ਮੌਨਧਾਰੀ – ਮਦਨ ਲਾਲ (ਪਾਤਰ)
ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ
ਇਕਾਂਗੀ – ਭਾਗ (ਜਮਾਤ ਨੌਵੀਂ)
ਮੌਨਧਾਰੀ – ਈਸ਼ਵਰ ਚੰਦਰ ਨੰਦਾ
ਪਾਤਰ ਦਾ ਚਰਿੱਤਰ ਚਿਤਰਨ
ਜਾਣ – ਪਛਾਣ : ਮਦਨ ਲਾਲ, ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਹੋਈ ਇਕਾਂਗੀ ‘ਮੌਨਧਾਰੀ’ ਦਾ ਇੱਕ ਪ੍ਰਮੁੱਖ ਪਾਤਰ ਹੈ। ਉਹ ਤੀਹ – ਬੱਤੀ ਸਾਲ ਦਾ ਨੌਜਵਾਨ ਹੈ ਅਤੇ ਰਾਮ ਪਿਆਰੀ ਦਾ ਭਾਣਜਾ ਹੈ।
ਉਹ ਗਬਨ ਦੇ ਕੇਸ ਵਿੱਚ ਇਧਰ – ਉਧਰ ਭਟਕਦਾ ਫਿਰਦਾ ਹੈ ਅਤੇ ਪੁਲਿਸ ਉਸ ਨੂੰ ਫੜ੍ਹਨ ਲਈ ਫਿਰਦੀ ਹੈ। ਮਦਨ ਲਾਲ ਦੇ ਸੁਭਾਅ ਦੀਆਂ ਕੁੱਝ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ : –
ਰਾਮ ਪਿਆਰੀ ਦਾ ਰਿਸ਼ਤੇਦਾਰ : ਮਦਨ ਲਾਲ ਰਿਸ਼ਤੇ ਵਿੱਚ ਰਾਮ ਪਿਆਰੀ ਦਾ ਭਣੇਵਾਂ ਲੱਗਦਾ ਹੈ। ਪਹਿਲਾਂ ਤਾਂ ਰਾਮ ਪਿਆਰੀ ਉਸ ਨੂੰ ਪਛਾਣਦੀ ਨਹੀਂ ਪਰ ਜਦੋਂ ਉਹ ਉਸ ਨੂੰ ਕਹਿੰਦਾ ਹੈ ਕਿ ਉਹ ਮਦਨ ਹੈ, ਤਾਂ ਉਹ ਉਸ ਦਾ ਬਦਲਿਆ ਹੋਇਆ ਹੁਲੀਆ ਬੜੇ ਹੀ ਗੌਰ ਨਾਲ਼ ਦੇਖਣ ਤੋਂ ਬਾਅਦ ਪਛਾਣਦੀ ਹੈ।
ਵਿਗੜੇ ਹੋਏ ਹੁਲੀਏ ਵਾਲਾ : ਮਦਨ ਲਾਲ ਦਾ ਇਕਾਂਗੀ ਦੇ ਸ਼ੁਰੂ ਵਿੱਚ ਹੀ ਹੁਲੀਆ ਕੁੱਝ ਵਿਗੜਿਆ ਹੋਇਆ ਦਿਖਾਇਆ ਗਿਆ ਹੈ।
ਉਸ ਨੇ ਅੱਧ ਮੈਲਾ ਜਿਹਾ ਪਜਾਮਾ ਪਾਇਆ ਹੋਇਆ ਹੈ ਅਤੇ ਉਸ ਦੀ ਕਮੀਜ਼ ਦਾ ਉੱਪਰਲਾ ਬਟਨ ਟੁੱਟਿਆ ਹੋਇਆ ਹੈ। ਉਸ ਦੇ ਦੁਆਰਾ ਸਿਰ ਉੱਪਰ ਬੰਨ੍ਹੀ ਹੋਈ ਪਗੜੀ ਵਧੇਰੇ ਸਾਫ਼ ਨਹੀਂ ਜਾਪਦੀ। ਪਗ ਦੇ ਵਲਾਂ ਦੇ ਵਿੱਚ ਇੱਕ ਪੱਟੀ ਬੰਨ੍ਹੀ ਹੋਈ ਥੋੜ੍ਹੀ ਕੁ ਦਿੱਸਦੀ ਹੈ।
ਫਿਕਰ ਅਤੇ ਚਿੰਤਾ ਦਾ ਮਾਰਿਆ : ਮਦਨ ਫਿਕਰ ਅਤੇ ਚਿੰਤਾ ਦਾ ਮਾਰਿਆ ਹੋਇਆ ਪਾਤਰ ਹੈ। ਉਸ ਦੇ ਮਗਰ ਉਸ ਨੂੰ ਫੜਨ ਲਈ ਪੁਲਿਸ ਲੱਗੀ ਹੋਈ ਹੈ। ਉਸ ਨੂੰ ਹਮੇਸ਼ਾ ਹੀ ਇਹ ਡਰ ਜਾਂ ਫ਼ਿਕਰ ਸਤਾਉਂਦਾ ਹੈ ਕਿ ਇੱਕ ਦਿਨ ਉਸ ਨੇ ਪੁਲਿਸ ਦੇ ਹੱਥ ਚੜ੍ਹ ਜਾਣਾ ਹੈ ਅਤੇ ਉਨ੍ਹਾਂ ਨੇ ਉਸ ਨੂੰ ਖੂਬ ਕੁਟਾਪਾ ਚਾੜ੍ਹਨਾ ਹੈ।
ਭਗੌੜਾ : ਮਦਨ ਲਾਲ ਅਤੇ ਉਸ ਦਾ ਸਾਥੀ ਕਲਾਰਕ ਭੂਸ਼ਣ ਇੱਕੋ ਹੀ ਦਫ਼ਤਰ ਵਿੱਚ ਕੰਮ ਕਰਦੇ ਸਨ। ਉਹ ਮਦਨ ਨੂੰ ਫੁਸਲਾ ਕੇ ਦਫ਼ਤਰ ਦਾ ਅਠਤਾਲੀ ਹਜ਼ਾਰ ਰੁਪੱਈਆ ਲੈ ਕੇ ਫਰਾਰ ਹੋ ਜਾਂਦਾ ਹੈ।
ਜਦੋਂ ਪੁਲਿਸ ਉਸ ਨੂੰ ਫੜ੍ਹ ਲੈਂਦੀ ਹੈ ਤਾਂ ਉਹ ਮਦਨ ਦਾ ਨਾਂ ਲੈ ਦਿੰਦਾ ਹੈ ਕਿ ਉਹ ਰੁਪਏ ਉਸ ਕੋਲ਼ ਹਨ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਫਿਰਦੀ ਹੈ ਅਤੇ ਉਹ ਭਗੌੜਾ ਹੋਇਆ ਤਿੰਨ ਚਾਰ ਮਹੀਨਿਆਂ ਤੋਂ ਇੱਧਰ – ਉੱਧਰ ਭਟਕਿਆ ਫਿਰਦਾ ਹੈ।
ਲਾਲਚੀ ਵਿਅਕਤੀ : ਮਦਨ ਲਾਲ ਇੱਕ ਲਾਲਚੀ ਵਿਅਕਤੀ ਹੈ। ਭੂਸ਼ਣ ਵੱਲੋਂ ਉਸ ਨੂੰ ਚੋਰੀ ਕੀਤੀ ਰਕਮ ਵਿੱਚੋਂ ਅੱਧ ਦੇਣ ਦੇ ਲਾਲਚ ਵਿੱਚ ਫਸ ਕੇ ਉਹ ਉਸ ਦਾ ਇਸ ਕੰਮ ਵਿੱਚ ਸਾਥ ਦਿੰਦਾ ਹੈ। ਪਰ ਭੂਸ਼ਣ ਨੇ ਉਸ ਨੂੰ ਕੁੱਝ ਵੀ ਨਹੀਂ ਸੀ ਦਿੱਤਾ।
ਝੂਠ ਬੋਲਣ ਵਾਲਾ : ਮਦਨ ਇੱਕ ਝੂਠਾ ਵਿਅਕਤੀ ਹੈ। ਜਦੋਂ ਕਿਸ਼ੋਰ ਉਸ ਨੂੰ ਪੁੱਛਦਾ ਹੈ ਕਿ ਉਹ ਉਸ ਦੇ ਘਰ ਕਿਸ ਤਰ੍ਹਾਂ ਆਇਆ ਹੈ ਤਾਂ ਮਦਨ ਕਹਿੰਦਾ ਹੈ ਕਿ ਉਹ ਅੱਜ – ਕੱਲ ਦੌਰੇ ‘ਤੇ ਹੈ।
ਸੋਚਿਆ ਕਿ ਲਾਗੋਂ ਲੰਘਦਿਆਂ ਉਨ੍ਹਾਂ ਨੂੰ ਬੱਸ ਰਾਤ ਦੀ ਰਾਤ ਮਿਲ ਚਲੇ। ਉਹ ਆਪਣੀ ਮਾਸੀ ਦੇ ਪੁੱਤ ਨਾਲ਼ ਵੀ ਝੂਠ ਬੋਲਦਾ ਹੈ।
ਜਦੋਂ ਸਾਧੂ ਮਦਨ ਨੂੰ ਕਹਿੰਦਾ ਹੈ ਕਿ ਬੱਤੀਵੇਂ ਸਾਲ ਵਿੱਚ ਉਸ ਦੇ ਸਿਰ ਉੱਪਰ ਸੱਟ ਲੱਗਣੀ ਚਾਹੀਦੀ ਹੈ ਤਾਂ ਉਹ ਝਟਪਟ ਆਪਣੀ ਗੱਲ ਬਦਲਦਾ ਹੋਇਆ ਕਹਿੰਦਾ ਹੈ ਕਿ ਉਹ ਹੁਣੇ ਹੀ ਪੁਲਿਸ ਨੂੰ ਬੁਲਾਉਂਦਾ ਹੈ ਤਾਂ ਉਨ੍ਹਾਂ ਦੀਆਂ ਸਾਰੀਆਂ ਹੀ ਸ਼ੇਖੀਆਂ ਨਿਕਲ ਜਾਣਗੀਆਂ ਤਾਂ ਇਸ ਗੱਲ ਨੂੰ ਸੁਣ ਕੇ ਮਦਨ ਘਬਰਾ ਜਾਂਦਾ ਹੈ ਅਤੇ ਘਬਰਾਇਆ ਹੋਇਆ ਕਿਸ਼ੋਰ ਨੂੰ ਰੋਕਣ ਦਾ ਯਤਨ ਕਰਦਾ ਹੈ। ਉਹ ਘਬਰਾਹਟ ਵਿੱਚ ਹੀ ਆਪਣੀ ਮਾਸੀ ਅਤੇ ਮਾਸੜ ਨੂੰ ਕਹਿੰਦਾ ਹੈ ਕਿ ਉਹ ਚੱਲਾ ਹੈ।
ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਮਦਨ ਇੱਕ ਡਰਾਕਲ ਅਤੇ ਲਾਲਚੀ ਕਿਸਮ ਦਾ ਵਿਅਕਤੀ ਹੈ। ਸਮੁੱਚੀ ਇਕਾਂਗੀ ਉਸ ਦੇ ਆਲੇ ਦੁਆਲੇ ਹੀ ਘੁੰਮਦੀ ਹੈ।