CBSEClass 9th NCERT PunjabiEducationPunjab School Education Board(PSEB)

ਮੌਨਧਾਰੀ – ਸਾਧੂ (ਪਾਤਰ)

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਇਕਾਂਗੀ – ਭਾਗ (ਜਮਾਤ ਨੌਵੀਂ)

ਮੌਨਧਾਰੀ – ਈਸ਼ਵਰ ਚੰਦਰ ਨੰਦਾ

ਪਾਤਰ ਦਾ ਚਰਿੱਤਰ ਚਿਤਰਨ


ਜਾਣ – ਪਛਾਣ : ਸਾਧੂ ਇਕਾਂਗੀ ‘ਮੌਨਧਾਰੀ’ ਦਾ ਇੱਕ ਮੁੱਖ ਪਾਤਰ ਹੈ ਜੋ ਕਿ ਮਸ਼ਹੂਰ ਇਕਾਂਗੀਕਾਰ ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਹੋਈ ਹੈ।

ਅਸਲ ਵਿੱਚ ਸਾਧੂ ਦੇ ਭੇਸ ਵਿੱਚ ਇੰਸਪੈਕਟਰ ਦੀਪ ਚੰਦ ਰਾਮ ਪਿਆਰੀ ਦੇ ਘਰ ਆਉਂਦੇ ਹਨ। ਸਾਧੂ ਦੇ ਸੁਭਾਓ ਦੀਆਂ ਮੁੱਖ ਗੱਲਾਂ ਹੇਠ ਲਿਖੀਆਂ ਹਨ : —

ਪੁਲਿਸ ਮੁਲਾਜ਼ਮ : ਸਾਧੂ ਇੱਕ ਪੁਲਿਸ ਕਰਮਚਾਰੀ ਹੈ, ਉਹ ਇੱਕ ਹਵਾਲਦਾਰ ਦੇ ਅਹੁਦੇ ਉੱਤੇ ਕੰਮ ਕਰਦਾ ਹੈ ਅਤੇ ਇੰਸਪੈਕਟਰ ਦੀਪ ਚੰਦ ਦਾ ਸਹਿਯੋਗੀ ਹੈ। ਉਹ ਅਤੇ ਇੰਸਪੈਕਟਰ ਭੇਸ ਵਟਾ ਕੇ ਰਾਮ ਪਿਆਰੀ ਦੇ ਘਰ ਮਦਨ ਲਾਲ ਨੂੰ ਫੜਨ ਲਈ ਆਉਂਦੇ ਹਨ।

ਚੁਸਤ ਚਲਾਕ : ਸਾਧੂ ਬਹੁਤ ਹੀ ਚੁਸਤ ਚਲਾਕ ਹੈ। ਉਹ ਮੌਨਧਾਰੀ ਦੀਆਂ ਸਾਰੀਆਂ ਹੀ ਰਮਜ਼ਾਂ ਨੂੰ ਬੜੀ ਹੀ ਚਲਾਕੀ ਅਤੇ ਬਰੀਕੀ ਨਾਲ ਸਮਝਦਾ ਹੈ।

ਉਹ ਬੀਬੀ ਰਾਮ ਪਿਆਰੀ ਨੂੰ ਵੀ ਬੜੀ ਹੀ ਚਲਾਕੀ ਨਾਲ ਉਸ ਦੀਆਂ ਗੱਲਾਂ ਦਾ ਜਵਾਬ ਦਿੰਦਾ ਹੈ।

ਹਾਜ਼ਰ ਜਵਾਬ : ਇਸ ਇਕਾਂਗੀ ਵਿੱਚ ਸਾਧੂ ਬਹੁਤ ਹੀ ਹਾਜ਼ਰ ਜਵਾਬ ਹੈ। ਜਦੋਂ ਰਾਮ ਪਿਆਰੀ ਮੌਨਧਾਰੀ ਨੂੰ ਮੰਜੇ ਉੱਪਰ ਬੈਠਣ ਲਈ ਕਹਿੰਦੀ ਹੈ ਤਾਂ ਉਹ ਝੱਟਪਟ ਕਹਿੰਦਾ ਹੈ ਕਿ ਮਹਾਤਮਾ ਨੇ ਮੌਨ – ਬਰਤ ਧਾਰਨ ਕਰ ਰੱਖਾ ਹੈ। ਮੌਨ ਮੇਂ ਧਰਤੀ ਪਰ ਹੀ ਬਿਰਾਜਤੇ ਹੈਂ। ਉਹ ਹਰੀ ਚੰਦ ਦੀ ਹਰ ਗੱਲ ਦਾ ਜਵਾਬ ਫਟਾਫਟ ਦਿੰਦਾ ਹੈ।

ਮੌਨਧਾਰੀ ਦਾ ਇਸ਼ਾਰਾ ਸਮਝਣ ਵਾਲਾ : ਸਾਧੂ ਮੌਨਧਾਰੀ ਦਾ ਇਸ਼ਾਰਾ ਬਹੁਤ ਹੀ ਜਲਦੀ ਸਮਝ ਜਾਂਦਾ ਹੈ। ਜਦੋਂ ਵੀ ਮੌਨਧਾਰੀ ਇਸ਼ਾਰੇ ਨਾਲ ਉਸ ਨੂੰ ਕੋਈ ਗੱਲ ਸਮਝਾਉਂਦਾ ਹੈ ਤਾਂ ਉਹ ਬਹੁਤ ਜਲਦੀ ਸਮਝ ਜਾਂਦਾ ਹੈ ਅਤੇ ਉਸ ਦੁਆਰਾ ਕਹੀ ਗੱਲ ਨੂੰ ਆਪਣੇ ਹਿਸਾਬ ਨਾਲ ਢਾਲ ਲੈਂਦਾ ਹੈ।

ਧਾਰਨਾ ਬੋਲਣ ਵਾਲਾ : ਸਾਧੂ ਬਹੁਤ ਸਾਰੀਆਂ ਧਾਰਨਾਵਾਂ ਬੋਲ ਕੇ ਆਪਣੇ ਆਲੇ – ਦੁਆਲੇ ਦੇ ਪਾਤਰਾਂ ਨੂੰ ਪ੍ਰਭਾਵਿਤ ਕਰਦਾ ਹੈ। ਰਾਮ ਪਿਆਰੀ ਦੇ ਘਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਉਹ ਗਲ਼ੀ ਵਿੱਚ ਧਾਰਨਾ ਬੋਲਦਾ ਹੈ।

ਗੁੱਸਾ ਨਾ ਕਰਨ ਵਾਲਾ : ਸਾਧੂ ਕਿਸੇ ਦੀਆਂ ਵੀ ਗੱਲਾਂ ਦਾ ਗੁੱਸਾ ਨਹੀਂ ਕਰਦਾ ਸਗੋਂ ਸਾਰਿਆਂ ਦੀਆਂ ਗੱਲਾਂ ਨੂੰ ਹਾਸੇ ਮਜ਼ਾਕ ਦੇ ਵਿੱਚ ਹੀ ਉਡਾ ਦਿੰਦਾ ਹੈ।

ਜਦੋਂ ਕਿਸ਼ੋਰ ਬਾਰੇ ਹਰੀ ਚੰਦ, ਸਾਧੂ ਨੂੰ ਕਹਿੰਦਾ ਹੈ ਕਿ ਬਾਬਾ ਅੱਜ ਕੱਲ੍ਹ ਇਹਦਾ ਦਿਮਾਗ ਟਿਕਾਣੇ ਨਹੀਂ ਅੱਗੋਂ ਸਾਧੂ ਹੱਸਦਾ ਹੋਇਆ ਇਹ ਜਵਾਬ ਦਿੰਦਾ ਹੈ ਕਿ ਕੋਈ ਬਾਤ ਨਹੀਂ ਬੱਚਾ ਹੈ ! ਚੰਚਲ – ਬ੍ਰਿਤੀ ਹੈ।

ਦਲੇਰ ਹਵਾਲਦਾਰ : ਸਾਧੂ ਇੱਕ ਬਹੁਤ ਹੀ ਦਲੇਰ ਹਵਾਲਦਾਰ ਹੈ। ਇਕਾਂਗੀ ਦੇ ਅੰਤ ਵਿੱਚ ਜਦੋਂ ਮਦਨ ਦੌੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਧੂ ਦੇ ਭੇਸ ਵਿੱਚ ਹਵਾਲਦਾਰ ਮਦਨ ਨੂੰ ਜੱਫਾ ਪਾ ਲੈਂਦਾ ਹੈ ਅਤੇ ਸੱਜੇ ਹੱਥ ਨਾਲ ਉਸ ਦੇ ਮੱਥੇ ਦੀ ਪੱਟੀ ਖੋਲ੍ਹ ਦਿੰਦਾ ਹੈ। ਉਹ ਇੰਸਪੈਕਟਰ ਸਾਹਿਬ ਨੂੰ ਮਦਨ ਦੇ ਮੱਥੇ ਉੱਪਰਲਾ ਸ਼ਨਾਖ਼ਤੀ ਦਾਗ ਵੀ ਵਿਖਾਉਂਦਾ ਹੈ।

ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਹਵਾਲਦਾਰ ਇੱਕ ਬਹੁਤ ਹੀ ਚੁਸਤ ਚਲਾਕ ਅਤੇ ਸਿਆਣਾ ਪੁਲਿਸ ਮੁਲਾਜ਼ਮ ਹੈ। ਸਮੁੱਚੀ ਇਕਾਂਗੀ ਵਿੱਚ ਉਸ ਦੀ ਵਧੇਰੇ ਮਹੱਤਵਪੂਰਣ ਭੂਮਿਕਾ ਹੈ ਕਿਉਂਕਿ ਉਹ ਮੌਨਧਾਰੀ ਅਤੇ ਬਾਕੀ ਦੇ ਸਾਰੇ ਹੀ ਪਾਤਰਾਂ ਵਿੱਚ ਇਕਾਂਗੀ ਦੇ ਅੰਤ ਤੱਕ ਇੱਕ ਸੂਤਰਧਾਰ ਦਾ ਕੰਮ ਕਰਦਾ ਹੈ।