CBSEEducationLatestParagraph

ਭੀੜ – ਪੈਰਾ ਰਚਨਾ

ਅੱਜ ਤੋਂ ਪੰਜਾਹ ਕੁ ਸਾਲ ਪਹਿਲਾਂ ਲੋਕਾਂ ਦਾ ਭੀੜ ਨਾਲ ਵਾਹ ਤੀਰਥਾਂ ਜਾਂ ਮੇਲਿਆਂ ਉੱਤੇ ਹੀ ਪੈਂਦਾ ਸੀ, ਪਰ ਅੱਜ – ਕੱਲ ਤਾਂ ਬਸ – ਅੱਡਿਆਂ, ਸਟੇਸ਼ਨਾਂ, ਬਾਜ਼ਾਰ, ਕਾਰਖਾਨਿਆਂ, ਸਿਨਮਿਆਂ, ਰਾਸ਼ਨ ਦੇ ਡਿਪੂਆਂ ਤੇ ਯੂਨੀਵਰਸਿਟੀਆਂ, ਸਕੂਲਾਂ, ਕਾਲਜਾਂ, ਕਾਨਫਰੰਸਾਂ, ਰੈਲੀਆਂ, ਸਮਾਗਮਾਂ, ਚੋਣ – ਦ੍ਰਿਸ਼ਾਂ ਤੇ ਵੱਡੇ ਦਫਤਰਾਂ ਅੱਗੇ ਗੱਲ ਕੀ ਥਾਂ – ਥਾਂ ਭੀੜਾਂ ਲੱਗੀਆਂ ਦਿਖਾਈ ਦਿੰਦੀਆਂ ਹਨ। ਸ਼ਹਿਰਾਂ ਵਿੱਚ ਭੀੜਾਂ ਦੇ ਦ੍ਰਿਸ਼ ਆਮ ਹਨ। ਇਕ ਵਾਰੀ ਬਜ਼ਾਰ ਵਿਚ ਦੋ – ਚਾਰ ਦਿਨਾਂ ਤੋਂ ਮੇਰੇ ਨਾਲ ਬਾਜ਼ਾਰ ਵਿੱਚ ਸ਼ਾਮ ਵੇਲੇ ਘੁੰਮਣ ਜਾਂਦੇ ਇਕ ਅੰਗਰੇਜ਼ ਨੇ ਹਰ ਰੋਜ਼ ਲੋਕਾਂ ਦੀਆਂ ਵੱਡੀਆਂ ਭੀੜਾਂ ਨੂੰ ਦੇਖ ਕੇ ਮੈਨੂੰ ਪੁੱਛਿਆ ਕਿ ਕੀ ਇੱਥੋਂ ਦੇ ਲੋਕ ਕੋਈ ਕੰਮ ਨਹੀਂ ਕਰਦੇ?

ਭੀੜਾਂ ਦੇ ਵਧਣ ਦਾ ਮੁੱਖ ਕਾਰਨ ਅਬਾਦੀ ਦਾ ਵਧਣਾ, ਵਿਗਿਆਨਕ ਯੁੱਗ ਦੀਆਂ ਕਾਢਾਂ, ਲੋਕਾਂ ਦਾ ਪਿੰਡਾਂ ਤੋਂ ਸ਼ਹਿਰਾਂ ਵੱਲ ਆਉਣਾ ਹੈ। ਬੱਸਾਂ, ਰੇਲ – ਗੱਡੀਆਂ, ਕਾਰਖਾਨੇ, ਸਿਨਮੇ ਸਭ ਵਿਗਿਆਨ ਦੀ ਉਪਜ ਹਨ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਵਾਧਾ ਵੀ ਗਿਆਨ – ਵਿਗਿਆਨ ਦੇ ਵਾਧੇ ਦੀ ਚਾਹ ਹੀ ਹੈ। ਲੋਕ – ਰਾਜ ਨੇ ਕਾਨਫਰੰਸਾਂ, ਰੈਲੀਆਂ, ਸਮਾਗਮਾਂ ਤੇ ਚੋਣ – ਦ੍ਰਿਸ਼ਾਂ ਨੂੰ ਜਨਮ ਦਿੱਤਾ ਹੈ।

ਆਵਜ਼ਾਈ ਦੇ ਵਾਧੇ ਕਾਰਨ ਬੱਸਾਂ, ਗੱਡੀਆਂ ਤੇ ਆਵਜ਼ਾਈ ਦੇ ਹੋਰਨਾਂ ਸਾਧਨਾਂ ਦੇ ਅੱਡਿਆਂ ਤੇ ਸਟੇਸ਼ਨਾਂ ਉੱਪਰ ਭੀੜ ਹੱਦਾਂ – ਬੰਨੇ ਤੋੜ ਰਹੀਆਂ ਹਨ। ਮਨੋਰੰਜਨ ਦਾ ਸਸਤਾ ਸਾਧਨ ਹੋਣ ਕਰਕੇ ਸਿਨਮਿਆਂ ਅੱਗੇ ਵੀ ਕਾਫ਼ੀ ਭੀੜਾਂ ਹੁੰਦੀਆਂ ਹਨ। ਸਰਕਾਰੀ ਦਫ਼ਤਰਾਂ ਨਾਲ ਸਬੰਧਤ ਮੁਲਾਜ਼ਮਾਂ ਦੇ ਕੰਮਾਂ – ਕਾਰਾਂ ਤੇ ਨਵੀਂ ਭਰਤੀ ਕਰਕੇ ਵੀ ਭੀੜਾਂ ਲੱਗੀਆਂ ਰਹਿੰਦੀਆਂ।

ਸੜਕਾਂ ਉੱਪਰ ਕਿਧਰੇ ਲਾਟਰੀ ਟਿਕਟਾਂ ਵਾਲਿਆਂ ਦੇ ਸਟਾਲਾਂ ਦੁਆਲੇ ਲੋਕਾਂ ਦੀਆਂ ਭੀੜਾਂ ਲੱਗੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਹਸਪਤਾਲ ਮਰੀਜ਼ਾਂ ਨਾਲ ਹਮੇਸ਼ਾ ਭਰੇ ਦਿਸਦੇ ਹਨ। ਇਨ੍ਹਾਂ ਭੀੜਾਂ ਨੂੰ ਦੇਖ ਕੇ ਹਰ ਇਕ ਦਾ ਮਨ ਡਰ ਜਾਂਦਾ ਹੈ ਕਿ ਸ਼ਾਇਦ ਉਸ ਦਾ ਆਪਣਾ ਕੰਮ ਹੋਵੇਗਾ ਜਾਂ ਨਹੀਂ।

ਇਸ ਕਰਕੇ ਸਮੇਂ ਦੀ ਮੰਗ ਹੈ ਕਿ ਅਸੀਂ ਭੀੜ ਵਿਚ ਇਕ – ਦੂਜੇ ਦੀ ਸਹਾਇਤਾ ਕਰੀਏ ਤੇ ਜਿੱਥੇ ਲਾਈਨ ਵਿਚ ਖੜ੍ਹੇ ਹੋ ਕੇ ਕੰਮ ਹੋ ਸਕਦਾ ਹੈ, ਉੱਥੇ ਲਾਈਨ ਬਣਾ ਲੈਣੀ ਚਾਹੀਦੀ ਹੈ ਤੇ ਬਣੀ ਹੋਈ ਲਾਈਨ ਨੂੰ ਤੋੜਨਾ ਨਹੀਂ ਚਾਹੀਦਾ। ਇਸ ਦੇ ਨਾਲ ਹੀ ਸਰਕਾਰ ਨੂੰ ਪ੍ਰਸ਼ਾਸਕੀ ਪੱਧਰ ਉੱਤੇ ਵੀ ਭੀੜਾਂ ਦੇ ਦੋਸ਼ਾਂ ਨੂੰ ਘਟਾਉਣ ਦੇ ਯਤਨ ਕਰਨੇ ਚਾਹੀਦੇ ਹਨ।