CBSEEducationIdioms (ਮੁਹਾਵਰੇ)Punjabi Viakaran/ Punjabi Grammarਮੁਹਾਵਰੇ (Idioms)

ਮੁਹਾਵਰੇ


ਕ, ਖ, ਗ, ਘ


20. ਕਸਵੱਟੀ ਉੱਪਰ ਲਾਉਣਾ (ਪਰਖਣਾ) : ਖ਼ੁਸ਼ੀ ਵੇਲੇ ਤਾਂ ਸਾਰੇ ਹੀ ਸਾਥ ਨਿਭਾਉਂਦੇ ਹਨ, ਪਰ ਮੁਸੀਬਤ ਪੈਣ ਤੇ ਮਿੱਤਰਾਂ ਨੂੰ ਕਸਵੱਟੀ ਉੱਪਰ ਲਾਇਆ ਜਾਂਦਾ ਹੈ।

21. ਕਣਕ ਨਾਲ ਘੁਣ ਪਿਸਣਾ (ਦੋਸ਼ੀ ਦੇ ਨਾਲ ਬੇਦੋਸ਼ਾ ਫੜਿਆ ਜਾਣਾ) : ਜੇਕਰ ਸਾਡਾ ਪੁੱਤਰ ਇਸੇ ਤਰ੍ਹਾਂ ਆਵਾਰਾ ਮੁੰਡਿਆਂ ਨਾਲ ਫਿਰੇਗਾ ਤਾਂ ਇੱਕ ਦਿਨ ਕਣਕ ਨਾਲ ਘੁਣ ਵੀ ਪਿਸ ਜਾਵੇਗਾ।

22. ਕੱਖ ਭੰਨ ਕੇ ਦੂਹਰਾ ਨਾ ਕਰਨਾ (ਕੋਈ ਕੰਮ ਨਾ ਕਰਨਾ) : ਕਈ ਨੌਜਵਾਨ ਕੱਖ ਭੰਨ ਕੇ ਦੂਹਰਾ ਨਹੀਂ ਕਰਦੇ।

23. ਕੱਚ ਤੋਂ ਕੰਚਨ ਬਣਾਉਣਾ (ਗੁਣਹੀਣ ਮਨੁੱਖ ਨੂੰ ਗੁਣਵਾਨ ਬਣਾਉਣਾ) : ਸੱਚੇ ਗੁਰੂ ਨੇ ਆਪਣੇ ਗਿਆਨ ਸਦਕਾ ਇੱਕ ਗਿਆਨ-ਵਿਹੂਣੇ ਚੇਲੇ ਨੂੰ ਕੱਚ ਤੋਂ ਕੰਚਨ ਬਣਾ ਦਿੱਤਾ।

24. ਕਲਮ ਦੇ ਧਨੀ ਹੋਣਾ (ਵੱਡੇ ਲਿਖਾਰੀ ਹੋਣਾ) : ਬਲਦੇਵ ਸਿੰਘ ਵਾਕਿਆ ਹੀ ਕਲਮ ਦੇ ਧਨੀ ਹਨ। ਮੈਂ ਉਹਨਾ ਦੀਆਂ ਲਿਖਤਾਂ ਪੜ੍ਹਦੀ ਰਹਿੰਦੀ ਹਾਂ।

25. ਕਿਤਾਬੀ ਕੀੜਾ ਹੋਣਾ (ਹਰ ਵੇਲੇ ਕਿਤਾਬਾਂ ਪੜ੍ਹਦੇ ਰਹਿਣਾ) : ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਕੀੜਾ ਨਹੀਂ ਬਣਨਾ ਚਾਹੀਦਾ, ਸਗੋਂ ਬਹੁ-ਪੱਖੀ ਵਿਕਾਸ ਲਈ ਖੇਡਣਾ ਵੀ ਚਾਹੀਦਾ ਹੈ।

26. ਕੁੱਜੇ ਵਿੱਚ ਸਮੁੰਦਰ ਬੰਦ ਕਰਨਾ (ਵੱਡੀ ਸਾਰੀ ਗੱਲ ਨੂੰ ਥੋੜੇ ਵਿੱਚ ਮੁਕਾਣਾ) : ਅੱਛੇ ਬੁਲਾਰੇ ਕੁੱਜੇ ਵਿੱਚ ਸਮੁੰਦਰ ਬੰਦ ਕਰਨਾ ਵੀ ਜਾਣਦੇ ਹਨ।


27. ਖ਼ਾਕ ਛਾਣਦੇ ਫਿਰਨਾ (ਪੈਸਾ ਕਮਾਉਣ ਲਈ ਬਹੁਤ ਮਿਹਨਤ ਕਰਨੀ) : ਕਈ ਇਨਸਾਨ ਪਹਿਲਾਂ ਤਾਂ ਮਾਪਿਆਂ ਦੇ ਸਿਰ ਤੇ ਐਸ਼ ਕਰਦੇ ਹੋਏ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਕਰਦੇ, ਪਰ ਜਦੋਂ ਉਨ੍ਹਾਂ ਦੇ ਆਪਣੇ ਸਿਰ ‘ਤੇ ਜ਼ਿੰਮੇਵਾਰੀਆਂ ਪੈਂਦੀਆਂ ਹਨ ਤਾਂ ਖ਼ਾਕ ਛਾਣਦੇ ਫਿਰਦੇ ਹਨ।

28. ਖ਼ੂਹ ਨਿਖੁੱਟ ਜਾਣੇ (ਧਨ ਮੁੱਕ ਜਾਣਾ) : ਹਰੇਕ ਇਨਸਾਨ ਨੂੰ ਆਪ ਮਿਹਨਤ ਕਰ ਕੇ ਪੈਸਾ ਕਮਾਉਣਾ ਚਾਹੀਦਾ ਹੈ, ਕਿਉਂਕਿ ਮਾਪਿਆਂ ਦੇ ਕਮਾਏ ਲੱਖਾਂ ਰੁਪਏ ‘ਤੇ ਰਹਾਂਗੇ ਤਾਂ ਖਾਧਿਆਂ ਖੂਹ ਨਿਖੁੱਟ ਹੋ ਜਾਣਗੇ।

29. ਖ਼ੂਨ ਸਫ਼ੈਦ ਹੋਣਾ (ਅਪਣੱਤ ਖ਼ਤਮ ਹੋ ਜਾਣੀ) : ਅੱਜ-ਕੱਲ੍ਹ ਜ਼ਮੀਨ-ਜਾਇਦਾਦ ਦੇ ਲਾਲਚ ਵਿੱਚ ਆਪਣਿਆਂ ਦੇ ਹੀ ਖ਼ੂਨ ਸਫ਼ੈਦ ਹੋ ਰਹੇ ਹਨ।

30. ਖੇਹ ਉਡਾਉਣੀ (ਬਦਨਾਮੀ ਕਰਨੀ) : ਪ੍ਰੀਤੀ ਨੇ ਘਰੋਂ ਭੱਜ ਕੇ ਰਾਜੂ ਨਾਲ ਵਿਆਹ ਕਰਵਾ ਕੇ ਆਪਣੇ ਮਾਪਿਆਂ ਦੀ ਐਸੀ ਖੇਹ ਉਡਾਈ ਕਿ ਉਹ ਸ਼ਰਮ ਦੇ ਮਾਰੇ ਘਰੋਂ ਬਾਹਰ ਹੀ ਨਹੀਂ ਨਿਕਲ ਰਹੇ।

31. ਖੰਭ ਲਾ ਕੇ ਉੱਡ ਜਾਣਾ (ਗੁੰਮ ਹੋ ਜਾਣਾ/ਬਹੁ-ਪਤਾ ਨਾ ਲੱਗਣਾ) : ਰਾਧਾ ਆਪਣੀ ਹੀਰੇ ਦੀ ਅੰਗੂਠੀ, ਜੋ ਉਸ ਨੇ ਅਲਮਾਰੀ ਵਿੱਚ ਰੱਖੀ ਸੀ, ਲੱਭ-ਲੱਭ ਕੇ ਥੱਕ ਗਈ। ਉਹ ਹੈਰਾਨ ਹੈ ਕਿ ਅੰਗੂਠੀ ਕਿੱਥੇ ਖੰਭ ਲਾ ਕੇ ਉੱਡ ਗਈ ਹੈ, ਜਦੋਂ ਕਿ ਬਾਹਰਲਾ, ਕੋਈ ਵੀ ਓਪਰਾ ਵਿਅਕਤੀ ਘਰ ਨਹੀਂ ਆਇਆ।

32. ਖ਼ਾਨਾ ਖ਼ਰਾਬ ਹੋਣਾ (ਘਰ ਬਰਬਾਦ ਹੋਣਾ) : ਧੀਆਂ-ਪੁੱਤਰਾਂ ਦੀਆਂ ਆਪ-ਹੁਦਰੀਆਂ ਨਾਲ ਖ਼ਾਨਾ ਹੀ ਖ਼ਰਾਬ ਹੋ ਜਾਂਦਾ ਹੈ।


33. ਗੱਚ ਹੋਣਾ (ਬਿਲਕੁਲ ਗਿੱਲਾ ਹੋ ਜਾਣਾ) : ਗਰਮੀ ਏਨੀ ਜ਼ਿਆਦਾ ਹੋ ਗਈ ਹੈ ਕਿ ਪਸੀਨੇ ਨਾਲ ਮੇਰੇ ਕੱਪੜੇ ਗੱਚ ਹੋ ਗਏ ਹਨ।

34. ਗੱਚ ਭਰ ਆਉਣਾ (ਦਿਲ ਭਰ ਆਉਣਾ) : ਜੀਤੋ ਨੂੰ ਡੋਲੀ ਵਿੱਚ ਬਿਠਾਉਂਦੇ ਸਮੇਂ ਉਸ ਦੇ ਵੀਰ ਦਾ ਗੱਚ ਭਰ ਆਇਆ।

35. ਗਲ ਪੰਜਾਲੀ ਪਾ ਦੇਣਾ (ਜੰਜਾਲ ਵਿੱਚ ਫਸਾ ਦੇਣਾ/ਮੁਸੀਬਤ ਵਿੱਚ ਫਸਾ ਦੇਣਾ) : ਅਰਸ਼ਪ੍ਰੀਤ ਪੜ੍ਹ-ਲਿਖ ਕੇ ਨਾਂ ਕਮਾਉਣਾ ਚਾਹੁੰਦੀ ਸੀ, ਪਰ ਉਸ ਦੇ ਮਾਪਿਆਂ ਨੇ ਛੋਟੀ ਉਮਰੇ ਵਿਆਹ ਕਰ ਕੇ ਉਸ ਦੇ ਗਲ ਪੰਜਾਲੀ ਪਾ ਕੇ ਪੜ੍ਹਾਈ ਬੰਦ ਕਰਵਾ ਦਿੱਤੀ।

36. ਗਲੀਆਂ ਦੇ ਕੱਖਾਂ ਨਾਲੋਂ ਹੌਲੇ ਹੋਣਾ (ਕੋਈ ਇੱਜ਼ਤ ਨਾ ਰਹਿਣਾ/ਸਤਿਕਾਰ ਨਾ ਰਹਿਣਾ) : ਪਤੀ ਦੇ ਸ਼ਰਾਬੀ ਤੇ ਜੁਆਰੀ ਹੋਣ ਕਾਰਨ ਪ੍ਰੀਤੋ ਰਿਸ਼ਤੇਦਾਰਾਂ ਵਿੱਚ ਹੀ ਗਲੀਆਂ ਦੇ ਕੱਖਾਂ ਨਾਲੋਂ ਹੌਲੇ ਹੋ ਗਈ ਹੈ।


37. ਘਿਓ-ਸ਼ੱਕਰ ਹੋਣਾ (ਆਪੋ ਵਿੱਚ ਘੁਲ-ਮਿਲ ਜਾਣਾ) : ਦਰਾਣੀ-ਜੇਠਾਣੀ ਨੂੰ ਘਿਓ-ਸ਼ੱਕਰ ਹੁੰਦੇ ਵੇਖ ਕੇ ਸੱਸ-ਸਹੁਰਾ ਬਹੁਤ ਖ਼ੁਸ਼ ਹਨ।