ਬੱਸ ਅੱਡੇ ਦਾ ਦ੍ਰਿਸ਼ – ਪੈਰਾ ਰਚਨਾ

ਬੱਸਾਂ ਦਾ ਅੱਡਾ ਮੁਸਾਫ਼ਰਾਂ ਦੀ ਗਹਿਮਾਂ – ਗਹਿਮੀ ਨਾਲ ਭਰਪੂਰ ਹੁੰਦਾ ਹੈ। ਇੱਥੇ ਅਸੀਂ ਹਰ ਉਮਰ ਦੇ ਮਰਦਾਂ ਤੇ ਇਸਤਰੀਆਂ ਨੂੰ ਬੜੀ ਤੇਜ਼ੀ ਤੇ ਹੁਸ਼ਿਆਰੀ ਨਾਲ ਇਧਰ- ਉਧਰ ਜਾਂਦੇ, ਟਿਕਟਾਂ ਲੈਂਦੇ ਅਤੇ ਬੱਸਾਂ ਵਿੱਚ ਚੜ੍ਹਦੇ ਤੇ ਉਤਰਦੇ ਦੇਖਦੇ ਹਾਂ। ਉਨ੍ਹਾਂ ਦੇ ਨਾਲ ਬੱਚੇ ਵੀ ਬੜੇ ਚਾਅ ਅਤੇ ਉਮੰਗ ਨਾਲ ਭਰੇ ਹੁੰਦੇ ਹਨ। ਲੋਕ ਆਪਣੇ ਬੈਗ ਗਲਾਂ ਵਿਚ ਪਾਏ ਅਤੇ ਅਟੈਚੀਕੇਸ, ਬਰੀਫਕੇਸ ਤੇ ਟਰੰਕ ਆਦਿ ਹੱਥਾਂ ਵਿਚ ਫੜੀ ਬੱਸਾਂ ਉੱਤੇ ਚੜ੍ਹਨ ਲਈ ਤੇਜ਼ੀ ਨਾਲ ਆ ਰਹੇ ਦਿਖਾਈ ਦਿੰਦੇ ਹਨ। ਭਿੰਨ – ਭਿੰਨ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਵਾਰੀ – ਵਾਰੀ ਆਪਣੇ – ਆਪਣੇ ਪਲੇਟਫਾਰਮ ਉੱਤੇ ਖੜ੍ਹੀਆਂ ਹੁੰਦੀਆਂ ਹਨ। ਹਰ ਬੱਸ ਦਾ ਕੰਡਕਟਰ ਬਾਹਰ ਇਕ ਕੈਬਨ ਵਿਚ ਬੈਠ ਕੇ ਜਾਂ ਬੱਸ ਅੱਗੇ ਖੜ੍ਹਾ ਹੋ ਕੇ ਟਿਕਟਾਂ ਦਿੰਦਾ ਹੈ। ਲੋਕ ਲਾਈਨ ਬਣਾ ਕੇ ਟਿਕਟਾਂ ਲੈਂਦੇ ਹਨ। ਸਵਾਰੀਆਂ ਭਾਰੇ ਸਮਾਨ ਨੂੰ ਬੱਸਾਂ ਦੀਆਂ ਛੱਤਾਂ ਉੱਪਰ ਰਖਵਾਉਂਦੀਆਂ ਹਨ। ਜਦੋਂ ਵੀ ਕਿਸੇ ਬੱਸ ਦੇ ਤੁਰਨ ਦਾ ਸਮਾਂ ਹੁੰਦਾ ਹੈ ਤਾਂ ਕੰਡਕਟਰ ਵਿਸਲ ਵਜਾਉਂਦਾ ਹੈ। ਬੱਸ ਦਾ ਡਰਾਈਵਰ ਸੀਟ ਉੱਪਰ ਬੈਠ ਕੇ ਬੱਸ ਨੂੰ ਤੋਰਦਾ ਹੈ। ਕਈ ਪਿੱਛੇ ਰਹੀਆਂ ਸਵਾਰੀਆਂ ਕਾਹਲੀ – ਕਾਹਲੀ ਉਤਰਦੀਆਂ ਹਨ ਤੇ ਬੱਸ ਅੱਡੇ ਦੇ ਬਾਹਰੋਂ ਟਾਂਗੇ, ਰਿਕਸ਼ੇ ਤੇ ਆਟੋ – ਰਿਕਸ਼ੇ ਲੈ ਕੇ ਆਪਣੇ – ਆਪਣੇ ਟਿਕਾਣਿਆਂ ਨੂੰ ਜਾਂਦੀਆਂ ਹਨ। ਬੱਸਾਂ ਦੇ ਅੱਡੇ ਉੱਪਰ ਅਖਬਾਰਾਂ ਵੇਚਣ ਵਾਲੇ ਤੇ ਦਵਾਈਆਂ ਆਦਿ ਵੇਚਣ ਵਾਲੇ ਵੀ ਦਿਖਾਈ ਦਿੰਦੇ ਹਨ। ਇੱਥੇ ਮੰਗਤਿਆਂ ਦਾ ਬੋਲ – ਬਾਲਾ ਵੀ ਹੁੰਦਾ ਹੈ। ਇੱਥੇ ਫਲਾਂ ਤੇ ਛੋਲੇ – ਭਟੂਰੇ ਆਦਿ ਦੀਆਂ ਦੁਕਾਨਾਂ ਹੁੰਦੀਆਂ ਹਨ। ਕੁੱਝ ਪੁਲਿਸ ਵਾਲੇ ਵੀ ਦਿਖਾਈ ਦਿੰਦੇ ਹਨ। ਉਂਞ ਇਹ ਥਾਂ ਭੀੜ, ਭੱਜ – ਦੌੜ ਤੇ ਰੌਲੇ – ਰੱਪੇ ਨਾਲ ਭਰਪੂਰ ਹੁੰਦੀ ਹੈ।