CBSEClass 9th NCERT PunjabiEducationPunjab School Education Board(PSEB)

ਮੌਨਧਾਰੀ – ਮੌਨਧਾਰੀ (ਇੰਸਪੈਕਟਰ ਦੀਪ ਚੰਦ)

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਇਕਾਂਗੀ – ਭਾਗ (ਜਮਾਤ ਨੌਵੀਂ)

ਮੌਨਧਾਰੀ – ਈਸ਼ਵਰ ਚੰਦਰ ਨੰਦਾ

ਪਾਤਰ ਦਾ ਚਰਿੱਤਰ ਚਿਤਰਨ

ਜਾਣ – ਪਛਾਣ : ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਹੋਈ ਇਕਾਂਗੀ ‘ਮੌਨਧਾਰੀ’ ਵਿੱਚ ਮੌਨਧਾਰੀ ਇੱਕ ਮਹੱਤਵਪੂਰਨ ਪਾਤਰ ਹੈ। ਇਕਾਂਗੀ ਦੇ ਅੰਤ ਵਿੱਚ ਜਾ ਕੇ ਪਤਾ ਲੱਗਦਾ ਹੈ ਕਿ ਅਸਲ ਵਿੱਚ ਮੌਨਧਾਰੀ ਬਾਬਾ ਇੰਸਪੈਕਟਰ ਦੀਪ ਚੰਦ ਹੁੰਦਾ ਹੈ, ਜੋ ਮਦਨ ਲਾਲ ਨੂੰ ਗਿਰਫ਼ਤਾਰ ਕਰਨ ਲਈ ਇਹ ਭੇਸ ਧਾਰਨ ਕਰਦਾ ਹੈ। ਇਸ ਦੇ ਸੁਭਾਅ ਦੀਆਂ ਕੁੱਝ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ : –

ਸੂਝਵਾਨ : ਮੌਨਧਾਰੀ ਬਾਬੇ ਦੇ ਰੂਪ ਵਿੱਚ ਇੰਸਪੈਕਟਰ ਦੀਪ ਚੰਦ ਇੱਕ ਸੂਝਵਾਨ ਅਤੇ ਸੁਲਝਿਆ ਹੋਇਆ ਪੁਲਿਸ ਕਰਮਚਾਰੀ ਹੈ। ਉਸ ਨੂੰ ਪਤਾ ਹੈ ਕਿ ਮਦਨ ਲਾਲ ਵਰਗੇ ਭਗੌੜਿਆਂ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਜਾਂਦਾ ਹੈ। ਉਹ ਆਪਣੇ ਸਾਥੀ ਹਵਾਲਦਾਰ ਦੀ ਸਹਾਇਤਾ ਨਾਲ ਮਦਨ ਲਾਲ ਨੂੰ ਕਾਬੂ ਕਰਨ ਵਿੱਚ ਸਫ਼ਲ ਹੋ ਜਾਂਦਾ ਹੈ।

ਚੁਸਤ – ਚਲਾਕ : ਮੌਨਧਾਰੀ ਬਾਬਾ ਬਹੁਤ ਹੀ ਚੁਸਤ – ਚਲਾਕ ਹੈ। ਉਹ ਆਪਣੇ ਹਵਾਲਦਾਰ ਦੇ ਨਾਲ ਮਦਨ ਦਾ ਪਿੱਛਾ ਕਰਦੇ – ਕਰਦੇ ਉਸ ਦੇ ਠਹਿਰਨ ਦੇ ਟਿਕਾਣੇ ਭਾਵ ਰਾਮ ਪਿਆਰੀ ਦੇ ਘਰ ਆ ਜਾਂਦਾ ਹੈ ਅਤੇ ਬੜੀ ਹੀ ਚਲਾਕੀ ਨਾਲ ਮੁਜ਼ਰਿਮ ਨੂੰ ਆਪਣੀ ਪਕੜ ਵਿੱਚ ਲੈ ਲੈਂਦਾ ਹੈ।

ਚੁੱਪ ਚਾਪ ਰਹਿਣ ਵਾਲਾ : ਮੌਨਧਾਰੀ ਦਾ ਅਰਥ ਹੁੰਦਾ ਹੈ – ਮੌਨ ਧਾਰਨ ਕਰਨ ਵਾਲਾ ਭਾਵ ਚੁੱਪ ਰਹਿ ਕੇ ਕੁੱਝ ਵੀ ਨਾ ਬੋਲਣ ਵਾਲਾ। ਇਸ ਤਰ੍ਹਾਂ ਇੰਸਪੈਕਟਰ ਦੀਪ ਚੰਦ ਵੀ ਇਕਾਂਗੀ ਦੇ ਮੱਧ ਤੋਂ ਲੈ ਕੇ ਅਖ਼ੀਰ ਤੱਕ ਚੁੱਪ ਹੀ ਰਹਿੰਦਾ ਹੈ। ਉਹ ਸਿਰਫ਼ ਆਪਣੇ ਚੇਲੇ ਨੂੰ ਹੀ ਇਸ਼ਾਰਿਆਂ ਨਾਲ ਸਮਝਾਉਂਦਾ ਹੈ।

ਅੱਧਖੜ ਉਮਰ ਦਾ ਵਿਅਕਤੀ : ਇੰਸਪੈਕਟਰ ਦੀਪ ਚੰਦ ਇੱਕ ਅੱਧਖੜ ਉਮਰ ਦਾ ਵਿਅਕਤੀ ਹੈ, ਜਿਸ ਦੀ ਉਮਰ ਲਗਭੱਗ ਪੰਜਾਹ ਕੁ ਵਰ੍ਹਿਆਂ ਦੇ ਨੇੜੇ ਹੈ। ਉਹ ਸੁੱਕਾ ਅਤੇ ਪਤਲਾ ਜਿਹਾ ਵਿਅਕਤੀ ਹੈ।

ਚੇਲੇ ਨੂੰ ਇਸ਼ਾਰੇ ਨਾਲ਼ ਗੱਲ ਸਮਝਾਉਣ ਵਾਲ਼ਾ : ਮੌਨਧਾਰੀ ਬਾਬਾ ਬਣਿਆ ਹੋਇਆ ਇੰਸਪੈਕਟਰ ਦੀਪ ਚੰਦ ਆਪਣੇ ਚੇਲੇ ਭਾਵ ਹਵਾਲਦਾਰ ਨੂੰ ਸਾਰਿਆਂ ਦੇ ਸਾਹਮਣੇ ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਇਸ਼ਾਰਿਆਂ ਨਾਲ਼ ਹੀ ਗੱਲ ਸਮਝਾਉਂਦਾ ਹੈ।

ਜਦੋਂ ਰਾਮ ਪਿਆਰੀ ਸਾਧੂ ਨੂੰ ਕਹਿੰਦੀ ਹੈ ਕਿ ਉਹ ਜਲਦੀ ਹੀ ਭੋਜਨ ਤਿਆਰ ਕਰਕੇ ਉਨ੍ਹਾਂ ਨੂੰ ਭੋਜਨ ਛਕਾਉਂਦੀ ਹੈ ਤਾਂ ਮੌਨਧਾਰੀ ਇਸ਼ਾਰੇ ਨਾਲ਼ ਦੱਸਦਾ ਹੈ ਕਿ ਉਸ ਨੇ ਭੋਜਨ ਕਰ ਲਿਆ ਹੈ। ਉਹ ਕਿਸ਼ੋਰ ਦੇ ਆਉਣ ‘ਤੇ ਵੀ ਉਸਨੂੰ ਆਸ਼ੀਰਵਾਦੀ ਹੱਥਾਂ ਨਾਲ ਹੀ ਇਸ਼ਾਰਾ ਕਰਦਾ ਹੈ।

ਵਧੀਆ ਅਦਾਕਾਰ : ਮੌਨਧਾਰੀ ਦੀ ਭੂਮਿਕਾ ਵਿੱਚ ਇੰਸਪੈਕਟਰ ਦੀਪ ਚੰਦ ਇੱਕ ਵਧੀਆ ਅਦਾਕਾਰ ਵੀ ਹੈ। ਉਹ ਇੰਸਪੈਕਟਰ ਹੋਣ ਦੇ ਨਾਲ਼ – ਨਾਲ਼ ਮੌਨਧਾਰੀ ਬਾਬੇ ਦੀ ਭੂਮਿਕਾ ਬਹੁਤ ਵਧੀਆ ਨਿਭਾਉਂਦਾ ਹੈ। 

ਇਕਾਂਗੀ ਦੇ ਅੰਤ ਤੱਕ ਉਹ ਕਿਸੇ ਨੂੰ ਵੀ ਆਪਣੇ ਉੱਤੇ ਸ਼ੱਕ ਨਹੀਂ ਹੋਣ ਦਿੰਦਾ। ਜਦੋਂ ਉਹ ਆਪਣੀ ਨਕਲੀ ਦਾੜ੍ਹੀ ਨੂੰ ਲਾਹ ਕੇ ਇੱਕ ਪਾਸੇ ਸੁੱਟਦਾ ਹੈ ਤਾਂ ਉਸ ਵਕਤ ਉਸ ਦਾ ਅਸਲੀ ਚਿਹਰਾ ਸਾਹਮਣੇ ਆਉਂਦਾ ਹੈ।

ਜਿੰਮੇਵਾਰ ਅਫ਼ਸਰ : ਮੌਨਧਾਰੀ ਬਣਿਆ ਇੰਸਪੈਕਟਰ ਦੀਪ ਚੰਦ ਇੱਕ ਜਿੰਮੇਵਾਰ ਅਫ਼ਸਰ ਹੈ। ਉਹ ਆਪਣੀ ਜਿੰਮੇਵਾਰੀ ਨੂੰ ਬਹੁਤ ਵਧੀਆ ਢੰਗ ਨਾਲ਼ ਨਿਭਾਉਂਦਾ ਹੈ। ਮੁਜ਼ਰਿਮ ਨੂੰ ਫੜ੍ਹਨ ਲਈ ਉਹ ਵਧੀਆ ਯੋਜਨਾ ਬਣਾਉਂਦਾ ਹੈ ਅਤੇ ਇਸ ਕਾਰਜ ਵਿੱਚ ਸਫ਼ਲਤਾ ਵੀ ਹਾਸਲ ਕਰਦਾ ਹੈ।

ਤਸੱਲੀ ਦਿਵਾਉਣ ਵਾਲ਼ਾ : ਮੌਨਧਾਰੀ ਆਪਣੇ ਕਿਰਦਾਰ ਨੂੰ ਏਨੀ ਬਾਖ਼ੂਬੀ ਨਿਭਾਉਂਦਾ ਹੈ ਕਿ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਹੀ ਵਿਅਕਤੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ। ਉਹ ਸਾਧੂਆਂ ਦੁਆਰਾ ਕਹੀਆਂ ਹੋਈਆਂ ਗੱਲਾਂ ਦੀ ਤਸੱਲੀ ਆਪਣੀਆਂ ਗੱਲਾਂ ਰਾਹੀਂ ਹੀ ਕਰਵਾ ਦਿੰਦਾ ਹੈ।

ਨਿਸ਼ਚਿਤ ਤੌਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਮੌਨਧਾਰੀ ਬਣਿਆ ਹੋਇਆ ਇੰਸਪੈਕਟਰ ਭਾਵੇਂ ਸਮੁੱਚੀ ਇਕਾਂਗੀ ਵਿੱਚ ਇੱਕ ਵਾਰੀ ਹੀ ਬੋਲਦਾ ਹੈ ਪਰ ਸਮੁੱਚੀ ਇਕਾਂਗੀ ਦਾ ਨਿਚੋੜ ਵੀ ਉਸ ਦੀਆਂ ਉਨ੍ਹਾਂ ਸਤਰਾਂ ਤੋਂ ਹੀ ਸਪੱਸ਼ਟ ਹੁੰਦਾ ਹੈ।