ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸ਼ਾਸਨ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸ਼ਾਸਨ ਦਾ ਸਰੂਪ ਕੀ ਸੀ?
ਉੱਤਰ : ਮਹਾਰਾਜਾ ਰਾਜ ਦੇ ਮੁਖੀ ਸਨ। ਉਹ ਸਾਰੀਆਂ ਸ਼ਕਤੀਆਂ ਦੇ ਸੋਮੇ ਸਨ। ਰਾਜ ਦੀਆਂ ਅੰਦਰੂਨੀ ਅਤੇ ਬਾਹਰੀ ਨੀਤੀਆਂ ਮਹਾਰਾਜੇ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਸਨ। ਉਹ ਰਾਜ ਦੇ ਮੰਤਰੀਆਂ, ਉੱਚ ਸੈਨਿਕ ਅਤੇ ਗ਼ੈਰ-ਸੈਨਿਕ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਦੇ ਸਨ। ਉਹ ਜਦ ਚਾਹੇ ਕਿਸੇ ਨੂੰ ਵੀ ਉਸ ਦੇ ਅਹੁਦੇ ਤੋਂ ਹਟਾ ਸਕਦੇ ਸਨ।
ਉਹ ਮੁੱਖ ਸੈਨਾਪਤੀ ਸਨ ਤੇ ਰਾਜ ਦੀ ਸਾਰੀ ਫ਼ੌਜ ਉਨ੍ਹਾਂ ਦੇ ਇਸ਼ਾਰੇ ‘ਤੇ ਚਲਦੀ ਸੀ। ਉਹ ਰਾਜ ਦੇ ਮੁੱਖ ਨਿਆਂਧੀਸ਼ ਵੀ ਸੀ ਅਤੇ ਉਨ੍ਹਾਂ ਦੇ ਮੂੰਹ ਵਿੱਚੋਂ ਨਿਕਲਿਆ ਹੋਇਆ ਹਰ ਸ਼ਬਦ ਲੋਕਾਂ ਲਈ ਕਾਨੂੰਨ ਬਣ ਜਾਂਦਾ ਸੀ।
ਕੋਈ ਵੀ ਵਿਅਕਤੀ ਉਨ੍ਹਾਂ ਦੀ ਆਗਿਆ ਦੀ ਉਲੰਘਣਾ ਨਹੀਂ ਕਰ ਸਕਦਾ ਸੀ। ਮਹਾਰਾਜੇ ਨੂੰ ਕਿਸੇ ਵੀ ਸ਼ਾਸਕ ਨਾਲ ਯੁੱਧ ਜਾਂ ਸੰਧੀ ਦੀ ਘੋਸ਼ਣਾ ਕਰਨ ਦਾ ਪੂਰਨ ਅਧਿਕਾਰ ਪ੍ਰਾਪਤ ਸੀ। ਮਹਾਰਾਜੇ ਨੂੰ ਆਪਣੀ ਪਰਜਾ ‘ਤੇ ਕਰ ਲਗਾਉਣ ਜਾਂ ਉਸ ਨੂੰ ਹਟਾਉਣ ਦਾ ਅਧਿਕਾਰ ਪ੍ਰਾਪਤ ਸੀ।
ਮਹਾਰਾਜਾ ਕਦੇ ਵੀ ਇਨ੍ਹਾਂ ਸ਼ਕਤੀਆਂ ਦੀ ਦੁਰਵਰਤੋਂ ਨਹੀਂ ਕਰਦੇ ਸਨ। ਉਹ ਪਰਜਾ ਦੀ ਭਲਾਈ ਵਿੱਚ ਹੀ ਆਪਣੀ ਭਲਾਈ ਸਮਝਦੇ ਸਨ। ਨਿਰਸੰਦੇਹ ਅਜਿਹੇ ਮਹਾਨ ਸ਼ਾਸਕਾਂ ਦੀਆਂ ਉਦਾਹਰਨਾਂ ਇਤਿਹਾਸ ਵਿੱਚ ਬਹੁਤ ਘੱਟ ਮਿਲਦੀਆਂ ਹਨ।