ਮੁਹਾਵਰੇ
ਚ, ਛ, ਜ, ਝ
38. ਚੱਟਮ ਕਰ ਜਾਣਾ (ਕੋਈ ਚੀਜ਼ ਸਾਰੀ ਖਾ ਜਾਣਾ) : ਮੰਮੀ ਨੇ ਸਾਨੂੰ ਅਲਸੀ ਦੀਆਂ ਪਿੰਨੀਆਂ ਬਣਾ ਕੇ ਦਿੱਤੀਆਂ, ਪਰ ਅਸੀਂ ਚਾਰ ਦਿਨਾਂ ਵਿੱਚ ਹੀ ਸਾਰੀਆਂ ਚੱਟਮ ਕਰ ਗਏ।
39. ਚਿੱਕੜ ਵਿੱਚ ਕੰਵਲ ਹੋਣਾ (ਗ਼ਰੀਬ ਘਰ ਵਿੱਚ ਗੁਣਵਾਨ ਮਨੁੱਖ ਦਾ ਹੋਣਾ) : ਗੋਪਾਲ ਦਾ ਪਿਓ ਭਾਵੇਂ ਹੋਟਲ ‘ਤੇ ਜੂਠੇ ਬਰਤਨ ਸਾਫ਼ ਕਰਦਾ ਹੈ, ਪਰ ਉਹ ਆਪ ਅਧਿਆਪਕ ਲੱਗ ਗਿਆ ਹੈ। ਸੱਚੀਂ, ਉਹ ਤਾਂ ਚਿੱਕੜ ‘ਚ ਕੰਵਲ ਦਾ ਫੁੱਲ ਹੀ ਹੈ।
40. ਚਿਹਰਾ ਲਾਲ ਹੋਣਾ (ਬਹੁਤ ਗੁੱਸਾ ਆਉਣਾ) : ਘਰ ਵਿੱਚ ਪਿਆ ਖ਼ਲਾਰਾ ਦੇਖ ਕੇ ਮੰਮੀ ਦਾ ਚਿਹਰਾ ਲਾਲ ਹੋ ਗਿਆ।
41. ਚਿੜੀ ਨਾ ਫੜਕਣੀ (ਚੁੱਪ-ਚਾਂ ਵਰਤ ਜਾਣੀ ਕੋਈ ਓਪਰਾ ਨਾ ਆ ਸਕਣਾ) : ਬੋਰਡ ਦੇ ਇਮਤਿਹਾਨਾਂ ਵਿੱਚ ਸਾਡੇ ਸੈਂਟਰ ਵਿੱਚ ਚਿੜੀ ਨਹੀਂ ਫੜਕਦੀ, ਸਾਰੇ ਵਿਦਿਆਰਥੀ ਆਪੋ-ਆਪਣਾ ਪਰਚਾ ਕਰਦੇ ਹਨ।
42. ਛੱਤ ਸਿਰ ‘ਤੇ ਚੁੱਕ ਲੈਣੀ (ਬਹੁਤ ਰੌਲਾ ਪਾਉਣਾ/ਉੱਚੀ-ਉੱਚੀ ਬੋਲਣਾ) : ਅਧਿਆਪਕ ਦੇ ਕਲਾਸ ਵਿੱਚੋਂ ਬਾਹਰ ਜਾਣ ਦੀ ਦੇਰ ਸੀ ਕਿ ਬੱਚਿਆਂ ਨੇ ਛੱਤ ਸਿਰ ‘ਤੇ ਚੁੱਕ ਲਈ।
43. ਛਾਈਂ-ਮਾਈਂ ਹੋਣਾ (ਅਲੋਪ ਹੋਣਾ) : ਚੌਂਕੀਦਾਰ ਦੀ ਅਵਾਜ਼ ਸੁਣਦਿਆਂ ਹੀ ਚੋਰ ਛਾਈਂ-ਮਾਈਂ ਹੋ ਗਏ।
44. ਛਿੱਤਰ ਖੁੱਸੜਾ ਹੋਣਾ (ਆਪਸ ਵਿੱਚ ਲੜਣਾ) : ਪਿਓ ਦੇ ਅੱਖਾਂ ਮੀਟਦਿਆਂ ਹੀ ਦੋਵੇਂ ਭਰਾ ਛਿੱਤਰ ਖੁੱਸੜਾ ਹੋਣ ਲੱਗ ਪਏ।
45. ਜੱਸ ਦਾ ਟਿੱਕਾ ਲੈਣਾ (ਵਡਿਆਈ ਮਿਲਣੀ) : ਬਿਨਾਂ ਦਹੇਜ ਲਏ ਪੁੱਤਰ ਦਾ ਵਿਆਹ ਕਰ ਕੇ ਪ੍ਰੀਤਮ ਸਿੰਘ ਨੇ ਜੱਸ ਦਾ ਟਿੱਕਾ ਲੈ ਲਿਆ ਹੈ।
46. ਜ਼ਮੀਨ-ਅਸਮਾਨ ਦੇ ਕਲਾਬੇ ਮੇਲ ਦੇਣੇ (ਬੇਅੰਤ ਝੂਠੀਆਂ ਗੱਲਾਂ ਆਖਣੀਆਂ) : ਪਿੰਡ ਦਾ ਸਰਪੰਚ ਆਪਣੇ ਵਿਦੇਸ਼ ਗਏ ਮੁੰਡੇ ਬਾਰੇ ਜ਼ਮੀਨ-ਅਸਮਾਨ ਦੇ ਕਲਾਬੇ ਮੇਲ ਕੇ ਲੋਕਾਂ ਨੂੰ ਮੂਰਖ ਬਣਾਉਂਦਾ ਰਹਿੰਦਾ ਹੈ।
47. ਜਿਊਣਾ ਦੁੱਭਰ ਕਰਨਾ (ਦੁਖੀ ਕਰਨਾ) : ਲੱਕੀ ਦੀ ਨਸ਼ੇ ਦੀ ਲਤ ਨੇ ਮਾਪਿਆਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ।
48. ਜੀਭ ‘ਤੇ ਜੰਦਰਾ ਲਾਉਣਾ (ਚੁੱਪ ਰਹਿਣਾ) : ਘਰ ਵਿੱਚੋਂ ਹੀ ਪਿਤਾ ਜੀ ਦੇ ਪੈਸੇ ਚੋਰੀ ਹੋ ਜਾਣ ‘ਤੇ ਮਾਤਾ ਜੀ ਨੇ ਜੀਭ ਤੇ ਜੰਦਰਾ ਲਾ ਲਿਆ ਹੈ।
49. ਜ਼ੁਬਾਨ ਪੂਰੀ ਕਰਨਾ (ਵਚਨ ਪੂਰਾ ਕਰਨਾ/ਕਹੀ ਗੱਲ ਨਿਭਾਉਣੀ) : ਗੁਰਜੀਤ ਸਿੰਘ ਨੇ ਆਪਣੇ ਦੋਸਤ ਨੂੰ ਕਹੇ ਅਨੁਸਾਰ ਆਪਣੇ ਬੇਟੇ ਦਾ ਵਿਆਹ ਉਸ ਦੀ ਧੀ ਨਾਲ ਕਰ ਕੇ ਜ਼ੁਬਾਨ ਪੂਰੀ ਕਰ ਦਿੱਤੀ/ਕੀਤੀ।
50. ਝਾਂਸੇ ਵਿੱਚ ਆਉਣਾ (ਕਿਸੇ ਦੇ ਦਿੱਤੇ ਲਾਲਚ ਜਾਂ ਝੂਠੇ ਭਰੋਸੇ ਵਿੱਚ ਆਉਣਾ) : ਪੰਜਾਬ ਦੇ ਲੋਕ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਲੱਖਾਂ ਰੁਪਏ ਰੋੜ੍ਹ ਲੈਂਦੇ ਹਨ।
51. ਝੋਲੀ ਚੁੱਕਣੀ (ਖ਼ੁਸ਼ਾਮਦ ਕਰਨੀ) : ਸਿਆਸੀ ਲਾਹਾ ਲੈਣ ਲਈ ਕਈ ਕਹਿੰਦੇ-ਕਹਾਉਂਦੇ ਅਫ਼ਸਰ ਵੀ ਝੋਲੀ ਚੁੱਕਦੇ ਨਜ਼ਰ ਆਉਂਦੇ ਹਨ।