ਬੇਬੇ ਜੀ – ਪਾਠ ਨਾਲ਼ ਸੰਬੰਧਿਤ ਪ੍ਰਸ਼ਨ – ਉੱਤਰ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਨੌਵੀਂ)
ਬੇਬੇ ਜੀ – ਡਾ. ਹਰਪਾਲ ਸਿੰਘ ਪੰਨੂ
ਪ੍ਰਸ਼ਨ 1 . ਲੇਖਕ ਦੇ ਬਚਪਨ ਦਾ ਜੀਵਨ ਕਿਹੋ ਜਿਹਾ ਸੀ ?
ਉੱਤਰ – ਲੇਖਕ ਦੇ ਬਚਪਨ ਦਾ ਜੀਵਨ ਬਹੁਤ ਹੀ ਮੌਜ ਮਸਤੀ ਵਾਲਾ ਸੀ। ਉਸ ਨੂੰ ਆਪਣੀ ਬੇਬੇ ਪਾਸੋਂ ਬਹੁਤ ਪਿਆਰ ਮਿਲਦਾ ਅਤੇ ਜਦੋਂ ਕਦੇ ਬੇਬੇ ਘਰ ਨਾ ਹੁੰਦੀ ਤਾਂ ਉਹ ਚੁੱਪਚਾਪ ਗੁੰਮ – ਸੁੰਮ ਜਿਹਾ ਰਹਿੰਦਾ ਅਤੇ ਉਸਦਾ ਕਿਸੇ ਨਾਲ਼ ਗੱਲ ਕਰਨ ਨੂੰ ਦਿਲ ਵੀ ਨਾ ਕਰਦਾ।
ਬੇਬੇ ਦੇ ਘਰ ਵਿੱਚ ਹੋਣ ਨਾਲ਼ ਹਰ ਦਿਨ – ਰਾਤ ਤਿਉਹਾਰ ਵਾਂਗ ਪ੍ਰਤੀਤ ਹੁੰਦੇ ਸਨ।
ਪ੍ਰਸ਼ਨ 2 . ਪੁੱਤਰ ਦੇ ਘਰੋਂ ਤੁਰਨ ਸਮੇਂ ਮਾਂ – ਪੁੱਤਰ ਦੀ ਆਪਸੀ ਗੱਲ ਬਾਤ ਦਾ ਵਰਣਨ ਕਰੋ।
ਉੱਤਰ – ਇੱਕ ਵਾਰੀ ਪਟਿਆਲੇ ਪੜ੍ਹਦਿਆਂ ਸਮੇਂ ਜਦੋਂ ਲੇਖਕ ਪਟਿਆਲੇ ਦੀ ਬੱਸ ਫੜ੍ਹਨ ਲਈ ਘਰੋਂ ਤੁਰਿਆ ਤਾਂ ਬੇਬੇ ਦੀਆਂ ਅੱਖਾਂ ਵਿੱਚ ਅੱਥਰੂ ਦੇਖ ਕੇ ਉਸ ਨੇ ਬੇਬੇ ਨੂੰ ਕਿਹਾ ਕਿ ਉਹ ਕੋਈ ਸਰਹੱਦ ਉੱਤੇ ਕੱਟੇ – ਵੱਛੇ ਲੜ੍ਹਨ ਲਈ ਨਹੀਂ ਜਾਂਦੇ।
ਪਸ਼ੂ – ਪੰਛੀ ਵੀ ਆਪਣੇ ਬੱਚਿਆਂ ਨੂੰ ਅੱਖੋਂ ਓਹਲੇ ਨਹੀਂ ਹੋਣ ਦਿੰਦੇ, ਉਨ੍ਹਾਂ ਨੂੰ ਦੂਰ ਜਾਂਦਿਆਂ ਦੇਖ ਕੇ ਕੁਰਲਾਉਂਦੇ ਹਨ। ਬੇਬੇ ਕਹਿੰਦੀ ਹੈ ਕਿ ਸ਼ਾਇਦ ਉਹ ਉਸ ਦੀ ਗੱਲ ਨੂੰ ਨਾ ਸਮਝ ਸਕੇ ਕਿਉਂਕਿ ਉਹ ਇੱਕ ਮਾਂ ਨਹੀਂ ਹੈ।
ਪ੍ਰਸ਼ਨ 3 . ਲੇਖਕ ਦੇ ਪਰਿਵਾਰ ਦੀ ਉਸ ਦੇ ਨਾਨਕੇ ਔਕੜ ਸਮੇਂ ਕਿਵੇਂ ਮੱਦਦ ਕਰਦੇ ਸਨ ?
ਉੱਤਰ – ਲੇਖਕ ਦੇ ਮਾਮੇ ਚੰਗੇ ਵਾਹੀਕਾਰ ਸਨ। ਉਨ੍ਹਾਂ ਕੋਲ ਪੰਜਾਹ ਏਕੜ ਜ਼ਮੀਨ ਸੀ। ਜਦੋਂ ਕਦੀ ਵੇਲੇ ਸਿਰ ਲੇਖਕ ਦੀ ਮਾਂ ਬੱਚਿਆਂ ਲਈ ਨਵੇਂ ਕੱਪੜੇ ਜਾਂ ਕਾਪੀਆਂ ਕਿਤਾਬਾਂ ਨਾ ਖਰੀਦ ਸਕਦੀ ਤਾਂ ਉਹ ਆਪਣੇ ਪੇਕਿਆਂ ਜਾ ਕੇ ਪੈਸੇ ਲੈ ਆਉਂਦੀ।
ਲੇਖਕ ਦੇ ਮਾਮੇ ਦੁੱਧੋਂ ਹਟੀ ਗਾਂ ਜਾਂ ਮੱਝ ਲੈ ਜਾਂਦੇ ਅਤੇ ਤਾਜੀ ਸੂਈ ਮੱਝ ਜਾਂ ਗਾਂ ਛੱਡ ਜਾਂਦੇ, ਜਿਸ ਕਰਕੇ ਲੇਖਕ ਹੋਰਾਂ ਨੂੰ ਦੁੱਧ, ਘਿਓ ਦੀ ਕੋਈ ਕਮੀ ਨਾ ਰਹਿੰਦੀ।
ਪ੍ਰਸ਼ਨ 4 . ਲੇਖਕ ਦੇ ਘਰ ਦੀ ਲਿੱਪਾ – ਪੋਚੀ ਅਤੇ ਸਜਾਵਟ ਦਾ ਕੰਮ ਕਿਵੇਂ ਕੀਤਾ ਜਾਂਦਾ ਸੀ ?
ਉੱਤਰ – ਦੁਸਹਿਰੇ ਤੋਂ ਪਹਿਲਾਂ ਲੇਖਕ ਦੇ ਕੱਚੇ ਘਰ ਦੀ ਲਿੱਪਾ – ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ ਸੀ। ਸਾਰੇ ਰਲ ਮਿਲ ਕੇ ਕੰਮ ਕਰਦੇ। ਕੰਧਾਂ ਉੱਪਰ ਪਾਂਡੂ ਦਾ ਪਰੋਲਾ ਫਿਰਦਾ ਅਤੇ ਫ਼ਰਸ਼ ਗਾਰੇ ਨਾਲ਼ ਲਿਪਿਆ ਜਾਂਦਾ।
ਕੋਈ ਗਾਰੇ ਵਿੱਚ ਪਾਣੀ ਪਾ ਰਿਹਾ ਹੁੰਦਾ ਅਤੇ ਕੋਈ ਕਹੀ ਨਾਲ਼ ਗੋਹਾ, ਤੂੜੀ ਗਾਰੇ ਵਿੱਚ ਮਿਲਾਉਂਦਾ। ਲੇਖਕ ਦਾ ਬਾਪੂ ਕੰਧਾਂ ਉੱਪਰ ਟੰਗਣ ਲਈ ਤਸਵੀਰਾਂ ਲਿਆਉਂਦਾ ਸੀ।
ਪ੍ਰਸ਼ਨ 5 . ਔਖਾ ਕੰਮ ਨੇਪਰੇ ਚਾੜ੍ਹਨ ਲਈ ਬੇਬੇ ਆਪਣੇ ਪੁੱਤਰਾਂ ਨੂੰ ਕੀ ਸੰਦੇਸ਼ ਦਿੰਦੀ ?
ਉੱਤਰ – ਔਖਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਬੇਬੇ ਨਾਲ਼ ਉਸ ਬਾਰੇ ਜ਼ਿਕਰ ਕਰਨਾ ਤਾਂ ਬੇਬੇ ਨੇ ਉਨ੍ਹਾਂ ਨੂੰ ਸਮਝਾਉਂਦਿਆਂ ਕਹਿਣਾ ਕਿ ਮੱਖੀਆਂ ਤੋਂ ਡਰਦਿਆਂ ਲੋਕਾਂ ਨੇ ਸ਼ਹਿਦ ਖਾਣਾ ਨਹੀਂ ਛੱਡਿਆ।
ਦੁਲੱਤੇ ਮਾਰਨ ਵਾਲੀਆਂ ਗਾਵਾਂ ਦਾ ਦੁੱਧ ਚੋਣੋਂ ਅਸੀਂ ਨਹੀਂ ਹਟੇ। ਕੰਡਿਆਈ ਹੋਣ ਦੇ ਬਾਵਜੂਦ ਵੀ ਅਸੀਂ ਤੂੜੀ ਵਿੱਚੋਂ ਕਣਕ ਦੇ ਦਾਣੇ ਕੱਢਦੇ ਹਾਂ।
ਜੁਆਨੀ ਦੇ ਦਿਨਾਂ ਵਿੱਚ ਵਧੇਰੇ ਤਾਕਤ ਹੁੰਦੀ ਹੈ। ਜੇਕਰ ਪਿਆਸ ਲੱਗੀ ਹੈ ਪਰ ਪਾਣੀ ਨਹੀਂ ਤਾਂ ਖੂਹ ਪੁੱਟ ਕੇ ਪਾਣੀ ਪੀਓ। ਜੇਕਰ ਰੱਬ ਸਾਥ ਦੇਵੇ ਤਾਂ ਕੋਈ ਵੀ ਚੀਜ਼ ਔਖੀ ਨਹੀਂ।
ਪ੍ਰਸ਼ਨ 6 . ਇਸ ਪਾਠ ਵਿੱਚ ਬੇਬੇ ਜਿੰਦਰਾ ਅਤੇ ਕੁੰਜੀਆਂ ਸ਼ਬਦ ਕਿਨ੍ਹਾਂ ਲਈ ਵਰਤਦੀ ਹੈ ?
ਉੱਤਰ – ਇਸ ਪਾਠ ਵਿੱਚ ਬੇਬੇ, ‘ਜਿੰਦਰਾ’ ਸ਼ਬਦ ਆਪਣੇ ਲਈ ਵਰਤਦੀ ਹੈ ਅਤੇ ‘ਕੁੰਜੀਆਂ’ ਸ਼ਬਦ ਆਪਣੇ ਬੱਚਿਆਂ ਲਈ ਵਰਤਦੀ ਹੈ, ਕਿਉਂਕਿ ਬੱਚਿਆਂ ਦੇ ਆਉਣ ਨਾਲ਼ ਹੀ ਮਾਂ ਰੂਪੀ ਜਿੰਦਰਾ ਖੁੱਲ੍ਹ ਕੇ ਖੁਸ਼ੀਆਂ ਅਤੇ ਹਾਸੇ ਪ੍ਰਾਪਤ ਕਰਦਾ ਹੈ।
ਬਜ਼ੁਰਗਾਂ ਨੂੰ ਵੈਸੇ ਵੀ ਘਰ ਦਾ ਜਿੰਦਰਾ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਸਿਰ ਉੱਤੇ ਘਰ ਦਾ ਕੋਈ ਫ਼ਿਕਰ ਨਹੀਂ ਹੁੰਦਾ।
ਪ੍ਰਸ਼ਨ 7 . ਬੇਬੇ ਆਪਣੇ ਪੁੱਤਰਾਂ ਅਤੇ ਰਿਸ਼ਤੇਦਾਰਾਂ ਵਿਚਕਾਰ ਇੱਕ ਕੜੀ ਦਾ ਕੰਮ ਕਿਵੇਂ ਕਰਦੀ ਹੈ ?
ਉੱਤਰ – ਪਿੰਡ ਵਿੱਚ ਰਹਿਣ ਕਰਕੇ ਬੇਬੇ ਨੂੰ ਮਿਲਣ ਲਈ ਉਸਦੇ ਪੁੱਤਰ, ਰਿਸ਼ਤੇਦਾਰ ਉਸ ਨੂੰ ਮਿਲਣ ਲਈ ਜਾਂਦੇ ਹਨ ਅਤੇ ਆਪਸ ਵਿੱਚ ਵੀ ਉਹ ਮਿਲ ਲੈਂਦੇ ਹਨ।
ਬੇਬੇ ਹੀ ਇੱਕ ਅਜਿਹੀ ਕੜੀ ਹੈ ਜਿਸ ਕਰਕੇ ਸਾਰੇ ਬੇਬੇ ਨੂੰ ਮਿਲਣ ਦੇ ਬਹਾਨੇ ਇਕੱਠੇ ਹੋ ਜਾਂਦੇ ਹਨ। ਉਸਨੂੰ ਲੱਗਦਾ ਹੈ ਕਿ ਜਦੋਂ ਉਹ ਨਹੀਂ ਰਹੇਗੀ ਤਾਂ ਇੱਕ ਰਾਜਧਾਨੀ ਟੁੱਟ ਜਾਏਗੀ।
ਪ੍ਰਸ਼ਨ 8 .”ਜਦੋਂ ਬੇਬੇ, ਬਾਪੂ ਨਾ ਰਹੇ, ਉਦੋਂ ਵੀ ਆਇਆ ਕਰੋਗੇ ਹੁਣ ਵਾਂਗ?” ਇਹ ਸ਼ਬਦ ਕਿਸਨੇ, ਕਿਸ ਨੂੰ ਅਤੇ ਕਦੋਂ ਕਹੇ ?
ਉੱਤਰ – ਉਪਰੋਕਤ ਸ਼ਬਦ ਲੇਖਕ ਦੇ ਛੋਟੇ ਭਰਾ ਨੇ ਆਪਣੇ ਵੱਡੇ ਭਰਾਵਾਂ ਨੂੰ ਉਸ ਵਕਤ ਕਹੇ ਜਦੋਂ ਉਹ ਬੇਬੇ ਅਤੇ ਬਾਪੂ ਨੂੰ ਮਿਲਣ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਵਾਪਸ ਪਰਤਣ ਲੱਗੇ।
ਉਸ ਨੇ ਮਹਿਸੂਸ ਕੀਤਾ ਕਿ ਸ਼ਾਇਦ ਜਿੰਨਾ ਚਿਰ ਬੇਬੇ ਬਾਪੂ ਜੀਉਂਦੇ ਹਨ, ਭਰਾਵਾਂ ਦਾ ਮੋਹ – ਪਿਆਰ ਉਨ੍ਹਾਂ ਚਿਰ ਹੀ ਹੈ, ਕਿਉਂਕਿ ਅਜੋਕੇ ਦੌਰ ਦੇ ਵਿੱਚ ਕਿਸੇ ਕੋਲ਼ ਏਨਾਂ ਸਮਾਂ ਕਿੱਥੇ ਹੈ ?
ਪ੍ਰਸ਼ਨ 9 . ਲੇਖਕ ਨੂੰ ਸੁਫ਼ਨੇ ਵਿੱਚ ਬੇਬੇ ਕੀ ਕੰਮ ਕਰਦੀ ਨਜ਼ਰ ਆਉਂਦੀ ਹੈ, ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ – ਲੇਖਕ ਆਪਣੀ ਬੇਬੇ ਨਾਲ਼ ਬਹੁਤ ਪਿਆਰ ਕਰਦਾ ਹੈ। ਉਸ ਦੇ ਸੁਫ਼ਨਿਆਂ ਵਿੱਚ ਬੇਬੇ ਕਦੀ ਖੇਤਾਂ ਵਿੱਚ ਮਿਰਚਾਂ ਤੋੜਦੀ, ਕਦੇ ਕਪਾਹ ਚੁੱਗਦੀ, ਕਦੇ ਕੱਟਿਆਂ – ਵੱਛਿਆਂ ਦੀਆਂ ਬੂਥੀਆਂ ਪਲੋਸਦੀ, ਕਦੇ ਮੱਝਾਂ ਨੂੰ ਥਾਪੀਆਂ ਦਿੰਦੀ, ਫਟੇ ਪੁਰਾਣੇ ਟਾਕੀਆਂ ਵਾਲ਼ੇ ਖੱਦਰ ਦੇ ਕੱਪੜੇ ਪਾਈ ਮਿੱਟੀ ਘੱਟੇ ਵਿੱਚ ਲੱਥ – ਪੱਥ ਝਾੜੂ ਦਿੰਦੀ ਅਤੇ ਪਾਥੀਆਂ ਪੱਥਦੀ ਨਜ਼ਰ ਆਉਂਦੀ।