦਰੋਂ ਨਿਕਲਦਾ ਹੈ। ਉਸ ਦੇ ਮੱਥੇ ਉੱਪਰ ਪੱਟੀ ਦਿੱਸਦੀ ਹੈ। ਕਿਸ਼ੋਰ, ਮਦਨ ਨੂੰ ਦੇਖ ਕੇ ਹੈਰਾਨ ਹੁੰਦਾ ਹੈ।

ਸਾਧੂ ਦੁਆਰਾ ਮਦਨ ਨੂੰ ਦੁਖੀ ਦੱਸਣ ‘ਤੇ ਕਿਸ਼ੋਰ ਕਹਿੰਦਾ ਹੈ ਕਿ ਇਹਨਾਂ ਸਾਧੂਆਂ ਨੇ ਪਖੰਡ ਰਚਿਆ ਹੋਇਆ ਹੈ। ਇਹ ਦੋ – ਚਾਰ ਦੋਹੇ ਰਟ ਕੇ ਲੋਕਾਂ ਨੂੰ ਠਗਦੇ ਫਿਰਦੇ ਹਨ। ਕਿਸ਼ੋਰ ਆਪਣੇ ਪਿਤਾ ਹਰੀ ਚੰਦ ਨੂੰ ਅਖ਼ਬਾਰ ਦਿਖਾਉਂਦਾ ਦੱਸਦਾ ਹੈ ਕਿ ਜੇਲ੍ਹ ਵਿੱਚੋਂ ਦੋ ਹਵਾਲਾਤੀ ਫ਼ਰਾਰ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਚਿਹਰਾ ਉਨ੍ਹਾਂ ਨਾਲ ਮਿਲਦਾ ਹੈ।

ਸਾਧੂ ਮਦਨ ਨੂੰ ਦੱਸਦਾ ਹੈ ਕਿ ਉਸ ਦੇ ਸਿਰ ‘ਤੇ ਬੱਤੀਵੇਂ ਸਾਲ ਵਿੱਚ ਸੱਟ ਲੱਗਣੀ ਚਾਹੀਦੀ ਸੀ ਅਤੇ ਹੁਣ ਉਸ ਦਾ ਦੁੱਖ ਦੂਰ ਹੋਣ ਵਾਲਾ ਹੈ। ਕਿਸ਼ੋਰ, ਅਖ਼ਬਾਰ ਪੜ੍ਹ ਕੇ ਹਵਾਲਾਤੀਆਂ ਦੇ ਸ਼ਨਾਖਤੀ ਚਿੰਨ੍ਹਾਂ ਮੁਤਾਬਿਕ ਉਨ੍ਹਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਤੋਂ ਰਾਮ ਪਿਆਰੀ ਅਤੇ ਹਰੀ ਚੰਦ ਉਸ ਨੂੰ ਗੁੱਸੇ ਹੁੰਦੇ ਹਨ। ਸਾਧੂ ਵੀ ਆਪਣੀ ਬੇਇੱਜਤੀ ਮਹਿਸੂਸ ਕਰਦੇ ਹਨ।

ਕਿਸ਼ੋਰ, ਉਨ੍ਹਾਂ ਸਾਧੂਆਂ ਨੂੰ ਪੁਲਿਸ ਕੋਲ਼ ਫੜਾਉਣ ਲਈ ਘਰੋਂ ਬਾਹਰ ਨਿਕਲਣ ਲੱਗਦਾ ਹੈ ਤਾਂ ਹਰੀ ਚੰਦ ਉਸ ਨੂੰ ਜੱਫਾ ਪਾ ਲੈਂਦਾ ਹੈ। ਉਹ ਕਹਿੰਦਾ ਹੈ ਕਿ ਉਸ ਦੇ ਘਰ ਪੁਲਿਸ ਨਹੀਂ ਆਏਗੀ। ਮਦਨ ਘਬਰਾ ਕੇ ਬਾਹਰ ਜਾਂਦੇ ਕਿਸ਼ੋਰ ਨੂੰ ਰੋਕਦਾ ਹੈ। ਪਰ ਕਿਸ਼ੋਰ ਬਾਹਰ ਨੂੰ ਦੌੜ ਜਾਂਦਾ ਹੈ।

ਮਦਨ ਜਦੋਂ ਰਾਮ ਪਿਆਰੀ ਅਤੇ ਹਰੀ ਚੰਦ ਨੂੰ ਕਹਿੰਦਾ ਹੈ ਕਿ ਉਹ ਚੱਲਾ ਹੈ ਤਾਂ ਸਾਧੂ ਮਦਨ ਨੂੰ ਜ਼ੋਰ ਨਾਲ ਫੜ ਲੈਂਦਾ ਹੈ। ਉਹ ਉਸਦੇ ਮੱਥੇ ਉੱਤੋਂ ਪੱਟੀ ਖੋਲ ਕੇ ਉਸ ਦੇ ਸ਼ਨਾਖਤੀ ਦਾਗ਼ ਨੂੰ ਪਛਾਣ ਲੈਂਦਾ ਹੈ। ਸਾਧੂ, ਮੌਨਧਾਰੀ ਬਣੇ ਇੰਸਪੈਕਟਰ ਨੂੰ ਦਾਗ ਦਿਖਾਉਂਦਾ ਹੈ, ਜਿਸ ‘ਤੇ ਮੌਨਧਾਰੀ ਬਣਿਆ ਇੰਸਪੈਕਟਰ ਦੀਪ ਚੰਦ ਆਪਣੇ ਝੋਲੇ ਵਿੱਚੋਂ ਰਿਵਾਲਵਰ ਮਦਨ ਉੱਪਰ ਤਾਣ ਲੈਂਦਾ ਹੈ।

ਅਸਲ ਵਿੱਚ ਸਾਧੂ ਅਤੇ ਮੌਨਧਾਰੀ ਪੁਲਿਸ ਮੁਲਾਜ਼ਮ ਹੁੰਦੇ ਹਨ ਜੋ ਗਬਨਕਾਰੀ ਮਦਨ ਨੂੰ ਗ੍ਰਿਫ਼ਤਾਰ ਕਰਨ ਲਈ ਇਹ ਸਾਰਾ ਨਾਟਕ ਰਚਦੇ ਹਨ। ਇਸ ਪ੍ਰਕਾਰ ਇਸ ਇਕਾਂਗੀ ਵਿੱਚ ਇਕਾਂਗੀਕਾਰ ਨੇ ਵਹਿਮਾਂ – ਭਰਮਾਂ ਪ੍ਰਤੀ ਚੇਤਨਤਾ, ਭ੍ਰਿਸ਼ਟ ਲੋਕਾਂ ਦਾ ਕਿਰਦਾਰ ਅਤੇ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਨੂੰ ਪੇਸ਼ ਕੀਤਾ ਹੈ।