CBSEEducationPunjab School Education Board(PSEB)ਪੈਰ੍ਹਾ ਰਚਨਾ (Paragraph Writing)

ਪੜ੍ਹਨ ਦਾ ਸ਼ੌਕ : ਪੈਰਾ ਰਚਨਾ


ਪੜ੍ਹਨਾ ਇੱਕ ਲਾਭਦਾਇਕ ਸ਼ੌਕ ਹੈ। ਸਰੀਰਿਕ ਕੰਮ ਕਰਨ ਵਾਲਿਆਂ ਲਈ ਪੁਸਤਕਾਂ ਆਦਿ ਪੜ੍ਹਨਾ ਇੱਕ ਵਧੀਆ ਦਿਲ-ਪਰਚਾਵਾ ਹੈ ਪਰ ਦਿਮਾਗੀ ਕੰਮ ਕਰਨ ਵਾਲ਼ਿਆਂ ਲਈ ਵੀ ਇਸ ਦਿਲ-ਪਰਚਾਵੇ ਦੀ ਕੋਈ ਘੱਟ ਮਹਾਨਤਾ ਨਹੀਂ ਹੈ। ਰੁੱਖੇ ਅਤੇ ਬੋਝਲ ਵਿਸ਼ਿਆਂ ਨਾਲ ਮਗਜ਼ਮਾਰੀ ਕਰਨ ਵਾਲ਼ੇ ਵੀ ਅਖ਼ਬਾਰ, ਰਸਾਲੇ ਅਤੇ ਚੋਣਵੀਆਂ ਸਾਹਿਤਕ ਰਚਨਾਵਾਂ ਆਦਿ ਪੜ੍ਹ ਕੇ ਆਪਣਾ ਦਿਲ-ਪਰਚਾਵਾ ਕਰ ਲੈਂਦੇ ਹਨ। ਪੁਸਤਕਾਂ ਪੜ੍ਹਨ ਨਾਲ ਜਿੱਥੇ ਮਨੁੱਖ ਦਾ ਦਿਮਾਗ਼ੀ ਥਕੇਵਾਂ ਦੂਰ ਹੁੰਦਾ ਹੈ ਉੱਥੇ ਉਹ ਆਪਣੇ ਚੌਗਿਰਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਉਹ ਆਪਣੇ ਫ਼ਰਜ਼ਾਂ ਅਤੇ ਹੱਕਾਂ ਤੋਂ ਜਾਣੂ ਹੁੰਦਾ ਹੈ। ਪੁਸਤਕਾਂ ਪੜ੍ਹਨ ਨਾਲ ਜਿੱਥੇ ਖ਼ੁਸ਼ੀ ਮਿਲਦੀ ਹੈ ਉੱਥੇ ਅਸੀਂ ਆਪਣੀ ਗੱਲ-ਬਾਤ ਦੇ ਢੰਗ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਜ਼ੋਰਦਾਰ ਬਣਾ ਸਕਦੇ ਹਾਂ। ਪੁਸਤਕਾਂ ਜਿੱਥੇ ਦਿਲ-ਪਰਚਾਵੇ ਦਾ ਸਾਧਨ ਹਨ ਉੱਥੇ ਇਹ ਸਾਨੂੰ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਨਾਲ ਨਿਪਟਣ ਵਿੱਚ ਵੀ ਸਹਾਈ ਹੁੰਦੀਆਂ ਹਨ। ਪੜ੍ਹਨ ਦਾ ਅਰਥ ਇਹ ਨਹੀਂ ਕਿ ਕੋਈ ਮਨੁੱਖ ਹਰ ਵੇਲ਼ੇ ਹੀ ਪੜ੍ਹਦਾ ਰਹੇ ਜਾਂ ਗ਼ਲਤ ਕਿਸਮ ਦੀਆਂ ਪੁਸਤਕਾਂ ਆਦਿ ਪੜ੍ਹੇ। ਸਾਨੂੰ ਚੰਗੀਆਂ ਅਤੇ ਮਨੁੱਖੀ ਜੀਵਨ ਨੂੰ ਸਹੀ ਸੇਧ ਦੇਣ ਵਾਲੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ। ਪੁਸਤਕਾਂ ਦਾ ਅਧਿਐਨ ਮਨੁੱਖ ਲਈ ਇੱਕ ਚੰਗੇ ਮਿੱਤਰ ਦਾ ਕੰਮ ਦਿੰਦਾ ਹੈ। ਪੁਸਤਕਾਂ ਦਾ ਪੜ੍ਹਨਾ ਮਨੁੱਖ ਦੀ ਬੁੱਧੀ ਅਤੇ ਸੂਝ ਨੂੰ ਵਿਕਸਿਤ ਕਰਦਾ ਹੈ। ਪੁਸਤਕਾਂ ਦਾ ਪੜ੍ਹਨਾ ਮਨੁੱਖ ਨੂੰ ਮਹਾਨ ਲੇਖਕਾਂ, ਬੁੱਧੀਜੀਵੀਆਂ ਅਤੇ ਵਿਦਵਾਨਾਂ ਦੇ ਵਿਚਾਰਾਂ ਤੋਂ ਜਾਣੂ ਕਰਾਉਂਦਾ ਹੈ ਜਿਨ੍ਹਾਂ ਤੋਂ ਮਨੁੱਖ ਬਹੁਤ ਕੁਝ ਸਿੱਖ ਸਕਦਾ ਹੈ। ਪੁਰਾਤਨ ਸੱਭਿਆਚਾਰ ਅਤੇ ਇਤਿਹਾਸ ਨਾਲ ਮਨੁੱਖ ਦੀ ਸਾਂਝ ਪੁਸਤਕਾਂ ਰਾਹੀਂ ਹੈ ਪੈਂਦੀ ਹੈ। ਪੜ੍ਹਨ ਨਾਲ ਮਨੁੱਖ ਦੀ ਤਰਕ-ਸ਼ਕਤੀ ਵਧ ਜਾਂਦੀ ਹੈ। ਉਹ ਚੰਗੇ, ਬੁਰੇ ਦੀ ਘੋਖ ਕਰ ਸਕਦਾ ਹੈ ਅਤੇ ਹਰ ਤਰ੍ਹਾਂ ਦੀ ਗੁੰਝਲ ਨੂੰ ਬੜੀ ਸਫਲਤਾ ਨਾਲ ਹੱਲ ਕਰ ਕੇ ਤੇ ਆਪਣਾ ਰਾਹ ਸਾਫ਼ ਕਰ ਕੇ ਅੱਗੇ ਵਧ ਸਕਦਾ ਹੈ। ਜੇਕਰ ਇਹ ਕਿਹਾ ਜਾਵੇ ਕਿ ਪੁਸਤਕਾਂ ਪੜ੍ਹਨ ਨਾਲ ਮਨੁੱਖ ਆਵੇ ਸਮਝਦਾਰ ਬਣਦਾ ਹੈ ਤਾਂ ਗ਼ਲਤ ਨਹੀਂ ਹੋਵੇਗਾ।