CBSEEducationNCERT class 10thPunjab School Education Board(PSEB)

ਬਾਗ਼ੀ ਦੀ ਧੀ : ਸੰਖੇਪ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. “ਮੇਰੇ ਲਈ ਇੱਕੋ ਗੱਲ ਹੈ। ਥਾਣਿਆਂ ਦੀਆਂ ਹਵਾਲਾਤਾਂ ਵਿੱਚ ਵੀ ਬਥੇਰੀਆਂ ਪੱਸਲੀਆਂ ਘਸਾਈਆਂ ਹਨ।” ਕਿਸ਼ਨ ਸਿੰਘ ਨੇ ਇਹ ਸ਼ਬਦ ਕਿਉਂ ਕਹੇ?

ਉੱਤਰ : ਇਹ ਸ਼ਬਦ ਕਿਸ਼ਨ ਸਿੰਘ ਨੇ ਥਾਣੇਦਾਰ ਨੂੰ ਉਦੋਂ ਕਹੇ, ਜਦੋਂ ਉਹ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਆਇਆ ਕਹਿ ਰਿਹਾ ਸੀ ਕਿ ਉਹ ਛੇਤੀ ਉਨ੍ਹਾਂ ਨਾਲ ਤੁਰ ਪਏ, ਕਿਉਂਕਿ ਜੇਕਰ ਇੱਥੇ ਦੇਰ ਹੋ ਗਈ, ਤਾਂ ਰਾਤ ਉਸ ਨੂੰ ਜੇਲ੍ਹ ਦੀ ਥਾਂ ਥਾਣੇ ਦੀ ਹਵਾਲਾਤ ਵਿੱਚ ਰਹਿਣਾ ਪਵੇਗਾ, ਜਿੱਥੇ ਕੈਦੀ ਨੂੰ ਕੋਈ ਸਹੂਲਤ ਨਹੀਂ ਮਿਲਦੀ ਤੇ ਜੇਲ੍ਹ ਦੇ ਮੁਕਾਬਲੇ ਰਾਤ ਔਖੀ ਹੋ ਕੇ ਕੱਟਣੀ ਪੈਂਦੀ ਹੈ। ਇਹ ਸੁਣ ਕੇ ਕਿਸ਼ਨ ਸਿੰਘ ਨੇ ਕਿਹਾ ਕਿ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਸ ਲਈ ਦੋਵੇਂ ਥਾਂਵਾਂ ਇੱਕੋ ਜਿਹੀਆਂ ਹਨ। ਉਸ ਨੇ ਜੇਲ੍ਹਾਂ ਵੀ ਕੱਟੀਆਂ ਹਨ ਤੇ ਹਵਾਲਾਤਾਂ ਦੇ ਦੁੱਖ ਵੀ ਸਹੇ ਹਨ। ਦੇਸ਼ ਦੀ ਖ਼ਾਤਰ ਸੰਘਰਸ਼ ਕਰਨ ਵਾਲਾ ਹੋਣ ਕਰਕੇ ਉਹ ਇਨ੍ਹਾਂ ਗੱਲਾਂ ਦੀ ਪਰਵਾਹ ਨਹੀਂ ਕਰਦਾ।

ਪ੍ਰਸ਼ਨ 2. ਪੁਲਿਸ ਇੰਸਪੈਕਟਰ ਨਾਲ ਜਾਣ ਸਮੇਂ ਕਿਸ਼ਨ ਸਿੰਘ ਦਾ ਧਿਆਨ ਕਿਸ ਵਲ ਸੀ ਤੇ ਕਿਉਂ?

ਉੱਤਰ : ਇਸ ਸਮੇਂ ਕਿਸ਼ਨ ਸਿੰਘ ਦਾ ਧਿਆਨ ਲਾਜ ਦੀ ਬਿਮਾਰੀ ਕਾਰਨ ਆਪਣੀ ਪਤਨੀ ਵਲ ਸੀ। ਉਹ ਚਾਹੁੰਦਾ ਸੀ ਕਿ ਜੇਲ੍ਹ ਜਾਣ ਸਮੇਂ ਜੇਕਰ ਉਸ ਦੀ ਪਤਨੀ ਉਸਦੇ ਸਾਹਮਣੇ ਘਰ ਵਿੱਚ ਹੋਵੇ, ਤਾਂ ਉਹ ਵਧੇਰੇ ਬੇਫ਼ਿਕਰੀ ਨਾਲ ਜੇਲ੍ਹ ਜਾ ਸਕਦਾ ਹੈ। ਉਸ ਨੂੰ ਨਹੀਂ ਸੀ ਪਤਾ ਕਿ ਉਸ ਦੀ ਪਤਨੀ ਵੀ ਇਸਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਗਈ ਹੋਈ ਹੈ।

ਪ੍ਰਸ਼ਨ 3. ਪਿਤਾ ਦੇ ਜੇਲ੍ਹ ਜਾਣ ‘ਤੇ ਲਾਜ ਨੇ ਆਪਣੀ ਭੂਆ ਵੀਰਾਂ ਵਾਲੀ ਨੂੰ ਕੀ ਕਿਹਾ?

ਉੱਤਰ : ਪਿਤਾ ਦੇ ਜੇਲ੍ਹ ਜਾਣ ‘ਤੇ ਲਾਜ ਨੇ ਵੀਰਾਂ ਵਾਲੀ ਨੂੰ ਕਿਹਾ ਕਿ ਬੁਖ਼ਾਰ ਤੋਂ ਰਾਜੀ ਹੋ ਕੇ ਉਹ ਵੀ ਪਿਤਾ ਜੀ ਕੋਲ ਜੇਲ੍ਹ ਚਲੀ ਜਾਵੇਗੀ। ਉਸ ਨੇ ਕਿਹਾ ਕਿ ਆਪਣੇ ਮੁਲਕ ਵਾਸਤੇ ਜੇਲ੍ਹ ਜਾਣਾ ਕੋਈ ਮਾੜੀ ਫੁੱਲ ਨਹੀਂ। ਇਹ ਸੁਣ ਕੇ ਜਦੋਂ ਭੂਆ ਨੇ ਕਿਹਾ ਕਿ ਉਸ ਦੀ ਉਮਰ ਅਜੇ ਬਾਰਾਂ ਸਾਲਾਂ ਦੀ ਵੀ ਨਹੀਂ ਹੋਈ, ਤਾਂ ਉਸ ਨੇ ਪਿਤਾ ਕਿਸ਼ਨ ਸਿੰਘ ਨੂੰ ਕਿਹਾ ਕਿ ਉਹ ਭੂਆ ਜੀ ਨੂੰ ਦੱਸਣ ਕਿ ਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਸੀ। ਉਹ ਤਾਂ ਇਸ ਉਮਰ ਵਿੱਚ ਸ਼ਹੀਦ ਵੀ ਹੋ ਗਏ ਸਨ, ਤਾਂ ਕੀ ਉਹ ਵੀ ਜੇਲ੍ਹ ਨਹੀਂ ਜਾ ਸਕਦੀ।

ਪ੍ਰਸ਼ਨ 4. ਵੀਰਾਂ ਵਾਲੀ ਦੀ ਮੌਤ ਦਾ ਕਾਰਨ ਕੀ ਸੀ?

ਉੱਤਰ : ਆਪਣੇ ਪਤੀ ਦੇ ਹੱਠ ਅੱਗੇ ਪੇਸ਼ ਨਾ ਜਾਣ ਕਰਕੇ ਵੀਰਾਂ ਵਾਲੀ ਹੰਝੂਆਂ ਭਰੀਆਂ ਅੱਖਾਂ ਨਾਲ ਲਾਜ ਨੂੰ ਗਲੀ ਵਿੱਚ ਖੇਡਦਿਆਂ ਛੱਡ ਕੇ ਪਤੀ ਨਾਲ ਚਲੀ ਗਈ ਸੀ। ਫਿਰ ਜਦੋਂ ਇਕ ਸਾਲ ਤੇ ਦੋ ਮਹੀਨਿਆਂ ਮਗਰੋਂ ਵੀਰਾਂ ਵਾਲੀ ਦੀ ਕਿਸ਼ਨ ਸਿੰਘ ਨਾਲ ਜੇਲ੍ਹ ਵਿੱਚ ਮੁਲਾਕਾਤ ਹੋਈ ਤੇ ਕਿਸ਼ਨ ਸਿੰਘ ਨੇ ਉਸ ਨੂੰ ਲਾਜ ਬਾਰੇ ਪੁੱਛਿਆ ਤੇ ਉਸ ਨੇ ਕਿਹਾ ਕਿ ਉਹ ਤਾਂ ਉਸ ਕੋਲ ਅਮਾਨਤ ਛੱਡ ਆਏ ਸਨ, ਤਾਂ ਵੀਰਾਂ ਦੇ ਮਨ ਉੱਤੇ ਡੂੰਘੀ ਸੱਟ ਵੱਜੀ ਸੀ। ਉਸ ਨੇ ਆਪਣੇ ਪਤੀ ਤੋਂ ਕਿਸ਼ਨ ਸਿੰਘ ਨਾਲ ਮੁਲਾਕਾਤ ਦਾ ਭੇਤ ਲੁਕਾਉਣ ਵਿੱਚ ਤਾਂ ਸਫਲਤਾ ਪ੍ਰਾਪਤ ਕਰ ਲਈ ਸੀ, ਪਰ ਭਰਾ ਦੀ ਅਮਾਨਤ ਵਿਚ ਖ਼ਿਆਨਤ ਹੋਣ ਦਾ ਸਦਮਾ ਉਹ ਨਾ ਸਹਾਰ ਸਕੀ ਤੇ ਉਹ ਇਸ ਸਦਮੇ ਨਾਲ ਹੀ ਮਰ ਗਈ।

ਪ੍ਰਸ਼ਨ 5. ਹੁਸ਼ਨਾਕ ਸਿੰਘ ਆਪਣੇ ਸਾਲੇ ਦੀ ਧੀ ਲਾਜ ਨੂੰ ਆਪਣੇ ਘਰ ਕਿਉਂ ਨਹੀਂ ਸੀ ਰੱਖਣਾ ਚਾਹੁੰਦਾ?

ਉੱਤਰ : ਹੁਸ਼ਨਾਕ ਸਿੰਘ ਇੱਕ ਫ਼ੌਜੀ ਸੀ ਤੇ ਉਸ ਨੂੰ ਸੂਬੇਦਾਰ ਮੇਜਰ ਬਣਨ ਦੀ ਆਸ ਸੀ। ਉਸ ਨੂੰ ਡਰ ਸੀ ਕਿ ਜੇਕਰ ਸਰਕਾਰ ਨੂੰ ਪਤਾ ਲੱਗ ਗਿਆ ਕਿ ਉਸ ਦੇ ਰਿਸ਼ਤੇਦਾਰ ਸਰਕਾਰ ਤੋਂ ਬਾਗ਼ੀ ਹਨ ਜਾਂ ਬਾਗ਼ੀਆਂ ਦੀ ਧੀ ਉਨ੍ਹਾਂ ਦੇ ਘਰ ਰਹਿ ਰਹੀ ਹੈ, ਤਾਂ ਉਸ ਦੀ ਤਰੱਕੀ ਰੁਕ ਜਾਵੇਗੀ। ਇਸੇ ਕਰਕੇ ਉਹ ਆਪਣੇ ਸਾਲੇ ਕਿਸ਼ਨ ਸਿੰਘ ਤੇ ਉਸ ਦੀ ਪਤਨੀ ਸ਼ਰਨ ਦੀ ਧੀ ਨੂੰ ਆਪਣੇ ਘਰ ਨਹੀਂ ਸੀ ਰੱਖਣਾ ਚਾਹੁੰਦਾ, ਕਿਉਂਕਿ ਉਹ ਦੋਵੇਂ ਸਰਕਾਰ ਤੋਂ ਬਾਗ਼ੀ ਸਨ ਅਤੇ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿੱਚ ਹਿੱਸਾ ਲੈਣ ਕਰਕੇ ਸਰਕਾਰ ਨੇ ਉਨ੍ਹਾਂ ਨੂੰ ਜੇਲ੍ਹ ਵਿੱਚ ਡੱਕਿਆ ਹੋਇਆ ਸੀ।

ਪ੍ਰਸ਼ਨ 6. ਕਿਸ਼ਨ ਸਿੰਘ ਨੇ ਬੀਬੀਆਂ ਨੂੰ ਜੇਲ੍ਹ ਅੰਦਰ ਝੰਡਾ ਨਾ ਲਹਿਰਾਉਣ ਬਾਰੇ ਕਿਵੇਂ ਸਮਝਾਇਆ?

ਉੱਤਰ : ਜੇਲ੍ਹ ਦੇ ਦਰਵਾਜੇ ਅੱਗੇ ਪਹੁੰਚ ਕੇ ਬੀਬੀਆਂ ਦਾ ਪੁਲਿਸ ਨਾਲ ਝੰਡੇ ਸੰਬੰਧੀ ਝਗੜਾ ਛਿੜ ਪਿਆ। ਬੀਬੀਆਂ ਕਹਿ ਰਹੀਆਂ ਸਨ ਕਿ ਉਹ ਜੇਲ੍ਹ ਦੀ ਬੈਰਕ ਉੱਤੇ ਕੌਮੀ ਝੰਡਾ ਲਾਉਣ ਲਈ ਅੰਦਰ ਨਾਲ ਲੈ ਜਾਣਗੀਆਂ। ਕਿਸ਼ਨ ਸਿੰਘ ਨੇ ਇਸ ਸਮੇਂ ਬੀਬੀਆਂ ਨੂੰ ਸਮਝਾਇਆ ਕਿ ਉਨ੍ਹਾਂ ਝੰਡੇ ਪ੍ਰਤੀ ਆਪਣਾ ਕਾਫ਼ੀ ਵਿਸ਼ਵਾਸ ਪ੍ਰਗਟ ਕਰ ਲਿਆ ਹੈ। ਖੁੱਲ੍ਹ ਦੀ ਹਾਲਤ ਵਿੱਚ ਉਨ੍ਹਾਂ ਉਸ ਦੀ ਬੇਅਦਬੀ ਨਹੀਂ ਹੋਣ ਦਿੱਤੀ, ਪਰ ਹੁਣ ਉਹ ਕੈਦ ਹਨ। ਜੇਕਰ ਉਨ੍ਹਾਂ ਬੈਰਕ ਉੱਤੇ ਝੰਡਾ ਲਾ ਵੀ ਲਿਆ, ਤਾਂ ਜੇਲ੍ਹ ਦੇ ਕਰਮਚਾਰੀ ਉਨ੍ਹਾਂ ਨੂੰ ਬੈਰਕ ਵਿੱਚ ਬੰਦ ਕਰਨ ਮਗਰੋਂ ਝੰਡਾ ਪਾੜ ਦੇਣਗੇ। ਇਸ ਲਈ ਉਹ ਇਹ ਝਗੜਾ ਛੱਡ ਦੇਣ। ਅਖ਼ੀਰ ਫ਼ੈਸਲਾ ਹੋਇਆ ਕਿ ਝੰਡੇ ਨੂੰ ਅਦਬ ਨਾਲ ਕਾਂਗਰਸ ਦੇ ਦਫ਼ਤਰ ਵਿੱਚ ਪੁਚਾ ਦਿੱਤਾ ਜਾਵੇ।

ਪ੍ਰਸ਼ਨ 7. ਆਪਣੇ ਪਿਤਾ ਕਿਸ਼ਨ ਸਿੰਘ ਦੇ ਜੇਲ੍ਹ ਜਾਣ ਤੋਂ ਪਹਿਲਾਂ ਬਿਮਾਰ ਪਈ ਲਾਜ ਨੇ ਕੀ ਸ਼ਬਦ ਕਹੇ?

ਉੱਤਰ : ਜੇਲ੍ਹ ਜਾਣ ਲਈ ਤਿਆਰ ਹੋ ਰਹੇ ਕਿਸ਼ਨ ਸਿੰਘ ਨੇ ਬਿਮਾਰ ਪਈ ਲਾਜ ਨੂੰ ਕਿਹਾ ਕਿ ਜੇਕਰ ਉਹ ਬਿਮਾਰ ਨਾ ਹੁੰਦੀ, ਤਾਂ ਉਸ ਨੇ ਹੁਣ ਤਕ ਜੇਲ੍ਹ ਚਲੇ ਜਾਣਾ ਸੀ। ਇਹ ਸੁਣ ਕੇ ਲਾਜ ਨੇ ਕਿਹਾ ਕਿ ਫਿਰ ਤਾਂ ਉਹ ਮਾੜੀ ਕੁੜੀ ਹੋਈ, ਜਿਸ ਨੇ ਉਨ੍ਹਾਂ ਦੇ ਕੰਮ ਵਿੱਚ ਰੋਕ ਪਾਈ ਹੈ। ਕਿਸ਼ਨ ਸਿੰਘ ਨੇ ਕਿਹਾ ਕਿ ਇਸ ਵਿੱਚ ਉਸ ਦਾ ਕੋਈ ਕਸੂਰ ਨਹੀਂ, ਕਿਉਂਕਿ ਬਿਮਾਰੀ ਉਸ ਦੇ ਵੱਸ ਦੀ ਗੱਲ ਨਹੀ ਹੈ। ਫਿਰ ਜਦੋਂ ਉਸ ਨੇ ਕਿਹਾ ਕਿ ਉਨ੍ਹਾਂ ਦੇ ਸਾਰੇ ਆਗੂ ਤੇ ਸਾਥੀ ਫੜੇ ਗਏ ਹਨ ਤੇ ਉਸ ਨੂੰ ਵੀ ਕੋਈ ਉਜਰ ਨਹੀਂ, ਭਾਵੇਂ ਹੁਣੇ ਫੜ ਲੈਣ। ਇਹ ਸੁਣ ਕੇ ਲਾਜ ਨੇ ਬੜੇ ਹੌਂਸਲੇ ਨਾਲ ਪਿਤਾ ਦੀ ‘ਹਾਂ’ ਵਿੱਚ ‘ਹਾਂ’ ਮਿਲਾਈ ਤੇ ਕਿਹਾ ਕਿ ਉਸ ਨੂੰ ਵੀ ਉਨ੍ਹਾਂ ਦੇ ਫੜੇ ਜਾਣ ਦਾ ਕੋਈ ਡਰ ਜਾਂ ਫ਼ਿਕਰ ਨਹੀਂ।


ਬਾਗ਼ੀ ਦੀ ਧੀ