ਬੋਲੀ – ਸਾਰ
ਪ੍ਰਸ਼ਨ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਰਚਨਾ ‘ਬੋਲੀ’ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ।
ਉੱਤਰ – ‘ਬੋਲੀ’ ਵਾਰਤਕ ਲੇਖ ਸ. ਗੁਰਬਖ਼ਸ਼ ਸਿੰਘ ਦੁਆਰਾ ਲਿਖਿਆ ਹੋਇਆ ਹੈ। ਇਸ ਲੇਖ ਦੇ ਵਿੱਚ ਲੇਖਕ ਨੇ ਬੋਲੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਹੈ। ਬੋਲੀ ਨੂੰ ਜ਼ਿੰਦਗੀ ਦੀ ਕਾਮਯਾਬੀ ਦੀ ਕੁੰਜੀ ਮੰਨਿਆ ਗਿਆ ਹੈ। ਬੋਲੀ ਮਨੁੱਖ ਦੀ ਆਤਮਾ ਦਾ ਉਹ ਚਿੱਤਰ ਹੈ ਜਿਸ ਤੋਂ ਮਨੁੱਖ ਦੇ ਘਟੀਆ ਜਾਂ ਵਧੀਆ ਹੋਣ ਦਾ ਪਤਾ ਲੱਗ ਜਾਂਦਾ ਹੈ। ਨਾ ਬੋਲਣ ਵਾਲੇ ਮਨੁੱਖ ਦੇ ਅੰਦਰ ਝਾਤੀ ਮਾਰ ਕੇ ਉਸ ਨੂੰ ਸਮਝਣਾ ਮੁਸ਼ਕਿਲ ਹੋ ਜਾਂਦਾ ਹੈ।
ਕਿਸੇ ਮਨੁੱਖ ਦੀ ਸ਼ਖ਼ਸੀਅਤ ਬਾਰੇ ਸਾਨੂੰ ਉਸ ਦੀ ਬੋਲੀ ਤੋਂ ਹੀ ਬਹੁਤ ਕੁਝ ਪਤਾ ਲੱਗ ਸਕਦਾ ਹੈ। ਆਮ ਤੌਰ ‘ਤੇ ਅੰਨ੍ਹੇ ਲੋਕ ਸਿਆਣੇ ਅਤੇ ਦਿਲਚਸਪ ਹੁੰਦੇ ਹਨ ਜਦਕਿ ਗੂੰਗਾ ਕੋਈ ਵਿਰਲਾ ਹੀ ਦਿਲਚਸਪੀ ਦਿਖਾਉਂਦਾ ਹੈ।
ਬੋਲੀ ਤੋਂ ਹੀ ਪਤਾ ਲੱਗਦਾ ਹੈ ਕਿ ਬੋਲਣ ਵਾਲੇ ਨੇ ਕੀ ਕੁਝ ਆਪਣਾ ਬਣਾਇਆ ਹੈ। ਉਸ ਦੀ ਬੋਲੀ ਖਿੜੇ ਹੋਏ ਫੁੱਲਾਂ ਦੀ ਮਹਿਕ ਵਾਂਗ ਆਪਣੀ ਸੁਗੰਧ ਨਾਲ ਦੂਸਰਿਆਂ ਨੂੰ ਮਹਿਕਾ ਦਿੰਦੀ ਹੈ, ਜੋ ਕੋਈ ਵੀ ਉਹਨਾਂ ਨੂੰ ਸੁੰਘਦਾ ਹੈ, ਉਹਨਾਂ ਨੂੰ ਪਿਆਰ ਅਤੇ ਭਰੋਸਾ ਦਿੰਦੇ ਹਨ। ਦੂਸਰੇ ਪਾਸੇ ਜਿਸ ਦੇ ਅੰਦਰ ਕੁਝ ਨਹੀਂ, ਉਸ ਦੀ ਬੋਲੀ ਦੀ ਅਮੀਰੀ ਵੀ ਉਸ ਦਾ ਸਾਥ ਨਹੀਂ ਦਿੰਦੀ।
ਬੱਚਿਆਂ ਦੀ ਬੋਲੀ ਵਾਲ਼ੀ ਅਮੀਰੀ ਨੂੰ ਵਿਕਸਿਤ ਕਰਨ ਵਿੱਚ ਵੱਡਿਆਂ ਦੀ ਭੂਮਿਕਾ ਵੀ ਅਹਿਮ ਯੋਗਦਾਨ ਪਾਉਂਦੀ ਹੈ। ਵੱਡਿਆਂ ਨੂੰ ਬੱਚਿਆਂ ਦੀ ਦੁਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਹੜੇ ਵੱਡੇ ਇੰਞ ਨਹੀਂ ਕਰਦੇ, ਉਹਨਾਂ ਦੀ ਆਪਣੀ ਦੁਨੀਆਂ ਕੰਗਾਲ ਹੋ ਜਾਂਦੀ ਹੈ।
ਬੋਲੀ ਸਿਰਫ਼ ਕਾਮਯਾਬੀ ਦੀ ਕੁੰਜੀ ਹੀ ਨਹੀਂ, ਸਗੋਂ ਜ਼ਿੰਦਗੀ ਦੇ ਹੁਸਨਾਂ ਦਾ ਜਾਦੂ ਵੀ ਹੈ। ਇਹ ਸਾਡੇ ਸੁਫਨਿਆਂ ਨੂੰ ਸਾਕਾਰ ਕਰਨ ਵਿੱਚ ਸਾਡੀ ਮਦਦ ਕਰਦੀ ਹੈ। ਇਹ ਸਾਡੇ ਮਿੱਤਰਾਂ, ਪਿਆਰਿਆਂ, ਸਨੇਹੀਆਂ ਵਿੱਚ ਇੱਕ ਰੇਸ਼ਮੀ ਕੜੀ ਦੇ ਵਾਂਗ ਹੈ। ਇਹ ਬੋਲੀ ਸਾਡੀਆਂ ਵਫ਼ਾਵਾਂ ਅਤੇ ਦੋਸਤੀ ਨੂੰ ਮਜਬੂਤ ਕਰਦੀ ਹੈ।
ਬੋਲੀ ਬਾਰੇ ਕਦੀ ਵੀ ਕੋਈ ਅਣਗਹਿਲੀ ਨਹੀਂ ਵਰਤਣੀ ਚਾਹੀਦੀ। ਇਸ ਦੇ ਨਾਲ ਕਦੇ ਵੀ ਕੋਈ ਮਜ਼ਾਕ ਜਾਂ ਮਖੌਲ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਬਹੁਤ ਹੀ ਪਿਆਰੀ ਅਤੇ ਵਡਮੁੱਲੀ ਵਿਰਾਸਤ ਹੈ।
ਮਾਂ ਬਾਪ, ਅਧਿਆਪਕਾਂ, ਮਹਿਮਾਨਾਂ ਅਤੇ ਹੋਰ ਸਾਰਿਆਂ ਪਾਸੋਂ, ਜਿਥੋਂ ਵੀ ਇਹ ਪ੍ਰਾਪਤ ਹੁੰਦੀ ਹੈ ਇਸ ਨੂੰ ਪ੍ਰਾਪਤ ਕਰ ਲੈਣਾ ਚਾਹੀਦਾ ਹੈ।
ਲਫ਼ਜ਼ ਦਿਲ ਦੀ ਦੌਲਤ ਦੀਆਂ ਮੁਹਰਾਂ ਹੁੰਦੇ ਹਨ। ਜੇਕਰ ਦਿਲਾਂ ਦੇ ਵਿੱਚ ਦੋਸਤੀ, ਪਿਆਰ, ਕੁਰਬਾਨੀ ਆਦਿ ਦੀਆਂ ਅਮੁੱਲ ਦੌਲਤਾਂ ਹੋਣ, ਤਾਂ ਬੋਲੀ ਹੋਰ ਜ਼ਿਆਦਾ ਵਿਕਸਿਤ ਹੁੰਦੀ ਹੈ। ਹਰ ਕੋਈ ਇਸ ਅਣਮੁੱਲੇ ਅਤੇ ਅਮੀਰ ਖਜ਼ਾਨੇ ਨੂੰ ਪ੍ਰਾਪਤ ਕਰਕੇ ਖੁਸ਼ੀ ਮਹਿਸੂਸ ਕਰੇਗਾ।