CBSEEducationNCERT class 10thPunjab School Education Board(PSEB)

ਬੱਸ ਕੰਡਕਟਰ : ਛੋਟੇ ਉੱਤਰਾਂ ਵਾਲੇ ਪ੍ਰਸ਼ਨ


ਪ੍ਰਸ਼ਨ 1. ਪਾਲੀ ਕੀ ਕੰਮ ਕਰਦੀ ਸੀ ਅਤੇ ਉਹ ਰੋਜ਼ਾਨਾ ਬੱਸ ਵਿੱਚ ਸਫ਼ਰ ਕਿਉਂ ਕਰਦੀ ਸੀ?

ਉੱਤਰ : ਪਾਲੀ ਇੱਕ ਲੇਡੀ ਡਾਕਟਰ ਸੀ ਅਤੇ ਉਸ ਦੀ ਬਦਲੀ ਨਾਭੇ ਤੋਂ ਪਟਿਆਲੇ ਹੋ ਗਈ ਸੀ। ਉਹ ਪਟਿਆਲੇ ਤੋਂ ਆਪਣੀ ਬਦਲੀ ਰੁਕਵਾਉਣਾ ਚਾਹੁੰਦੀ ਸੀ ਪਰ ਜਦੋਂ ਤੱਕ ਉਸ ਦੀ ਬਦਲੀ ਵਾਪਸ ਨਾਭੇ ਨਹੀਂ ਨੂੰ ਹੁੰਦੀ ਓਨੀ ਦੇਰ ਉਸ ਨੂੰ ਰੋਜ਼ ਨਾਭੇ ਤੋਂ ਪਟਿਆਲੇ ਆਪਣੀ ਡਿਊਟੀ ਲਈ ਜਾਣਾ ਪੈਂਦਾ ਸੀ। ਇਸ ਕਰਕੇ ਹੀ ਉਹ ਰੋਜ਼ ਨਾਭੇ ਤੋਂ ਪਟਿਆਲੇ ਜਾਂਦੀ ਹੁੰਦੀ ਸੀ।

ਪ੍ਰਸ਼ਨ 2. ਡਾਕਟਰ ਪਾਲੀ ਨੂੰ ਬੱਸ ਵਿੱਚ ਸਫ਼ਰ ਕਰਨਾ ਕਿਉਂ ਨਹੀਂ ਚੰਗਾ ਲੱਗਦਾ ਸੀ?

ਉੱਤਰ : ਡਾਕਟਰ ਪਾਲੀ ਰੋਜ਼ ਨਾਭੇ ਤੋਂ ਪਟਿਆਲੇ ਤੱਕ ਦਾ ਸਫ਼ਰ ਬੱਸ ਦੁਆਰਾ ਤੈਅ ਕਰਦੀ ਸੀ। ਉਸ ਨੂੰ ਬੱਸਾਂ ਦੀ ਖੜ-ਖੜ ਦੀ ਅਵਾਜ਼, ਬੱਸਾਂ ਵਿੱਚ ਗਰਮੀ ਦੀ ਭੜਾਸ, ਪਸੀਨਾ, ਬੱਸਾਂ ਦੀ ਭੀੜ ਅਤੇ ਬੱਸਾਂ ਦੇ ਕੰਡਕਟਰਾਂ ਦੀਆਂ ਬੇਹੂਦਾ ਹਰਕਤਾਂ ਅਤੇ ਉਹਨਾਂ ਦੇ ਭੈੜੇ ਬੋਲ ਜ਼ਰਾ ਵੀ ਚੰਗੇ ਨਹੀਂ ਲੱਗਦੇ ਸਨ।

ਪ੍ਰਸ਼ਨ 3. ਕਿਸ ਬੱਸ ਵਿੱਚ ਸਫ਼ਰ ਕਰਕੇ ਪਾਲੀ ਨੂੰ ਥੋੜ੍ਹੀ ਰਾਹਤ ਮਹਿਸੂਸ ਹੁੰਦੀ ਸੀ?

ਉੱਤਰ : ਇੱਕ ਬੱਸ ਜਿਸ ਵਿੱਚ ਜੀਤ ਨਾਂ ਦਾ ਕੰਡਕਟਰ ਹੁੰਦਾ ਸੀ, ਉਸ ਬੱਸ ਵਿੱਚ ਪਾਲੀ ਦਾ ਸਫ਼ਰ ਕੁਝ ਸੌਖੇ ਢੰਗ ਨਾਲ ਲੰਘ ਜਾਂਦਾ ਸੀ ਕਿਉਂਕਿ ਉਸ ਬੱਸ ਦਾ ਕੰਡਕਟਰ ਜੀਤ ਬੜਾ ਸਾਊ ਮੁੰਡਾ ਸੀ।

ਪ੍ਰਸ਼ਨ 4. ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰ ਪਾਲੀ ਬਾਰੇ ਕੀ ਗੱਲਾਂ ਕਰਦੇ ਸਨ?

ਉੱਤਰ : ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰ ਅਕਸਰ ਪਾਲੀ ਬਾਰੇ ਗੱਲਾਂ ਕਰਦੇ ਸਨ। ਕਈਆਂ ਮੁਸਾਫ਼ਰਾਂ ਨੂੰ ਤਾਂ ਉਸ ਦੇ ਸੁਭਾਅ ਅਤੇ ਪੇਸ਼ੇ ਬਾਰੇ ਵੀ ਪਤਾ ਸੀ। ਇੱਕ ਸਰਦਾਰ ਨੇ ਤਾਂ ਪਾਲੀ ਦੀ ਸਿਫ਼ਤ ਕਰਦਿਆਂ ਕਿਹਾ ਸੀ ਕਿ ਪਾਲੀ ਇੱਕ ਚੰਗੇ ਖ਼ਾਨਦਾਨ ਦੀ ਕੁੜੀ ਹੈ ਅਤੇ ਉਹ ਕਿਸੇ ਵੱਲ ਅੱਖ ਚੁੱਕ ਕੇ ਨਹੀਂ ਵੇਖਦੀ ਅਤੇ ਨਾ ਹੀ ਕਿਸੇ
ਨਾਲ ਫਾਲਤੂ ਬੋਲਦੀ ਹੈ।

ਪ੍ਰਸ਼ਨ 5. ਜੀਤ ਬੱਸ ਵਿੱਚ ਕਿਸ ਨੂੰ ਝਿੜਕਦਾ ਹੈ ਅਤੇ ਕਿਉਂ?

ਉੱਤਰ : ਜਦੋਂ ਬੱਸ ਵਿੱਚ ਸਫ਼ਰ ਕਰਨ ਵਾਲਾ ਗੁਲਾਬੀ ਜਿਹੇ ਕੁੜਤੇ ਵਾਲ਼ਾ ਧੇਲੇ ਦਾ ਸ਼ੁਕੀਨ ਇੱਕ ਮੁੰਡਾ ਪਾਲੀ ਨੂੰ ਵੇਖ ਕੇ ਕੋਈ ਫ਼ਿਕਰਾ ਬੋਲਣ ਲੱਗਦਾ ਹੈ ਤਾਂ ਉਸ ਦਾ ਫ਼ਿਕਰਾ ਪੂਰਾ ਹੋਣ ਤੋਂ ਪਹਿਲਾਂ ਹੀ ਜੀਤ ਕੰਡਕਟਰ ਉਸ ਨੂੰ ਝਿੜਕ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਜੇਕਰ ਉਸ ਦੀ ਜਾਣ ਦੀ ਸਲਾਹ ਨਹੀਂ ਹੈ ਤਾਂ ਉਸ ਨੂੰ ਭੁੰਜੇ ਉਤਾਰ ਚੋਂ ਦੇਵਾਂ।

ਪ੍ਰਸ਼ਨ 6. ਇੱਕ ਦਿਨ ਜੀਤ ਬੱਸ ਦੇ ਡਰਾਈਵਰ ਨੂੰ ਬੱਸ ਕਿਹੜੇ ਦੁਸਰੇ ਰਸਤੇ ਰਾਹੀਂ ਲੈ ਕੇ ਜਾਣ ਵਾਸਤੇ ਕਹਿੰਦਾ ਹੈ ਅਤੇ ਕਿਉਂ?

ਉੱਤਰ : ਇੱਕ ਦਿਨ ਜੀਤ ਬੱਸ ਦੇ ਡਰਾਈਵਰ ਨੂੰ ਬੱਸ ਨੀਲੇ ਭਵਨ ਵੱਲ ਦੀ ਲੈ ਕੇ ਜਾਣ ਲਈ ਕਹਿੰਦਾ ਹੈ। ਕੁਝ ਸਵਾਰੀਆਂ ਦੇ ਬੁੜਬੁੜ ਕਰਨ ਦੇ ਬਾਵਜੂਦ ਵੀ ਉਹ ਇੰਜ ਇਸ ਲਈ ਕਰਦਾ ਹੈ ਤਾਂ ਜੋ ਪਾਲੀ ਨੂੰ ਸਿਨੇਮਾ ਦੇ ਕੋਲ ਉਤਾਰ ਸਕੇ ਜਿੱਥੋਂ ਪਾਲੀ ਦਾ ਹਸਪਤਾਲ ਨੇੜੇ ਪੈਂਦਾ ਹੈ।

ਪ੍ਰਸ਼ਨ 7. ਜੀਤ ਭੀੜ ਹੋਣ ’ਤੇ ਪਾਲੀ ਨੂੰ ਸੀਟ ਕਿਵੇਂ ਦਿੰਦਾ ਹੈ?

ਉੱਤਰ : ਇੱਕ ਦਿਨ ਪਾਲੀ ਜਦੋਂ ਬੱਸ ਅੱਡੇ ‘ਤੇ ਪਹੁੰਚੀ ਤਾਂ ਬੱਸ ਵਿੱਚ ਭੀੜ ਬਹੁਤ ਜ਼ਿਆਦਾ ਸੀ ਅਤੇ ਜੀਤ ਕੰਡਕਟਰ ਬੱਸ ਵਿੱਚੋਂ ਬਿਨਾਂ ਟਿਕਟ ਵਾਲੀਆਂ ਸਵਾਰੀਆਂ ਨੂੰ ਫੜ-ਫੜ ਕੇ ਬੱਸ ‘ਚੋਂ ਥੱਲੇ ਉਤਾਰ ਰਿਹਾ ਸੀ। ਭੈਣ ਪਾਲੀ ਨੂੰ ਵੇਖ ਕੇ ਉਹ ਆਖਦਾ ਹੈ, “ਤੁਸੀਂ ਅਗਲੀ ਸੀਟ ‘ਤੇ ਝੋਲਾ ਚੁੱਕ ਕੇ ਬੈਠ ਜਾਵੋ। ਤੁਹਾਡੀ ਖਾਤਰ ਸੀਟ ਰੱਖੀ ਐ।”

ਪ੍ਰਸ਼ਨ 8. ਮੁੜ ਨਾਭੇ ਬਦਲੀ ਕਰਾਉਣ ਵਿੱਚ ਜਿਉਂ-ਜਿਉਂ ਦੇਰ ਹੋ ਰਹੀ ਸੀ, ਪਾਲੀ ਦੁਖੀ ਕਿਉਂ ਹੋ ਰਹੀ ਸੀ?

ਉੱਤਰ : ਦੁਬਾਰਾ ਨਾਭੇ ‘ਚ ਬਦਲੀ ਕਰਾਉਣ ਵਿੱਚ ਜਿਉਂ-ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ ਜਾ ਰਹੀ ਸੀ। ਉਸ ਨੂੰ ਬੱਸਾਂ ਦੀ ਖੜ-ਖੜ ਦੀ ਅਵਾਜ਼ ਅਤੇ ਬੱਸਾਂ ਦੇ ਛੁੱਟ ਜਾਣ ਦਾ ਡਰ ਤੰਗ ਕਰਦਾ ਸੀ। ਕਈ ਵਾਰ ਕਿਸੇ ਮੋਟੇ ਆਦਮੀ ਨਾਲ ਬੈਠਣ ਕਰਕੇ ਉਸ ਦੇ ਕੱਪੜਿਆਂ ‘ਤੇ ਵੱਟ ਪੈ ਜਾਂਦੇ ਸਨ ਅਤੇ ਕਈ ਵਾਰ ਕਿਸੇ ਸਵਾਰੀ ਦੇ ਪਸੀਨੇ ਦੀ ਬਦਬੂ ਨਾਲ ਉਸ ਦਾ ਸਿਰ ਵੀ ਚਕਰਾਉਣ ਲੱਗ ਪੈਂਦਾ ਸੀ।

ਪ੍ਰਸ਼ਨ 9. ਜੀਤ ਕੰਡਕਟਰ ਦੁਆਰਾ ਟਿਕਟ ਦੇ ਪੈਸੇ ਨਾ ਲੈਣ ‘ਤੇ ਪਾਲੀ ਨੂੰ ਚੰਗਾ ਨਹੀਂ ਲੱਗਿਆ, ਪਰ ਫਿਰ ਵੀ ਉਹ ਚੁੱਪ ਕਰਕੇ ਕਿਉਂ ਬੈਠ ਗਈ?

ਉੱਤਰ : ਜਦੋਂ ਪਾਲੀ ਕੋਲੋਂ ਜੀਤ ਕੰਡਕਟਰ ਨੇ ਟਿਕਟ ਦੇ ਪੈਸੇ ਨਾ ਲਏ ਤਾਂ ਪਾਲੀ ਨੂੰ ਚੰਗਾ ਨਹੀਂ ਲੱਗਿਆ ਪਰ ਉਹ ਚੁੱਪ ਕਰਕੇ ਬੈਠ ਗਈ ਕਿਉਂਕਿ ਝਗੜਾ ਕਰਨਾ ਪਾਲੀ ਨੂੰ ਚੰਗਾ ਨਾ ਲੱਗਿਆ। ਉਹ ਸੋਚਦੀ ਰਹੀ ਕਿ ਜੀਤ ਕੰਡਕਟਰ ਨੇ ਉਸ ਕੋਲੋਂ ਪੈਸੇ ਕਿਉਂ ਨਹੀਂ ਲਏ। ਤਿੰਨ ਸੌ ਰੁਪਈਆ ਕਮਾਉਣ ਵਾਲੀ ਡਾਕਟਰ ਕੁੜੀ ਲਈ ਸਾਢੇ ਦਸ ਆਨੇ ਭਲਾ ਕੀ ਮਾਇਨੇ ਰੱਖਦੇ ਸਨ।

ਪ੍ਰਸ਼ਨ 10. ਪਾਲੀ ਨੂੰ ਜੀਤ ਕੰਡਕਟਰ ਦੀ ਕਿਸ ਗੱਲ ‘ਤੇ ਗੁੱਸਾ ਆਇਆ ਅਤੇ ਕਿਉਂ?

ਉੱਤਰ : ਪਾਲੀ ਨੂੰ ਜੀਤ ਕੰਡਕਟਰ ਦੁਆਰਾ ਇੱਕ ਵਾਰ ਫਿਰ ਤੋਂ ਟਿਕਟ ਦੇ ਪੈਸੇ ਨਾ ਲੈਣ ਉੱਤੇ ਗੁੱਸ ਆਇਆ। ਉਹ ਸੋਚ ਰਹੀ ਸੀ ਕਿ ਜੀਤ ਪੈਸਾ ਨਾ ਲੈ ਕੇ ਬੇਈਮਾਨੀ ਕਰ ਰਿਹਾ ਹੈ ਤੇ ਉਹ ਵੀ ਨਾਲ ਭਾਗੀਦਾਰ ਬਣ ਰਹੀ ਹੈ।

ਪ੍ਰਸ਼ਨ 11. ਟਿਕਟ ਚੈੱਕਰ ਦੇ ਬੱਸ ਵਿੱਚ ਆਉਣ ‘ਤੇ ਪਾਲੀ ਦਾ ਕੀ ਹਾਲ ਹੋਇਆ ਤੇ ਉਹ ਕਿਹੜੀਆਂ ਸੋਚਾਂ ਵਿੱਚ ਪੈ ਗਈ?

ਉੱਤਰ : ਟਿਕਟ ਚੈੱਕਰ ਨੂੰ ਚੜ੍ਹਦਿਆਂ ਵੇਖ ਕੇ ਪਾਲੀ ਘਬਰਾਹਟ ਅਤੇ ਸ਼ਰਮ ਨਾਲ ਮੁੜ੍ਹਕੋ-ਮੁੜ੍ਹਕੀ ਹੋ ਗਈ ਅਤੇ ਚੈੱਕਰ ਨੂੰ ਟਿਕਟ ਨਾ ਹੋਣ ਬਾਰੇ ਕੀ ਜਵਾਬ ਦੇਣਾ ਹੈ, ਇਹ ਸੋਚਣ ਲੱਗ ਪਈ। ਕਦੇ ਉਹ ਸੋਚਦੀ ਕਿ ਕਹਿ ਦੇਵੇਗੀ ਕਿ ਕੰਡਕਟਰ ਨੇ ਟਿਕਟ ਦਿੱਤੀ ਹੀ ਨਹੀਂ ਪਰ ਫੇਰ ਉਹ ਸੋਚਣ ਲੱਗੀ ਕਿ ਇਸ ਤਰ੍ਹਾਂ ਵਿਚਾਰਾ ਕੰਡਕਟਰ ਫੱਸ ਜਾਵੇਗਾ। ਫਿਰ ਉਸ ਨੇ ਸੋਚਿਆ ਕਿ ਉਹ ਕਹਿ ਦੇਵੇਗੀ ਕਿ ਉਹ ਟਿਕਟ ਲੈਣਾ ਭੁੱਲ ਗਈ ਸੀ।

ਪ੍ਰਸ਼ਨ 12. ਜਦੋਂ ਟਿਕਟ ਚੈੱਕਰ ਨੇ ਪਾਲੀ ਤੋਂ ਟਿਕਟ ਮੰਗੀ ਤਾਂ ਕੀ ਹੋਇਆ?

ਉੱਤਰ : ਟਿਕਟ ਚੈੱਕਰ ਨੇ ਜਿਵੇਂ ਹੀ ਪਾਲੀ ਤੋਂ ਟਿਕਟ ਮੰਗੀ ਤਾਂ ਜੀਤ ਨੇ ਟਿਕਟ ਕੱਢ ਕੇ ਚੈੱਕਰ ਨੂੰ ਵਿਖਾ ਕੇ ਕਿਹਾ ਕਿ ਇਹ ਬੀਬੀ ਮੇਰੀ ਭੈਣ ਹੈ ਅਤੇ ਇਸ ਦਾ ਟਿਕਟ ਮੇਰੇ ਕੋਲ ਹੈ। ਚੈੱਕਰ ਨੇ ਜੀਤ ਦੀ ਚਲਾਕੀ ਸਮਝ ਲਈ ਸੀ ਪਰ ਉਹ ਬਿਨਾਂ ਕੁਝ ਕਹੇ ਮੁਸਕੁਰਾ ਕੇ ਬੱਸ ਵਿੱਚੋਂ ਉਤਰ ਗਿਆ।

ਪ੍ਰਸ਼ਨ 13. ਸ਼ਾਮ ਨੂੰ ਜੀਤ ਨੇ ਪਾਲੀ ਨੂੰ ਆਪਣੇ ਨਾਲ ਵਾਪਰੀ ਕਿਸ ਘਟਨਾ ਬਾਰੇ ਦੱਸਿਆ?

ਉੱਤਰ : ਸ਼ਾਮ ਵੇਲੇ ਜਦੋਂ ਪਾਲੀ ਪਟਿਆਲੇ ਦੇ ਬੱਸ ਅੱਡੇ ‘ਤੇ ਪਹੁੰਚੀ ਤਾਂ ਜੀਤ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਵੀ ਲਾਹੌਰ ਵਿੱਚ ਡਾਕਟਰੀ ਪੜ੍ਹਦੀ ਸੀ, ਪਰ ਦੇਸ਼ ਦੇ ਬਟਵਾਰੇ ਵੇਲੇ ਦੇ ਦੰਗਿਆਂ ਵਿੱਚ ਮਾਰੀ ਗਈ। ਉਹ ਰੁਲਦਾ-ਪਲਦਾ ਇੱਥੇ ਆ ਗਿਆ ਤੇ ਬੱਸ ਕੰਡਕਟਰ ਬਣ ਗਿਆ। ਜੀਤ ਨੇ ਦੱਸਿਆ ਕਿ ਪਾਲੀ ਨੂੰ ਵੇਖ ਕੇ ਉਸ ਨੂੰ ਆਪਣੀ ਭੈਣ ਅਮਰਜੀਤ ਯਾਦ ਆ ਜਾਂਦੀ ਹੈ।