ਭਾਗੁ ਹੋਆ………… ਦਾਸ ਤੁਮਾਰੇ ਜੀਉ।।


ਮੇਰਾ ਮਨ ਲੋਚੈ ਗੁਰਦਰਸਨ ਤਾਈ : ਸ੍ਰੀ ਗੁਰੂ ਅਰਜਨ ਦੇਵ ਜੀ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥

ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥

ਸੇਵ ਕਰੀ ਪਲੁ ਚਸਾ ਨ ਵਿਛੁੜਾ

ਜਨ ਨਾਨਕ ਦਾਸ ਤੁਮਾਰੇ ਜੀਉ ॥

ਹਉ ਘੋਲੀ ਜੀਉ ਘੋਲ ਘੁਮਾਈ

ਜਨ ਨਾਨਕ ਦਾਸ ਤੁਮਾਰੇ ਜੀਉ ॥

ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੀ ਬਾਣੀ ‘ਮੇਰਾ ਮਨੁ ਲੋਚੈ ਗੁਰਦਰਸਨ ਤਾਈ’ ਵਿੱਚੋਂ ਲਿਆ ਗਿਆ ਹੈ। ਇਸ ਬਾਣੀ ਦੇ ਪਹਿਲੇ ਤਿੰਨ ਬੰਦਾਂ ਵਿੱਚ ਗੁਰੂ ਸਾਹਿਬ ਨੇ ਆਪਣੇ ਗੁਰੂ-ਪਿਤਾ ਦੇ ਵਿਛੋੜੇ ਤੇ ਚੌਥੇ ਬੰਦ ਵਿੱਚ ਮਿਲਾਪ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਚੌਥੇ ਬੰਦ ਦੀਆਂ ਇਨ੍ਹਾਂ ਸਤਰਾਂ ਵਿੱਚ ਗੁਰੂ ਜੀ ਨੇ ਭਾਗਾਂ ਨਾਲ ਪ੍ਰਾਪਤ ਹੋਏ ਗੁਰੂ-ਪਿਤਾ ਦੇ ਮਿਲਾਪ, ਉਸ ਦੀ ਕਿਰਪਾ ਨਾਲ ਹੋਈ ਪ੍ਰਭੂ ਦੀ ਪ੍ਰਾਪਤੀ ਤੇ ਉਸ ਤੋਂ ਮਿਲੀ ਖ਼ੁਸ਼ੀ ਨੂੰ ਬਿਆਨ ਕੀਤਾ ਹੈ।

ਵਿਆਖਿਆ : ਗੁਰੂ-ਪਿਤਾ ਦਾ ਮਿਲਾਪ ਪ੍ਰਾਪਤ ਹੋ ਜਾਣ ‘ਤੇ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਬੜੇ ਭਾਗਾਂ ਦੀ ਗੱਲ ਹੈ ਕਿ ਪ੍ਰਭੂ ਨੇ ਗੁਰੂ-ਸੰਤਾਂ ਨਾਲ ਮਿਲਾ ਦਿੱਤਾ ਹੈ। ਉਨ੍ਹਾਂ ਦੀ ਸਿੱਖਿਆ ਨਾਲ ਮੈਂ ਅਵਿਨਾਸ਼ੀ ਪ੍ਰਭੂ ਨੂੰ ਆਪਣੇ ਹਿਰਦੇ-ਘਰ ਵਿੱਚੋਂ ਹੀ ਪਾ ਲਿਆ ਹੈ। ਮੈਂ ਹੁਣ ਹਰ ਸਮੇਂ ਗੁਰੂ ਜੀ ਦੀ ਸੇਵਾ ਹੀ ਕਰਾਂਗਾ ਤੇ ਇਕ ਪਲ ਜਾਂ ਚਸਾ ਵੀ ਉਨ੍ਹਾਂ ਪਾਸੋਂ ਦੂਰ ਨਹੀਂ ਹੋਵਾਂਗਾ। ਹੇ ਗੁਰੂ ਜੀ ! ਮੈਂ ਆਪ ਦਾ ਦਾਸ ਹਾਂ। ਮੈਂ ਆਪ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਪ੍ਰਭੂ ਨਾਲ ਮਿਲਾਇਆ ਹੈ।