CBSEEducationKavita/ਕਵਿਤਾ/ कविताNCERT class 10thPunjab School Education Board(PSEB)

ਫੜਿਆ ਪੰਧ ਹੋਈ………..ਹੋਗਸੁ ਕੈਦ ਫਰੰਗੋਂ।


ਕਿੱਸਾ ਸੱਸੀ ਪੁੰਨੂੰ : ਹਾਸ਼ਮ ਸ਼ਾਹ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਫੜਿਆ ਪੰਧ ਹੋਈ ਤਦ ਪਾਂਧਣ, ਟੁੱਟ ਗਈ ਡੋਰ ਪਤੰਗੋਂ।

ਸੱਸੀ ਉਹ ਨਾ ਧਰਦੀ ਆਹੀ, ਭੁਇੰ ਪਰ ਪੈਰ ਪਲੰਘੋਂ।

ਦਿਲ ਤੋਂ ਖ਼ਉਫ਼ ਉਤਾਰ ਸਿਧਾਈ, ਵਾਗੂੰ ਸ਼ੇਰ ਪਲੰਗੋਂ।

ਹਾਸ਼ਮ ਜੇ ਦਮ ਜਾਣੁ ਖ਼ਲਾਸੀ, ਹੋਗਸੁ ਕੈਦ ਫਰੰਗੋਂ ।

ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਸੱਸੀ-ਪੁੰਨੂੰ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਉਸ ਘਟਨਾ ਨੂੰ ਬਿਆਨ ਕੀਤਾ ਹੈ, ਜਦੋਂ ਸੱਸੀ ਵਿਛੜੇ ਪੁੰਨੂੰ ਦੀ ਭਾਲ ਕਰਨ ਲਈ ਤਪਦੇ ਮਾਰੂਥਲ ਵਲ ਤੁਰ ਪੈਂਦੀ ਹੈ।

ਵਿਆਖਿਆ : ਸੱਸੀ ਨੇ ਮਾਰੂਥਲ ਦਾ ਰਸਤਾ ਫੜ ਲਿਆ ਤੇ ਉਹ ਪਰਦੇਸਣ ਬਣ ਗਈ। ਇਸ ਪ੍ਰਕਾਰ ਉਸ ਦੀ ਹਾਲਤ ਡੋਰ ਨਾਲੋਂ ਟੁੱਟੀ ਪਤੰਗ ਵਰਗੀ ਸੀ। ਸੱਸੀ ਜਿਸ ਨੇ ਕਦੇ ਪਲੰਘ ਤੋਂ ਪੈਰ ਹੇਠਾਂ ਨਹੀਂ ਸੀ ਧਰਿਆ, ਅੱਜ ਮਾਰੂਥਲ ਦੀ ਤਪਦੀ ਰੇਤ ਨੂੰ ਤੁਰ ਕੇ ਪਾਰ ਕਰਨ ਲਈ ਤਿਆਰ ਹੋ ਗਈ ਸੀ। ਉਹ ਆਪਣੇ ਦਿਲ ਤੋਂ ਖ਼ੌਫ਼ ਲਾਹ ਕੇ ਇਸ ਤਰ੍ਹਾਂ ਹੀ ਚਲ ਪਈ, ਜਿਵੇਂ ਸ਼ੇਰ ਜਾਂ ਚੀਤਾ ਖ਼ੌਫ਼ ਉਤਾਰ ਕੇ ਚਲਦਾ ਹੈ। ਹਾਸ਼ਮ ਸ਼ਾਹ ਕਹਿੰਦਾ ਹੈ ਕਿ ਉਹ (ਸੱਸੀ) ਸੋਚ ਰਹੀ ਸੀ ਕਿ ਜੇਕਰ ਇਸ ਮੁਹਿੰਮ ਵਿੱਚ ਉਸ ਦੇ ਦਮ ਵੀ ਨਿਕਲ ਗਏ, ਤਾਂ ਉਹ ਬਿਰਹੋਂ ਦੇ ਦੁੱਖ ਤੋਂ ਇਸ ਪ੍ਰਕਾਰ ਹੀ ਮੁਕਤ ਹੋ ਜਾਵੇਗੀ, ਜਿਵੇਂ ਕੋਈ ਅੰਗਰੇਜ਼ ਦੀ ਕੈਦ ਵਿੱਚੋਂ ਮੁਕਤ ਹੁੰਦਾ ਹੈ।