ਬੋਲੀ – ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਬੋਲੀ – ਸ. ਗੁਰਬਖ਼ਸ਼ ਸਿੰਘ
ਵਾਰਤਕ – ਭਾਗ (ਜਮਾਤ – ਦਸਵੀਂ)
ਪ੍ਰਸ਼ਨ 1 . ‘ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ।’ ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ?
ਉੱਤਰ – ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਨੁਸਾਰ ਮਨੁੱਖ ਦੇ ਸਰੀਰਕ ਸੁਹਜ ਨੂੰ ਮੁੱਖ ਤੋਂ ਪਛਾਣਿਆ ਜਾਂਦਾ ਹੈ। ਅਸਲ ਵਿੱਚ ਮਨੁੱਖੀ ਆਤਮਾ ਦਾ ਵਧੀਆ – ਘਟੀਆ ਹੋਣ ਦਾ ਅਨੁਮਾਨ ਉਸਦੀ ਬੋਲੀ ਤੋਂ ਲਾਇਆ ਜਾ ਸਕਦਾ ਹੈ।
ਮੁੱਖ ਦੀ ਸੁੰਦਰਤਾ ਦੀ ਅਣਹੋਂਦ ਵਿੱਚ ਵੀ ਮਨੁੱਖ ਦੀ ਆਤਮਿਕ ਸੁੰਦਰਤਾ ਉਸਦੀ ਬੋਲੀ ਰਾਹੀਂ ਝਲਕਾਂ ਮਾਰਦੀ ਹੈ।
ਪ੍ਰਸ਼ਨ 2. ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂ?
ਉੱਤਰ – ਮਨੁੱਖ ਆਪਣੀ ਬੋਲੀ ਦਾ ਖ਼ਜ਼ਾਨਾ ਆਪਣੇ ਬਚਪਨ ਵਿੱਚ ਹੀ, ਆਪਣੇ ਆਲ਼ੇ – ਦੁਆਲ਼ੇ ਤੋਂ ਭਰਨਾ ਸ਼ੁਰੂ ਕਰ ਦਿੰਦਾ ਹੈ।
ਜਿਸ ਤਰ੍ਹਾਂ ਦੇ ਮਾਹੌਲ ਦੀ ਬੋਲੀ ਵਿੱਚ ਮਨੁੱਖ ਦਾ ਬਾਲਪਣ ਬਤੀਤ ਹੁੰਦਾ ਹੈ, ਉਹੋ ਜਿਹੀ ਉਸ ਦੀ ਬੋਲੀ ਬਣ ਜਾਂਦੀ ਹੈ। ਇਸ ਲਈ ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਪ੍ਰਸ਼ਨ 3 . ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਕੀ ਮਹੱਤਵ ਹੈ?
ਉੱਤਰ – ਬੋਲੀ ਸਾਡੀ ਆਤਮਾ ਦਾ ਚਿੱਤਰ ਹੈ। ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਜਿਸ ਨੂੰ ਵੀ ਅਪਣਾਉਂਦੇ ਹਾਂ, ਉਹ ਸਾਡੀ ਬੋਲੀ ਵਿੱਚੋਂ ਜ਼ਾਹਿਰ ਹੁੰਦਾ ਹੈ।
ਜੇਕਰ ਸਾਡੇ ਅੰਦਰ ਬਹੁਤ ਕੁਝ ਚੰਗਾ ਹੈ ਤਾਂ ਸਾਡੀ ਬੋਲੀ ਫੁੱਲਾਂ ਫਲਾਂ ਨਾਲ ਭਰੇ ਹੋਏ ਬਾਗ ਵਿੱਚ ਆਉਂਦੀ ਸੁਗੰਧ ਭਰੀ ਹਵਾ ਵਰਗੀ ਹੁੰਦੀ ਹੈ। ਬੋਲੀ ਦੇ ਨਾਲ ਹੀ ਇਨਸਾਨ ਇਸ ਸੰਸਾਰ ਵਿੱਚ ਆਪਣਾ ਸਹੀ ਮੁੱਲ ਪੁਆ ਸਕਦਾ ਹੈ।
ਇਹੀ ਉਸਦੀ ਸਫ਼ਲਤਾ – ਅਸਫ਼ਲਤਾ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ। ਸਾਡੇ ਸੁੰਦਰਤਾ ਅਤੇ ਸੁਆਦਾਂ ਦੇ ਖਿਆਲਾਂ, ਅਨੁਭਵਾਂ ਨੂੰ ਚਿਤਰਨ ਦੀ ਸਮਰੱਥਾ ਦਿੰਦੀ ਹੈ। ਅਸੀਂ ਆਪਣੀ ਨਿਰਾਸਤਾ ਦੇ ਹਨੇਰਿਆਂ ਵਿੱਚ ਇਸ ਦੇ ਨਾਲ ਸੁਨਹਿਰੀ ਧੁੱਪ ਚੜ੍ਹਾ ਸਕਦੇ ਹਾਂ।
ਪ੍ਰਸ਼ਨ 4. ‘ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੁਹਰਾਂ ਹੁੰਦੇ ਹਨ’ ਕਥਨ ਦੀ ਵਿਆਖਿਆ ਕਰੋ।
ਉੱਤਰ – ਬੋਲਣ ਵੇਲੇ ਲਫ਼ਜ਼ਾਂ ਦੀ ਚੋਣ ਦਾ ਸਿੱਧਾ ਸੰਬੰਧ ਸਾਡੇ ਹਾਸਿਲ ਤਜਰਬਿਆਂ ਨਾਲ ਹੈ। ਜਿਹੋ ਜਿਹੇ ਤਜਰਬੇ ਅਸੀਂ ਦੋਸਤੀ, ਪਿਆਰ, ਕੁਰਬਾਨੀ, ਗੀਤਾਂ, ਕਹਾਣੀਆਂ, ਹੰਝੂਆਂ, ਹਾਸਿਆਂ ਆਦਿ ਤੋਂ ਹਾਸਿਲ ਕੀਤੇ ਹਨ, ਉਨ੍ਹਾਂ ਦੀ ਸਾਡੇ ਦਿਲ ਤੇ ਗਹਿਰੀ ਛਾਪ ਹੁੰਦੀ ਹੈ।
ਇਹ ਛਾਪ ਸਾਡੇ ਲਫ਼ਜ਼ਾਂ ਵਿੱਚੋਂ ਝਲਕਦੀ ਹੈ ਅਤੇ ਉਹ ਦਿਲ ਦੀ ਦੌਲਤ ਦੀਆਂ ਮੁਹਰਾਂ ਬਣ ਜਾਂਦੇ ਹਨ।
ਪ੍ਰਸ਼ਨ 5 . “ਬੋਲੀ, ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁਣਦੀ ਹੈ।” ਕਥਨ ਦੀ ਪੁਸ਼ਟੀ ਕਰੋ।
ਉੱਤਰ – ਜ਼ਿੰਦਗੀ ਦੀ ਅਮੀਰੀ ਸਾਡੇ ਗਿਆਨ ਅਤੇ ਅਨੁਭਵ ਨਾਲ ਬਣਦੀ ਹੈ। ਹਰ ਲਫ਼ਜ਼ ਕਿਸੇ ਅਨੁਭਵ ਨਾਲ ਸੰਬੰਧਤ ਹੁੰਦਾ ਹੈ।
ਜਿੰਨਾ ਗਿਆਨ ਅਤੇ ਅਨੁਭਵ ਜ਼ਿਆਦਾ ਹੋਵੇਗਾ, ਓਨੀ ਹੀ ਸਾਡੇ ਲਫ਼ਜ਼ਾਂ ਦੀ ਅਮੀਰੀ ਵੀ ਜ਼ਿਆਦਾ ਹੋਵੇਗੀ। ਸਾਡੀ ਬੋਲੀ ਉਸ ਅਮੀਰੀ ਵਿੱਚੋਂ ਹੀ ਆਪਣੇ ਸ਼ਬਦ ਚੁਣੇਗੀ।
ਪ੍ਰਸ਼ਨ 6 . ਬਚਪਨ ‘ਚ ਬੋਲੀ ਦਾ ਖ਼ਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਸਕਦਾ ਹੈ?
ਉੱਤਰ – ਮਨੁੱਖ ਆਪਣੇ ਗਿਆਨ ਅਤੇ ਸ਼ਬਦ ਭੰਡਾਰ ਦੇ ਖਜ਼ਾਨੇ ਦਾ ਵੱਡਾ ਹਿੱਸਾ ਆਪਣੇ ਬਚਪਨ ਵਿੱਚ ਹੀ ਹਾਸਿਲ ਕਰ ਲੈਂਦਾ ਹੈ। ਬਚਪਨ ਜਿਸ ਤਰ੍ਹਾਂ ਦੇ ਚੁਗਿਰਦੇ ਵਿੱਚ ਗੁਜ਼ਰਦਾ ਹੈ, ਉਸ ਤਰ੍ਹਾਂ ਦੀ ਭਾਸ਼ਾ ਬਾਲ ਮਨ ਗ੍ਰਹਿਣ ਕਰ ਲੈਂਦਾ ਹੈ।
ਇਹ ਸ਼ਬਦ – ਭੰਡਾਰ ਜਵਾਨੀ ਅਤੇ ਬੁਢਾਪੇ ਵਿੱਚ ਬਹੁਤ ਕੰਮ ਆਉਂਦਾ ਹੈ। ਜਿਨ੍ਹਾਂ ਦਾ ਸ਼ਬਦ – ਭੰਡਾਰ ਘੱਟ ਭਰਿਆ ਹੋਇਆ ਹੁੰਦਾ ਹੈ, ਉਹ ਲੋਕ ਆਪਣਾ ਮੁੱਲ ਪੂਰਾ ਨਹੀਂ ਪੁਆ ਸਕਦੇ।
ਸਫ਼ਲਤਾ ਉਨ੍ਹਾਂ ਤੋਂ ਕੋਹਾਂ ਦੂਰ ਰਹਿੰਦੀ ਹੈ। ਇੰਞ ਬਚਪਨ ਵਿੱਚ ਬੋਲੀ ਦਾ ਖ਼ਜ਼ਾਨਾ ਸਾਨੂੰ ਪੂਰੇ ਜੀਵਨ ਦੀ ਅਮੀਰੀ ਦੇਣ ਦੀ ਸਮਰੱਥਾ ਰੱਖਦਾ ਹੈ।
ਪ੍ਰਸ਼ਨ 7 . ਮਨੁੱਖੀ ਸ਼ਖ਼ਸੀਅਤ ਲਈ ਤਜਰਬੇ ਅਤੇ ਮੌਕੇ ਦੀ ਕੀ ਦੇਣ ਹੈ ?
ਉੱਤਰ – ਮਨੁੱਖੀ ਸ਼ਖ਼ਸੀਅਤ ਨੂੰ ਤਜਰਬੇ ਅਤੇ ਮੌਕੇ ਅਮੀਰ ਬਣਾਉਂਦੇ ਹਨ ਅਤੇ ਉਸ ਦੀ ਬੋਲੀ ਨੂੰ ਲਿਸ਼ਕਾਉਂਦੇ ਹਨ। ਇਹੀ ਚੀਜ਼ ਉਸਦੀ ਸਫ਼ਲਤਾ ਦਾ ਸੂਤਰ ਬਣਦੀ ਹੈ।